ਪੰਜਾਬੀ ਕਹਾਣੀ ਦਾ ਵਾਰਿਸ ਸ਼ਾਹ ! ਵਰਿਆਮ ਸੰਧੂ

ਜੀਤ ਸਿੰਘ ਜੋਸ਼ੀ
ਪੰਜਾਬੀ ਕਹਾਣੀ ਦੇ ਉਘੇ ਹਸਤਾਖਰ, ਵਰਿਆਮ ਸੰਧੂ, ਲੋਕ ਦਿਲਾਂ ਦੇ ਚਹੇਤੇ ਗਾਇਕ ਗੁਰਦਾਸ ਮਾਨ ਅਤੇ ਨਾਟਕਕਾਰ ਰਵਿੰਦਰ ਰਵੀ ਨੂੰ ਇੰਟਰਨੈਸ਼ਨਲ ਵਾਰਿਸ ਸ਼ਾਹ ਪੁਰਸਕਾਰ ਪ੍ਰਾਪਤ ਹੋਣ ਤੇ ਬਹੁਤ ਬਹੁਤ ਵਧਾਈ ਹੋਵੇ, ਭਾਵੇਂ ਮਾਨ-ਸਨਮਾਨ, ਪੁਰਸਕਾਰ ਆਦਿ ਕਿਸੇ ਕਲਾਕਾਰ ਜਾਂ ਸਾਹਿਤਕਾਰ ਦੀ ਕਲਾ ਪ੍ਰਤਿਭਾ ਦੇ ਮਿਆਰ ਨੂੰ ਨਿਰਧਾਰਤ ਕਰਨ ਦੀ ਕਸਵੱਟੀ ਨਹੀਂ ਹੁੰਦੇ, ਪ੍ਰੰਤੂ ਇਸ ਬਹਾਨੇ ਮਿਲਿਆ ਹਾਂ ਪੱਖੀ ਹੁੰਗਾਰਾ ਹਮੇਸ਼ਾ ਸੁਆਗਤ ਕਰਨ ਯੋਗ ਹੁੰਦਾ ਹੈ, ਪ੍ਰਬੰਧਕ ਧਿਰਾਂ ਇਸ ਪ੍ਰਸ਼ੰਸਾ ਯੋਗ ਕਾਰਜ ਲਈ ਮੁਬਾਰਕਬਾਦ ਦੀਆਂ ਹੱਕਦਾਰ ਹਨ। ਇਸ ਬਹਾਨੇ ਮੇਰੇ ਮਨ ਵਿਚ ਆਇਆ ਕਿ ਸਤਿਕਾਰ ਯੋਗ ਭਾਅ ਜੀ ਵਰਿਆਮ ਸੰਧੂ ਦੀ ਕਹਾਣੀ ਬਾਰੇ ਕੁਝ ਗੱਲਾਂ ਸਾਂਝੀਆਂ ਕਰ ਲਈਏ।

ਇਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਟੀ ਵਿਖੇ ਕਿਸੇ ਜਮਾਤ ਦੇ ਪੰਜਾਬੀ ਪੇਪਰ ਵਿਚ ਪਰੀਖਿਅਕ ਵੱਲੋਂ ਸਵਾਲ ਪਾਇਆ ਗਿਆ ਸੀ, ਕਿ “ਕਿੱਸਾ ਕਾਲ ਦੇ ਸੂਫੀ ਕਾਵਿ ਉਤੇ ਨੋਟ ਲਿਖੋ”। ਨਿਸ਼ਚੇ ਹੀ ਸਵਾਲ ਟੇਡਾ ਸੀ, ਪਰ ਪੁੱਛਣ ਵਾਲੇ ਨੇ ਕੁੱਝ ਸੋਚ ਕੇ ਹੀ ਸਵਾਲ ਪਾਇਆ ਸੀ। ਕਿੱਸਾ ਖੇਤਰ ਵਿਚ ਦਮੋਦਰ ਮੁਕਬਲ ਫੱਜਲ ਸ਼ਾਹ, ਹਾਸ਼ਮ, ਕਾਦਰਯਾਰ ਵਰਗੇ ਅਨੇਕਾਂ ਸ਼ਾਹਕਾਰ ਰਚਨਾ ਕਰਨ ਵਾਲੇ ਕਵੀ ਹੋਏ ਹਨ, ਪਰ ਇਨ੍ਹਾਂ ਨੂੰ ਯੁਗ ਕਵੀ ਹੋਣ ਦਾ ਮਾਣ ਪ੍ਰਾਪਤ ਨਹੀਂ ਹੋਇਆ ਸੀ, ਜਦੋਂ ਕਿ ਮਹਾਂ ਕਵੀ ਵਾਰਿਸ ਸ਼ਾਹ ਨੂੰ ਇਕ ਯੁਗ ਕਵੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਲਈ ਵਾਰਿਸ ਦੇ ਸਮੇਂ ਦਾ ਸੂਫੀ ਕਾਵਿ ਨਿਸ਼ਚੇ ਹੀ ਬੁਲੇ ਸ਼ਾਹ ਦਾ ਕਾਵਿ ਹੈ। ਦੋਵੇ ਸ਼ਾਹ ਅਨਾਇਤ ਦੇ ਸ਼ਗਿਰਦ ਅਤੇ ਅਠਾਰਵੀਂ ਸਦੀ ਦੇ ਆਪਣੇ ਆਪਣੇ ਖੇਤਰ ਦੇ ਮਹਾਂ ਕਵੀ ਹੋਏ ਹਨ।
ਅੱਜ ਜਦੋ ਵਰਿਆਮ ਸੰਧੂ ਨੂੰ ਵਾਰਿਸ ਸ਼ਾਹ ਪੁਰਸਕਾਰ ਮਿਲਣ ਦੀ ਖਬਰ ਪੜੀ ਤਾਂ ਮੇਰੇ ਮਨ ਵਿਚ ਕਹਾਣੀਕਾਰ ਵਰਿਆਮ ਸੰਧੂ ਦਾ ਕਹਾਣੀ ਸੰਸਾਰ ਸਾਕਾਰ ਹੋ ਗਿਆ, ਤੇ ਮੇਰੇ ਮਨ ਵਿਚ ਆਇਆ ਕਿ ਵਰਿਆਮ ਸੰਧੂ ਪੰਜਾਬੀ ਕਹਾਣੀ ਦਾ ਵਾਰਿਸ ਸ਼ਾਹ ਹੈ, ਕਿਉਂਕਿ ਪੰਜਾਬੀ ਕਹਾਣੀ ਖੇਤਰ ਵਿਚ ਦਮੋਦਰ, ਮੁਕਬਲ, ਅਹਿਮਦਯਾਰ, ਭਗਵਾਨ ਸਿੰਘ, ਅਤੇ ਸੂਬਾ ਸਿੰਘ ਵਰਗੀ ਸ਼ੁਹਰਤ ਅਤੇ ਕਲਾ ਦੇ ਉਸਤਾਦ ਕਹਾਣੀਕਾਰ ਤਾਂ ਹੋਏ ਹਨ, ਪਰ ਵਾਰਿਸ ਸ਼ਾਹ ਵਰਗੀ ਮਕਬੂਲੀਅਤ ਪ੍ਰਾਪਤ ਨਹੀ ਕਰ ਸਕੇ। ਮੈਂ ਉਨ੍ਹਾਂ ਦੀ ਕਲਾ ਦਾ ਸਤਿਕਾਰ ਕਰਦਾ ਹਾਂ, ਪਰ ਮੇਰੀ ਜਾਚੇ ਸਾਡੀ ਪੰਜਾਬੀ ਕਹਾਣੀ ਦਾ ਯੁਗ ਕਹਾਣੀਕਾਰ ਵਰਿਆਮ ਸੰਧੂ ਹੀ ਹੋ ਸਕਦਾ ਹੈ।
ਆਧੁਨਿਕ ਪੰਜਾਬੀ ਕਹਾਣੀ ਦੇ ਖੇਤਰ ਵਿਚ ਕੁਲਵੰਤ ਸਿੰਘ ਵਿਰਕ ਤੋਂ ਬਾਅਦ ਜੇ ਕਿਸੇ ਕਹਾਣੀਕਾਰ ਨੇ ਪੰਜਾਬੀ ਕਹਾਣੀ ਦੇ ਪਾਠਕ ਦੇ ਮਨ ਉਤੇ ਗਹਿਰਾ ਤੇ ਚਿਰਜੀਵੀ ਪ੍ਰਭਾਵ ਪਾਇਆ ਹੈ ਤਾਂ ਉਹ ਵਰਿਆਮ ਸੰਧੂ ਹੀ ਹੈ। ਉਹ ਵਿਰਕ ਦਾ ਬਦਲ ਤਾਂ ਨਹੀਂ ਪ੍ਰੰਤੂ, ਗਲਪ ਬਿਰਤਾਂਤ ਦੀ ਦ੍ਰਿਸ਼ਟੀ ਤੋਂ, ਥੀਮ ਪਸਾਰਾਂ ਦੀ ਦ੍ਰਿਸ਼ਟੀ ਤੋਂ ਅਤੇ ਸਮਕਾਲੀ ਜੀਵਨ ਦੇ ਕਠੋਰ ਸੱਚ ਨੂੰ ਪਛਾਣਨ ਅਤੇ ਬਿਆਨਣ ਦੀ ਕਲਾ ਕੌਸ਼ਲਤਾ ਦੇ ਪੱਖ ਤੋਂ ਉਸ ਦੀ ਮਕਬੂਲੀਅਤ ਵਧੇਰੇ ਹੈ। ਉਸ ਨੇ ਮੁਕਾਬਲਤਨ ਬਹੁਤ ਘੱਟ ਲਿਖਿਆ ਹੈ, ਪਰ ਜੋ ਕੁਝ ਲਿਖਿਆ ਹੈ, ਜਿੰਨਾ ਕੁ ਲਿਖਿਆ ਹੈ, ਜਿਵੇਂ ਲਿਖਿਆ ਹੈ, ਉਹ ਪੜਨ ਯੋਗ ਹੈ, ਸਲਾਹੁਣਯੋਗ ਹੈ ਅਤੇ ਵਿਚਾਰਨਯੋਗ ਹੈ।
ਵਰਿਆਮ ਸੰਧੂ ਨੇ ਕਹਾਣੀ ਦੀ ਪਰਿਭਾਸ਼ਾ ਦੇ ਪਰੰਪਰਾਗਤ ਵਿਚਾਰਾਂ ਨੂੰ ਉਲੰਘ ਕੇ ਕਹਾਣੀ ਨੂੰ ਨਵੇ ਸਿਰਿਓਂ ਪਰਿਭਾਸ਼ਿਤ ਕਰਨ ਅਤੇ ਕਰਾਉਣ ਦੀ ਪਹਿਲ ਕਦਮੀ ਕੀਤੀ ਹੈ। ਉਹ ਲੰਬੀ ਨਿੱਕੀ ਕਹਾਣੀ ਰਚਣ ਵਾਲਾ ਨਿਪੁੰਨ ਕਹਾਣੀਕਾਰ ਹੈ, ਬਹੁ ਤੰਦੀ ਕਹਾਣੀ ਲਿਖਣ ਵਿਚ ਉਸ ਦਾ ਕੋਈ ਸਾਨੀ ਨਹੀਂ ਹੈ। ਇਹੋ ਕਾਰਨ ਹੈ ਕਿ ਉਸ ਦੀ ਕਹਾਣੀ ਰਚਨਾ ਵਡੇਰੇ ਕੈਨਵਸ ਦੀ ਧਾਰਨੀ ਹੁੰਦੀ ਹੈ। ਕਹਾਣੀ ਅਕਾਰ ਵਿਚ ਲੰਬੀ ਹੋਣ ਦੇ ਬਾਵਜੂਦ ਵੀ, ਟਕੋਰਾਂ, ਤਨਜਾਂ, ਚੋਟਾਂ ਅਤੇ ਲਘੂ ਕਥਾਨਕਾਂ ਦੀ ਹੋਂਦ ਸਦਕਾ ਪਾਠਕ ਨੂੰ ਕੀਲਣ ਵਿਚ ਸਫਲ ਰਹਿੰਦੀ ਹੈ।
ਉਸ ਦੀ ਕਹਾਣੀ ਦਾ ਕੇਂਦਰੀ ਧੁਰਾ ਮੰਦਹਾਲੀ ਦਾ ਸ਼ਿਕਾਰ ਪੇਂਡੂ ਕਿਸਾਨੀ ਜਮਾਤ ਰਹੀ ਹੈ। ਇਸੇ ਲਈ ਉਸ ਦੀ ਕਹਾਣੀ ਰਚਨਾ ਨੂੰ ਕਿਸਾਨੀ ਜੀਵਨ ਦੇ ਸੰਕਟ ਦੇ ਚਿਤਰਨ ਤਕ ਸੀਮਤ ਕਰ ਕੇ ਦੇਖਣ ਦਾ ਰੁਝਾਣ ਵਧੇਰੇ ਰਿਹਾ ਹੈ, ਪ੍ਰੰਤੂ, ਸਾਧਾਰਨ ਮਨੁੱਖ ਦੀ ਮਾਨਸਿਕਤਾ ਨੂੰ ਸਮਝਣ ਅਤੇ ਉਸ ਨੂੰ ਕਥਾ ਵਸਤੂ ਬਣਾਉਣ ਵਿਚ ਜੋ ਮੁਹਾਰਤ ਵਰਿਆਮ ਸੰਧੂ ਨੂੰ ਹਾਸਲ ਹੈ, ਉਹ ਪੰਜਾਬੀ ਦੇ ਵਿਰਲੇ ਕਹਾਣੀਕਾਰਾਂ ਦੇ ਹਿੱਸੇ ਆਈ ਹੈ।
ਵਰਿਆਮ ਸੰਧੂ ਨਕਸਲਵਾਦੀ ਲਹਿਰ ਅਤੇ ਜੁਝਾਰਵਾਦੀ ਵਿਚਾਰਧਾਰਾ ਨਾਲ ਨਿਕਟਵਰਤੀ ਸੰਬੰਧ ਰੱਖਦਾ ਰਿਹਾ ਹੈ, ਉਸ ਨੇ ਇਸ ਲਹਿਰ ਦੇ ਸੰਕਟ ਨੂੰ ਆਪਣੇ ਹੱਡਾਂ ‘ਤੇ ਹੰਡਿਆਇਆ ਹੈ। ਉਸ ਦੀਆਂ ਰਚਨਾਵਾਂ ਵਿਚ ਮਾਰਕਸਵਾਦ, ਲੈਨਿਨ ਵਾਦ ਤੋਂ ਮਾਓ ਵਾਦ ਤਕ ਦਾ ਪ੍ਰਭਾਵ ਸਾਫ ਝਲਕਦਾ ਹੈ। ਅੰਗ ਸੰਗ, ਡੁੰਮ, ਵਾਪਸੀ, ਭੱਜੀਆਂ ਬਾਹੀਂ ਅਤੇ ਚੋਥੀ ਕੂਟ ਵਰਗੀਆਂ ਕਹਾਣੀਆਂ ਰਚਣ ਵਾਲੇ ਵਰਿਆਮ ਸੰਧੂ ਵਰਗੇ ਕਹਾਣੀਕਾਰ ਕਿਸੇ ਭਾਸ਼ਾ ਦੇ ਸਾਹਿਤ ਅੰਦਰ ਵਿਰਲੇ ਹੀ ਦੇਖਣ ਨੂੰ ਮਿਲਦੇ ਹਨ,। ਪੁਰਸਕਾਰ ਮਿਲਣ ਤੇ ਮੈਂ ਪੰਜਾਬੀ ਕਹਾਣੀ ਦੇ ਮਾਣ, ਵਰਿਆਮ ਸੰਧੂ ਨੂੰ ਮੁਬਾਰਕਬਾਦ ਭੇਟ ਕਰਦਾ ਹਾਂ ਤੇ ਉਸ ਦੀ ਲੰਮੀ ਪਰਸੰਨ ਉਮਰ ਦੀ ਕਾਮਨਾ ਕਰਦਾ ਹਾਂ।
ਸਾਬਕਾ ਪ੍ਰੋਫੈਸਰ,
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ, ਅਸਟਰੇਲੀਆ।