ਮੋਗਾ: ਅਦਾਲਤ ਨੇ ਇਕ 15 ਸਾਲ ਪੁਰਾਣੇ ਕੇਸ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਨੌਂ ਵਿਅਕਤੀਆਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦੋ-ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਇਨ੍ਹਾਂ ਵਿਚੋਂ ਇਕ ਵਿਅਕਤੀ ਮਨਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਵਕੀਲ ਤੇਜਪਾਲ ਭਾਰਦਵਾਜ ਅਤੇ ਸੁਸ਼ੀਲ ਕੁਮਾਰ ਵਸ਼ਿਸਟ ਸੁਨਾਮ ਨੇ ਦੱਸਿਆ ਕਿ ਰਾਜਿੰਦਰ ਦੀਪਾ ਜੋ ਕਿ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਸੁਨਾਮ ਤੋਂ ਹਲਕਾ ਇੰਚਾਰਜ ਹਨ, ਨੇ 2008 ਵਿਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਮਨ ਅਰੋੜਾ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਸੀ ਤੇ ਪੁਲਿਸ ਨੇ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਤਕਰੀਬਨ 15 ਸਾਲ ਚੱਲੇ ਇਸ ਕੇਸ ਦੀ ਸੁਣਵਾਈ ਕਰਦਿਆਂ ਸਬ-ਡਿਵੀਜ਼ਨਲ ਜੁਡੀਸ਼ਲ ਮੈਜਿਸਟ੍ਰੇਟ ਗੁਰਪਿੰਦਰ ਸਿੰਘ ਜੌਹਲ ਦੀ ਅਦਾਲਤ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਇਲਾਵਾ ਮਾਤਾ ਪ੍ਰਮੇਸ਼ਵਰੀ ਦੇਵੀ, ਰਾਜਿੰਦਰ ਰਾਜਾ ਬੀਰਕਲਾਂ, ਸਤਿਗੁਰ ਸਿੰਘ ਨਮੋਲ, ਕੁਲਦੀਪ ਸੇਰੋਂ, ਚਿਤਵੰਤ ਸਿੰਘ, ਜਗਜੀਵਨ ਰਾਮ ਲੱਕੀ, ਬਲਜਿੰਦਰ ਸਿੰਘ ਅਤੇ ਲਾਭ ਸਿੰਘ ਨੀਲੋਵਾਲ ਨੂੰ ਧਾਰਾ 452 ਤਹਿਤ ਦੋ-ਦੋ ਸਾਲ ਤੇ ਧਾਰਾ 323 ਤਹਿਤ ਇਕ-ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮੌਕੇ ਰਾਜਿੰਦਰ ਦੀਪਾ ਨੇ ਕਿਹਾ ਕਿ ਅਦਾਲਤ ਵੱਲੋਂ 15 ਸਾਲ ਬਾਅਦ ਇਸ ਕੇਸ ਵਿਚ ਫੈਸਲਾ ਸੁਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ‘ਚ ਵੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਵੱਲੋਂ ਉਸ ਸਮੇਂ ਕੇਸ ਵੀ ਨਹੀਂ ਦਰਜ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਨ੍ਹਾਂ ਨੂੰ ਸਜਾ ਸੁਣਾਈ ਹੈ ਜਿਸ ਦਾ ਉਹ ਸਵਾਗਤ ਕਰਦੇ ਹਨ। ਇਸ ਮੌਕੇ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ ਕਿ ਇਹ ਪਰਿਵਾਰਕ ਝਗੜਾ ਹੈ। 14-15 ਸਾਲਾਂ ਤੋਂ ਉਹ ਧੱਕੇ ਖਾ ਰਹੇ ਹਨ। ਇਨ੍ਹਾਂ ਦਾ ਪਹਿਲਾਂ ਸਮਝੌਤਾ ਹੋ ਗਿਆ ਸੀ। ਉਸ ਦਾ ਇਸ ਝਗੜੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਫੈਸਲੇ ਖ਼ਿਲਾਫ਼ ਉੱਪਰਲੀ ਅਦਾਲਤ ਵਿਚ ਅਪੀਲ ਕਰਨਗੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ ਦੀ ਨਿਆਂ ਪ੍ਰਣਾਲੀ ਵਿਚ ਪੂਰਾ ਭਰੋਸਾ ਹੈ।