ਖਾਲਿਸਤਾਨ ਸਮਰਥਕਾਂ ਵੱਲੋਂ ਗੁਰਦੁਆਰੇ `ਚ ਭਾਰਤੀ ਰਾਜਦੂਤ ਨੂੰ ਘੇਰਨ ਦੀ ਕੋਸ਼ਿਸ਼

ਨਿਊ ਯਾਰਕ: ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਗੁਰਪੁਰਬ ਮੌਕੇ ਨਿਊ ਯਾਰਕ ਦੇ ਲੌਂਗ ਆਈਲੈਂਡ ਗੁਰਦੁਆਰੇ ਵਿਚ ਅਰਦਾਸ ਕੀਤੀ। ਗੁਰਦੁਆਰੇ ‘ਚ ਖਾਲਿਸਤਾਨ ਸਮਰਥਕਾਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਘੇਰ ਕੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ

ਪਰ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਭਾਰਤੀ ਰਾਜਦੂਤ ਨਾਲ ਵਾਪਰੀ ਘਟਨਾ ਦੀ ਪੋਸਟ ਕੀਤੀ ਗਈ ਵੀਡੀਓ ਮੁਤਾਬਕ, ‘ਗੁਰਦੁਆਰੇ ‘ਚ ਕੁਝ ਖਾਲਿਸਤਾਨ ਸਮਰਥਕਾਂ ਨੇ ਸੰਧੂ ਨੂੰ ਘੇਰ ਲਿਆ ਤੇ ਕੈਨੇਡਾ ਵਿਚ ਮਾਰੇ ਗਏ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਬਾਰੇ ਸਵਾਲ ਕੀਤੇ।‘
ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਐਕਸ ‘ਤੇ ਦੱਸਿਆ ਕਿ ‘ਲੌਂਗ ਆਈਲੈਂਡ ਦੇ ਗੁਰੂ ਨਾਨਕ ਦਰਬਾਰ ‘ਚ ਅਫ਼ਗਾਨਿਸਤਾਨ ਸਣੇ ਸਥਾਨਕ ਸੰਗਤ ਦੇ ਨਾਲ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦੌਰਾਨ ਕੀਰਤਨ ਸੁਣਿਆ, ਗੁਰੂ ਨਾਨਕ ਦੇ ਇਕਜੁੱਟਤਾ, ਏਕੇ ਤੇ ਬਰਾਬਰੀ ਦੇ ਸੁਨੇਹੇ ਬਾਰੇ ਚਰਚਾ ਕੀਤੀ। ਲੰਗਰ ਛਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।‘ ਖਾਲਿਸਤਾਨੀਆਂ ਦੇ ਵਿਰੋਧ ਦੇ ਖਦਸ਼ੇ ਦਰਮਿਆਨ ਸੰਧੂ ਦਾ ਹਿਕਸਵਿਲੇ ਗੁਰਦੁਆਰੇ ਵਿਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਇਸ ਮੌਕੇ ਗੜਬੜੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤੇ ਭਾਰਤੀ ਰਾਜਦੂਤ ਨੂੰ ਘੇਰਨ ਦਾ ਯਤਨ ਕੀਤਾ ਪਰ ਸਿੱਖ ਭਾਈਚਾਰੇ ਦੇ ਮੈਂਬਰ ਉਨ੍ਹਾਂ ਨੂੰ ਬਾਹਰ ਲੈ ਗਏ। ਸੰਧੂ ਨੇ ਗੁਰਦੁਆਰੇ ਵਿਚ ਆਪਣੇ ਬਿਆਨ ‘ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਅਮਰੀਕਾ ਵਿਚ ਭਾਰਤੀ ਸਫ਼ੀਰ ਉਨ੍ਹਾਂ ਨੂੰ ਹਰ ਸਹਾਇਤਾ ਤੇ ਸਮਰਥਨ ਦੇਣਗੇ। ਇਸ ਮੌਕੇ ਗੁਰਦੁਆਰੇ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਭਾਰਤੀ ਰਾਜਦੂਤ ਦਾ ਸਨਮਾਨ ਕੀਤਾ।
ਅਮਰੀਕਾ ਵਿਚ ਸਿੱਖ ਸੰਗਠਨ ਨੇ ਘਟਨਾ ਦੀ ਨਿੰਦਾ ਕੀਤੀ ਹੈ। ਸੰਗਠਨ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਇਸ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ‘ਸਿੱਖਸ ਆਫ ਅਮਰੀਕਾ` ਨਾਂ ਦੀ ਸੰਸਥਾ ਨੇ ਜਾਰੀ ਬਿਆਨ `ਚ ਕਿਹਾ ਕਿ ਗੁਰਦੁਆਰਾ ਧਾਰਮਿਕ ਸਥਾਨ ਹੈ ਅਤੇ ਲੋਕਾਂ ਨੂੰ ਇੱਥੇ ਆਉਣ ਸਮੇਂ ਨਿੱਜੀ ਸਿਆਸੀ ਵਿਚਾਰਾਂ ਨੂੰ ਦੂਰ ਰੱਖਣਾ ਚਾਹੀਦਾ ਹੈ।