ਖਾਨ ਯੂਨਿਸ: ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਲੋਕਾਂ ਨੂੰ ਦੱਖਣ ਵੱਲ ਜਾਣ ਦੇ ਭਾਵੇਂ ਹੁਕਮ ਦਿੱਤੇ ਹਨ ਪਰ ਉਹ ਕਿਤੇ ਵੀ ਸੁਰੱਖਿਅਤ ਦਿਖਾਈ ਨਹੀਂ ਦੇ ਰਹੇ ਹਨ। ਇਜ਼ਰਾਈਲ ਨੇ ਦੱਖਣ ਸਮੇਤ ਗਾਜ਼ਾ ਪੱਟੀ ‘ਚ ਕਈ ਥਾਵਾਂ ਉਤੇ ਹਵਾਈ ਹਮਲੇ ਕੀਤੇ ਜਿਸ ‘ਚ ਕਈ ਜਾਨਾਂ ਜਾਣ ਦਾ ਖਦਸ਼ਾ ਹੈ। ਹਮਾਸ ਵੱਲੋਂ ਦੱਖਣੀ ਇਜ਼ਰਾਈਲ ‘ਚ ਕੀਤੇ ਹਮਲੇ ਮਗਰੋਂ ਇਜ਼ਰਾਇਲੀ ਫੌਜ ਗਾਜ਼ਾ ‘ਚ ਲਗਾਤਾਰ ਹਮਲੇ ਕਰ ਰਹੀ ਹੈ। ਦੱਖਣੀ ਗਾਜ਼ਾ ਦੇ ਸ਼ਹਿਰ ਖਾਨ ਯੂਨਿਸ ਦੀ ਇਕ ਰਿਹਾਇਸ਼ੀ ਇਮਾਰਤ ਸਮੇਤ ਹੋਰ ਥਾਵਾਂ ‘ਤੇ ਇਜ਼ਰਾਈਲ ਨੇ ਬੰਬਾਰੀ ਕੀਤੀ। ਨਾਸਿਰ ਹਸਪਤਾਲ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਉਥੇ ਘੱਟੋ ਘੱਟ 12 ਲਾਸ਼ਾਂ ਅਤੇ ਜ਼ਖ਼ਮੀ ਹਾਲਤ ‘ਚ 40 ਵਿਅਕਤੀ ਪਹੁੰਚੇ ਹਨ।
ਇਹ ਬੰਬਾਰੀ ਉਸ ਸਮੇਂ ਹੋਈ ਹੈ ਜਦੋਂ ਇਜ਼ਰਾਈਲ ਨੇ ਮਿਸਰ ਨੂੰ ਗਾਜ਼ਾ ‘ਚ ਸੀਮਤ ਮਾਨਵੀ ਸਹਾਇਤਾ ਭੇਜਣ ਦੀ ਇਜਾਜ਼ਤ ਦਿੱਤੀ ਹੈ। ਗਾਜ਼ਾ ਦੇ 23 ਲੱਖ ਲੋਕਾਂ ‘ਚੋਂ ਬਹੁਤੇ ਦਿਨ ‘ਚ ਇਕ ਸਮੇਂ ਦਾ ਖਾਣਾ ਖਾ ਰਹੇ ਹਨ ਅਤੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਗਾਜ਼ਾ ਸਿਟੀ ‘ਚ 10 ਲੱਖ ਤੋਂ ਜ਼ਿਆਦਾ ਫਲਸਤੀਨੀ ਆਪਣਾ ਘਰ-ਬਾਰ ਛੱਡ ਕੇ ਹੋਰ ਥਾਵਾਂ ‘ਤੇ ਚਲੇ ਗਏ ਹਨ। ਬਹੁਤੇ ਲੋਕ ਸੰਯੁਕਤ ਰਾਸ਼ਟਰ ਵੱਲੋਂ ਚਲਾਏ ਜਾ ਰਹੇ ਸਕੂਲਾਂ ਜਾਂ ਰਿਸ਼ਤੇਦਾਰਾਂ ਦੇ ਘਰਾਂ ‘ਚ ਰਹਿਣ ਲੱਗ ਪਏ ਹਨ। ਖਾਨ ਯੂਨਿਸ ‘ਚ ਇਮਾਰਤ ਦੇ ਮਲਬੇ ‘ਚੋਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਮਲਬੇ ਹੇਠਾਂ ਕਈ ਲੋਕਾਂ ਦੇ ਫਸਣ ਦਾ ਖਦਸ਼ਾ ਜਤਾਇਆ ਗਿਆ ਹੈ।
ਗਾਜ਼ਾ ‘ਚ ਹਮਾਸ ਦੀ ਅਗਵਾਈ ਹੇਠਲੀ ਸਰਕਾਰ ਨੇ ਕਿਹਾ ਕਿ ਇਲਾਕੇ ‘ਚ ਹਮਲੇ ਨਾਲ ਕਈ ਬੇਕਰੀਆਂ ਵੀ ਤਬਾਹ ਹੋ ਗਈਆਂ ਹਨ। ਇਜ਼ਰਾਇਲੀ ਫੌਜ ਨੇ ਕਿਹਾ ਕਿ ਮਿਸਰ ਦੀ ਸਰਹੱਦ ਨੇੜੇ ਰਾਫਾ ‘ਚ ਫਲਸਤੀਨ ਦਾ ਇਕ ਚੋਟੀ ਦਾ ਦਹਿਸ਼ਤਗਰਦ ਮਾਰਿਆ ਗਿਆ ਜਦਕਿ ਗਾਜ਼ਾ ‘ਚ ਸੈਂਕੜੇ ਨਿਸ਼ਾਨੇ ਫੁੰਡੇ ਗਏ ਹਨ। ਇਜ਼ਰਾਈਲ ਮੁਤਾਬਕ ਉਹ ਸਿਰਫ ਹਮਾਸ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਦਕਿ ਧੜੇ ਦੇ ਆਗੂ ਅਤੇ ਲੜਾਕੇ ਆਮ ਆਬਾਦੀ ‘ਚ ਪਨਾਹ ਲੈ ਰਹੇ ਹਨ। ਮੂਸਾ ਪਰਿਵਾਰ ਨੇ ਗਾਜ਼ਾ ਦੇ ਕਸਬੇ ਦੀਰ ਅਲ-ਬਾਲਾਹ ਨੂੰ ਛੱਡ ਕੇ ਸਥਾਨਕ ਹਸਪਤਾਲ ਨੇੜੇ ਆਪਣੇ ਰਿਸ਼ਤੇਦਾਰ ਦੇ ਤਿੰਨ ਮੰਜ਼ਿਲਾ ਘਰ ‘ਚ ਪਨਾਹ ਲਈ ਸੀ ਪਰ ਹਵਾਈ ਹਮਲੇ ‘ਚ ਘਰ ਮਲਬੇ ‘ਚ ਤਬਦੀਲ ਹੋ ਗਿਆ ਅਤੇ 20 ਔਰਤਾਂ ਤੇ ਬੱਚੇ ਉਸ ਹੇਠਾਂ ਦਬ ਗਏ। ਅਲ-ਜਾਹਰਾ ‘ਚ ਤਿੰਨ ਰਿਹਾਇਸ਼ੀ ਟਾਵਰ ਵੀ ਹਵਾਈ ਹਮਲੇ ਦੀ ਮਾਰ ਹੇਠ ਆਏ ਹਨ।
ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਗਾਜ਼ਾ ‘ਚ 3785 ਵਿਅਕਤੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ‘ਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਏਵ ਗੈਲੈਂਟ ਨੇ ਸਰਹੱਦ ‘ਤੇ ਫੌਜੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਗਾਜ਼ਾ ਪੱਟੀ ਵਿਚ ਦਾਖਲ ਹੋਣ ਲਈ ਤਿਆਰ ਰਹਿਣ। ਉਂਝ, ਉਨ੍ਹਾਂ ਇਹ ਨਹੀਂ ਦੱਸਿਆ ਕਿ ਜ਼ਮੀਨੀ ਹਮਲਾ ਕਦੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਜਵਾਨਾਂ ਨਾਲ ਵਾਅਦਾ ਕੀਤਾ ਕਿ ਉਹ ਹੁਣ ਗਾਜ਼ਾ ਅੰਦਰ ਦਾਖਲ ਹੋ ਕੇ ਹੀ ਸ਼ਹਿਰ ਨੂੰ ਦੇਖਣਗੇ। ਅਧਿਕਾਰੀਆਂ ਨੇ ਕਿਹਾ ਕਿ ਕਰੀਬ 12500 ਵਿਅਕਤੀ ਜ਼ਖ਼ਮੀ ਹੋਏ ਹਨ ਅਤੇ 1300 ਹੋਰ ਦੇ ਮਲਬੇ ਹੇਠਾਂ ਦਬੇ ਹੋਣ ਦਾ ਸ਼ੱਕ ਹੈ।
ਭਾਰਤ ਨੇ ਮੈਡੀਕਲ ਸਹਾਇਤਾ ਤੇ ਹੋਰ ਸਮੱਗਰੀ ਭੇਜੀ
ਨਵੀਂ ਦਿੱਲੀ: ਭਾਰਤ ਨੇ ਫਲਸਤੀਨ ਦੇ ਜੰਗ ਪੀੜਤ ਲੋਕਾਂ ਲਈ ਤਕਰੀਬਨ 6.5 ਟਨ ਮੈਡੀਕਲ ਸਹਾਇਤਾ ਅਤੇ 32 ਟਨ ਹੋਰ ਰਾਹਤ ਸਮੱਗਰੀ ਭੇਜੀ ਹੈ। ਇਹ ਸਮੱਗਰੀ ਭਾਰਤੀ ਹਵਾਈ ਸੈਨਾ ਦੇ ਸੀ-17 ਦੇ ਢੋਆ-ਢੁਆਈ ਵਾਲੇ ਜਹਾਜ਼ ਵਿਚ ਭੇਜੀ ਗਈ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ‘ਐਕਸ` ਉਤੇ ਸਾਂਝੀ ਕੀਤੀ ਹੈ। ਉੱਧਰ, ਸੰਯੁਕਤ ਰਾਸ਼ਟਰ ਦੇ ਆਗੂਆਂ ਅਤੇ ਏਜੰਸੀਆਂ ਨੇ ਮਿਸਰ ਤੋਂ ਰਾਫਾ ਸਰਹੱਦ ਪਾਰ ਕਰ ਕੇ ਗਾਜ਼ਾ ਵਿਚ ਸਹਾਇਤਾ ਭੇਜਣ ਦਾ ਸਵਾਗਤ ਕੀਤਾ ਹੈ।
ਫਲਸਤੀਨੀਆਂ ਦੇ ਹੱਕ ‘ਚ ਮੁਜ਼ਾਹਰਾ
ਜਲੰਧਰ: ਇਨਕਲਾਬੀ ਧਿਰਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਨਿਵਾਦੀ) ਨਿਊ ਡੈਮੋਕਰੇਸੀ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਫਲਸਤੀਨੀ ਲੋਕਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਅਤੇ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਬੰਬਾਰੀ ਖ਼ਿਲਾਫ਼ ਮਾਝਾ-ਦੋਆਬਾ ਜ਼ੋਨ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸੈਂਕੜੇ ਲੋਕਾਂ ਨੇ ਦੇਸ ਭਗਤ ਯਾਦਗਾਰ ਹਾਲ ਵਿਚ ਇਕੱਠੇ ਹੋ ਕੇ ਰੈਲੀ ਕੀਤੀ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਨਿਵਾਦੀ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਾਮਰੇਡ ਕੰਵਲਜੀਤ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਦੇਸ ਫਲਸਤੀਨ ਦੀ ਪ੍ਰਭੂਸੱਤਾ ਲਈ ਲੜ ਰਹੇ ਲੋਕਾਂ ਨਾਲ ਖੜ੍ਹਨ, ਉਨ੍ਹਾਂ ਦੇ ਹੱਕ ਵਿਚ ਜ਼ੋਰਦਾਰ ਆਵਾਜ਼ ਉਠਾਉਣ ਅਤੇ ਇਜ਼ਰਾਈਲੀ ਬੰਬਾਰੀ ਖ਼ਿਲਾਫ਼ ਵਿਸਾਲ ਲਾਮਬੰਦੀ ਕਰਨ ਦੀ ਅੱਜ ਜਰੂਰਤ ਹੈ।