ਇਨਸਾਫ ਮੋਰਚੇ ਨੂੰ ਹੁੰਗਾਰਾ

ਚੰਡੀਗੜ੍ਹ: ਮੁਹਾਲੀ-ਚੰਡੀਗੜ੍ਹ ਦੀ ਹੱਦ ਉਤੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਹੋਰ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਪੱਕੇ ਮੋਰਚੇ ਨੂੰ ਵੱਡੇ ਪੱਧਰ ਉਤੇ ਹੁੰਗਾਰਾ ਮਿਲਣ ਲੱਗਾ ਹੈ। ਇਸ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਦੀ ਖੁੱਲ੍ਹੀ ਹਮਾਇਤ ਨੇ ਸਰਕਾਰ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ।

ਉਧਰ, ਮੋਰਚੇ ਨੂੰ ਮਿਲ ਰਹੇ ਹੁੰਗਾਰੇ ਪਿੱਛੋਂ ਪ੍ਰਦਰਸ਼ਨਕਾਰੀਆਂ ਦੇ ਹੌਸਲੇ ਬੁਲੰਦ ਹਨ। ਇਸ ਦੇ ਮੱਦੇਨਜ਼ਰ ਆਉਂਦੇ ਦਿਨਾਂ ਵਿਚ ਪੰਜਾਬ ਸਰਕਾਰ ਦੀ ਤਿੱਖੀ ਘੇਰਾਬੰਦੀ ਦੀ ਰਣਨੀਤੀ ਬਣਾਈ ਜਾ ਰਹੀ ਹੈ। ਬੀਤੇ ਦਿਨੀਂ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਬੈਠ ਕੇ ਕੀਰਤਨ ਕਰਨ ਲਈ ਸਰਕਾਰੀ ਰਿਹਾਇਸ਼ ਵੱਲ ਕੂਚ ਕੀਤਾ ਪਰ ਰਸਤੇ ਵਿਚ ਯੂਟੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਸਾਨੀ ਮੁੱਦਿਆਂ ਦੇ ਨਾਲ-ਨਾਲ ਬੰਦੀ ਸਿੱਖਾਂ ਦੀ ਰਿਹਾਈ ਲਈ ਮੁਹਾਲੀ ‘ਚ ਲੱਗੇ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਵਿਚ ਵੀ ਖੁੱਲ੍ਹ ਕੇ ਨਿੱਤਰ ਆਈਆਂ ਹਨ।
ਕਿਸਾਨ ਜਥੇਬੰਦੀਆਂ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਨਾਲ ਹੀ ਸਿਆਸੀ ਆਗੂਆਂ, ਲੇਖਕਾਂ, ਬੁੱਧੀਜੀਵੀਆਂ ਦੀ ਰਿਹਾਈ ਲਈ ਵੀ ਆਵਾਜ਼ ਉਠਾਈ ਜਾ ਰਹੀ ਹੈ। ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉਤੇ ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ ਵਾਲੇ ਹਾਲਾਤ ਬਣੇ ਹੋਏ ਹਨ। ਕਈ ਕਿਲੋਮੀਟਰ ਤੱਕ ਸੰਘਰਸ਼ੀਆਂ ਦੇ ਕਾਫਲੇ ਹੀ ਕਾਫਲੇ ਨਜ਼ਰ ਆ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਸਿੱਖ ਮਸਲਿਆਂ ਉਤੇ ਲੱਗੇ ਮੋਰਚੇ ਨੂੰ ਇੰਨੇ ਵੱਡੇ ਪੱਧਰ ਉਤੇ ਹੁੰਗਾਰਾ ਮਿਲਿਆ ਹੋਇਆ।
ਉਧਰ, ਬਹਿਬਲ ਕਲਾਂ ਬੇਅਦਬੀ ਇਨਸਾਫ ਮੋਰਚੇ ਵੱਲੋਂ ਪਿੰਡ ਬਹਿਬਲ ਕਲਾਂ ਨੇੜਿਉਂ ਗੁਜ਼ਰਦੇ ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ‘ਤੇ ਦੋਵੇਂ ਪਾਸੇ ਧਰਨਾ ਲਾ ਕੇ ਮੁਕੰਮਲ ਤੌਰ `ਤੇ ਆਵਾਜਾਈ ਬੰਦ ਕਰ ਦਿੱਤੀ। ਧਰਨਾਕਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਗੋਲੀ ਕਾਂਡ ਮਾਮਲੇ `ਚ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਸੰਗਤ ਵੱਲੋਂ ਇਸ ਮੋਰਚੇ ਨੂੰ ਲਗਾਤਾਰ ਜਾਰੀ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਮੋਰਚੇ `ਚ ਸਿੱਖ ਸੰਗਤ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਫਤਿਹ) ਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਕਾਰਕੁਨ ਵੀ ਸ਼ਾਮਲ ਹੋਏ।
ਧਰਨਾਕਾਰੀਆਂ ਨੇ ਜ਼ੋਰ ਦਿੱਤਾ ਕਿ ਮਸਲਿਆਂ ਦੇ ਠੋਸ ਹੱਲ ਦੇ ਸਰਕਾਰੀ ਐਲਾਨ ਤੋਂ ਬਿਨਾ ਕਿਸੇ ਵੀ ਸਰਕਾਰੀ ਪ੍ਰਤੀਨਿਧ ਨਾਲ ਗੱਲ ਨਹੀਂ ਕੀਤੀ ਜਾਵੇਗੀ। ਯਾਦ ਰਹੇ ਕਿ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੀ ਇਨਸਾਫ ਮੋਰਚੇ ਦੀ ਹਮਾਇਤ ਕਰਦਿਆਂ ਕਿਸਾਨੀ ਮੁੱਦਿਆਂ ਤੇ ਪਾਣੀਆਂ ਦੇ ਮਾਮਲੇ `ਤੇ 3 ਫਰਵਰੀ ਤੋਂ ਲੱਗਣ ਵਾਲਾ ਪੱਕਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਹੈ। ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਵਿਅਕਤੀ ਤੁਰੰਤ ਰਿਹਾਅ ਕੀਤੇ ਜਾਣ।
‘ਆਪ` ਲਈ ਮੁਸੀਬਤਾਂ ਵਿਚ ਉਦੋਂ ਵਾਧਾ ਹੋਇਆ ਜਦ ਪਾਰਟੀ ਦੇ ਹੀ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਧਰਨਾਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਨਿਆਂ ਵਿਚ ਦੇਰੀ `ਤੇ ਨਿਰਾਸ਼ਾ ਜਤਾਈ। ਕੁਝ ਰਿਪੋਰਟਾਂ ਮੁਤਾਬਕ ‘ਆਪ` ਵਿਧਾਇਕ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਆਸ ਨਹੀਂ ਹੈ ਕਿ ਪੁਲਿਸ ਗੋਲੀਬਾਰੀ ਤੇ ਬੇਅਦਬੀ ਦੇ ਜ਼ਿੰਮੇਵਾਰਾਂ ਨੂੰ ਕਦੇ ਸਜਾ ਮਿਲ ਸਕੇਗੀ।
ਵਿਜੈ ਪ੍ਰਤਾਪ ਨੇ ਹਾਲ ਹੀ ਵਿਚ ਇਸ ਮਾਮਲੇ ਵਿਚ ਵਿਧਾਨ ਸਭਾ ਦੀ ਇਕ ਕਮੇਟੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਬਹਿਬਲ ਕਲਾਂ ਵਿਚ ਪੁਲਿਸ ਗੋਲੀਬਾਰੀ (2015) ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਦਾ ਪੁੱਤਰ ਸੁਖਰਾਜ ਸਿੰਘ ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਿਹਾ ਹੈ। ਸੁਖਰਾਜ ਨੇ ਕਿਹਾ ਕਿ ਕਾਂਗਰਸੀਆਂ ਤੇ ਅਕਾਲੀਆਂ ਵਾਂਗ ‘ਆਪ` ਸਰਕਾਰ ਵੀ ਸਿਰਫ ਦੇਰੀ ਹੀ ਕਰ ਰਹੀ ਹੈ, ਤੇ ਨਿਆਂ ਦੇਣ ਪ੍ਰਤੀ ਗੰਭੀਰ ਨਹੀਂ ਜਾਪਦੀ। ਉਨ੍ਹਾਂ ਕਿਹਾ ਕਿ ਇਸੇ ਮੁੱਦੇ `ਤੇ ਹੀ ਰਾਜ ਦੇ ਵੋਟਰ ‘ਆਪ` ਦੇ ਹੱਕ ਵਿਚ ਹੋਏ ਸਨ।
ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ ਖਿਲਾਫ ਰੋਸ ਜ਼ਾਹਿਰ ਕਰਨ ਵਾਲਿਆਂ ‘ਤੇ ਪੁਲਿਸ ਵੱਲੋਂ 2015 ਵਿਚ ਗੋਲੀ ਚਲਾਈ ਗਈ ਸੀ। ਇਹ ਘਟਨਾਵਾਂ ਬਹਿਬਲ ਕਲਾਂ ਤੇ ਕੋਟਕਪੂਰਾ ਵਿਚ ਵਾਪਰੀਆਂ ਸਨ। ਪੁਲਿਸ ਨੇ ਇਨ੍ਹਾਂ ਕੇਸਾਂ ਦੀ ਜਾਂਚ ਅਰੰਭੀ ਸੀ ਹਾਲਾਂਕਿ ਮੁਜ਼ਾਹਰਾਕਾਰੀ ਦਸੰਬਰ 2021 ਤੋਂ ਬਹਿਬਲ ਕਲਾਂ ਵਿਚ ਧਰਨੇ ਉਤੇ ਬੈਠੇ ਹਨ ਪਰ ਹੁਣ ਉਨ੍ਹਾਂ ਦੇ ਕੌਮੀ ਮਾਰਗ ‘ਤੇ ਆਉਣ ਨਾਲ ਸੰਘਰਸ਼ ਤਿੱਖਾ ਹੋ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਾਨੂੰਨ ਅਨੁਸਾਰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਅਜੇ ਵੀ ਜੇਲ੍ਹ ਵਿਚ ਡੱਕਣਾ ਸਰਕਾਰ ਦੇ ਸਿੱਖਾਂ ਪ੍ਰਤੀ ਦੋਹਰੇ ਮਾਪਦੰਡਾਂ ਦਾ ਨਤੀਜਾ ਹੈ। ਸਿੱਖ ਆਗੂ ਸਵਾਲ ਕਰ ਰਹੇ ਹਨ ਕਿ ਇਕ ਪਾਸੇ ਬਲਾਤਕਾਰ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਸਜ਼ਾ ਕੱਟ ਰਹੇ ਕੈਦੀਆਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘ ਰਿਹਾਈ ਦੀ ਉਡੀਕ ਕਰ ਰਹੇ ਹਨ।
ਸਰਕਾਰ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ: ਕੁੰਵਰ ਵਿਜੈ ਪ੍ਰਤਾਪ
ਕੋਟਕਪੂਰਾ: ਦੱਖਣੀ ਅੰਮ੍ਰਿਤਸਰ ਤੋਂ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਪਿੰਡ ਬਹਿਬਲ ਕਲਾਂ ਇਨਸਾਫ ਮੋਰਚੇ ਵਿਚ ਪਹੁੰਚੇ। ਉਨ੍ਹਾਂ ਆਖਿਆ ਕਿ ਪੰਜਾਬ ਦੀਆਂ ਜੇਲ੍ਹਾਂ ਛੋਟੇ-ਮੋਟੇ ਜੁਰਮ ਕਰਨ ਵਾਲਿਆਂ ਨਾਲ ਭਰੀਆਂ ਪਈਆਂ ਹਨ ਪਰ ਬਹਿਬਲ ਕਲਾਂ ਦੇ ਦੋਸ਼ੀ ਬਾਹਰ ਹਨ ਤੇ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਉਨ੍ਹਾਂ ਇਕ ਵਾਰ ਫੇਰ ਆਖਿਆ ਕਿ ਉਹ ਆਪਣੀ ਗੱਲ ‘ਤੇ ਅੱਜ ਵੀ ਖੜ੍ਹੇ ਹਨ ਕਿ ਪੀੜਤਾਂ ਨੂੰ ਇਨਸਾਫ ਨਹੀਂ ਮਿਲਣਾ। ਉਨ੍ਹਾਂ ਆਖਿਆ ਕਿ ਸਰਕਾਰ ਕਾਤਲਾਂ ਨੂੰ ਬਚਾਉਣ ਦੀਆਂ ਕੋਸ਼ਿਸ਼ ਕਰ ਰਹੀ ਹੈ।