ਨਵੀਂ ਦਿੱਲੀ: ਏਅਰ ਇੰਡੀਆ ਮਾਰਚ ਮਹੀਨੇ ਪੰਜਾਬ ਦੇ ਅੰਮ੍ਰਿਤਸਰ ਅਤੇ ਦੇਸ਼ ਦੇ ਹੋਰ ਹਵਾਈ ਅੱਡਿਆਂ ਤੋਂ ਲੰਡਨ ਗੈਟਵਿਕ ਹਵਾਈ ਅੱਡੇ ਲਈ 12 ਹਫਤਾਵਾਰੀ ਉਡਾਣਾਂ ਅਤੇ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਵਾਧੂ ਸੇਵਾਵਾਂ ਸ਼ੁਰੂ ਕਰੇਗੀ। ਯੂਕੇ ਲਈ ਨਵੀਆਂ ਅਤੇ ਵਾਧੂੁ ਉਡਾਣਾਂ 26 ਮਾਰਚ ਤੋਂ ਸ਼ੁਰੂ ਹੋਣਗੀਆਂ।
ਏਅਰਲਾਈਨ ਨੇ ਜਾਰੀ ਬਿਆਨ ਵਿਚ ਦੱਸਿਆ, ”ਕੰਪਨੀ ਗੈਟਵਿਕ ਲਈ ਅੰਮ੍ਰਿਤਸਰ, ਅਹਿਮਦਾਬਾਦ, ਗੋਆ ਅਤੇ ਕੋਚੀ ਵਰਗੇ ਥਾਵਾਂ ਤੋਂ ਹਫਤੇ ਵਿਚ ਤਿੰਨ ਵਾਰ ਉਡਾਣਾਂ ਚਲਾਏਗੀ ਅਤੇ ਇਹ ਇਕਲੌਤੀ ਕੰਪਨੀ ਹੈ ਜੋ ਬਰਤਾਨੀਆ ਦੇ ਦੂਜੇ ਸਭ ਤੋਂ ਵੱਡੇ ਹਵਾਈ ਅੱਡੇ ਲਈ ਸਿੱਧੀ ਉਡਾਣ ਚਲਾਉਂਦੀ ਹੈ।“ ਇਸ ਤੋਂ ਇਲਾਵਾ ਏਅਰ ਇੰਡੀਆ ਲੰਡਨ ਹੀਥਰੋ ਹਵਾਈ ਅੱਡੇ ਲਈ ਵੀ ਹਫਤੇ `ਚ ਪੰਜ ਉਡਾਣਾਂ ਚਲਾਏਗੀ। ਬਿਆਨ ਮੁਤਾਬਕ ਮੌਜੂਦਾ ਸਮੇਂ ਏਅਰਲਾਈਨ ਦੀਆਂ ਦਿੱਲੀ ਤੋਂ 14 ਅਤੇ ਮੁੰਬਈ ਤੋਂ 12 ਹਫਤਾਵਾਰੀ ਉਡਾਣਾਂ ਚੱਲਦੀਆਂ ਹਨ। ਇਨ੍ਹਾਂ ਨੂੰ ਵਧਾ ਕੇ ਕ੍ਰਮਵਾਰ 17 ਅਤੇ 14 ਕਰ ਦਿੱਤਾ ਜਾਵੇਗਾ। ਏਅਰ ਇੰਡੀਆ ਹਰ ਹਫਤੇ ਅੰਮ੍ਰਿਤਸਰ ਅਤੇ ਦਿੱਲੀ ਤੋਂ ਬਰਤਾਨੀਆ ਦੇ ਬਰਮਿੰਘਮ ਲਈ ਵੀ ਤਿੰਨ ਉਡਾਣਾਂ ਚਲਾਉਂਦੀ ਹੈ। ਮੌਜੂਦਾ ਸਮੇਂ ਏਅਰਲਾਈਨ ਦੀਆਂ ਬਰਤਾਨੀਆ ਲਈ ਹਰ ਹਫਤੇ 32 ਉਡਾਣਾਂ ਹਨ।