ਮੀਂਹ ਕਾਰਨ ਪਾਕਿਸਤਾਨ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਨੂੰ ਨੁਕਸਾਨ

ਅੰਮ੍ਰਿਤਸਰ: ਲਗਾਤਾਰ ਪੈ ਰਹੇ ਮੀਂਹ ਕਾਰਨ ਲਾਹੌਰ (ਪਾਕਿਸਤਾਨ) ਦੇ ਪਿੰਡ ਝਾਮਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਨੁਕਸਾਨੀ ਗਈ ਹੈ। ਮੋਹਲੇਧਾਰ ਮੀਂਹ ਕਾਰਨ ਗੁਰਦੁਆਰੇ ਦੀ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ ਅਤੇ ਹੁਣ ਕੁੱਝ ਹਿੱਸਾ ਹੀ ਬਾਕੀ ਬਚਿਆ ਹੈ। ਮਿਲੇ ਵੇਰਵਿਆਂ ਮੁਤਾਬਕ 7 ਜੁਲਾਈ ਨੂੰ ਹੋਈ ਬਾਰਸ਼ ਮਗਰੋਂ ਗੁਰਦੁਆਰੇ ਦੀ ਇਮਾਰਤ ਦਾ ਕੁਝ ਹਿੱਸਾ ਢਹਿ-ਢੇਰੀ ਹੋ ਗਿਆ ਸੀ। ਲਾਹੌਰ ਦਾ ਇਹ ਪਿੰਡ ਝਾਮਨ ਭਾਰਤੀ ਸਰਹੱਦੀ ਪਿੰਡ ਖਾਲੜਾ ਤੋਂ ਪਾਕਿਸਤਾਨ ਵਾਲੇ ਪਾਸੇ ਕੁਝ ਕਿਲੋਮੀਟਰ ਦੀ ਦੂਰੀ ‘ਤੇ ਹੈ।

ਦੇਸ਼ ਦੀ ਵੰਡ ਤੋਂ ਬਾਅਦ ਗੁਰਦੁਆਰੇ ਦੀ ਇਮਾਰਤ ਦੀ ਸਾਂਭ-ਸੰਭਾਲ ਨਹੀਂ ਹੁੰਦੀ ਰਹੀ ਜਿਸ ਕਾਰਨ ਇਹ ਇਮਾਰਤ ਖਸਤਾ ਹਾਲਤ ਵਿਚ ਸੀ। ਇਮਾਰਤ ਦਾ ਅੰਦਰੂਨੀ ਹਿੱਸਾ ਕਈ ਥਾਵਾਂ ਤੋਂ ਟੁੱਟ ਚੁੱਕਾ ਸੀ ਅਤੇ ਹੁਣ ਮੀਂਹ ਕਾਰਨ ਇਸ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਗੁਰਦੁਆਰੇ ਦੀ ਇਮਾਰਤ ਢਹਿ-ਢੇਰੀ ਹੋਣ ਦਾ ਮਾਮਲਾ ਉੱਭਰ ਕੇ ਸਾਹਮਣੇ ਆਇਆ। ਦੇਸ ਦੀ ਵੰਡ ਵੇਲੇ ਦੇ ਪ੍ਰਭਾਵਿਤ ਲੋਕਾਂ ਅਤੇ ਇਮਾਰਤਾਂ ਬਾਰੇ ਕੰਮ ਕਰ ਰਹੇ ਇੱਕ ਪਾਕਿਸਤਾਨੀ ਬਲੌਗਰ ਅੱਬਾਸ ਲਾਸਾਰੀ ਨੇ ਦੱਸਿਆ ਕਿ ਉਹ ਅਤੇ ਸਮਾਜ ਸੇਵੀ ਪ੍ਰੋਫੈਸਰ ਅਮਾਨਉਲ੍ਹਾ ਮੁਸਾਫਰ ਪਿੰਡ ਜਾਮਨ ਗਏ ਸਨ ਜਿੱਥੇ ਉਨ੍ਹਾਂ ਨੂੰ ਸਥਾਨਕ ਲੋਕਾਂ ਤੋਂ ਗੁਰਦੁਆਰੇ ਦੀ ਇਮਾਰਤ ਦੇ ਢਹਿ-ਢੇਰੀ ਹੋਣ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਇਸ ਸਬੰਧੀ ਵੀਡੀਓ ਵੀ ਬਣਾਈ ਅਤੇ ਫੋਟੋਗਰਾਫੀ ਵੀ ਕੀਤੀ ਹੈ। ਇਸ ਦੌਰਾਨ ਇਹ ਮਾਮਲਾ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਕਰਦੀ ਜਥੇਬੰਦੀ ਇਨਟੈੱਕ ਨੇ ਵੀ ਉਭਾਰਿਆ ਹੈ। ਜਥੇਬੰਦੀ ਦੇ ਸੂਬਾ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ (ਸੇਵਾਮੁਕਤ) ਨੇ ਇਸ ਮਾਮਲੇ ਵਿਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧੀ ਪਾਕਿਸਤਾਨ ਸਰਕਾਰ ਨੂੰ ਆਖੇ ਕਿ ਵੰਡ ਵੇਲੇ ਉਧਰ ਰਹਿ ਗਈਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਕਰੇ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸਬੰਧੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ ਤਾਂ ਜੋ ਅਜਿਹੀਆਂ ਵਿਰਾਸਤੀ ਅਤੇ ਧਾਰਮਿਕ ਇਮਾਰਤਾਂ ਦੀ ਸਾਂਭ-ਸੰਭਾਲ ਕਰਕੇ ਉਨ੍ਹਾਂ ਨੂੰ ਬਚਾਇਆ ਜਾ ਸਕੇ।
ਗੁਰਦੁਆਰੇ ਦੇ ਇਤਿਹਾਸ ਬਾਰੇ ਮਿਲੀ ਜਾਣਕਾਰੀ ਮੁਤਾਬਕ ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੇ ਨਾਨਕੇ ਪਿੰਡ ਜਾਣ ਵੇਲੇ ਇਸ ਪਿੰਡ ਵਿਚ ਆਏ ਸਨ ਅਤੇ ਇੱਥੇ ਇਕ ਗਰੀਬ ਤੇ ਮਿਹਨਤੀ ਵਿਅਕਤੀ ਦੇ ਘਰ ਪ੍ਰਸ਼ਾਦਾ ਛਕਿਆ ਸੀ। ਕੁਝ ਇਕ ਦਾ ਦਾਅਵਾ ਹੈ ਕਿ ਗੁਰੂ ਸਾਹਿਬ ਇਸ ਪਿੰਡ ਵਿਚ ਠਹਿਰੇ ਵੀ ਸਨ। ਗੁਰਦੁਆਰੇ ਦੇ ਨਾਮ ‘ਤੇ ਕੁਝ ਜਮੀਨ ਵੀ ਹੈ। ਕਿਸੇ ਵੇਲੇ ਆਲੀਸ਼ਾਨ ਗੁਰਦੁਆਰਾ ਅਤੇ ਸਰੋਵਰ ਵੀ ਸੀ ਜੋ ਵੰਡ ਤੋਂ ਬਾਅਦ ਅਣਗੌਲਿਆ ਰਿਹਾ ਹੈ।