ਰੂਪਨਗਰ: ਸ਼ਹਿਰ ਦੀ ਵਸਨੀਕ 35 ਸਾਲਾ ਮਹਿਲਾ ਨੇ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਸ਼ਨਾਖ਼ਤ ਬਲਵਿੰਦਰ ਕੌਰ ਵਜੋਂ ਹੋਈ ਹੈ। ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਪਿੰਡ ਵਿਚ ਸਥਿਤ ਰਿਹਾਇਸ਼ ਨੇੜੇ ਦੋ ਮਹੀਨੇ ਤੋਂ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ 483 ਮੈਂਬਰਾਂ ਵਿਚ ਸ਼ਾਮਲ ਸੀ। ਪੀੜਤ ਬਲਵਿੰਦਰ ਕੌਰ ਦਾ ਖੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਦੋਸ਼ ਲਗਾਇਆ ਹੈ ਕਿ ਸਿੱਖਿਆ ਮੰਤਰੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਉਹ 3 ਦਸੰਬਰ 2021 ਨੂੰ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਲਗਾਤਾਰ ਔਕੜਾਂ ਦਾ ਸਾਹਮਣਾ ਕਰ ਰਹੀ ਸੀ।
ਜਾਣਕਾਰੀ ਅਨੁਸਾਰ ਅਕਤੂਬਰ 2021 ਵਿਚ 1158 ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਦਸੰਬਰ ਵਿਚ ਇਨ੍ਹਾਂ ਵਿਚੋਂ 607 ਨੂੰ ਨਿਯੁਕਤੀ ਪੱਤਰ ਮਿਲ ਗਏ ਸਨ ਜਿਨ੍ਹਾਂ ਵਿਚੋਂ 124 ਨੇ ਆਪਣੀ ਡਿਊਟੀ ਜੁਆਇਨ ਕਰ ਲਈ ਸੀ। ਬਾਕੀ 483 ਨੂੰ ਹੈੱਡਕੁਆਰਟਰ ਵਿਚ ਜੁਆਇਨ ਕਰਵਾਉਣ ਦੇ ਬਾਵਜੂਦ ਕੰਮ ਨਹੀਂ ਸੀ ਦਿੱਤਾ ਗਿਆ ਕਿਉਂਕਿ ਭਰਤੀ ਵਿਰੁੱਧ ਅਦਾਲਤ ਵਿਚ ਵੱਡੀ ਗਿਣਤੀ ਪਟੀਸ਼ਨਾਂ ਦਾਇਰ ਹੋ ਗਈਆਂ ਸਨ। ਉੱਧਰ, ਪੁਲਿਸ ਨੇ ਮ੍ਰਿਤਕਾ ਦੇ ਭਰਾ ਹਰਦੇਵ ਸਿੰਘ ਦੇ ਬਿਆਨਾਂ ‘ਤੇ ਉਸ ਦੇ ਪਤੀ ਸੁਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਬਾਗ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਹਰਦੇਵ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਭੈਣ ਵੱਲੋਂ ਪੰਜ ਸਾਲ ਪਹਿਲਾਂ ਲੜਕੀ ਨੂੰ ਜਨਮ ਦਿੱਤੇ ਜਾਣ ਦੇ ਬਾਅਦ ਤੋਂ ਉਸ ਦਾ ਪਤੀ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ। ਸੁਪ੍ਰੀਤ ਸਿੰਘ ਕਾਰਨ ਉਸ ਦੀ ਭੈਣ ਨੂੰ ਦੋ ਵਾਰ ਗਰਭਪਾਤ ਵੀ ਕਰਵਾਉਣਾ ਪਿਆ ਸੀ।
ਮ੍ਰਿਤਕਾ ਨਾਲ ਕੋਈ ਸਿੱਧਾ ਸੰਪਰਕ ਨਹੀਂ: ਹਰਜੋਤ ਬੈਂਸ
ਰੂਪਨਗਰ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਪੰਜਾਬ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾ ਨਾਲ ਉਨ੍ਹਾਂ ਦਾ ਕੋਈ ਸਿੱਧਾ ਸੰਪਰਕ ਨਹੀਂ, ਇਸ ਕਰ ਕੇ ਮ੍ਰਿਤਕਾ ਵੱਲੋਂ ਚੁੱਕੇ ਗਏ ਕਦਮ ਬਾਰੇ ਕੋਈ ਟਿੱਪਣੀ ਕਰਨਾ ਠੀਕ ਨਹੀਂ ਹੈ।