ਕੈਨੇਡਾ: ਅੰਮ੍ਰਿਤਧਾਰੀ ਜੋੜੇ ਦੇ ਕਤਲ ਤੋਂ ਚਾਰ ਮਹੀਨੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ

ਵੈਨਕੂਵਰ: ਚਾਰ ਕੁ ਮਹੀਨੇ ਪਹਿਲਾਂ ਬਰੈਂਪਟਨ ਤੇ ਕੈਲੇਡਨ ਨੂੰ ਵੰਡਦੀ ਮੇਅ ਫੀਲਡ ਰੋਡ ਨੇੜਲੇ ਕਿਰਾਏ ਦੇ ਘਰ ਵਿਚ ਮਾਰੇ ਗਏ ਅੰਮ੍ਰਿਤਧਾਰੀ ਜੋੜੇ ਜਗਤਾਰ ਸਿੰਘ (57) ਤੇ ਹਰਭਜਨ ਕੌਰ (55) ਅਤੇ 13 ਗੋਲੀਆਂ ਕਾਰਨ ਉਮਰ ਭਰ ਲਈ ਅਪਾਹਜ ਹੋਈ

ਉਨ੍ਹਾਂ ਦੀ ਧੀ ਜਸਪਰੀਤ ਕੌਰ (28) ਦੇ ਦੋਸ਼ੀ ਅਜੇ ਪੁਲਿਸ ਗ੍ਰਿਫਤ ਤੋਂ ਬਾਹਰ ਹਨ। ਇਸੇ ਸਬੰਧ ‘ਚ ਕੀਤੇ ਗਏ ਪੱਤਰਕਾਰ ਸੰਮੇਲਨ ਵਿਚ ਪੁਲਿਸ ਜਾਂਚ ਟੀਮ ਦੇ ਇੰਸਪੈਕਟਰ ਬਰੈਨ ਮੈਕਡੌਰਮਟ ਨੇ ਕਿਹਾ ਕਿ ਬਿਨਾਂ ਸ਼ੱਕ ਪਰਿਵਾਰ ਗਲਤ ਪਛਾਣ ਦਾ ਸ਼ਿਕਾਰ ਹੋਇਆ ਹੈ। ਚੰਗਾ ਹੋਇਆ ਕਿ ਉਸ ਮੌਕੇ ਜੋੜੇ ਦਾ ਪੁੱਤਰ ਗੁਰਦਿੱਤ ਸਿੰਘ (30) ਘਰ ‘ਚ ਮੌਜੂਦ ਨਹੀਂ ਸੀ। ਉਨ੍ਹਾਂ ਲੰਘੇ ਸਾਲ 20 ਨਵੰਬਰ ਦੀ ਰਾਤ ਨੂੰ ਵਾਪਰੀ ਘਟਨਾ, ਉਸ ਤੋਂ ਕੁਝ ਦਿਨ ਪਹਿਲਾਂ ਵਾਪਰੀਆਂ ਗੋਲੀਬਾਰੀ ਦੀਆਂ 6 ਹੋਰ ਘਟਨਾਵਾਂ ਨਾਲ ਸਬੰਧਤ ਹੈ। 15 ਨਵੰਬਰ ਨੂੰ ਬਰੈਂਪਟਨ ਦਾ ਰਹਿਣ ਵਾਲਾ ਜਗਰਾਜ ਸਿੰਘ (29) ਦਾ ਕਤਲ ਇਸੇ ਕੜੀ ਦਾ ਹਿੱਸਾ ਹੈ। ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰਦਿਆਂ ਪੁਲਿਸ ਅਫਸਰ ਨੇ ਕਿਹਾ ਕਿ ਇਸ ਨਾਲ ਜਾਂਚ ਪ੍ਰਭਾਵਤ ਹੋ ਸਕਦੀ ਹੈ। ਉਸ ਨੇ ਭਰੋਸਾ ਪ੍ਰਗਟਾਇਆ ਕਿ ਸਬੂਤ ਇਕੱਤਰ ਹੋਣ ਤੋਂ ਬਾਅਦ ਸਾਰੇ ਮਾਮਲੇ ਦਾ ਖੁਲਾਸਾ ਜਲਦੀ ਕਰ ਦਿੱਤਾ ਜਾਏਗਾ।