ਪਾਕਿਸਤਾਨੀ ਹਕੂਮਤ ਅਤੇ ਅਫ਼ਗਾਨ ਸ਼ਰਨਾਰਥੀ

ਜੋਬਨ
ਫੋਨ: +91-89689-29372
ਅਫ਼ਗਾਨ ਸ਼ਰਨਾਰਥੀਆਂ ਦੀ ਪਹਿਲੀ ਵੱਡੀ ਹਿਜਰਤ 1970ਵਿਆਂ ਵਿਚ ਹੋਈ ਜਦੋਂ ਸੋਵੀਅਤ ਯੂਨੀਅਨ ਨੇ ਇਸ ਉੱਪਰ ਹਮਲਾ ਕੀਤਾ ਸੀ। ਦੂਜੀ ਵੱਡੀ ਹਿਜਰਤ ਅਮਰੀਕਾ ਵਿਚ ਹੋਏ 9/11 ਵਾਲੇ ਹਮਲੇ ਤੋਂ ਬਾਅਦ ਅਮਰੀਕਾ ਵੱਲੋਂ ਅਖੌਤੀ ‘ਦਹਿਸਤਗਰਦੀ ਖਿਲਾਫ ਜੰਗ` ਦੇ ਨਾਂ `ਤੇ ਅਫਗਾਨਿਸਤਾਨ `ਤੇ ਥੋਪੀ ਜੰਗ ਵੇਲੇ ਹੋਈ।

ਇਸ ਅਮਰੀਕੀ ਕਬਜ਼ੇ ਨੇ ਅਫਗਾਨਿਸਤਾਨ ਵਿਚ ਪੂਰੇ ਦੋ ਦਹਾਕੇ ਕਹਿਰ ਢਾਹਿਆ ਅਤੇ ਲੱਖਾਂ ਦੀ ਤਦਾਦ ਵਿਚ ਅਫਗਾਨਾਂ ਨੂੰ ਢੋਈ ਲਈ ਫੇਰ ਪਨਾਹ ਲੈਣੀ ਪਈ। ਅਫਗਾਨਾਂ ਦੀ ਤੀਜੀ ਅਤੇ ਤਾਜ਼ਾ ਹਿਜਰਤ 2021 ਵਿਚ ਅਮਰੀਕਾ ਦੇ ਅਫਗਾਨਿਸਤਾਨ ਵਿਚੋਂ ਪਿੱਛੇ ਹਟਣ ਤੇ ਇਸ ਉੱਪਰ ਤਾਲਿਬਾਨ ਦੇ ਕਬਜ਼ੇ ਮਗਰੋਂ ਹੋਈ। ਅਸਲ ਵਿਚ ਅਫਗਾਨਾਂ ਦੀ ਦਰ-ਬਦਰੀ ਲਈ ਸਾਮਰਾਜੀ ਜੰਗਾਂ ਜਿਨ੍ਹਾਂ ਵਿਚ ਮੁੱਖ ਤੌਰ ਉੱਤੇ ਅਮਰੀਕਾ ਵੱਲੋਂ ਥੋਪੀਆਂ ਜੰਗਾਂ, ਜ਼ਿੰਮੇਵਾਰ ਹਨ।
ਅਕਤੂਬਰ ਮਹੀਨੇ ਪਾਕਿਸਤਾਨੀ ਹਕੂਮਤ ਨੇ ਮੁਲਕ ਵਿਚੋਂ 17 ਲੱਖ ‘ਗੈਰ-ਕਾਨੂੰਨੀ` ਅਫਗਾਨ ਸ਼ਰਨਾਰਥੀਆਂ ਨੂੰ ਵਾਪਸ ਅਫਗਾਨਿਸਤਾਨ ਜਾਂ ਕਿਤੇ ਵੀ ਹੋਰ ਚਲੇ ਜਾਣ ਦਾ ਹੁਕਮ ਜਾਰੀ ਕੀਤਾ ਸੀ ਜਿਸ ਲਈ ਪਹਿਲੀ ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ। ਇਸ ਹੁਕਮ ਪਿੱਛੋਂ ਅਫਗਾਨ ਸ਼ਰਨਾਰਥੀਆਂ ਦੀ ਜਬਰੀ ਫੜੋ-ਫੜਾਈ ਸ਼ੁਰੂ ਹੋਈ। ਕਈਆਂ ਦੀ ਗ੍ਰਿਫਤਾਰੀ ਹੋਈ ਅਤੇ ਕਈਆਂ ਦੇ ਜਬਰਨ ਘਰ ਖਾਲ਼ੀ ਕਰਵਾ ਦਿੱਤੇ ਗਏ। ਮੁਲਕ ਪੱਧਰ `ਤੇ ਅਫ਼ਗਾਨ ਵਿਰੋਧੀ ਲਹਿਰ ਚਲਾ ਦਿੱਤੀ ਗਈ। ਪਾਕਿਸਤਾਨ ਦੇ ਇੱਕ ਮੰਤਰੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ, “ਪਾਕਿਸਤਾਨ ਦੇ ਲੋਕ ਉਨ੍ਹਾਂ ਨੂੰ ਅਫ਼ਗਾਨਾਂ ਦੇ ਪਤੇ ਦੱਸਣ ਤਾਂ ਜੋ ਉਨ੍ਹਾਂ ਨੂੰ ਮੁਲਕ `ਚੋਂ ਬਾਹਰ ਕੀਤਾ ਜਾ ਸਕੇ। ਇਹ ਦੱਸਣ ਬਦਲੇ ਉਨ੍ਹਾਂ ਨੂੰ ਇਨਾਮ ਵੀ ਦਿੱਤਾ ਜਾਵੇਗਾ।”
ਅਫਗਾਨਾਂ ਦੀ ਮੁਜਰਮਾਂ ਵਾਂਗ ਭਾਲ ਕੀਤੀ ਜਾ ਰਹੀ ਹੈ। ਇਸ ਫੈਸਲੇ ਮਗਰੋਂ ਲਗਭਗ 3 ਲੱਖ 40 ਹਜ਼ਾਰ ਸ਼ਰਨਾਰਥੀ ਤਾਂ ਅਫਗਾਨਿਸਤਾਨ ਜਾ ਚੁੱਕੇ ਹਨ ਜਾਂ ਜਬਰੀ ਭੇਜ ਦਿੱਤੇ ਗਏ ਹਨ ਪਰ ਅਜੇ ਵੀ ਉਨ੍ਹਾਂ ਦੀ ਵੱਡੀ ਗਿਣਤੀ ਪਾਕਿਸਤਾਨ ਅੰਦਰ ਹੀ ਮੌਜੂਦ ਹੈ। ਪਹਿਲੀ ਨਵੰਬਰ ਪਿੱਛੋਂ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਨਜ਼ਰਬੰਦ ਕਰਨਾ ਜਾਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਸਰਕਾਰ ਨੇ ਇੱਕ ਹੋਰ ਹੁਕਮ ਸੁਣਾਇਆ ਹੈ ਜਿਸ ਮੁਤਾਬਕ ਪਾਕਿਸਤਾਨ ਛੱਡ ਕੇ ਪੱਛਮੀ ਦੇਸ਼ਾਂ ਵੱਲ ਜਾਣ ਵਾਲ਼ੇ ਸ਼ਰਨਾਰਥੀਆਂ ਨੂੰ ਹੁਣ 830 ਡਾਲਰ ‘ਫੀਸ` ਵੀ ਦੇਣੀ ਪਵੇਗੀ; ਮਤਲਬ, ਪਾਕਿਸਤਾਨ ਵਿਚ ਰਹਿਣਾ ਹੈ ਤਾਂ ਜੇਲ੍ਹ ਵਿਚ ਰਹੋ, ਨਹੀਂ ਤਾਂ ਲੱਗਭੱਗ 2 ਲੱਖ 35 ਹਜ਼ਾਰ ਪਾਕਿਸਤਾਨੀ ਰੁਪਏ ਦੇ ਕੇ ਬਾਹਰ ਜਾਓ।
ਅਫਗਾਨਾਂ ਦੀ ਪਾਕਿਸਤਾਨ ਨੂੰ ਹਿਜਰਤ ਦੇ ਕਾਰਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਅਫ਼ਗਾਨ ਸ਼ਰਨਾਰਥੀਆਂ ਦੀ ਪਹਿਲੀ ਵੱਡੀ ਹਿਜਰਤ 1970ਵਿਆਂ ਵਿਚ ਹੋਈ ਜਦੋਂ ਸੋਵੀਅਤ ਯੂਨੀਅਨ (ਜ਼ਿਕਰਯੋਗ ਹੈ ਕਿ ਕਾਮਰੇਡ ਸਤਾਲਿਨ ਦੀ ਮੌਤ ਤੋਂ ਬਾਅਦ ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਨਿਜ਼ਾਮ ਨੂੰ ਪੁੱਠਾ ਗੇੜਾ ਲੱਗ ਚੁੱਕਾ ਸੀ ਤੇ ਇਹ ਨਾਂ ਦਾ ਹੀ ਸਮਾਜਵਾਦੀ ਰਹਿ ਗਿਆ ਸੀ) ਨੇ ਇਸ ਉੱਪਰ ਹਮਲਾ ਕੀਤਾ ਸੀ। ਉਸ ਵੇਲੇ ਸੋਵੀਅਤ ਯੂਨੀਅਨ ਨਾਲ਼ ਆਪਣੀ ਸਾਮਰਾਜੀ ਟੱਕਰ ਵਿਚੋਂ ਅਮਰੀਕਾ ਨੇ ਪਾਕਿਸਤਾਨੀ ਫੌਜ ਦੀ ਮਦਦ ਨਾਲ਼ ਅਫਗਾਨਿਸਤਾਨ ਵਿਚ ਇਸਲਾਮੀ ਕੱਟੜਪੰਥੀਆਂ ਨੂੰ ਖੜ੍ਹਾ ਕੀਤਾ ਤੇ ਇਨ੍ਹਾਂ ਨੂੰ ਬਕਾਇਦਾ ਹਥਿਆਰ, ਸਿਖਲਾਈ ਅਤੇ ਅੰਨ੍ਹਾ ਪੈਸਾ ਦਿੱਤਾ। ਇਸ ਪੈਸੇ ਦਾ ਵੱਡਾ ਹਿੱਸਾ ਪਾਕਿਸਤਾਨੀ ਹਕੂਮਤ ਦੇ ਉੱਪਰਲੇ ਤਬਕੇ ਨੂੰ ਵੀ ਮਿiਲ਼ਆ ਪਰ ਲੰਮੀ ਜੰਗ ਅਤੇ ਮਗਰੋਂ ਤਾਲਿਬਾਨ ਦੇ ਕਬਜ਼ੇ ਦੇ ਨਤੀਜੇ ਵਜੋਂ ਅਫਗਾਨ ਅਰਥਚਾਰਾ ਤੇ ਸਮਾਜ ਨੁਕਸਾਨਿਆ ਗਿਆ ਜਿਸ ਦੌਰਾਨ ਲੱਖਾਂ ਅਫਗਾਨਾਂ ਨੂੰ ਗੁਆਂਢੀ ਪਾਕਿਸਤਾਨ ਜਾਂ ਇਰਾਨ ਜਿਹੇ ਮੁਲਕਾਂ ਵਿਚ ਪਨਾਹ ਲੈਣੀ ਪਈ।
ਅਫ਼ਗਾਨ ਸ਼ਰਨਾਰਥੀਆਂ ਦੀ ਦੂਜੀ ਵੱਡੀ ਹਿਜਰਤ ਅਮਰੀਕਾ ਵਿਚ ਹੋਏ 9/11 ਵਾਲੇ ਹਮਲੇ ਤੋਂ ਬਾਅਦ ਅਮਰੀਕਾ ਵੱਲੋਂ ਅਖੌਤੀ ‘ਦਹਿਸਤਗਰਦੀ ਖਿਲਾਫ ਜੰਗ` ਦੇ ਨਾਂ `ਤੇ ਅਫਗਾਨਿਸਤਾਨ `ਤੇ ਥੋਪੀ ਜੰਗ ਵੇਲੇ ਹੋਈ। ਇਸ ਅਮਰੀਕੀ ਕਬਜ਼ੇ ਨੇ ਅਫਗਾਨਿਸਤਾਨ ਵਿਚ ਪੂਰੇ ਦੋ ਦਹਾਕੇ ਕਹਿਰ ਢਾਹਿਆ ਅਤੇ ਲੱਖਾਂ ਦੀ ਤਦਾਦ ਵਿਚ ਅਫਗਾਨਾਂ ਨੂੰ ਢੋਈ ਲਈ ਫੇਰ ਪਨਾਹ ਲੈਣੀ ਪਈ। ਅਫਗਾਨਾਂ ਦੀ ਤੀਜੀ ਅਤੇ ਤਾਜ਼ਾ ਹਿਜਰਤ 2021 ਵਿਚ ਅਮਰੀਕਾ ਦੇ ਅਫਗਾਨਿਸਤਾਨ ਵਿਚੋਂ ਪਿੱਛੇ ਹਟਣ ਤੇ ਇਸ ਉੱਪਰ ਤਾਲਿਬਾਨ ਦੇ ਕਬਜ਼ੇ ਮਗਰੋਂ ਹੋਈ; ਕਹਿਣ ਦਾ ਭਾਵ ਅਫਗਾਨਾਂ ਦੀ ਦਰ-ਬਦਰੀ ਲਈ ਸਾਮਰਾਜੀ ਜੰਗਾਂ ਜਿਨ੍ਹਾਂ ਵਿਚ ਮੁੱਖ ਤੌਰ ਉੱਤੇ ਅਮਰੀਕਾ ਵੱਲੋਂ ਥੋਪੀਆਂ ਜੰਗਾਂ, ਜ਼ਿੰਮੇਵਾਰ ਹਨ। ਅਮਰੀਕਾ ਦੀ ਇਸ ਨਿਹੱਕੀ ਜੰਗ ਵਿਚ ਪਾਕਿਸਤਾਨੀ ਹਕੂਮਤ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਬਦਲੇ ਵਿਚ ਹਥਿਆਰਾਂ, ਡਾਲਰਾਂ ਆਦਿ ਦੀ ਵੱਡੀ ਇਮਦਾਦ ਪਾਕਿਸਤਾਨ ਨੂੰ ਵੀ ਪਹੁੰਚਦੀ ਰਹੀ। ਪਾਕਿਸਤਾਨੀ ਫੌਜ ਅਤੇ ਸੱਤਾ ਦੇ ਹੋਰ ਹਿੱਸਿਆਂ ਨੇ ਇਨ੍ਹਾਂ ਅਫਗਾਨ ਜੰਗਾਂ ਅਤੇ ਅਫਗਾਨਾਂ ਦੀ ਇਸ ਬਰਬਾਦੀ ਤੋਂ ਰੱਜ ਕੇ ਲਾਹਾ ਖੱਟਿਆ। ਇੱਕ ਤਾਂ ਅਤਿਵਾਦ ਖਿਲਾਫ ਲੜਨ ਦੇ ਨਾਮ ਹੇਠ ਅਮਰੀਕਾ ਤੋਂ ਫੰਡਿੰਗ ਲਈ ਜਾਂਦੀ ਸੀ ਤੇ ਇਸ ਲੜਾਈ ਦਾ ਸਬੂਤ ਪੇਸ਼ ਕਰਨ ਲਈ ਆਮ ਪਖਤੂਨਾਂ ਨੂੰ ਅਤਿਵਾਦੀ ਦੱਸ ਕੇ ਉਨ੍ਹਾਂ ਦਾ ਵੱਡੇ ਪੱਧਰ `ਤੇ ਕਤਲੇਆਮ ਕੀਤਾ ਜਾਂਦਾ ਸੀ; ਦੂਜਾ, ਜੰਗ ਕਾਰਨ ਅਫਗਾਨਿਸਤਾਨ ਤੋਂ ਉੱਜੜ ਕੇ ਪਾਕਿਸਤਾਨ ਆਏ ਸ਼ਰਨਾਰਥੀਆਂ ਦੀ ਦੇਖਭਾਲ ਦੇ ਨਾਂ ਉੱਤੇ ਅਰਬਾਂ ਡਾਲਰ ਲਏ ਜਾਂਦੇ ਸੀ ਜਿਨ੍ਹਾਂ ਦਾ ਵੱਡਾ ਹਿੱਸਾ ਕਦੇ ਸ਼ਰਨਾਰਥੀਆਂ ਤੱਕ ਨਹੀਂ ਪਹੁੰਚਦਾ ਸੀ। ਇਸ ਤੋਂ ਬਿਨਾਂ ਜੰਗੀ ਖਰਚਿਆਂ ਤੇ ਆਪਣੇ ਮੁਨਾਫਿਆਂ ਲਈ ਅਮਰੀਕਾ ਨੇ ਅਫਗਾਨਿਸਤਾਨ ਵਿਚ ਅਫੀਮ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਿਸ ਦੇ ਵਪਾਰ ਤੋਂ ਪਾਕਿਸਤਾਨੀ ਹਾਕਮਾਂ ਨੇ ਵੀ ਰੱਜ ਕੇ ਮੁਨਾਫਾ ਕਮਾਇਆ। ਅਮਰੀਕਾ ਵੱਲੋਂ ਅਫਗਾਨਿਸਤਾਨ `ਤੇ ਥੋਪੀ ਜੰਗ ਪਾਕਿਸਤਾਨੀ ਹਾਕਮਾਂ ਲਈ ਕਮਾਈ ਦਾ ਵੱਡਾ ਸਾਧਨ ਸੀ ਜਿਸ ਕਰ ਕੇ ਉਹ ਕਦੇ ਨਹੀਂ ਸੀ ਚਾਹੁੰਦੇ ਕਿ ਇਹ ਜੰਗ ਖਤਮ ਹੋਵੇ। ਅਫਗਾਨ ਸ਼ਰਨਾਰਥੀਆਂ ਦੀ ਮੌਜੂਦਾ ਹਾਲਤ ਲਈ ਪਾਕਿਸਤਾਨੀ ਹੁਕਮਰਾਨ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਅਮਰੀਕਾ ਦੇ ਖੇਤਰੀ ਭਾਈਵਾਲ ਦੀ ਭੂਮਿਕਾ ਪੂਰੀ ਤਨਦੇਹੀ ਨਾਲ ਨਿਭਾਈ ਅਤੇ ਅਥਾਹ ਲਾਭ ਖੱਟਿਆ।
2021 ਵਿਚ ਅਫਗਾਨਿਸਤਾਨ ਛੱਡਣ ਲਈ ਮਜਬੂਰ ਹੋਏ ਅਮਰੀਕਾ ਨੇ ਜੰਗ ਤੋਂ ਬਾਅਦ ਵੀ ਜਾਂਦੇ-ਜਾਂਦੇ ਨਿਊ ਯਾਰਕ ਫੈਡਰਲ ਰਿਜ਼ਰਵ ਵਿਚ ‘ਅਫਗਾਨ ਕੇਂਦਰੀ ਬੈਂਕ` ਦੇ ਪਏ 7 ਅਰਬ ਡਾਲਰ ਵੀ ਹੜੱਪ ਲਏ ਜਿਸ ਵੇਲੇ ਅਫਗਾਨਿਸਤਾਨ ਨੂੰ ਇਨ੍ਹਾਂ ਦੀ ਸਖਤ ਜ਼ਰੂਰਤ ਸੀ। ਇਨ੍ਹਾਂ ਕਾਰਨਾਂ ਕਰ ਕੇ ਹੀ ਅਫਗਾਨਿਸਤਾਨ ਦੀ ਆਰਥਿਕਤਾ ਤਬਾਹ ਹੋਈ ਜਿਸ ਦਾ ਨਤੀਜਾ ਲੱਖਾਂ ਅਫਗਾਨਾਂ, ਖਾਸਕਰ ਨੌਜਵਾਨਾਂ ਵੱਲੋਂ ਬਿਹਤਰ ਭਵਿੱਖ ਦੀ ਆਸ ਵਿਚ ਆਂਢ-ਗੁਆਂਢ ਦੇ ਮੁਲਕਾਂ ਵੱਲ ਹਿਜਰਤ ਵਿਚ ਨਿੱਕਲਿਆ। ਪਾਕਿਸਤਾਨ ਅਤੇ ਇਰਾਨ ਵੱਲ ਅਫਗਾਨ ਸ਼ਰਨਾਰਥੀਆਂ ਦੀ ਹਿਜਰਤ ਦਾ ਕਾਰਨ ਇਨ੍ਹਾਂ ਦੇ ਗੁਆਂਢੀ ਮੁਲਕ ਹੋਣ ਦੇ ਨਾਲ-ਨਾਲ ਇਨ੍ਹਾਂ ਨਾਲ ਸੱਭਿਆਚਾਰਕ ਸਾਂਝ ਵੀ ਸੀ ਕਿਉਂ ਜੋ ਹਿਜਰਤ ਕਰ ਰਹੀ ਵੱਡੀ ਆਬਾਦੀ ਪਸ਼ਤੋ ਬੋਲਣ ਵਾਲੇ ਪਖਤੂਨਾਂ ਦੀ ਸੀ ਜਿਨ੍ਹਾਂ ਦੇ ਸਕੇ ਸਬੰਧੀ ਜਾਂ ਕੋਈ ਜਾਣਕਾਰ ਬਸਤੀਵਾਦੀ ਅੰਗਰੇਜ਼ਾਂ ਵੱਲੋਂ ਘੜੀ ਡੂਰੰਡ ਸਰਹੱਦ ਦੇ ਪਾਰ, ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਵਿਚ ਰਹਿੰਦੇ ਹਨ। ਉੱਤਰੀ ਅਫਗਾਨਿਸਤਾਨ ਦੇ ਇਲਾਕਿਆਂ ਵਿਚ ਫਾਰਸੀ ਭਾਸ਼ਾ ਹੋਣ ਕਰ ਕੇ ਇਰਾਨ ਵਿਚ ਇਨ੍ਹਾਂ ਸਰਨਾਰਥੀਆਂ ਨੂੰ ਭਾਸ਼ਾਈ ਸੌਖ ਰਹਿੰਦੀ ਸੀ।
ਅੱਜ ਪਾਕਿਸਤਾਨੀ ਅਰਥਚਾਰਾ ਔਖੇ ਸਾਹ ਲੈ ਰਿਹਾ ਹੈ। ਦੇਸ਼ ਦੇ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮਾਮਲੇ ਵਿਚ ਸਭ ਤੋਂ ਭਿਆਨਕ ਦੌਰ `ਚੋਂ ਲੰਘ ਰਹੇ ਹਨ। ਕੌਮਾਂਤਰੀ ਮੁਦਰਾ ਕੋਸ਼ ਨਾਲ ਹੋਇਆ ਰਾਹਤ ਪੈਕੇਜ ਸਮਝੌਤਾ ਗਲੇ ਦੀ ਹੱਡੀ ਬਣ ਗਿਆ ਹੈ। ਉੱਪਰੋਂ ਅਫਗਾਨਿਸਤਾਨ ਜੰਗ ਬੰਦ ਹੋਣ ਨਾਲ ਅਮਰੀਕਾ ਵੱਲੋਂ ਆਉਂਦੀ ਫੰਡਿੰਗ ਵੀ ਬੰਦ ਹੋ ਚੁੱਕੀ ਹੈ। ਇਸ ਆਰਥਿਕ ਮੰਦਹਾਲੀ ਦਾ ਅਸਰ ਸਿਆਸਤ ਦੀ ਉਥਲ-ਪੁਥਲ ਵਿਚ ਸਾਫ ਝਲਕਦਾ ਹੈ। ਪਾਕਿਸਤਾਨ ਸਿਰ ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੁੰਦੀ ਜਾਂਦੀ ਹੈ; ਕਈ ਮਾਹਿਰਾਂ ਮੁਤਾਬਕ ਇਹਦੀ ਹਾਲਤ ਸ੍ਰੀਲੰਕਾ ਵਰਗੀ ਵੀ ਬਣ ਸਕਦੀ ਹੈ। ਅਜਿਹੀ ਹਾਲਤ ਵਿਚੋਂ ਨਿੱਕਲਣ ਦਾ ਕੋਈ ਰਾਹ ਜਦ ਪਾਕਿਸਤਾਨੀ ਹਾਕਮਾਂ ਨੂੰ ਨਜ਼ਰ ਨਹੀਂ ਆ ਰਿਹਾ ਤਾਂ ਹੁਣ ਇਨ੍ਹਾਂ ਨੇ ਅਰਥਚਾਰੇ ਦੀ ਮੰਦਹਾਲੀ ਅਤੇ ਸਮਾਜਿਕ ਸੰਕਟ ਦਾ ਸਾਰਾ ਦੋਸ਼ ਅਫ਼ਗਾਨ ਸ਼ਰਨਾਰਥੀਆਂ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਨ੍ਹਾਂ ਨੂੰ ਅਰਥਚਾਰੇ `ਤੇ ਬੋਝ ਅਤੇ ਦੇਸ਼ ਅੰਦਰ ਭ੍ਰਿਸ਼ਟਾਚਾਰ, ਅਤਿਵਾਦ ਫੈਲਾਉਣ ਵਾਲੇ ਆਦਿ ਝੂਠੇ ਪ੍ਰਚਾਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਰਕਾਰੀ ਰਿਕਾਰਡ ਮੁਤਾਬਕ ਪਾਕਿਸਤਾਨ ਵਿਚ ਕੁੱਲ 44 ਲੱਖ ਸ਼ਰਨਾਰਥੀ ਹਨ ਜਿਨ੍ਹਾਂ `ਚੋਂ 17 ਲੱਖ (ਪਾਕਿਸਤਾਨੀ ਹਾਕਮਾਂ ਮੁਤਾਬਕ) ‘ਗੈਰ-ਕਾਨੂੰਨੀ` ਹਨ ਪਰ ਕਾਨੂੰਨੀ ਹੋਵੇ ਭਾਵੇਂ ਗੈਰ-ਕਾਨੂੰਨੀ, ਦੋਵੇਂ ਵਿਤਕਰੇ ਅਤੇ ਲੁੱਟ ਦਾ ਸ਼ਿਕਾਰ ਹਨ। ਲੱਗਭੱਗ ਦੋ ਮਹੀਨਿਆਂ ਤੋਂ ਉਹ ਪੁਲਿਸ ਦਹਿਸ਼ਤ ਦਾ ਸ਼ਿਕਾਰ ਹਨ। ਹੁਣ ਤੱਕ ਕੁੱਲ 3 ਲੱਖ 40 ਹਜ਼ਾਰ ਸ਼ਰਨਾਰਥੀ ਅਫਗਾਨਿਸਤਾਨ ਚਲੇ ਗਏ ਹਨ ਪਰ ਇਨ੍ਹਾਂ ਵਿਚੋਂ ਬਹੁਤੇ ਅਜਿਹੇ ਹਨ ਜੋ ਪਹਿਲੀ ਵਾਰ ਅਫਗਾਨਿਸਤਾਨ ਦੀ ਧਰਤੀ ਦੇਖ ਰਹੇ ਹਨ ਕਿਉਂਕਿ ਉਨ੍ਹਾਂ ਦਾ ਜਨਮ ਪਾਕਿਸਤਾਨ ਵਿਚ ਹੀ ਹੋਇਆ ਸੀ। ਕਈ ਪਰਿਵਾਰ ਇੱਥੇ ਚਾਰ-ਚਾਰ ਦਹਾਕਿਆਂ ਤੋਂ ਰਹਿ ਰਹੇ ਸਨ। ਇਹ ਉਨ੍ਹਾਂ ਦੀ ਵਤਨ ਵਾਪਸੀ ਨਹੀਂ ਸਗੋਂ ਮੁੜ ਹਿਜਰਤ ਹੈ।
ਪਾਕਿਸਤਾਨ ਦਾ ਆਰਥਿਕ ਸਿਆਸੀ ਸੰਕਟ ਅਸਲ ਵਿਚ ਸਰਮਾਏਦਾਰੀ ਦਾ ਸੰਕਟ ਹੈ। ਇਸੇ ਸੰਕਟ ਦਾ ਨਤੀਜਾ ਹੈ ਕਿ ਅੱਜ ਮੁਲਕ ਦੇ ਹਾਲਾਤ ਬਦਤਰ ਹੋ ਰਹੇ ਹਨ। ਉੱਪਰੋਂ ਬਸਤੀਵਾਦੀ ਗਰਭ ਵਿਚੋਂ ਨਿੱਕਲੇ ਇਸ ਮੁਲਕ ਅੰਦਰ ਵੀ ਭਾਰਤ ਵਾਂਗ ਜਮਹੂਰੀ ਕਦਰਾਂ ਕੀਮਤਾਂ ਦੀ ਜੜ੍ਹ ਬੇਹੱਦ ਕਮਜ਼ੋਰ ਹੈ। ਇਸ ਲਈ ਅਜਿਹੇ ਪਛੜੇ ਮੁਲਕ ਇੱਕ ਤਾਂ ਆਰਥਿਕ ਤੌਰ ਉੱਤੇ ਪਛੜੇ ਹਨ, ਦੂਜਾ ਸਮਾਜਿਕ ਕਦਰਾਂ ਕੀਮਤਾਂ ਪੱਖੋਂ ਵੀ ਬੇਹੱਦ ਪਿੱਛੇ ਹਨ। ਇਸ ਲਈ ਲੋਟੂ ਹਾਕਮਾਂ ਲਈ ਅਜਿਹੇ ਲੋਕ ਵਿਰੋਧੀ ਫੈਸਲੇ ਕਰਨੇ ਤੇ ਲੋਕਾਂ ਵਿਚੋਂ ਇਸ ਦੀ ਹਮਾਇਤ ਹਾਸਲ ਕਰਨ ਦਾ ਵਧੇਰੇ ਤਕੜਾ ਆਧਾਰ ਮੌਜੂਦ ਹੈ। ਅਫਗਾਨ ਸ਼ਰਨਾਰਥੀਆਂ ਨੂੰ ਪਾਕਿਸਤਾਨ ਦੇ ਦੁਸ਼ਮਣ ਬਣਾ ਕੇ ਪੇਸ਼ ਕਰਨਾ ਅਸਲ ਵਿਚ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਉਣਾ ਹੈ।