ਜੇਲ੍ਹ ਵਿਚੋਂ ਲਾਰੈਂਸ ਦੇ ਇੰਟਰਵਿਊ ਪਿੱਛੋਂ ਕਸੂਤੀ ਘਿਰੀ ਮਾਨ ਸਰਕਾਰ

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਸਣੇ ਕਈ ਲੁੱਟ-ਖੋਹ ਤੇ ਫਿਰੌਤੀ ਦੀਆਂ ਘਟਨਾਵਾਂ ‘ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਵਿਚੋਂ ਇਕ ਤੋਂ ਬਾਅਦ ਇਕ ਇੰਟਰਵਿਊ ਪਿੱਛੋਂ ਸਰਕਾਰ ਕਸੂਤੀ ਘਿਰ ਗਈ ਹੈ। ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਲਗਾਤਾਰ ਚਾਰ ਦਿਨਾਂ ਵਿਚ ਟੀਵੀ ਚੈਨਲ ਨੂੰ ਦਿੱਤੇ ਦੂਜੇ ਇੰਟਰਵਿਊ ਨੇ ਪੁਲਿਸ ਤੇ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਇੰਟਰਵਿਊ ਵਿਚ ਲਾਰੈਂਸ ਬਿਸ਼ਨੋਈ ਉਨ੍ਹਾਂ ਕੱਪੜਿਆਂ ਵਿਚ ਨਜ਼ਰ ਆ ਰਿਹਾ ਹੈ, ਜਿਸ ਦੀ ਤਸਵੀਰ ਡੀ.ਜੀ.ਪੀ. ਗੌਰਵ ਯਾਦਵ ਨੇ ਜਾਰੀ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਪਹਿਲੀ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ‘ਚ ਨਹੀਂ ਹੋਈ। ਡੀ.ਜੀ.ਪੀ. ਦਾ ਕਹਿਣਾ ਸੀ ਕਿ ਇਹ ਤਸਵੀਰ 16 ਮਾਰਚ ਨੂੰ ਬਠਿੰਡਾ ਜੇਲ੍ਹ ਵਿਚ ਲਈ ਗਈ ਹੈ।

ਇਸ ਇੰਟਰਵਿਊ ਵਿਚ ਲਾਰੈਂਸ ਬਿਸ਼ਨੋਈ ਛੋਟੇ ਵਾਲਾਂ ਅਤੇ ਕੱਟੀ ਹੋਈ ਦਾੜ੍ਹੀ ਵਿਚ ਨਜ਼ਰ ਆ ਰਿਹਾ ਹੈ ਅਤੇ ਉਹ ਇੰਟਰਵਿਊ ਦੌਰਾਨ ਜੇਲ੍ਹ ਦੀ ਬੈਰਕ ਵੀ ਦਿਖਾ ਰਿਹਾ ਹੈ। ਉਹ ਇੰਟਰਵਿਊ ਵਿਚ ਹੱਸਦੇ ਹੋਏ ਦਿਖਾਈ ਦੇ ਰਿਹਾ ਹੈ, ਜਿਸ ਨੇ ਮੰਨਿਆ ਕਿ ਜੇਲ੍ਹ ਵਿਚ ਮੋਬਾਈਲ ਫੋਨ ਆਸਾਨੀ ਨਾਲ ਮਿਲ ਜਾਂਦਾ ਹੈ। ਲਾਰੈਂਸ ਬਿਸ਼ਨੋਈ ਨੇ 37 ਮਿੰਟ ਤੋਂ ਵੱਧ ਸਮੇਂ ਦੇ ਇੰਟਰਵਿਊ ‘ਚ ਮੰਨਿਆ ਕਿ ਉਸ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਕਿਸੇ ਕਿਸਮ ਦੀਆਂ ਧਮਕੀਆਂ ਨਹੀਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਉਸ ਨੇ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ ਕੋਈ ਸਬੰਧ ਹੋਣ ਦੀ ਗੱਲ ਵੀ ਨਕਾਰੀ। ਉਸ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਕੇ ਆਪਣਾ ਬਦਲਾ ਪੂਰਾ ਕਰ ਲਿਆ ਹੈ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਹ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ, ਜਿਸ ਨੇ ਹਿਰਨ ਦਾ ਸ਼ਿਕਾਰ ਕਰ ਕੇ ਉਨ੍ਹਾਂ ਸਮਾਜ ਨੂੰ ਨੀਵਾਂ ਦਿਖਾਇਆ ਹੈ, ਜਦੋਂ ਤੱਕ ਉਹ ਮੁਆਫੀ ਨਹੀਂ ਮੰਗਦਾ, ਉੱਦੋਂ ਤੱਕ ਸਲਮਾਨ ਖਾਨ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਉਸ ਨੇ ਮੰਨਿਆ ਕਿ ਲਾਰੈਂਸ ਗੈਂਗ ਦਾ ਮੁੱਖ ਸਰਗਨਾ ਗੋਲਡੀ ਬਰਾੜ ਵਿਦੇਸ਼ ਵਿਚ ਬੈਠਾ ਹੈ, ਜਿਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਯੋਜਨਾ ਬਣਾਈ ਸੀ।
ਲਾਰੈਂਸ ਦੀ ਇੰਟਰਵਿਊ ਪਿੱਛੇ ਡੂੰਘੀ ਸਾਜ਼ਿਸ਼: ਬਲਕੌਰ ਸਿੰਘ
ਲੁਧਿਆਣਾ: ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਾਜਿਸ਼ਘਾੜੇ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ‘ਚ ਹੋਏ ਇੰਟਰਵਿਊ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਇੰਟਰਵਿਊ ਜਰੀਏ ਇਕ ਗੈਂਗਸਟਰ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ‘ਚ ਇਸ ਦੇ ਨਤੀਜੇ ਗਲਤ ਨਿਕਲਣਗੇ। ਇਹ ਸਭ ਕੁਝ ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਪਹਿਲਾਂ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਤੇ ਉਸ ਦੇ ਅਕਸ ਨੂੰ ਖਰਾਬ ਕਰਨ ਦੀ ਗਿਣੀ ਮਿਥੀ ਸਾਜ਼ਿਸ਼ ਹੈ। ਬਲਕੌਰ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜੇਲ੍ਹ ‘ਚੋਂ ਇੰਨੇ ਵੱਡੇ ਗੈਂਗਸਟਰ ਦਾ ਇੰਟਰਵਿਊ ਹੋਇਆ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ।
ਕਾਂਗਰਸ ਨੇ ਭਗਵੰਤ ਮਾਨ ਦਾ ਅਸਤੀਫਾ ਮੰਗਿਆ
ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ‘ਆਪ` ਸਰਕਾਰ ਦੀ ਮਿਥੀ ਸਾਜ਼ਿਸ਼ ਦੱਸਿਆ ਹੈ ਤਾਂ ਜੋ ਇਸ ਇੰਟਰਵਿਊ ਜ਼ਰੀਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਬਦਨਾਮ ਕੀਤਾ ਜਾ ਸਕੇ। ਇਸੇ ਕਰ ਕੇ ਇਹ ਇੰਟਰਵਿਊ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਤੋਂ ਕੁਝ ਦਿਨ ਪਹਿਲਾਂ ਨਸ਼ਰ ਹੋਈ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਂਝੇ ਤੌਰ `ਤੇ ਇਸ ਮੁੱਦੇ `ਤੇ ਪ੍ਰੈੱਸ ਕਾਨਫ਼ਰੰਸ ਕੀਤੀ। ਬਾਜਵਾ ਨੇ ਕਿਹਾ ਕਿ ਗ੍ਰਹਿ ਅਤੇ ਜੇਲ੍ਹ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਪਿੱਛੇ ਵਾਪਰੀਆਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।