ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਐਚ1ਬੀ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਵਿਚ ਬਦਲਾਅ ਦੀ ਤਜਵੀਜ਼ ਰੱਖੀ ਹੈ ਜਿਸ ਦਾ ਮਕਸਦ ਯੋਗਤਾਵਾਂ ਨੂੰ ਸਟਰੀਮਲਾਈਨ ਕਰਨਾ ਤੇ ਅਸਰਦਾਰ ਬਣਾਉਣਾ, ਐਫ-1 ਵਿਦਿਆਰਥੀਆਂ, ਉੱਦਮਾਂ ਤੇ ਗੈਰ-ਲਾਭਕਾਰੀ ਇਕਾਈਆਂ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਵੱਧ ਲਚੀਲਾਪਨ ਉਪਲਬਧ ਕਰਾਉਣਾ ਤੇ ਹੋਰ ਪ੍ਰਵਾਸੀ ਕਰਮਚਾਰੀਆਂ ਲਈ ਬਿਹਤਰ ਸਥਿਤੀ ਯਕੀਨੀ ਬਣਾਉਣਾ ਹੈ।
ਇਨ੍ਹਾਂ ਨਿਯਮਾਂ ਨੂੰ ਸੰਸਦ ਵੱਲੋਂ ਤੈਅ ਕੀਤੀ ਗਈ ਇਨ੍ਹਾਂ ਵੀਜ਼ਿਆਂ ਦੀ 60 ਹਜ਼ਾਰ ਦੀ ਗਿਣਤੀ ਵਿਚ ਬਦਲਾਅ ਕੀਤੇ ਬਿਨਾ ਲਿਆਂਦਾ ਜਾ ਰਿਹਾ ਹੈ। ਇਕ ਬਿਆਨ ਵਿਚ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਨੇ ਕਿਹਾ ਕਿ ਬਾਇਡਨ-ਹੈਰਿਸ ਪ੍ਰਸ਼ਾਸਨ ਦਾ ਮੰਤਵ ਆਲਮੀ ਪੱਧਰ ਦੇ ਮਾਹਿਰਾਂ ਨੂੰ ਖਿੱਚਣਾ, ਰੁਜ਼ਗਾਰਦਾਤੇ ਤੋਂ ਬੋਝ ਨੂੰ ਘਟਾਉਣਾ, ਆਵਾਸ ਢਾਂਚੇ ਵਿਚ ਧੋਖਾਧੜੀ ਤੇ ਦੁਰਵਰਤੋਂ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਤਜਵੀਜ਼ਾਂ ਨੇਮ ਐਚ1ਬੀ ਰਜਿਸਟਰੇਸ਼ਨ ਦੀ ਚੋਣ ਪ੍ਰਕਿਰਿਆ ਨੂੰ ਬਦਲਣਗੇ ਤਾਂ ਕਿ ਦੁਰਵਰਤੋਂ ਤੇ ਧੋਖਾਧੜੀ ਰੁਕੇ। ਵਰਤਮਾਨ ਪ੍ਰਕਿਰਿਆ ਮੁਤਾਬਕ ਇਕ ਵਿਅਕਤੀ ਦੇ ਨਾਂ ‘ਤੇ ਜਿੰਨੀਆਂ ਵੱਧ ਤੋਂ ਵੱਧ ਰਜਿਸਟਰੇਸ਼ਨਾਂ ਆਉਂਦੀਆਂ ਹਨ, ਲਾਟਰੀ ਵਿਚ ਉਸ ਦੇ ਚੁਣੇ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਦਕਿ ਨਵੀਂ ਤਜਵੀਜ਼ ਮੁਤਾਬਕ ਹਰ ਉਹ ਵਿਅਕਤੀ ਜਿਸ ਨੇ ਆਪਣੇ ਵੱਲੋਂ ਰਜਿਸਟਰੇਸ਼ਨ ਕੀਤੀ ਹੈ, ਉਹ ਇਕ ਵਾਰ ਹੀ ਚੋਣ ਪ੍ਰਕਿਰਿਆ ਵਿਚ ਦਾਖਲ ਹੋਵੇਗਾ, ਉਸ ਦੇ ਨਾਂ ਉਤੇ ਕਿੰਨੀਆਂ ਰਜਿਸਟਰੇਸ਼ਨਾਂ ਹੋਈਆਂ ਹਨ, ਇਸ ਗੱਲ ਨਾਲ ਕੋਈ ਫਰਕ ਨਹੀਂ ਪਏਗਾ। ਇਸ ਨਾਲ ਜਾਇਜ਼ ਰਜਿਸਟਰੇਸ਼ਨ ਦੇ ਚੁਣੇ ਜਾਣ ਦੀ ਸੰਭਾਵਨਾ ਵਧੇਗੀ। ਜ਼ਿਕਰਯੋਗ ਹੈ ਕਿ ਗੈਰ-ਆਵਾਸੀ ਐਚ1ਬੀ ਵੀਜ਼ਾ ਅਮਰੀਕੀ ਕੰਪਨੀਆਂ ਦੀ ਵਿਦੇਸ਼ੀ ਵਰਕਰਾਂ ਨੂੰ ਨਿਯੁਕਤ ਕਰਨ ਵਿਚ ਮਦਦ ਕਰਦਾ ਹੈ। ਇਸ ਦੀ ਮਿਆਦ ਤਿੰਨ ਤੋਂ ਛੇ ਸਾਲਾਂ ਤੱਕ ਹੁੰਦੀ ਹੈ। ਪਰ ਉਹ ਐਚ1ਬੀ ਧਾਰਕ ਜਿਨ੍ਹਾਂ ਗਰੀਨ ਕਾਰਡ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੁੰਦੀ ਹੈ, ਆਪਣੇ ਵਰਕ ਵੀਜ਼ੇ ਨੂੰ ਅਣਮਿਥੇ ਸਮੇਂ ਲਈ ਨਵਿਆ ਸਕਦੇ ਹਨ। ਤਕਨੀਕੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਮੁਲਕਾਂ ਵਿਚੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਅਮਰੀਕਾ ਬੁਲਾਉਂਦੀਆਂ ਹਨ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਤਜਵੀਜ਼ਾਂ ਨਿਯਮਾਂ ਨੂੰ ਜਨਤਕ ਕੀਤਾ ਹੈ ਤਾਂ ਕਿ ਹਿੱਤਧਾਰਕ ਇਸ ਉਤੇ ਆਪਣੀਆਂ ਟਿੱਪਣੀਆਂ ਕਰ ਸਕਣ ਤੇ ਪ੍ਰਤੀਕਿਰਿਆ ਦੇ ਸਕਣ। ਮੰਤਰਾਲੇ ਨੇ ਕਿਹਾ ਕਿ ਨਿਯਮਾਂ ਵਿਚ ਤਜਵੀਜ਼ਾਂ ਬਦਲਾਅ ਦਾ ਮੰਤਵ ਯੋਗਤਾਵਾਂ ਦੀ ਲੋੜ ਨੂੰ ਤਰਕਸੰਗਤ ਕਰਨਾ, ਪ੍ਰੋਗਰਾਮ ਨੂੰ ਹੋਰ ਅਸਰਦਾਰ ਬਣਾਉਣਾ, ਰੁਜ਼ਗਾਰਦਾਤੇ ਤੇ ਵਰਕਰਾਂ ਨੂੰ ਵੱਧ ਲਾਭ ਤੇ ਲਚੀਲਾਪਨ ਪ੍ਰਦਾਨ ਕਰਨਾ ਹੈ। ਜ਼ਿਕਰਯੋਗ ਹੈ ਕਿ ਐਚ1ਬੀ ਪ੍ਰੋਗਰਾਮ ਅਮਰੀਕੀ ਰੁਜ਼ਗਾਰਦਾਤਾ ਦੀ ਕਾਨੂੰਨ ਤਹਿਤ ਤੈਅ ਸਾਰੇ ਵਰਕਰ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਦਿਆਂ ਲੋੜੀਂਦੇ ਕਰਮਚਾਰੀਆਂ ਦੀ ਨਿਯੁਕਤੀ ਕਰਨ ਵਿਚ ਮਦਦ ਕਰਦਾ ਹੈ। ਉਹ ਇਹ ਨਿਯੁਕਤੀਆਂ ਆਪਣੀਆਂ ਕਾਰੋਬਾਰੀ ਲੋੜਾਂ ਨੂੰ ਪੂਰੀਆਂ ਕਰਨ ਤੇ ਆਲਮੀ ਬਾਜ਼ਾਰ ਵਿਚ ਮੁਕਾਬਲੇ ‘ਚ ਬਣੇ ਰਹਿਣ ਲਈ ਕਰਦੇ ਹਨ।