ਦਸਮ ਪਿਤਾ ਦੀਆਂ ਚਮਕੌਰ ਸਾਹਿਬ ਦੀਆਂ ਲੜਾਈਆਂ

ਬਹਾਦਰ ਸਿੰਘ ਗੋਸਲ
ਫੋਨ: +91-98764-52223
ਸ੍ਰੀ ਚਮਕੌਰ ਸਾਹਿਬ ਦੀ ਧਰਤ ਸਿੱਖ ਇਤਿਹਾਸ ਵਿਚ ਨਿਵੇਕਲਾ ਸਥਾਨ ਰੱਖਦੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ 40 ਸਿੰਘ ਸ਼ਹੀਦ ਹੋਏ ਸਨ। ਇਸ ਲੜਾਈ ਨੂੰ ਸੰਸਾਰ ਦੀ ਅਦਭੁੱਤ, ਵਿਲੱਖਣ, ਸੂਰਬੀਰਤਾ ਭਰੀ, ਲਾਸਾਨੀ ਅਤੇ ਅਸਾਵੀ ਜੰਗ ਮੰਨਿਆ ਜਾਂਦਾ ਹੈ। ਹਰ ਸਿੱਖ ਦੇ ਮਨ ਵਿਚ ਇਸ ਸਥਾਨ ਲਈ ਸ਼ਰਧਾ ਅਤੇ ਮੋਹ ਭਰਿਆ ਹੋਇਆ ਹੈ। ਇਸ ਸਥਾਨ ‘ਤੇ ਦਸਮੇਸ਼ ਪਿਤਾ ਨੇ ਇੱਕ ਨਹੀਂ, ਦੋ ਲੜਾਈਆਂ ਲੜੀਆਂ ਸਨ ਜਿਨ੍ਹਾਂ ਦਾ ਸਿੱਖ ਇਤਿਹਾਸ ਵਿਚ ਵਰਣਨ ਮਿਲਦਾ ਹੈ। ਸ੍ਰੀ ਚਮਕੌਰ ਸਾਹਿਬ ਦੀ ਧਰਤ ‘ਤੇ ਹਰ ਸਾਲ ਜੋੜ ਮੇਲੇ ਮੌਕੇ ਲੱਖਾਂ ਲੋਕ ਨਤਮਸਤਕ ਹੁੰਦੇ ਹਨ। ਕਲਗੀਧਰ ਪਾਤਸ਼ਾਹ ਵੱਲੋਂ ਸ੍ਰੀ ਚਮਕੌਰ ਸਹਿਬ ਵਿਖੇ ਲੜੀਆਂ ਗਈਆਂ ਜੰਗਾਂ ਦਾ ਸੰਖੇਪ ਵੇਰਵਾ ਇਉਂ ਹੈ:
ਸ੍ਰੀ ਚਮਕੌਰ ਸਾਹਿਬ ਦੀ ਪਹਿਲੀ ਜੰਗ

ਜਦੋਂ 1700 ਈਸਵੀ ਵਿਚ ਨਿਰਮੋਹਗੜ੍ਹ ਵਿਖੇ ਬੁਰੀ ਤਰ੍ਹਾਂ ਹਾਰ ਖਾ ਕੇ ਪਹਾੜੀ ਰਾਜੇ ਕੁਝ ਸ਼ਾਂਤ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਧਰਮ ਪ੍ਰਚਾਰ ਲਈ ਸਮਾਂ ਕੱਢਿਆ। ਪ੍ਰੋ. ਸਾਹਿਬ ਸਿੰਘ ਅਨੁਸਾਰ ਸੰਨ 1703 ਦੇ ਜਨਵਰੀ ਮਹੀਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੂਰਜ ਗ੍ਰਹਿਣ ਦੇ ਮੇਲੇ ‘ਤੇ ਕੁਰੂਕਸ਼ੇਤਰ ਗਏ। ਇਸ ਮੇਲੇ ‘ਤੇ ਅਜਮੇਰ ਚੰਦ ਕਈ ਪਹਾੜੀ ਰਾਜਿਆਂ ਸਮੇਤ ਕੁਰੂਕਸ਼ੇਤਰ ਪਹੁੰਚੇ ਹੋਏ ਸਨ।
ਕੁਰੂਕਸ਼ੇਤਰ ਤੋਂ ਵਾਪਸੀ ਸਮੇਂ ਗੁਰੂ ਜੀ ਰੋਪੜ (ਹੁਣ ਰੂਪਨਗਰ) ਤੋਂ ਪੰਦਰਾਂ ਕੁ ਮੀਲ ਦੂਰ ਚਮਕੌਰ ਪਹੁੰਚ ਗਏ। ਉਨ੍ਹਾਂ ਦਿਨਾਂ ਵਿਚ ਹੀ ਫ਼ੌਜਦਾਰ ਅਲਫ਼ ਖ਼ਾਂ ਅਤੇ ਸੈਂਦ ਬੇਗ ਦਿੱਲੀ ਵੱਲ ਜਾ ਰਹੇ ਸਨ। ਅਜਮੇਰ ਚੰਦ ਨੇ ਚੰਗਾ ਮੌਕਾ ਦੇਖ ਉਨ੍ਹਾਂ ਨੂੰ ਗੁਰੂ ਜੀ ਵਿਰੁੱਧ ਭੜਕਾਇਆ ਅਤੇ ਆਨੰਦਪੁਰ ਸਾਹਿਬ ਤੋਂ ਬਾਹਰ ਹੀ ਹੱਲਾ ਕਰਨ ਲਈ ਉਕਸਾਇਆ; ਇਸ ਬਦਲੇ ਚੰਗਾ ਨਜ਼ਰਾਨਾ ਦੇਣਾ ਵੀ ਕੀਤਾ। ਇਸ ਤਰ੍ਹਾਂ ਮੁਗ਼ਲਾਂ ਨੇ ਸਮਾਂ ਦੇਖ ਕੇ ਸਿੰਘਾਂ ਉਪਰ ਚਮਕੌਰ ਵਿਖੇ ਹੱਲਾ ਬੋਲ ਦਿੱਤਾ ਪਰ ਸੈਂਦ ਬੇਗ ਨੇ ਗੁਰੂ ਜੀ ਬਾਰੇ ਬੜਾ ਕੁਝ ਸੁਣ ਰੱਖਿਆ ਸੀ। ਉਸ ਨੇ ਅਮਨ-ਚੈਨ ਨਾਲ ਬੈਠੇ ਸਿੰਘਾਂ ‘ਤੇ ਹਮਲਾ ਕਰਨਾ ਠੀਕ ਨਾ ਸਮਝਿਆ ਸਗੋਂ ਉਹ ਵਿਰੋਧ ਛੱਡ ਆਪਣੇ ਸਾਥੀਆਂ ਸਮੇਤ ਗੁਰੂ ਜੀ ਦੀ ਸ਼ਰਨ ਵਿਚ ਆ ਗਿਆ। ਲੜਾਈ ਸਮੇਂ ਸੈਂਦ ਬੇਗ ਗੁਰੂ ਜੀ ਨਾਲ ਜਾ ਰਲਿਆ ਅਤੇ ਦੱਸਿਆ ਕਿ ਉਹ ਭੀਮ ਚੰਦ ਦੇ ਭੜਕਾਉਣ ਕਰ ਕੇ ਜੰਗ ਲੜਨ ਦੀ ਗ਼ਲਤੀ ਕਰ ਬੈਠਾ ਹੈ। ਸੈਂਦ ਬੇਗ ਦੇ ਪਾਸਾ ਪਲਟਣ ਕਰ ਕੇ ਅਲਫ਼ ਖ਼ਾਂ ਬਹੁਤੀ ਦੇਰ ਲੜ ਨਾ ਸਕਿਆ ਅਤੇ ਆਪਣੀ ਫ਼ੌਜ ਲੈ ਕੇ ਦਿੱਲੀ ਵੱਲ ਤੁਰ ਪਿਆ। ਉੱਧਰ ਸੈਂਦ ਬੇਗ ਗੁਰੂ ਜੀ ਪਾਸ ਹੀ ਠਹਿਰ ਗਿਆ ਅਤੇ ਬਾਕੀ ਜੰਗਾਂ ਵਿਚ ਵੀ ਗੁਰੂ ਜੀ ਵੱਲੋਂ ਲੜਿਆ। ਗੁਰੂ ਜੀ ਸਿੰਘਾਂ ਸਮੇਤ ਮੁੜ ਸ੍ਰੀ ਆਨੰਦਪੁਰ ਸਾਹਿਬ ਆ ਗਏ।
ਸ੍ਰੀ ਚਮਕੌਰ ਸਾਹਿਬ ਦੀ ਅਸਾਵੀਂ ਜੰਗ
ਸਰਸਾ ਨਦੀ ਰੋਪੜ ਤੋਂ 11 ਮੀਲ ਦੀ ਦੂਰੀ ‘ਤੇ ਹੈ। ਸਰਸਾ ਪਾਰ ਕਰ ਕੇ ਅਤੇ ਰੋਪੜੀਏ ਪਠਾਣਾਂ ਵੱਲੋਂ ਰਸਤਾ ਘੇਰਨ ‘ਤੇ ਉਨ੍ਹਾਂ ਨੂੰ ਸਬਕ ਸਿਖਾ ਗੁਰੂ ਜੀ ਰੋਪੜ ਤੋਂ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ 40 ਸਿੰਘਾਂ ਸਮੇਤ ਚਮਕੌਰ ਦੇ ਨੇੜੇ ਪਹੁੰਚ ਗਏ। ਚਮਕੌਰ ਰੋਪੜ ਤੋਂ 15 ਮੀਲ ਦੂਰ ਲਹਿੰਦੇ ਪਾਸੇ ਵੱਲ ਹੈ। ਜਦੋਂ ਇਹ ਵਹੀਰ ਚਮਕੌਰ ਦੇ ਨੇੜੇ ਪਹੁੰਚੀ ਤਾਂ ਸੂਹ ਮਿਲੀ ਕਿ ਦਿੱਲੀ ਤੋਂ ਦਸ ਲੱਖ ਮੁਗ਼ਲ ਸੈਨਾ ਉਨ੍ਹਾਂ ਦਾ ਪਿੱਛਾ ਕਰਨ ਲਈ ਚਮਕੌਰ ਨੇੜੇ ਪਹੁੰਚ ਚੁੱਕੀ ਹੈ ਤਾਂ ਗੁਰੂ ਜੀ ਨੇ ਚਮਕੌਰ ਵਿਖੇ ਹੀ ਰੁਕਣ ਦੀ ਵਿਉਂਤ ਬਣਾਈ। ਦੂਜਾ, ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਸਿੰਘ ਸਵੇਰ ਤੋਂ ਭੁੱਖੇ ਭਾਣੇ ਅਤੇ ਥੱਕ-ਟੁੱਟ ਚੁੱਕੇ ਸਨ। ਕੁਝ ਆਰਾਮ ਦੀ ਜ਼ਰੂਰਤ ਵੀ ਸੀ।
ਚਮਕੌਰ ਵਿਖੇ ਠਾਹਰ ਉਨ੍ਹਾਂ ਨੇ ਪਿੰਡ ਦੀ ਉੱਚੀ ਥਾਂ ‘ਤੇ ਬਣੀ ਦੋ ਭਰਾਵਾਂ ਬੁੱਧੀ ਚੰਦ ਅਤੇ ਗਰੀਬੂ ਦੀ ਹਵੇਲੀ ਜੋ ਉਨ੍ਹਾਂ ਨੂੰ ਦੇ ਦਿੱਤੀ ਗਈ ਸੀ, ਵਿਖੇ ਆਪਣੇ ਡੇਰੇ ਲਗਾਏ। ਪਿੰਡ ਵਾਸੀਆਂ ਨੇ ਗੁਰੂ ਜੀ ਦਾ ਉੱਥੇ ਪਹੁੰਚਣਾ ਸੁਣ ਕੇ ਲੰਗਰ-ਪਾਣੀ ਨਾਲ ਸੇਵਾ ਕੀਤੀ ਪਰ 7 ਪੋਹ ਦੀ ਰਾਤ ਨੂੰ ਹੀ ਮੁਗ਼ਲ ਸੈਨਾ ਨੇ ਉੱਥੇ ਪਹੁੰਚ ਕੇ ਕੱਚੀ ਗੜ੍ਹੀ ਨੂੰ ਘੇਰਾ ਪਾ ਲਿਆ। ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਇਹ ਗੜ੍ਹੀ ਕੋਈ ਕਿਲ੍ਹਾ ਨਹੀਂ ਸੀ ਸਗੋਂ ਵੱਡੀ ਹਵੇਲੀ ਹੀ ਸੀ।
ਅੱਠ ਪੋਹ ਸੰਮਤ 1761 ਦਾ ਦਿਨ ਚੜ੍ਹਿਆ ਤੇ ਮੁਗ਼ਲ ਸੈਨਾਵਾਂ ਟਿੱਡੀ ਦਲ ਵਾਂਗ ਗੜ੍ਹੀ ਨੂੰ ਚੁਫੇਰਿਓਂ ਘੇਰ ਕੇ ਮਾਰੋ-ਮਾਰ ਬੰਦੂਕਾਂ ਅਤੇ ਸ਼ਸਤਰ ਚਲਾਉਣ ਲੱਗੀਆਂ। ਉੱਧਰ ਗੁਰੂ ਜੀ ਨੇ ਵੀ ਆਪਣੀ ਯੁੱਧ ਨੀਤੀ ਅਨੁਸਾਰ ਅੱਠ-ਅੱਠ ਸਿੰਘਾਂ ਨੂੰ ਤੀਰਾਂ, ਬੰਦੂਕਾਂ ਅਤੇ ਸ਼ਸਤਰਾਂ ਨਾਲ ਲੈਸ ਕਰ ਗੜ੍ਹੀ ਦੇ ਚਾਰ ਕੋਨਿਆਂ ‘ਤੇ ਤਾਇਨਾਤ ਕਰ ਦਿੱਤਾ। ਦੋ ਸਿੰਘ ਦਰਵਾਜ਼ੇ ‘ਤੇ ਲਗਾ ਦਿੱਤੇ। ਗੁਰੂ ਸਾਹਿਬ ਨੇ ਆਪ ਸਾਹਿਬਜ਼ਾਦਿਆਂ ਅਤੇ ਬਾਕੀ ਸਿੰਘਾਂ ਸਮੇਤ ਗੜ੍ਹੀ ਦੀ ਮਮਟੀ ‘ਤੇ ਮੋਰਚਾ ਸੰਭਾਲ ਲਿਆ ਜਿੱਥੋਂ ਬੜੀ ਦੂਰ-ਦੂਰ ਤੱਕ ਸਭ ਕੁਝ ਨਜ਼ਰ ਆਉਂਦਾ ਸੀ। ਸਿੰਘਾਂ ਦੀ ਗਿਣਤੀ ਵੀ ਘੱਟ ਸੀ ਅਤੇ ਉਨ੍ਹਾਂ ਪਾਸ ਹਥਿਆਰ ਤੇ ਗੋਲੀ ਸਿੱਕਾ ਵੀ ਬਹੁਤ ਨਹੀਂ ਸੀ। ਲੱਖਾਂ ਦੀ ਫ਼ੌਜ ਦਾ ਮੁਕਾਬਲਾ ਕਰਨਾ ਕੋਈ ਸੌਖਾ ਨਹੀਂ ਸੀ।
ਸਿੰਘਾਂ ਦੀ ਥੋੜ੍ਹੀ ਗਿਣਤੀ ਸੁਣ ਮੁਗ਼ਲ ਸੈਨਾ ਦੇ ਹੌਸਲੇ ਬਹੁਤ ਵਧ ਗਏ ਸਨ। ਉਹ ਵਾਰ-ਵਾਰ ਗੜ੍ਹੀ ‘ਤੇ ਹਮਲਾ ਕਰਦੇ ਪਰ ਅੰਦਰੋਂ ਮੀਂਹ ਵਾਂਗ ਤੀਰਾਂ ਦੀ ਵਰਖਾ ਦੇਖ ਨੇੜੇ ਢੁੱਕਣ ਦਾ ਹੌਸਲਾ ਨਾ ਕਰਦੇ। ਗੜ੍ਹੀ ਦੀ ਓਟ ਵਿਚ ਸਿੰਘਾਂ ਦਾ ਜਾਨੀ ਨੁਕਸਾਨ ਬਹੁਤ ਘੱਟ ਹੋ ਰਿਹਾ ਸੀ। ਗਹਿਗੱਚ ਲੜਾਈ ਵਿਚ ਨਾਹਰ ਖ਼ਾਨ, ਗੈਰਤ ਖ਼ਾਨ ਅਤੇ ਖ਼ਵਾਜ਼ਾ ਮੁਹੰਮਦ ਮਰਦੂਦ ਨੇ ਮਿਲ ਕੇ ਤਿੰਨਾਂ ਪਾਸਿਆਂ ਤੋਂ ਇਕੱਠਾ ਹਮਲਾ ਕੀਤਾ। ਉਸੇ ਸਮੇਂ ਤੀਰਾਂ ਦੀ ਮਾਰ ਨਾਲ ਨਾਹਰ ਖ਼ਾਨ ਅਤੇ ਗੈਰਤ ਖ਼ਾਨ ਮਾਰੇ ਗਏ ਪਰ ਮੁਹੰਮਦ ਮਰਦੂਦ ਗੜ੍ਹੀ ਦੀ ਦੀਵਾਰ ਦਾ ਆਸਰਾ ਲੈ ਕੇ ਬਚ ਨਿਕਲਿਆ। ਮੁਗ਼ਲਾਂ ਨੇ ਪੌੜੀਆਂ ਲਗਾ ਕੇ ਹਵੇਲੀ ਅੰਦਰ ਦਾਖਲ ਹੋਣ ਦਾ ਯਤਨ ਕੀਤਾ ਤਾਂ ਜਿਹੜਾ ਵੀ ਮੁਗ਼ਲ ਸੂਰਮਾ ਪੌੜੀ ਉੱਤੋਂ ਸਿਰ ਕੱਢਦਾ, ਤੀਰ ਨਾਲ ਵਿੰਨ੍ਹ ਦਿੱਤਾ ਜਾਂਦਾ। ਆਖ਼ਰ ਮੁਗ਼ਲਾਂ ਨੇ ਇਕੱਠੇ ਹੋ ਕੇ ਦਰਵਾਜ਼ੇ ਵਾਲੇ ਪਾਸਿਓਂ ਹਮਲਾ ਕਰਨ ਦੀ ਠਾਣੀ। ਗੁਰੂ ਜੀ ਨੇ ਵੀ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਰਣ-ਖੇਤਰ ਵਿਚ ਜੂਝਣ ਦਾ ਫ਼ੈਸਲਾ ਕੀਤਾ। ਦੋ ਜਥਿਆਂ ਦੇ ਮੁਖੀ ਦੋਵਾਂ ਸਾਹਿਬਜ਼ਾਦਿਆਂ ਨੂੰ ਬਣਾਇਆ ਗਿਆ। ਇਸ ਤਰ੍ਹਾਂ ਪੰਜ ਪੰਜ ਸਿੰਘ ਜਾਂਦੇ, ਜਦੋਂ ਉਹ ਸ਼ਹੀਦ ਹੋ ਜਾਂਦੇ ਤਾਂ ਪੰਜਾਂ ਦਾ ਅਗਲਾ ਜਥਾ ਜੂਝਣ ਲਈ ਜੰਗੇ ਮੈਦਾਨ ‘ਚ ਪਹੁੰਚ ਜਾਂਦਾ।
ਇਸ ਸਮੇਂ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ 17 ਸਾਲ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਉਮਰ 15 ਸਾਲ ਸੀ। ਜਦੋਂ ਵੈਰੀਆਂ ਦਾ ਦਲ ਮਾਰੋ-ਮਾਰ ਕਰਦਾ ਗੜ੍ਹੀ ਦੇ ਦਰਵਾਜੇ ਵੱਲ ਵਧ ਰਿਹਾ ਸੀ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਪੰਜ ਸਿੰਘਾਂ ਦੇ ਜਥੇ ਨਾਲ ਜੈਕਾਰੇ ਲਗਾਉਂਦਿਆਂ ਜੰਗੇ ਮੈਦਾਨ ਵਿਚ ਪਹੁੰਚ ਗਏ। ਸਾਹਿਬਜ਼ਾਦਾ ਅਜੀਤ ਸਿੰਘ ਆਪਣੇ ਸਾਥੀ ਸਿੰਘਾਂ ਸਮੇਤ ਤਲਵਾਰ ਦੇ ਜੌਹਰ ਦਿਖਾ ਰਹੇ ਸਨ। ਅਨੇਕਾਂ ਮੁਗ਼ਲਾਂ ਨੂੰ ਮਾਰਨ ਉਪਰੰਤ ਆਪ ਸ਼ਹੀਦੀ ਜਾਮ ਪੀ ਗਏ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਦਸਵੇਂ ਗੁਰੂ ਤੋਂ ਅਸੀਸ ਲੈ ਕੇ ਆਪਣੇ ਜਥੇ ਨਾਲ ਜੰਗ ਦੇ ਮੈਦਾਨ ਵਿਚ ਤਲਵਾਰ ਦੇ ਜੌਹਰ ਦਿਖਾਉਣ ਲੱਗੇ। ਲੱਖਾਂ ਨਾਲ ਮੁਕਾਬਲਾ ਕਰਦਿਆਂ ਆਪ ਵੀ ਸ਼ਹੀਦ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗ਼ਰੀਬ ਦੱਬੀ ਕੁਚਲੀ ਜਨਤਾ ਖ਼ਾਤਰ ਆਪਣੇ ਜਿਗਰ ਦੇ ਟੋਟਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਜੂਝਦੇ ਅਤੇ ਕੁਰਬਾਨ ਹੁੰਦੇ ਦੇਖ ਰਹੇ ਸਨ।
ਬਾਬਾ ਜੁਝਾਰ ਸਿੰਘ ਅਤੇ ਉਨ੍ਹਾਂ ਨਾਲ ਗਏ ਸਾਰੇ ਸਿੰਘਾਂ ਦੇ ਸ਼ਹੀਦ ਹੋਣ ਵੇਲੇ ਤੱਕ ਸੂਰਜ ਡੁੱਬ ਚੁੱਕਾ ਸੀ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਹਨ ਕਿ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਕੇਵਲ ਗਿਆਰਾਂ ਸਿੰਘ ਹੀ ਰਹਿ ਗਏ ਸਨ ਜਿਨ੍ਹਾਂ ਦੇ ਇਤਿਹਾਸ ਅਨੁਸਾਰ ਨਾਂ ਸਨ: ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਰਾਮ ਸਿੰਘ, ਭਾਈ ਦਇਆ ਸਿੰਘ, ਭਾਈ ਸੰਤੋਖ ਸਿੰਘ, ਭਾਈ ਦੇਵਾ ਸਿੰਘ, ਭਾਈ ਜਿਊਣ ਸਿੰਘ, ਭਾਈ ਕਾਠਾ ਸਿੰਘ, ਭਾਈ ਸੰਤ ਸਿੰਘ ਅਤੇ ਭਾਈ ਕਿਹਰ ਸਿੰਘ। ਰਾਤ ਪੈਣ ‘ਤੇ ਗੜ੍ਹੀ ਦੇ ਚੁਫ਼ੇਰੇ ਮੀਲਾਂ ਤੱਕ ਮੁਗ਼ਲ ਅਤੇ ਪਹਾੜੀ ਫ਼ੌਜਾਂ ਦੇ ਡੇਰੇ ਲੱਗੇ ਹੋਏ ਸਨ। ਦੁਸ਼ਮਣਾਂ ‘ਚੋਂ ਬਚ ਕੇ ਨਿਕਲਣਾ ਅਸੰਭਵ ਲੱਗਦਾ ਸੀ। ਦੁਸ਼ਮਣ ਫ਼ੌਜਾਂ ਦੇ ਜਰਨੈਲ ਬੇਫ਼ਿਕਰ ਸਨ ਕਿਉਂਕਿ ਵੱਡੀ ਗਿਣਤੀ ਵਿਚ ਸਿੰਘ ਸ਼ਹੀਦ ਹੋ ਚੁੱਕੇ ਸਨ। ਦੁਸ਼ਮਣ ਸੋਚਦੇ ਸਨ ਕਿ ਹੁਣ ਗੁਰੂ ਜੀ ਨੂੰ ਫੜਨਾ ਸੌਖਾ ਹੋ ਗਿਆ ਸੀ ਪਰ ਗੜ੍ਹੀ ਵਿਚ ਮੌਜੂਦ ਗਿਆਰਾਂ ਸਿੰਘ ਜਾਣਦੇ ਸਨ ਕਿ ਇਹ ਰਾਤ ਜ਼ਿੰਦਗੀ ਦੀ ਆਖ਼ਰੀ ਰਾਤ ਹੈ।
ਸਿੰਘਾਂ ਨੇ ਫ਼ੈਸਲਾ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡ ਕੇ ਚਲੇ ਜਾਣ ਦੀ ਬੇਨਤੀ ਕੀਤੀ। ਉਨ੍ਹਾਂ ਵੱਲੋਂ ਇਨਕਾਰ ਕਰਨ ‘ਤੇ ਪੰਜ ਸਿੰਘਾਂ ਨੇ ਪੰਜ ਪਿਆਰਿਆਂ ਵਜੋਂ ਗੁਰੂ ਸਾਹਿਬ ਨੂੰ ਚਲੇ ਜਾਣ ਦਾ ਹੁਕਮ ਦਿੱਤਾ ਜਿਨ੍ਹਾਂ ਦਾ ਹੁਕਮ ਆਪ ਨੇ ਸਿਰ ਮੱਥੇ ਕਬੂਲ ਕੀਤਾ। ਫ਼ੈਸਲਾ ਹੋਇਆ ਕਿ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਗੁਰੂ ਜੀ ਦੇ ਨਾਲ ਜਾਣਗੇ। ਇਸ ਸਮੇਂ ਗੁਰੂ ਜੀ ਨੇ ਖ਼ਾਲਸਾ ਪੰਥ ਨੂੰ ਗੁਰਿਆਈ ਦੇ ਕੇ ਭਾਈ ਸੰਗਤ ਸਿੰਘ ਜੀ ਨੂੰ ਆਪਣੇ ਬਸਤਰ ਅਤੇ ਕਲਗੀ ਪਹਿਨਾ ਕੇ ਜਾਣ ਦੀ ਤਿਆਰੀ ਕੀਤੀ। ਸਿੰਘਾਂ ਨੂੰ ਸਾਵਧਾਨ ਕਰ ਕੇ ਗੁਰੂ ਜੀ ਆਪਣਾ ਧਨੁੱਖ, ਤੀਰ ਅਤੇ ਸ੍ਰੀ ਸਾਹਿਬ ਲੈ ਕੇ ਕਮਰਕੱਸਾ ਕਰ ਮਾਛੀਵਾੜੇ ਵੱਲ ਚੱਲ ਪਏ। ਗੜ੍ਹੀ ਤੋਂ ਥੋੜ੍ਹੀ ਦੂਰ ਜਾ ਕੇ ਗੁਰੂ ਜੀ ਨੇ ਤਿੰਨ ਵਾਰ ਤਾੜੀ ਮਾਰ ਕੇ ਉੱਚੀ ਆਵਾਜ਼ ਵਿਚ ਕਿਹਾ, “ਸਿੱਖਾਂ ਦਾ ਗੁਰੂ ਨਿਕਲ ਚਲਿਆ ਜੇ।” ਜਾਣ ਲੱਗੇ ਜੇ ਕੋਈ ਤੁਰਕ ਸਾਹਮਣੇ ਆਇਆ, ਉਸ ਨੂੰ ਮੌਤ ਦੇ ਘਾਟ ਉਤਾਰ ਆਪ ਅੱਗੇ ਨਿਕਲ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਤਿੰਨ ਸਿੰਘਾਂ ਦੇ ਨਿਕਲ ਜਾਣ ਤੋਂ ਬਾਅਦ ਦਿਨ ਚੜ੍ਹੇ ਤਾਂ ਮੁਗ਼ਲਾਂ ਨੇ ਗੜ੍ਹੀ ‘ਤੇ ਹਮਲਾ ਕੀਤਾ। ਭਾਈ ਸੰਗਤ ਸਿੰਘ ਅਤੇ ਭਾਈ ਸੰਤ ਸਿੰਘ ਸਮੇਤ ਸਿੰਘਾਂ ਨੇ ਆਖ਼ਰੀ ਦਮ ਤੱਕ ਮੁਗ਼ਲਾਂ ਦਾ ਮੁਕਾਬਲਾ ਕੀਤਾ ਅਤੇ ਅੰਤ ਵਿਚ ਸ਼ਹੀਦੀਆਂ ਪਾ ਗਏ। ਸ਼ਹੀਦ ਸਿੰਘਾਂ ਨੂੰ ਦੇਖ ਅਤੇ ਭਾਈ ਸੰਗਤ ਸਿੰਘ ਦੀ ਮ੍ਰਿਤਕ ਦੇਹ ਦੇਖ ਮੁਗ਼ਲ ਟਪਲਾ ਖਾ ਗਏ ਕਿ ਸਿੱਖਾਂ ਦਾ ਗੁਰੂ ਸ਼ਹੀਦ ਹੋ ਗਿਆ ਹੈ। ਬਾਅਦ ਵਿਚ ਸਚਾਈ ਸਾਹਮਣੇ ਆਉਣ ‘ਤੇ ਸੂਬਾ ਸਰਹਿੰਦ ਨੇ ਆਲੇ-ਦੁਆਲੇ ਦੇ ਇਲਾਕੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਵਿਚ ਆਪਣੇ ਆਦਮੀ ਭੇਜ ਦਿੱਤੇ ਪਰ ਗੁਰੂ ਜੀ ਨੰਗੇ ਪੈਰੀਂ ਰਾਤ ਦੇ ਹਨੇਰੇ ਵਿਚ ਕੰਡਿਆਲੀਆਂ ਝਾੜੀਆਂ ਨੂੰ ਪਾਰ ਕਰਦਿਆਂ ਪਿੰਡ ਚੂਹੜਵਾਲ ਨੇੜੇ ਜੰਗਲ ਵਿਚ ਸੰਘਣੇ ਝਾੜਾਂ ਦੀ ਓਟ ਲੈ ਕੇ ਕੁਝ ਪਲ ਆਰਾਮ ਲਈ ਲੇਟ ਗਏ। ੳੱਜ ਕੱਲ੍ਹ ਇਸ ਅਸਥਾਨ ‘ਤੇ ਗੁਰਦੁਆਰਾ ਸ੍ਰੀ ਝਾੜ ਸਾਹਿਬ ਸੁਸ਼ੋਭਿਤ ਹੈ।