23 ਮਾਰਚ ਦੇ ਸ਼ਹੀਦ ਅਤੇ ਅੱਜ ਦੀਆਂ ਚੁਣੌਤੀਆਂ

ਨਵਕਿਰਨ ਸਿੰਘ ਪੱਤੀ
ਸ਼ਹੀਦ ਭਗਤ ਸਿੰਘ ਅਨੁਸਾਰ ਇਨਕਲਾਬ ਦਾ ਭਾਵ ‘ਲੋਕਾਂ ਵੱਲੋਂ ਲੋਕਾਂ ਲਈ ਰਾਜਨੀਤਕ ਤਾਕਤ `ਤੇ ਕਬਜ਼ਾ ਹੈ।` ‘ਸਾਮਰਾਜਵਾਦ ਮੁਰਦਾਬਾਦ` ਨਾਅਰਾ ਬੁਲੰਦ ਕੀਤੇ ਬਿਨਾਂ ਉਨ੍ਹਾਂ ਦਾ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਅਧੂਰਾ ਹੈ। ਜਦ ਤੱਕ ਕਿਸੇ ਵੀ ਦੇਸ਼ ਉਪਰੋਂ ਸਾਮਰਾਜਵਾਦ ਅਤੇ ਇਸ ਦੀ ਜੋਟੀਦਾਰ ਦੇਸੀ ਸਰਮਾਏਦਾਰੀ ਦੀ ਜਕੜ ਨਹੀਂ ਟੁੱਟਦੀ, ਤਦ ਤੱਕ ਸੱਚੀ ਆਜ਼ਾਦੀ ਅਤੇ ਮੁਕਤ ਵਿਕਾਸ ਸੰਭਵ ਨਹੀਂ।

ਹਾਕਮ ਜਮਾਤੀ ਪਾਰਟੀਆਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਅਗਵਾ ਕਰਨ ਅਤੇ ਸ਼ਹੀਦਾਂ ਦੀ ਵਿਚਾਰਧਾਰਾ ਨਾਲ ਖਿਲਵਾੜ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੀਆਂ। ਇਸ ਨੂੰ ਮੁੱਖ ਰੱਖਦੇ ਹੋਏ ਇਨਕਲਾਬੀ ਲਹਿਰ ਲਈ ਸ਼ਹੀਦਾਂ ਦੀ ਅਸਲ ਵਿਚਾਰਧਾਰਾ ਨੂੰ ਲੋਕਾਂ ਵਿਚ ਹਰਮਨਪਿਆਰਾ ਬਣਾਉਣ ਦਾ ਕਾਰਜ ਬਹੁਤ ਮਹੱਤਵਪੂਰਨ ਹੈ। ਇਸ ਸੋਝੀ ਦੀ ਲੋਕ ਮੁਕਤੀ ਲਈ ਜੱਦੋਜਹਿਦ ਵਿਚ ਵੱਡੀ ਭੂਮਿਕਾ ਹੈ।
ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਰੇਕ ਮੁੱਦੇ ਨੂੰ ਗਹਿਰਾਈ ਵਿਚ ਪੜ੍ਹਿਆ, ਸਮਝਿਆ ਅਤੇ ਭਾਰਤੀ ਹਾਲਾਤ ਅਨੁਸਾਰ ਉਸ ਬਾਰੇ ਲਿਖਿਆ ਅਤੇ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਸਮਾਜ ਦੀ ਜਮਾਤੀ ਬਣਤਰ ਦੀ ਨਿਸ਼ਾਨਦੇਹੀ ਕਰਦੇ ਹੋਏ ਲੋਟੂ ਜਮਾਤਾਂ ਦੀ ਸਮਝੌਤਾਬਾਜ਼ ਭੂਮਿਕਾ ਨੰਗੀ ਕੀਤੀ ਅਤੇ ਕਿਰਤੀ ਜਮਾਤਾਂ ਨੂੰ ਜਥੇਬੰਦ ਕਰਨ `ਤੇ ਜ਼ੋਰ ਦਿੱਤਾ। ਹਾਕਮ ਜਮਾਤੀ ਟੋਲਾ ਝਾੜੂ ਪਾਰਟੀ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ‘ਇਨਕਲਾਬ ਜ਼ਿੰਦਾਬਾਦ` ਦੇ ਨਾਅਰੇ ਨਾਲ ਤਾਂ ਬਹੁਤ ਹੇਜ ਦਿਖਾ ਰਹੀ ਹੈ ਪਰ ਉਨ੍ਹਾਂ ਦੇ ਜੁੜਵੇਂ ਨਾਅਰੇ ਦੇ ਦੂਜੇ ਪੱਖ ‘ਸਾਮਰਾਜਵਾਦ ਮੁਰਦਾਬਾਦ` ਬਾਰੇ ਚਲਾਕੀ ਨਾਲ ਚੁੱਪ ਹੈ।
ਇੰਝ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਚੋਣਾਂ ਵਿਚ ਉਨ੍ਹਾਂ ਦਾ ਝਾੜੂ ਦਾ ਬਟਨ ਦਬਾਉਣਾ ਹੀ ਇਨਕਲਾਬ ਕਰ ਦੇਵੇਗਾ ਜਦਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਇਨਕਲਾਬ ਬਾਰੇ ਆਪਣੀ ਸਮਝ ਸਾਫ਼ ਬਿਆਨ ਕੀਤੀ ਹੋਈ ਹੈ। ਇਨਕਲਾਬੀ ਤਾਕਤਾਂ ਨੂੰ ਲੋਕਾਂ ਨੂੰ ਸਪਸ਼ਟ ਕਰਨ ਦੀ ਲੋੜ ਹੈ ਕਿ ‘ਆਪ` ਦੀ ਰਾਜਨੀਤੀ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਕੋਈ ਲਾਗਾ ਦੇਗਾ ਨਹੀਂ ਹੈ।
ਸ਼ਹੀਦ ਭਗਤ ਸਿੰਘ ਅਨੁਸਾਰ ਇਨਕਲਾਬ ਦਾ ਭਾਵ ‘ਲੋਕਾਂ ਵੱਲੋਂ ਲੋਕਾਂ ਲਈ ਰਾਜਨੀਤਕ ਤਾਕਤ `ਤੇ ਕਬਜ਼ਾ ਹੈ।` ‘ਸਾਮਰਾਜਵਾਦ ਮੁਰਦਾਬਾਦ` ਨਾਅਰੇ ਨੂੰ ਬਰਾਬਰ ਬੁਲੰਦ ਕੀਤੇ ਬਿਨਾਂ ਉਨ੍ਹਾਂ ਦਾ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਅਧੂਰਾ ਹੈ। ਜਦ ਤੱਕ ਕਿਸੇ ਵੀ ਦੇਸ਼ ਉਪਰੋਂ ਸਾਮਰਾਜਵਾਦ ਅਤੇ ਇਸ ਦੀ ਜੋਟੀਦਾਰ ਦੇਸੀ ਸਰਮਾਏਦਾਰੀ ਦੀ ਜਕੜ ਨਹੀਂ ਟੁੱਟਦੀ, ਤਦ ਤੱਕ ਸੱਚੀ ਆਜ਼ਾਦੀ ਅਤੇ ਮੁਕਤ ਵਿਕਾਸ ਸੰਭਵ ਨਹੀਂ ਹੈ।
ਸ਼ਹੀਦਾਂ ਦੀ ਸਭ ਤੋਂ ਵੱਧ ਟੇਕ ਨੌਜਵਾਨਾਂ ਉਪਰ ਸੀ। ਉਨ੍ਹਾਂ ਨੇ ਨੌਜਵਾਨ ਭਾਰਤ ਸਭਾ ਬਣਾ ਕੇ ‘ਉੱਠੋ ਨੌਜਵਾਨੋ ਸਾਨੂੰ ਸੁੱਤਿਆ ਯੁੱਗ ਬੀਤ ਗਏ` ਲਈ ਹਲੂਣਿਆਂ ਸੀ। ਉਨ੍ਹਾਂ ਨੇ ਕਿਹਾ ਸੀ ਕਿ ‘ਆਲੋਚਨਾ ਅਤੇ ਸੁਤੰਤਰ ਸੋਚਣੀ` ਇਨਕਲਾਬੀ ਦੇ ਲਾਜ਼ਮੀ ਗੁਣ ਹਨ। ਅੱਜ ਭਾਰਤ ਉਪਰ ਕਾਬਜ਼ ਹਿੰਦੂਤਵੀ ਫਾਸ਼ੀਵਾਦੀਆਂ ਨੇ ਯੂਨੀਵਰਸਿਟੀਆਂ, ਕਾਲਜਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਕੇ ਨੌਜਵਾਨਾਂ ਵਿਚੋਂ ਇਨ੍ਹਾਂ ਦੋਵਾਂ ਲਾਜ਼ਮੀ ਗੁਣਾਂ ਨੂੰ ਖ਼ਤਮ ਕਰਨ ਲਈ ਅਤੇ ਨਕਲੀ ਦੇਸ਼ਭਗਤੀ ਦਾ ਆਪਣਾ ਏਜੰਡਾ ਥੋਪਣ ਲਈ ਪੂਰੀ ਤਾਕਤ ਝੋਕੀ ਹੋਈ ਹੈ। ਪਹਿਲੀਆਂ ਸਰਕਾਰਾਂ ਤਾਂ ਸ਼ਹੀਦਾਂ ਦੀ ਥਾਂ ਫਿਲਮੀ ਐਕਟਰਾਂ, ਕ੍ਰਿਕਟਰਾਂ ਨੂੰ ਹੀਰੋ ਬਣਾ ਕੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਹੋਰਾਂ ਦੇ ਰਾਹ ਤੋਂ ਭਟਕਾਉਂਦੀਆਂ ਸਨ, ਹੁਣ ਦੀ ਸਰਕਾਰ ਮਿਥਿਹਾਸ ਥੋਪ ਕੇ ਵਿਗਿਆਨਕ ਸੋਚ ਅਤੇ ਇਨਕਲਾਬੀ ਵਿਰਾਸਤ ਤੋਂ ਜਵਾਨੀ ਨੂੰ ਦੂਰ ਰੱਖਣ ਦੀ ਕੋਝੀ ਸਾਜ਼ਿਸ਼ ਵਿਚ ਜੁੱਟੀ ਹੋਈ ਹੈ। ਸ਼ਹੀਦ ਭਗਤ ਸਿੰਘ ਹੋਰਾਂ ਦੀਆਂ ‘ਮੈਂ ਨਾਸਤਿਕ ਕਿਉਂ ਹਾਂ` ਅਤੇ ਹੋਰ ਲਿਖਤਾਂ ਨੌਜਵਾਨਾਂ ਨੂੰ ਇਨ੍ਹਾਂ ਸਮੂਹ ਮੂਲਵਾਦੀ ਫਿਰਕੂ ਅਤੇ ਹੋਰ ਤਾਕਤਾਂ ਦੇ ਲੋਕ ਦੁਸ਼ਮਣ ਏਜੰਡਿਆਂ ਨੂੰ ਸਮਝਣ ਦੇ ਸਮਰੱਥ ਬਣਾਉਂਦੀਆਂ ਹੋਣ ਕਾਰਨ ਇਸ ਲੋਟੂ ਰਾਜ ਅਤੇ ਹਾਕਮ ਜਮਾਤਾਂ ਲਈ ਬਹੁਤ ਖ਼ਤਰਨਾਕ ਹਨ, ਇਸੇ ਲਈ ਉਹ ਸ਼ਹੀਦਾਂ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਵਿਚਾਰਧਾਰਾ ਦੀ ਨਹੀਂ।
ਸ਼ਹੀਦ ਭਗਤ ਸਿੰਘ ਨੇ ਜਿਨ੍ਹਾਂ ਕਿਸਾਨਾਂ ਮਜ਼ਦੂਰਾਂ ਨੂੰ ਇਨਕਲਾਬ ਦੀ ਅਹਿਮ ਤਾਕਤ ਕਿਹਾ ਸੀ, ਉਹ ਅੱਜ ਡੂੰਘੇ ਆਰਥਿਕ ਸੰਕਟ ਕਾਰਨ ਖ਼ੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਨੇ ਲਿਖਿਆ ਸੀ – “ਹਕੀਕੀ ਇਨਕਲਾਬੀ ਫੌਜਾਂ ਤਾਂ ਪਿੰਡਾਂ ਅਤੇ ਕਾਰਖਾਨਿਆਂ ਵਿੱਚ ਹਨ, ਕਿਸਾਨੀ ਅਤੇ ਮਜ਼ਦੂਰ। ਇਹ ਸੁੱਤੇ ਸ਼ੇਰ ਜੇ ਇੱਕ ਵਾਰ ਜਾਗ ਪਏ ਤਾਂ ਉਹ ਸਾਡੇ ਨੇਤਾਵਾਂ ਦੇ ਆਸ਼ਿਆਂ ਦੀ ਪੂਰਤੀ ਬਾਅਦ ਰੁਕਣ ਵਾਲੇ ਨਹੀਂ।” ਇਸ ਲਈ ਅੱਜ ਇਨਕਲਾਬੀ ਲਹਿਰ ਨੂੰ ਨੌਜਵਾਨਾਂ ਦੇ ਨਾਲ-ਨਾਲ ਇਹਨਾਂ ਕਿਸਾਨਾਂ-ਮਜ਼ਦੂਰਾਂ ਨੂੰ ਆਪਣੇ ਸੰਗ ਹੋਰ ਵੀ ਦ੍ਰਿੜਤਾ ਅਤੇ ਵਿਸ਼ਾਲਦਿਲੀ ਨਾਲ ਜੋੜਨ ਦੀ ਲੋੜ ਹੈ ਤਾਂ ਜੋ ਇਹ ਖੁਦਕੁਸ਼ੀ ਦਾ ਰਾਹ ਛੱਡ ਕੇ ਜਮਾਤੀ ਲੜਾਈ ਦੁਆਰਾ ਆਪਣੀ ਜ਼ਿੰਦਗੀ ਨੂੰ ਜਿਊਣਯੋਗ ਬਣਾਉਣ ਲਈ ਜੂਝਣ ਦੇ ਰਾਹ ਤੁਰਨ।
ਭਗਤ ਸਿੰਘ ਦੀ ਭਵਿੱਖਬਾਣੀ ਅਨੁਸਾਰ ਦਲਾਲ ਪੂੰਜੀਵਾਦੀ ਜਮਾਤ ਨੇ ਆਪਣੇ ਆਕਾ ਅੰਗਰੇਜ਼ੀ ਸਾਮਰਾਜ ਨਾਲ ਸਮਝੌਤੇ ਤਹਿਤ ‘ਆਜ਼ਾਦੀ` ਦਾ ਨਾਟਕ ਰਚਿਆ ਅਤੇ 1947 ਤੋਂ ਪਿੱਛੋਂ ਸਾਮਰਾਜਵਾਦੀ ਤਾਕਤਾਂ ਨਵਬਸਤੀਵਾਦੀ ਕੰਟਰੋਲ ਦੁਆਰਾ ਸਾਡੇ ਦੇਸ਼ ਉੱਪਰ ਕਾਬਜ਼ ਹਨ। ਇਸੇ ਲਈ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਧਾਰਨੀ ਇਸ ਲੋਕ ਦੁਸ਼ਮਣ ਪ੍ਰਬੰਧ ਦੀ ਕਬਰ ਪੁੱਟਣ ਲਈ ਇਨਕਲਾਬੀ ਤਬਦੀਲੀ ਲਿਆਉਣ ਲਈ ਅੱਜ ਵੀ ਤਨਦੇਹੀ ਨਾਲ ਯਤਨਸ਼ੀਲ ਹਨ। ਇਸੇ ਜੱਦੋਜਹਿਦ ਦੌਰਾਨ ਮਾਰਚ ਮਹੀਨੇ ਇਨਕਲਾਬੀ ਕਵੀ ਪਾਸ਼ ਅਤੇ ਇਨਕਲਾਬੀ ਆਗੂ ਜੈਮਲ ਸਿੰਘ ਪੱਡਾ ਸ਼ਹੀਦ ਹੋਏ।
ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੀ ਵਿਚਾਰਧਾਰਾ ਉਸ ਸਮੇਂ ਵੀ ਅੰਗਰੇਜ਼ੀ ਸਾਮਰਾਜ ਲਈ ਵੱਡਾ ਖ਼ਤਰਾ ਸੀ ਅਤੇ ਅੱਜ ਵੀ ਇਸ ਵਿਚਾਰਧਾਰਾ ਦੀ ਸੱਚੀ ਵਾਰਿਸ ਇਨਕਲਾਬੀ ਲਹਿਰ ਭਾਰਤੀ ਹਾਕਮ ਲਈ ‘ਸਭ ਤੋਂ ਵੱਡਾ ਖ਼ਤਰਾ` ਬਣੀ ਹੋਈ ਹੈ। ਇਸ ਲਹਿਰ ਨੂੰ ਵਿਸ਼ਾਲ ਅਤੇ ਪ੍ਰਚੰਡ ਕਰਨਾ ਹੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਜ਼ਾਮਨੀ ਬਣ ਸਕਦਾ ਹੈ।