ਨਵੀਂ ਦਿੱਲੀ: ਡਿਊਟੀ ਦੌਰਾਨ ਸ਼ਹੀਦ ਹੋਏ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਅੰਤਿਮ ਸੰਸਕਾਰ ਵੇਲੇ ਫੌਜੀ ਸਨਮਾਨ ਨਾ ਦੇਣ ਦਾ ਮਾਮਲਾ ਭਖ ਗਿਆ ਹੈ। ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕੇਂਦਰ ਸਰਕਾਰ ਨੂੰ ਇਸ ਮੁੱਦੇ ਉਤੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸਿਆਸੀ ਧਿਰਾਂ ਵੱਲੋਂ ਇਸ ਯੋਜਨਾ ਨੂੰ ਤੁਰਤ ਬੰਦ ਕਰਨ ਦੀ ਮੰਗ ਚੁੱਕੀ ਗਈ ਹੈ।
ਉਧਰ, ਥਲ ਸੈਨਾ ਨੇ ਕਿਹਾ ਹੈ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਲਈ ਉਸ ਦੇ ਅੰਤਿਮ ਸੰਸਕਾਰ ਲਈ ਫੌਜੀ ਸਨਮਾਨ ਨਹੀਂ ਦਿੱਤਾ ਗਿਆ। ਥਲ ਸੈਨਾ ਨੇ ਕਿਹਾ ਕਿ ਉਹ ਇਸ ਆਧਾਰ ਉਤੇ ਆਪਣੇ ਜਵਾਨਾਂ ‘ਚ ਫਰਕ ਨਹੀਂ ਕਰਦੀ ਕਿ ਉਹ ਅਗਨੀਪਥ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਜਾਂ ਬਾਅਦ ਵਿਚ ਫੌਜ ਵਿਚ ਭਰਤੀ ਹੋਇਆ ਸੀ। ਫੌਜ ‘ਤੇ ਦੋਸ਼ ਲੱਗੇ ਰਹੇ ਹਨ ਕਿ ਉਸ ਨੇ ਅੰਮ੍ਰਿਤਪਾਲ ਸਿੰਘ ਦੇ ਅੰਤਿਮ ਸੰਸਕਾਰ ਵਿਚ ਫੌਜੀ ਸਨਮਾਨ ਨਹੀਂ ਦਿੱਤਾ।
ਇਧਰ, ਜੰਮੂ ਕਸ਼ਮੀਰ ਦੇ ਪੁਣਛ ਖੇਤਰ ‘ਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਮਾਨਸਾ ਜ਼ਿਲ੍ਹੇ ਦੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿਚ ਸਰਕਾਰੀ ਰਵੱਈਏ ਖਿਲਾਫ਼ ਸਿਆਸੀ ਧਿਰਾਂ ਇੱਕਜੁਟ ਹੋਣ ਲੱਗੀਆਂ ਹਨ। ਅੰਮ੍ਰਿਤਪਾਲ ਦੇ ਗੋਲੀ ਲੱਗਣ ਦਾ ਮਾਮਲਾ ਵੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਅਗਨੀਵੀਰ ਸਕੀਮ ਤੁਰਤ ਰੱਦ ਕੀਤੀ ਜਾਵੇ ਅਤੇ ਇਸ ਸਕੀਮ ਤਹਿਤ ਭਰਤੀ ਹੋਏ ਫੌਜੀ ਰੈਗੂਲਰ ਕੀਤੇ ਜਾਣ।