ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਵੀਡੀਓ ਫੁਟੇਜ ਸਾਹਮਣੇ ਆਈ

ਓਟਵਾ: ਖਾਲਿਸਤਾਨ ਪੱਖੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਕਥਿਤ ਵੀਡੀਓ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਹਥਿਆਰਬੰਦ ਵਿਅਕਤੀ ਨਿੱਝਰ ਨੂੰ ਗੋਲੀਆਂ ਮਾਰਦੇ ਹੋਏ ਨਜ਼ਰ ਆ ਰਹੇ ਹਨ। ਇਹ ਜਾਣਕਾਰੀ ਕੈਨੇਡਾ ਆਧਾਰਿਤ ਸੀ.ਬੀ.ਸੀ. ਨਿਊਜ਼ ਦੀ ਇਕ ਰਿਪੋਰਟ ‘ਚ ਦਿੱਤੀ ਗਈ।

ਨਿੱਝਰ ਜਿਸ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ.ਆਈ.) ਨੇ 2020 ਵਿਚ ਅਤਿਵਾਦੀ ਐਲਾਨਿਆ ਸੀ, ਦੀ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇਕ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੀ.ਬੀ.ਸੀ. ਨਿਊਜ਼ ਨੇ ਕਿਹਾ ਕਿ ਇਹ ਵੀਡੀਓ ਫੁਟੇਜ ‘ਦਿ ਫਿਫਥ ਅਸਟੇਟ` ਤੋਂ ਪ੍ਰਾਪਤ ਹੋਈ ਹੈ ਅਤੇ ਇਕ ਤੋਂ ਵੱਧ ਸੂਤਰਾਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇਹ ਹਮਲੇ ਨੂੰ ‘ਬਹੁਤ ਜ਼ਿਆਦਾ ਤਾਲਮੇਲ ਵਾਲਾ` ਦੱਸਿਆ ਗਿਆ ਹੈ ਜਿਸ ਵਿਚ ਛੇ ਵਿਅਕਤੀ ਅਤੇ ਦੋ ਵਾਹਨ ਸ਼ਾਮਲ ਸਨ। ਦੱਸਣਯੋਗ ਹੈ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਕਥਿਤ ਨਿਸ਼ਾਨਾ ਬਣਾ ਕੇ ਕੀਤੀ ਹੱਤਿਆ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਵਿਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ ਪਰ ਭਾਰਤ ਨੇ ਇਸ ਦਾਅਵੇ ਦਾ ਖੰਡਨ ਕੀਤਾ ਸੀ। ਇਸ ਮਗਰੋਂ ਕੈਨੇਡਾ-ਭਾਰਤ ਦੁਵੱਲੇ ਕੂਟਨੀਤਕ ਸਬੰਧਾਂ `ਚ ਵਿਗਾੜ ਪੈਦਾ ਹੋ ਗਿਆ ਸੀ।
ਵੀਡੀਓ ਫੁਟੇਜ ‘ਚ ਹਰਦੀਪ ਸਿੰਘ ਨਿੱਝਰ ਆਪਣੇ ਪਿਕਅੱਪ ਟਰੱਕ ‘ਤੇ ਗੁਰਦੁਆਰੇ ਦੀ ਪਾਰਕਿੰਗ ‘ਚੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ। ਸੀ.ਬੀ.ਸੀ. ਨਿਊਜ਼ ਦੀ ਖ਼ਬਰ ਮੁਤਾਬਕ ਜਦੋਂ ਉਹ ਨਿਕਾਸੀ ਦੁਆਰ ‘ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆਈ ਸਫ਼ੈਦ ਕਾਰ ਨੇ ਟਰੱਕ ਨੂੰ ਰੋਕ ਲਿਆ। ਉਸ ਵਿਚੋਂ ਦੋ ਵਿਅਕਤੀ ਨਿਕਲੇ ਅਤੇ ਨਿੱਝਰ ਨੂੰ ਗੋਲੀਆਂ ਮਾਰਨ ਮਗਰੋਂ ਟੋਯੋਟਾ ਕੈਮਰੀ ਕਾਰ ‘ਚ ਫਰਾਰ ਹੋ ਗਏ।
ਦੋ ਵਿਅਕਤੀਆਂ ਜਿਹੜੇ ਘਟਨਾ ਵਾਪਰਨ ਮੌਕੇ ਨੇੜਲੇ ਮੈਦਾਨ ‘ਚ ਫੁਟਬਾਲ ਖੇਡ ਰਹੇ ਸਨ, ਨੇ ਖੁਲਾਸਾ ਕੀਤਾ ਕਿ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਹ ਉਥੇ ਪਹੁੰਚੇ ਅਤੇ ਹਮਲਾਵਰਾਂ ਦਾ ਪਿੱਛਾ ਕੀਤਾ। ਭੁਪਿੰਦਰਜੀਤ ਸਿੰਘ ਨੇ ‘ਦਿ ਫਿਫਥ ਅਸਟੇਟ‘ ਨੂੰ ਦੱਸਿਆ ਕਿ ਉਸ ਨੇ ਨਿੱਝਰ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਭੁਪਿੰਦਰਜੀਤ ਮੁਤਾਬਕ, ”ਮੈਂ ਉਸ ਨੂੰ ਹਿਲਾ ਕੇ ਦੇਖਿਆ। ਉਹ ਬੇਹੋਸ਼ ਸੀ ਤੇ ਉਸ ਦੇ ਸਾਹ ਬੰਦ ਹੋ ਗਏ ਸਨ।“ ਮਲਕੀਤ ਸਿੰਘ ਕਿਹਾ ਕਿ ਉਸ ਨੇ ਦੋ ਵਿਅਕਤੀਆਂ ਦਾ ਪਿੱਛਾ ਕੀਤਾ ਪਰ ਉਹ ਉਥੇ ਪਹੁੰਚੀ ਟੋਯੋਟਾ ਕੈਮਰੀ ‘ਚ ਬੈਠ ਕੇ ਫਰਾਰ ਹੋ ਗਏ, ਜਿਸ ਵਿਚ ਤਿੰਨ ਹੋਰ ਵਿਅਕਤੀ ਬੈਠੇ ਹੋਏ ਸਨ। ਦੂਜੇ ਪਾਸੇ ਘਟਨਾ ਦੇ ਨੌਂ ਮਹੀਨਿਆਂ ਬਾਅਦ ਵੀ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ.) ਨਿੱਝਰ ਕਤਲ ਮਾਮਲੇ ‘ਚ ਹਾਲੇ ਤੱਕ ਕਿਸੇ ਸ਼ੱਕੀ ਦਾ ਨਾਮ ਪਤਾ ਨਹੀਂ ਲਾ ਸਕੀ ਤੇ ਨਾ ਹੀ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਹੋਈ ਹੈ।