ਦੋ ਹੋਰ ਅਮਰੀਕੀ ਸੂਬਿਆਂ ਦੇ ਸਕੂਲਾਂ `ਚ ਪੜ੍ਹਾਇਆ ਜਾਵੇਗਾ ਸਿੱਖ ਧਰਮ

ਨਿਊ ਯਾਰਕ: ਅਮਰੀਕਾ ਵਿਚ ਹੁਣ 2.40 ਕਰੋੜ ਵਿਦਿਆਰਥੀ ਸਿੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ ਕਿਉਂਕਿ ਦੋ ਹੋਰ ਅਮਰੀਕੀ ਸੂਬਿਆਂ ਨੇ ਸਮਾਜਿਕ ਸਿੱਖਿਆ ਦੇ ਨਵੇਂ ਮਾਪਦੰਡਾਂ ਦੇ ਪੱਖ ਵਿਚ ਮਤਾ ਪਾਇਆ ਹੈ। ਇਨ੍ਹਾਂ ਨਵੇਂ ਮਾਪਦੰਡਾਂ ਤਹਿਤ ਇਨ੍ਹਾਂ ਦੋਵੇਂ ਸੂਬਿਆਂ ਦੇ ਸਕੂਲਾਂ ਵਿਚ ਹੁਣ ਸਿੱਖੀ ਜਾਂ ਸਿੱਖ ਧਰਮ ਬਾਰੇ ਪੜ੍ਹਾਇਆ ਜਾਵੇਗਾ ਜੋ ਕਿ ਪਹਿਲੀ ਵਾਰ ਹੋਣ ਜਾ ਰਿਹਾ ਹੈ।

ਉਟਾਹ ਤੇ ਮਿਸੀਸਿਪੀ ਅਮਰੀਕਾ ਦੇ ਅਜਿਹੇ 15ਵੇਂ ਤੇ 16ਵੇਂ ਸੂਬੇ ਬਣ ਗਏ ਹਨ ਜਿਨ੍ਹਾਂ ਨੇ ਹਾਲ ਹੀ ਵਿਚ ਆਪੋ-ਆਪਣੇ ਸਮਾਜਿਕ ਸਿੱਖਿਆ ਦੇ ਪਾਠਕ੍ਰਮ ਵਿਚ ਸਿੱਖੀ, ਸਿੱਖ ਧਰਮ ਅਤੇ ਸਿੱਖ ਰਵਾਇਤਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਨਵੇਂ ਮਾਪਦੰਡਾਂ ਤਹਿਤ ਉਟਾਹ ਵਿਚ 6,06,000 ਵਿਦਿਆਰਥੀਆਂ ਅਤੇ ਮਿਸੀਸਿਪੀ ਵਿਚ ਤਕਰੀਬਨ 4,57,000 ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਸਿੱਖ ਕੋਲੀਸ਼ਨ ਵੱਲੋਂ ਇਸੇ ਸਾਲ ਜਨਵਰੀ ਮਹੀਨੇ ਵਿਚ ਸੂਬਾ ਸਿੱਖਿਆ ਬੋਰਡ ਦੀ ਮੀਟਿੰਗ ਵਿਚ ਇਹ ਮੰਗ ਰੱਖੀ ਗਈ ਸੀ ਕਿ ਨਵੇਂ ਮਾਪਦੰਡਾਂ ਵਿਚ ਸਿੱਖੀ ਨੂੰ ਵੀ ਸ਼ਾਮਲ ਕੀਤਾ ਜਾਵੇ। ਸਿੱਖ ਕੋਲੀਸ਼ਨ ਦੇ ਸੀਨੀਅਰ ਐਜੂਕੇਸ਼ਨ ਮੈਨੇਜਰ ਹਰਮਨ ਸਿੰਘ ਨੇ ਇਕ ਬਿਆਨ ਵਿਚ ਕਿਹਾ, ‘’ਸੰਮਲਿਤ ਤੇ ਸਹੀ ਮਾਪਦੰਡ ਕੱਟੜਤਾ ਨਾਲ ਲੜਨ ਤੇ ਧੱਕੇਸ਼ਾਹੀ ਘਟਾਉਣ ਵੱਲ ਇਹ ਇਕ ਅਹਿਮ ਕਦਮ ਹੈ।“
ਸਾਬਤ ਸੂਰਤ ਸਿੱਖ ਹੁਣ ਅਮਰੀਕੀ ਮੈਰੀਨ ਕੋਰ `ਚ ਲੈ ਸਕਣਗੇ ਸਿਖਲਾਈ
ਨਿਊ ਯਾਰਕ: ਅਮਰੀਕਾ ਦੀ ਸੰਘੀ ਅਪੀਲ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਸਿੱਖ ਰੰਗਰੂਟ ਹੁਣ ਅਮਰੀਕੀ ਮੈਰੀਨ ਕੋਰ ਵਿਚ ਦਾੜ੍ਹੀ ਰੱਖ ਸਕਦੇ ਹਨ ਅਤੇ ਦਸਤਾਰ ਸਜਾ ਸਕਦੇ ਹਨ। ਡਿਸਟ੍ਰਿਕਟ ਆਫ ਕੋਲੰਬੀਆ ਦੀ ਸੰਘੀ ਅਪੀਲ ਅਦਾਲਤ ਦੇ ਜੱਜਾਂ ਨੇ ਸਿੱਖਾਂ ‘ਤੇ ਅਜਿਹੀ ਪਾਬੰਦੀ ਨੂੰ ਰੱਦ ਕਰਦਿਆਂ ਇਸ ਨੂੰ ਧਾਰਮਿਕ ਆਜ਼ਾਦੀ ਬਹਾਲੀ ਕਾਨੂੰਨ (ਆਰ.ਐਫ.ਆਰ.ਏ.) ਦੀ ਉਲੰਘਣਾ ਕਰਾਰ ਦਿੱਤਾ। ਇਹ ਫੈਸਲਾ ਤਿੰਨ ਸਿੱਖਾਂ ਦੇ ਮੈਰੀਨ ਕੋਰ ‘ਚ ਭਰਤੀ ਹੋਣ ਤੋਂ ਬਾਅਦ ਆਇਆ ਹੈ। ਆਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਹਲ ਨੇ ਕੋਰ ਦੇ ਸਿਖਲਾਈ ਕੈਂਪ ਦੌਰਾਨ ਦਾੜ੍ਹੀ ਅਤੇ ਵਾਲ ਕੱਟਣ ਸਬੰਧੀ ਨਿਯਮ ਖ਼ਿਲਾਫ਼ ਅਦਾਲਤ ਦਾ ਦਰਵਾਜਾ ਖੜਕਾਇਆ ਸੀ। ਇਨ੍ਹਾਂ ਤਿੰਨਾਂ ਦਾ ਕੇਸ ਲੜ ਰਹੇ ਸੀਨੀਅਰ ਵਕੀਲ ਐਰਿਕ ਬੈਕਸਟਰ ਨੇ ਟਵੀਟ ਕੀਤਾ, ”ਤਿੰਨ ਸਿੱਖ ਰੰਗਰੂਟ, ਜਿਨ੍ਹਾਂ ਨੂੰ ਪਹਿਲਾਂ ਧਰਮ ਦੇ ਆਧਾਰ ‘ਤੇ ਸਿਖਲਾਈ ਲੈਣ ਤੋਂ ਵਾਂਝਾ ਕੀਤਾ ਗਿਆ ਸੀ, ਹੁਣ ਮੁਢਲੀ ਸਿਖਲਾਈ ਹਾਸਲ ਕਰ ਸਕਦੇ ਹਨ।“