ਲੋਕ ਸਭਾ ਚੋਣਾਂ: ‘ਆਪ’ ਨੇ ਸਿਆਸੀ ਸਰਗਰਮੀਆਂ ਵਧਾਈਆਂ

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਐਲਾਨੇ ਜਾਣ ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਵਿਰੋਧੀ ਧਿਰਾਂ ਨੇ ਹਾਲੇ ਉਮੀਦਵਾਰਾਂ ਦਾ ਐਲਾਨ ਹੀ ਨਹੀਂ ਕੀਤਾ।

‘ਆਪ` ਨੇ ਅੱਠ ਉਮੀਦਵਾਰ ਐਲਾਨ ਦਿੱਤੇ ਹਨ ਜਦੋਂ ਕਿ ਬਾਕੀ ਸਿਆਸੀ ਧਿਰਾਂ ਦਾ ਉਮੀਦਵਾਰਾਂ ਲਈ ਮੰਥਨ ਜਾਰੀ ਹੈ। ਫਰੀਦਕੋਟ ਲੋਕ ਸਭਾ ਹਲਕੇ ਤੋਂ ‘ਆਪ` ਉਮੀਦਵਾਰ ਕਰਮਜੀਤ ਅਨਮੋਲ ਨੇ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਹਲਕਾ ਸੰਗਰੂਰ ਤੋਂ ‘ਆਪ` ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਚੰਨੋ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਾਫਲੇ ਦੇ ਰੂਪ ਵਿਚ ਮੁਹਿੰਮ ਸ਼ੁਰੂ ਕੀਤੀ। ਇਸ ਤਰ੍ਹਾਂ ਹੀ ਹਲਕਾ ਅੰਮ੍ਰਿਤਸਰ ਤੋਂ ‘ਆਪ` ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਚੋਣ ਬਿਗਲ ਵਜਾ ਦਿੱਤਾ ਹੈ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਅੰਮ੍ਰਿਤਸਰ ਸ਼ਹਿਰ ਵਿਚ ਚੋਣ ਮੁਹਿੰਮ ਦਾ ਮੁੱਢ ਬੰਨਿ੍ਹਆ। ਹਲਕਾ ਜਲੰਧਰ ਤੋਂ ‘ਆਪ` ਉਮੀਦਵਾਰ ਸੁਸ਼ੀਲ ਰਿੰਕੂ ਵੀ ਸਰਗਰਮ ਹੋ ਗਏ ਹਨ। ਬਠਿੰਡਾ ਤੋਂ ‘ਆਪ` ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਟੀਮ ਨੇ ਵੀ ਹਲਕੇ ਵਿਚ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਫਤਹਿਗੜ੍ਹ ਸਾਹਿਬ ਤੋਂ ‘ਆਪ` ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੇ ਵੀ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ ਹਾਲੇ ਉਮੀਦਵਾਰਾਂ ਦਾ ਐਲਾਨ ਤਾਂ ਨਹੀਂ ਕੀਤਾ ਹੈ ਪਰ ਅਕਾਲੀ ਦਲ ਨੇ ‘ਪੰਜਾਬ ਬਚਾਓ ਯਾਤਰਾ` ਤਹਿਤ ਚੋਣ ਮੁਹਿੰਮ ਨੂੰ ਭਖਾ ਲਿਆ ਹੈ।
ਕਾਂਗਰਸ ਪਾਰਟੀ ਤਰਫੋਂ ਹਾਲੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਹਾਈਕਮਾਂਡ ਹਾਲੇ ਅਕਾਲੀ ਭਾਜਪਾ ਗੱਠਜੋੜ ਦੀ ਸੰਭਾਵਨਾ ਵੱਲ ਦੇਖ ਰਹੀ ਹੈ। ਕਾਂਗਰਸ ਦੀ ਸਕਰੀਨਿੰਗ ਕਮੇਟੀ ਨੇ ਹਰ ਹਲਕੇ ਵਿਚੋਂ ਤਿੰਨ ਤਿੰਨ ਉਮੀਦਵਾਰਾਂ ਦਾ ਪੈਨਲ ਤਿਆਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਨੇ ਵੀ 14 ਮਾਰਚ ਨੂੰ ਦਿੱਲੀ ਵਿਖੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਪ੍ਰਤੀ ਹਲਕਾ ਚਾਰ ਚਾਰ ਉਮੀਦਵਾਰਾਂ ਦਾ ਪੈਨਲ ਫਾਈਨਲ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਜਿਸ ਕਰ ਕੇ ਉਮੀਦਵਾਰਾਂ ਦਾ ਐਲਾਨ ਪੱਛੜ ਰਿਹਾ ਹੈ। ਪਤਾ ਲੱਗਾ ਹੈ ਕਿ ਸ਼ੁਰੂ ਵਿਚ ਜੋ ਗੱਠਜੋੜ ਹੋਣ ਦੀ ਸੰਭਾਵਨਾ ਉਭਰੀ ਸੀ, ਉਹ ਮੁੜ ਮੱਠੀ ਪੈਂਦੀ ਨਜ਼ਰ ਆ ਰਹੀ ਹੈ।