ਚੋਣ ਕਮਿਸ਼ਨ ਦੇ ਅਸਤੀਫੇ ‘ਤੇ ਉਠੇ ਸਵਾਲ, ਵਿਰੋਧੀ ਧਿਰਾਂ ਨੇ ਭਾਜਪਾ ਨੂੰ ਘੇਰਿਆ

ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਵਿਚ ਲੰਘੇ ਦਿਨੀਂ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਕੇਂਦਰ ‘ਤੇ ਨਿਸ਼ਾਨਾ ਸੇਧਿਆ ਹੈ। ਅਰੁਣ ਗੋਇਲ ਵੱਲੋਂ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਸਵਾਲ ਕੀਤਾ ਕਿ ਕੀ ਗੋਇਲ ਨੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਜਾਂ ਨਰਿੰਦਰ ਮੋਦੀ ਸਰਕਾਰ ਨਾਲ ਕਿਸੇ ਮਤਭੇਦ ਕਰ ਕੇ ਇਹ ਕਦਮ ਉਠਾਇਆ ਹੈ?

ਭਾਜਪਾ ‘ਤੇ ਨਿਸ਼ਾਨੇ ਸੇਧਦਿਆਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਕੀ ਉਨ੍ਹਾਂ ਨੇ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਵਾਂਗ ਭਾਜਪਾ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜਨ ਲਈ ਅਸਤੀਫ਼ਾ ਦਿੱਤਾ ਹੈ।
ਦੱਸਣਯੋਗ ਹੈ ਕਿ ਅਰੁਣ ਗੋਇਲ ਨੇ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ 5 ਦਸੰਬਰ 2027 ਤੱਕ ਸੀ ਅਤੇ ਅਗਲੇ ਸਾਲ ਫਰਵਰੀ ਮਹੀਨੇ ਉਨ੍ਹਾਂ ਦੇ ਮੁੱਖ ਚੋਣ ਕਮਿਸ਼ਨਰ ਬਣਨ ਦੀ ਸੰਭਾਵਨਾ ਸੀ। ਗੋਇਲ ਪੰਜਾਬ ਕੇਡਰ ਦੇ 1985 ਬੈਚ ਦੇ ਆਈ.ਏ.ਐਸ. ਅਧਿਕਾਰੀ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਗੋਇਲ ਦੇ ਅਸਤੀਫ਼ੇ ਸਬੰਧੀ ਸਵਾਲ ‘ਤੇ ਕਿਹਾ ਕਿ ਇਹ ਦੇਖਣ ਲਈ ਉਡੀਕ ਕਰਨੀ ਪਵੇਗੀ ਕਿ ਉਹ ਆਉਂਦੇ ਦਿਨਾਂ ਵਿਚ ਕੀ ਕਦਮ ਚੁੱਕਦੇ ਹਨ। ਉਨ੍ਹਾਂ ਆਖਿਆ, “ਮੈਂ ਸੋਚ ਰਿਹਾ ਸੀ ਕਿ ਹਾਈ ਕੋਰਟ ਦੇ ਜੱਜ ਨੇ ਅਸਤੀਫ਼ਾ ਦੇ ਦਿੱਤਾ ਅਤੇ ਅਗਲੇ ਦਿਨ ਭਾਜਪਾ ਵਿਚ ਸ਼ਾਮਲ ਹੋ ਗਏ ਤੇ ਉਸ ਤੋਂ ਅਗਲੇ ਦਿਨ ਟੀ.ਐਮ.ਸੀ. (ਤ੍ਰਿਣਮੂਲ ਕਾਂਗਰਸ) ਖ਼ਿਲਾਫ਼ ਬੋਲਣ ਲੱਗ ਪਏ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਨੇ ਅਜਿਹੀ ਮਾਨਸਿਕਤਾ ਵਾਲੇ ਲੋਕ ਨਿਯੁਕਤ ਕੀਤੇ ਹਨ। ਹੁਣ ਚੋਣ ਕਮਿਸ਼ਨਰ ਨੇ ਅਸਤੀਫ਼ਾ ਦੇ ਦਿੱਤਾ ਹੈ ਤਾਂ ਥੋੜ੍ਹੀ ਉਡੀਕ ਕਰੋ ਕਿ ਉਹ ਅੱਗੇ ਕੀ ਕਦਮ ਚੁੱਕਦੇ ਹਨ।”
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, “ਅਰੁਣ ਗੋਇਲ ਵੱਲੋਂ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ੇ ਦਿੱਤੇ ਜਾਣ ਨਾਲ ਤਿੰਨ ਸਵਾਲ ਖੜ੍ਹੇ ਹੋ ਗਏ ਹਨ।” ਰਮੇਸ਼ ਨੇ ‘ਐਕਸ` ਉੱਤੇ ਪਾਈ ਪੋਸਟ ਵਿੱਚ ਪੁੱਛਿਆ, “ਕੀ ਉਨ੍ਹਾਂ ਨੇ ਅਸਲ ਵਿਚ ਮੁੱਖ ਚੋਣ ਕਮਿਸ਼ਨਰ ਜਾਂ ਮੋਦੀ ਸਰਕਾਰ ਜਿਹੜੀ ਕਿ ਸਾਰੇ ਕਥਿਤ ਸੁਤੰਤਰ ਅਦਾਰਿਆਂ ਨੂੰ ਚਲਾ ਰਹੀ ਹੈ, ਨਾਲ ਮਤਭੇਦਾਂ ਕਾਰਨ ਅਸਤੀਫ਼ਾ ਦਿੱਤਾ ਹੈ? ਜਾਂ ਉਨ੍ਹਾਂ ਨੇ ਨਿੱਜੀ ਕਾਰਨਾਂ ਕਰ ਕੇ ਅਸਤੀਫ਼ਾ ਦਿੱਤਾ ਹੈ? ਜਾਂ ਉਨ੍ਹਾਂ ਨੇ ਅਗਾਮੀ ਲੋਕ ਸਭਾ ਚੋਣਾਂ `ਚ ਕਲਕੱਤਾ ਹਾਈ ਕੋਰਟ ਦੇ ਜੱਜ ਅਭਿਸ਼ੇਕ ਗੰਗੋਪਾਧਿਆਏ ਵਾਂਗ ਭਾਜਪਾ ਦੀ ਟਿਕਟ `ਤੇ ਚੋਣ ਲੜਨ ਲਈ ਅਸਤੀਫ਼ਾ ਦਿੱਤਾ ਹੈ?” ਕਾਂਗਰਸੀ ਨੇਤਾ ਨੇ ਕਿਹਾ ਕਿ ਚੋਣ ਕਮਿਸ਼ਨ ਅੱਠ ਮਹੀਨਿਆਂ ਤੋਂ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰਾਇਲ (ਵੀ.ਵੀ.ਪੈਟ.) ਜੋ ਕਿ ‘ਇਲੈੱਕਟ੍ਰਰੌਨਿਕ ਵੋਟਿੰਗ ਹੇਰਾਫੇਰੀ` ਰੋਕਣ ਲਈ ਬਹੁਤ ਜ਼ਰੂਰੀ ਹੈ, ਦੇ ਮੁੱਦੇ `ਤੇ ‘ਇੰਡੀਆ` ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਨੂੰ ਮਿਲਣ ਤੋਂ ਨਾਂਹ ਨੁੱਕਰ ਕਰ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਮੋਦੀ ਦੇ ਭਾਰਤ ਵਿਚ ਹਰੇਕ ਨਵਾਂ ਦਿਨ ਜਮਹੂਰੀਅਤ ਤੇ ਜਮਹੂਰੀ ਅਦਾਰਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਚੋਣਾਂ ਤੋਂ ਪਹਿਲਾਂ ਅਜਿਹਾ ਘਟਨਾਕ੍ਰਮ ਚਿੰਤਾਜਨਕ: ਸਿੱਬਲ
ਨਵੀਂ ਦਿੱਲੀ: ਆਜ਼ਾਦ ਸੰਸਦ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਇਹ ਚਿੰਤਾਜਨਕ ਘਟਨਾਕ੍ਰਮ ਹੈ। ਉਨ੍ਹਾਂ ਨੇ ਐਕਸ ‘ਤੇ ਪਾਈ ਪੋਸਟ ‘ਚ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਅਚਾਨਕ ਅਸਤੀਫ਼ਾ ਦੇਣਾ ਅਜਿਹੀ ਗੱਲ ਹੈ ਜਿਸ ਬਾਰੇ ਸਾਨੂੰ ਚਿੰਤਤ ਹੋਣਾ ਹੋਣਾ ਚਾਹੀਦਾ ਹੈ, ਆਮ ਤੌਰ ‘ਤੇ ਅਜਿਹਾ ਨਹੀਂ ਹੁੰਦਾ। ਹੋ ਸਕਦਾ ਹੈ, ਅਸਤੀਫ਼ੇ ਲਈ ‘ਨਿੱਜੀ ਕਾਰਨਾਂ‘ ਦਾ ਹਵਾਲਾ ਠੀਕ ਹੋਵੇ ਪਰ ਇਸ ਦੀ ਸੰਭਾਵਨਾ ਨਹੀਂ ਹੈ।” ਸਿੱਬਲ ਨੇ ਆਖਿਆ, “ਅਜਿਹੀ ਸੰਭਾਵਨਾ ਹੈ ਕਿ ਪੱਛਮੀ ਬੰਗਾਲ ‘ਚ ਚੋਣਾਂ ਸਬੰਧੀ ਉਨ੍ਹਾਂ (ਅਰੁਣ ਗੋਇਲ) ਅਤੇ ਮੁੱਖ ਚੋਣ ਕਮਿਸ਼ਨਰ ਵਿਚਾਲੇ ਕੁਝ ਅਸਹਿਮਤੀ ਸੀ। ਮੈਨੂੰ ਅਸਲ ਕਾਰਨ ਨਹੀਂ ਪਤਾ ਪਰ ਅਜਿਹੀਆਂ ਅਟਕਲਾਂ ਹਨ।” ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਸਣੇ ਹੋਰ ਅਦਾਰਿਆਂ ਜਿਹੜੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪਾਬੰਦ ਹਨ, ਨੂੰ ਖਤਮ ਕੀਤਾ ਜਾ ਰਿਹਾ ਹੈ।
ਕੀ ਚੋਣ ਕਮਿਸ਼ਨ ਦਬਾਅ ਹੇਠ ਕੰਮ ਕਰ ਰਿਹੈ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਨੇਤਾ ਅਖਿਲੇਸ਼ ਯਾਦਵ ਨੇ ਅਰੁਣ ਗੋਇਲ ਵੱਲੋਂ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦੇ ਬਾਅਦ ਸਵਾਲ ਕੀਤਾ ਕਿ ਕੀ ਚੋਣ ਕਮਿਸ਼ਨ ਦਬਾਅ ਹੇਠ ਕੰਮ ਕਰ ਰਿਹਾ ਹੈ? ਉਨ੍ਹਾਂ ਆਖਿਆ ਕਿ ਚੋਣਾਂ ਤੋਂ ਬਿਲਕੁਲ ਪਹਿਲਾਂ ਚੋਣ ਕਮਿਸ਼ਨ ਜਿਹੜੀ ਕਿ ਇਕ ਸੰਵਿਧਾਨਕ ਸੰਸਥਾ ਹੈ, ਉਤੇ ਕਿਸ ਦਾ ਦਬਾਅ ਹੈ। ਸਪਾ ਨੇਤਾ ਮੁਤਾਬਕ ਭਾਜਪਾ ਦੇ ਸ਼ਾਸਨ ‘ਚ ਪਹਿਲਾਂ ਵੀ ਕਈ ਵਾਰ ਅਜਿਹਾ ਹੋਇਆ ਹੈ ਜਦੋਂ ਅਧਿਕਾਰੀਆਂ ਨੂੰ ਦਬਾਅ ਕਾਰਨ ਆਪਣੀ ਨੌਕਰੀਆਂ ਛੱਡਣੀਆਂ ਪਈਆਂ ਸਨ।