ਪੰਜਾਬ ਭਾਜਪਾ ਵਿਚ ‘ਠੰਢੀ ਜੰਗ’ ਸ਼ਾਂਤ ਕਰਨ ਲਈ ਕੋਸ਼ਿਸ਼ਾਂ ਤੇਜ਼

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪੱਧਰੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੇ ਮਾਮਲੇ ਉਤੇ ਪਾਰਟੀ ਵਿਚਲੇ ਟਕਸਾਲੀਆਂ ਦੇ ਵੱਡੇ ਧੜੇ ਅਤੇ ਅਕਾਲੀ ਦਲ ਤੇ ਕਾਂਗਰਸ ਪਿਛੋਕੜ ਵਾਲੇ ਸਿਆਸੀ ਆਗੂਆਂ ਦਰਮਿਆਨ ਖਿੱਚੋਤਾਣ ਦਾ ਮਾਹੌਲ ਹੈ।

ਪਾਰਟੀ ਸੂਤਰਾਂ ਅਨੁਸਾਰ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਹਾਈ ਕਮਾਨ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬਾ ਪੱਧਰੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਲਈ ਸੂਚੀਆਂ ਨਵੀਂ ਦਿੱਲੀ ਭੇਜ ਦਿੱਤੀਆਂ ਗਈਆਂ ਹਨ। ਪਾਰਟੀ ਦੇ ਕੌਮੀ ਆਗੂਆਂ ਵੱਲੋਂ ਟਕਸਾਲੀਆਂ ਅਤੇ ਦਲ ਬਦਲਣ ਵਾਲਿਆਂ ‘ਚ ਸੰਤੁਲਨ ਬਣਾਏ ਜਾਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪਾਰਟੀ ਅੰਦਰ ਚੱਲ ਰਹੀ ‘ਠੰਢੀ‘ ਜੰਗ ਨੂੰ ਸ਼ਾਂਤ ਕੀਤਾ ਜਾ ਸਕੇ। ਪਾਰਟੀ ਆਗੂਆਂ ਅਨੁਸਾਰ ਨਵੇਂ ਜਥੇਬੰਦਕ ਢਾਂਚੇ ਦੇ ਗਠਨ ਦਾ ਐਲਾਨ ਕੁਝ ਦਿਨਾਂ ਤੱਕ ਕੀਤੇ ਜਾਣ ਦੇ ਆਸਾਰ ਹਨ। ਸੂਤਰਾਂ ਅਨੁਸਾਰ ਅਕਾਲੀ ਪਿਛੋਕੜ ਵਾਲੇ ਇਕ ਆਗੂ ਨੂੰ ਪਾਰਟੀ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕਰਨ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਸ੍ਰੀ ਜਾਖੜ ਵੱਲੋਂ ਇਸ ਆਗੂ ਦੀ ਨਿਯੁਕਤੀ ਲਈ ਪੈਰਵੀ ਕੀਤੀ ਜਾ ਰਹੀ ਹੈ ਜਦੋਂ ਕਿ ਟਕਸਾਲੀ ਆਗੂਆਂ ਵੱਲੋਂ ਇਸ ਆਗੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬੇਹੱਦ ਕਰੀਬੀ ਰਿਹਾ ਹੋਣ ਦਾ ਦੋਸ਼ ਲਾ ਕੇ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜਥੇਬੰਦਕ ਢਾਂਚੇ ਵਿਚ ਦਲ ਬਦਲਣ ਵਾਲਿਆਂ ਨੂੰ ਥਾਂ ਤਾਂ ਦਿੱਤੀ ਗਈ ਸੀ ਪਰ ਅਕਾਲੀ ਤੇ ਕਾਂਗਰਸੀ ਪਿਛੋਕੜ ਵਾਲਿਆਂ ਦੀ ਪਾਰਟੀ ਦਫ਼ਤਰ ਅਤੇ ਮੀਟਿੰਗ ਵਿਚ ਕੋਈ ਸੱਦ-ਪੁੱਛ ਨਹੀਂ ਸੀ। ਇਸ ਕਰਕੇ ਦਲ ਬਦਲੂ ਆਗੂ ਭਾਜਪਾ ਵਿੱਚ ਆਉਣ ਤੋਂ ਬਾਅਦ ਵੀ ਘੁਟਣ ਮਹਿਸੂਸ ਕਰ ਰਹੇ ਸਨ।
ਕਾਂਗਰਸ ਪਿਛੋਕੜ ਵਾਲੇ ਸੁਨੀਲ ਜਾਖੜ ਦੇ ਭਾਜਪਾ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਨਵੇਂ ਭਾਜਪਾਈਆਂ ਦੀ ਪਾਰਟੀ ਅੰਦਰ ਵੁੱਕਤ ਵਧਣ ਲੱਗੀ ਸੀ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਸ੍ਰੀ ਜਾਖੜ ਵੱਲੋਂ ਸੰਸਦੀ ਚੋਣਾਂ ਤੱਕ ਪਾਰਟੀ ਦਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਮਜ਼ਬੂਤ ਕਰਨ ਲਈ ਹਾਈ ਕਮਾਨ ਤੋਂ ਵੱਖ-ਵੱਖ ਵਿੰਗਾਂ ਖਾਸਕਰ ਯੂਥ ਵਿੰਗ, ਅਨੁਸੂਚਿਤ ਜਾਤੀ ਵਿੰਗ, ਮਹਿਲਾ ਵਿੰਗ ਆਦਿ ਦੇ ਨਵੇਂ ਪ੍ਰਧਾਨ ਨਿਯੁਕਤ ਕਰਨ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਸੰਸਦੀ ਚੋਣਾਂ ਵਿੱਚ ਮਹਿਜ਼ ਅੱਠ ਕੁ ਮਹੀਨਿਆਂ ਦਾ ਸਮਾਂ ਬਾਕੀ ਹੈ ਤੇ ਸ੍ਰੀ ਜਾਖੜ ਲਈ ਚੁਣੌਤੀਆਂ ਵਧੇਰੇ ਹਨ। ਪਾਰਟੀ ਅੰਦਰ ਜੋ ਸਥਿਤੀ ਬਣੀ ਹੋਈ ਹੈ, ਉਸ ਮੁਤਾਬਕ ਸ੍ਰੀ ਜਾਖੜ ਦੀ ਨਿਯੁਕਤੀ ਤੋਂ ਬਾਅਦ ਭਗਵਾ ਪਾਰਟੀ ਵਿੱਚ ਕਤਾਰਬੰਦੀ ਸਪੱਸ਼ਟ ਤੌਰ ‘ਤੇ ਦਿਖਾਈ ਦੇਣ ਲੱਗੀ ਹੈ।
ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਇਰਦ-ਗਿਰਦ ਸਾਬਕਾ ਕਾਂਗਰਸੀ ਆਗੂ, ਜੋ ਕਿ ਹੁਣ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਹਨ, ਹੀ ਦੇਖੇ ਗਏ ਹਨ। ਇਨ੍ਹਾਂ ਵਿਚ ਖਾਸ ਤੌਰ ‘ਤੇ ਕੇਵਲ ਸਿੰਘ ਢਿੱਲੋਂ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਡਾ. ਰਾਜ ਕੁਮਾਰ ਵੇਰਕਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁੱਤਰੀ ਜੈਇੰਦਰ ਕੌਰ, ਸਾਬਕਾ ਅਕਾਲੀ ਨੇਤਾ ਪਰਮਿੰਦਰ ਸਿੰਘ ਬਰਾੜ ਅਤੇ ਲਖਵਿੰਦਰ ਕੌਰ ਗਰਚਾ ਆਦਿ ਸ਼ਾਮਲ ਹਨ। ਸ੍ਰੀ ਜਾਖੜ ਪਿਛਲੇ ਦਿਨੀਂ ਪੰਜਾਬ ਵਿਚ ਹੜ੍ਹਾਂ ਦੀ ਤਬਾਹੀ ਦੇ ਮੁੱਦੇ ‘ਤੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵਫ਼ਦ ਦੇ ਰੂਪ ਵਿਚ ਮੰਗ ਪੱਤਰ ਦੇਣ ਗਏ ਤਾਂ ਵਫਦ ‘ਚ ਸਾਬਕਾ ਕਾਂਗਰਸੀ ਆਗੂਆਂ ਦੀ ਗਿਣਤੀ ਵਧੇਰੇ ਸੀ। ਪਾਰਟੀ ਦੇ ਦਿੱਲੀ ਸਥਿਤ ਇਕ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਪਾਰਟੀ ਵੱਲੋਂ ਲੰਮੇ ਸਮੇਂ ਤੋਂ ਆਰ.ਐਸ.ਐਸ. ਪਿਛੋਕੜ ਵਾਲੇ ਆਗੂਆਂ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਰਹੀ ਹੈ।
ਪਾਰਟੀ ਅੰਦਰ ਨਵੇਂ ਬਣੇ ਭਾਜਪਾਈਆਂ ਦੀ ਵੁੱਕਤ ਵਧੀ
ਚੰਡੀਗੜ੍ਹ: ਕਾਂਗਰਸ ਪਿਛੋਕੜ ਵਾਲੇ ਸੁਨੀਲ ਜਾਖੜ ਦੇ ਭਾਜਪਾ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਨਵੇਂ ਭਾਜਪਾਈਆਂ ਦੀ ਪਾਰਟੀ ਅੰਦਰ ਵੁੱਕਤ ਵਧਣ ਲੱਗੀ ਸੀ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਸ੍ਰੀ ਜਾਖੜ ਵੱਲੋਂ ਸੰਸਦੀ ਚੋਣਾਂ ਤੱਕ ਪਾਰਟੀ ਦਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਮਜ਼ਬੂਤ ਕਰਨ ਲਈ ਹਾਈ ਕਮਾਨ ਤੋਂ ਵੱਖ-ਵੱਖ ਵਿੰਗਾਂ ਖਾਸਕਰ ਯੂਥ ਵਿੰਗ, ਅਨੁਸੂਚਿਤ ਜਾਤੀ ਵਿੰਗ, ਮਹਿਲਾ ਵਿੰਗ ਆਦਿ ਦੇ ਨਵੇਂ ਪ੍ਰਧਾਨ ਨਿਯੁਕਤ ਕਰਨ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਇਰਦ-ਗਿਰਦ ਸਾਬਕਾ ਕਾਂਗਰਸੀ ਆਗੂ, ਜੋ ਕਿ ਹੁਣ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਹਨ, ਹੀ ਦੇਖੇ ਗਏ ਹਨ। ਇਨ੍ਹਾਂ ਵਿਚ ਖਾਸ ਤੌਰ ‘ਤੇ ਕੇਵਲ ਸਿੰਘ ਢਿੱਲੋਂ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਡਾ. ਰਾਜ ਕੁਮਾਰ ਵੇਰਕਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁੱਤਰੀ ਜੈਇੰਦਰ ਕੌਰ, ਸਾਬਕਾ ਅਕਾਲੀ ਨੇਤਾ ਪਰਮਿੰਦਰ ਸਿੰਘ ਬਰਾੜ ਅਤੇ ਲਖਵਿੰਦਰ ਕੌਰ ਗਰਚਾ ਆਦਿ ਸ਼ਾਮਲ ਹਨ।