ਉਪ ਰਾਜਪਾਲ ਨੇ ਕੇਜਰੀਵਾਲ ਸਰਕਾਰ ਨਾਲ ਆਢਾ ਲਾਇਆ

ਨਵੀਂ ਦਿੱਲੀ: ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਹੁਣ ਡੀ.ਟੀ.ਸੀ. ਵੱਲੋਂ ਇਕ ਹਜ਼ਾਰ ਲੋਅ-ਫਲੋਰ ਬੱਸਾਂ ਦੀ ਖਰੀਦ ‘ਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਲਈ ਸੀ.ਬੀ.ਆਈ. ਨੂੰ ਸ਼ਿਕਾਇਤ ਭੇਜਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ‘ ਸਰਕਾਰ ਨਾਲ ਤਾਜ਼ਾ ਤਣਾਅ ਪੈਦਾ ਹੋ ਗਿਆ ਹੈ। ਦਿੱਲੀ ਸਰਕਾਰ ਨੇ ਦੋਸ਼ ਲਾਇਆ ਹੈ ਕਿ ਜਾਂਚ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਉਪ ਰਾਜਪਾਲ ਨੂੰ ਆਪਣੇ ਵਿਰੁੱਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਸਫਾਈ ਦੇਣੀ ਚਾਹੀਦੀ ਹੈ।

ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦਾ ਫੈਸਲਾ ਮੁੱਖ ਸਕੱਤਰ ਨਰੇਸ਼ ਕੁਮਾਰ ਦੀ ਸਿਫਾਰਸ਼ ਤੋਂ ਬਾਅਦ ਲਿਆ ਗਿਆ ਹੈ। ਇਸ ਸਾਲ ਜੂਨ ‘ਚ ਸਕਸੈਨਾ ਨੂੰ ਲਿਖੀ ਸ਼ਿਕਾਇਤ ‘ਚ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ.ਟੀ.ਸੀ.) ਨੇ ‘ਸੋਚੀ-ਸਮਝੀ ਸਾਜ਼ਿਸ਼‘ ਤਹਿਤ ਟਰਾਂਸਪੋਰਟ ਮੰਤਰੀ ਨੂੰ ਬੱਸਾਂ ਦੇ ਟੈਂਡਰਾਂ ਅਤੇ ਖਰੀਦ ਲਈ ਬਣਾਈ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ। ਸ਼ਿਕਾਇਤ ‘ਚ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਇਸ ਟੈਂਡਰ ਲਈ ਬੋਲੀ ਪ੍ਰਬੰਧਨ ਸਲਾਹਕਾਰ ਵਜੋਂ ਡੀ.ਆਈ.ਐਮ.ਟੀ.ਐਸ. ਦੀ ਨਿਯੁਕਤੀ ਗਲਤ ਕੰਮਾਂ ਨੂੰ ਜਾਇਜ਼ ਠਹਿਰਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ।
ਸੂਤਰਾਂ ਨੇ ਦੱਸਿਆ ਕਿ ਸ਼ਿਕਾਇਤ ‘ਚ ਕਿਹਾ ਗਿਆ ਕਿ ਇਕ ਹਜ਼ਾਰ ਲੋਅ ਫਲੋਰ ਬੀ.ਐਸ-4 ਅਤੇ ਬੀ.ਐਸ-6 ਬੱਸਾਂ ਲਈ ਜੁਲਾਈ 2019 ਦੀ ਖਰੀਦ ਬੋਲੀ ਅਤੇ ਮਾਰਚ 2020 ‘ਚ ਲੋਅ ਫਲੋਰ ਬੀ.ਐਸ-6 ਬੱਸਾਂ ਦੀ ਖਰੀਦ ਅਤੇ ਸਾਲਾਨਾ ਰੱਖ-ਰਖਾਅ ਦੇ ਠੇਕੇ ਲਈ ਲਗਾਈ ਗਈ ਦੂਜੀ ਬੋਲੀ ‘ਚ ਬੇਨਿਯਮੀਆਂ ਹੋਈਆਂ ਹੋਈਆਂ ਹਨ। 22 ਜੁਲਾਈ ਨੂੰ ਸ਼ਿਕਾਇਤ ਦਿੱਲੀ ਸਰਕਾਰ ਦੇ ਵਿਭਾਗਾਂ ਦੀ ਪ੍ਰਤੀਕਿਰਿਆ ਅਤੇ ਉਨ੍ਹਾਂ ਦੀਆਂ ਸਿਫਾਰਸ਼ਾਂ ਲੈਣ ਲਈ ਮੁੱਖ ਸਕੱਤਰ ਕੋਲ ਭੇਜੀ ਗਈ ਸੀ। ਮੁੱਖ ਸਕੱਤਰ ਨੇ 19 ਅਗਸਤ ਨੂੰ ਰਿਪੋਰਟ ਸੌਂਪੀ ਜਿਸ ‘ਚ ਕੁਝ ‘ਬੇਨਿਯਮੀਆਂ‘ ਵੱਲ ਇਸ਼ਾਰਾ ਕੀਤਾ ਗਿਆ ਸੀ ਜਿਸ ਮਗਰੋਂ ਉਪ ਰਾਜਪਾਲ ਨੇ ਸ਼ਿਕਾਇਤ ਸੀ.ਬੀ.ਆਈ. ਨੂੰ ਭੇਜ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਸੀ.ਬੀ.ਆਈ. ਵੱਲੋਂ ਪਹਿਲਾਂ ਹੀ ਇਸ ਮਾਮਲੇ ਦੀ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ ਨੂੰ ਵਧੇਰੇ ਪੜ੍ਹੇ-ਲਿਖੇ ਉਪ ਰਾਜਪਾਲ ਦੀ ਲੋੜ: ਆਪ
ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਉਪ ਰਾਜਪਾਲ ਦੇ ਫੈਸਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਹੈ, ‘’ਬੱਸਾਂ ਕਦੇ ਖਰੀਦੀਆਂ ਹੀ ਨਹੀਂ ਗਈਆਂ, ਟੈਂਡਰ ਰੱਦ ਕਰ ਦਿੱਤੇ ਗਏ ਸਨ। ਦਿੱਲੀ ਨੂੰ ਵਧੇਰੇ ਪੜ੍ਹੇ-ਲਿਖੇ ਉਪ ਰਾਜਪਾਲ ਦੀ ਲੋੜ ਹੈ। ਇਸ ਆਦਮੀ ਨੂੰ ਕੋਈ ਖਬਰ ਨਹੀਂ ਹੈ ਕਿ ਉਹ ਕਿਸ ਚੀਜ਼ `ਤੇ ਦਸਤਖ਼ਤ ਕਰ ਰਿਹਾ ਹੈ।` ‘ਆਪ` ਦੇ ਬੁਲਾਰੇ ਸੌਰਭ ਭਾਰਦਵਾਜ ਨੇ ਵੀ.ਕੇ. ਸਕਸੈਨਾ `ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉਪ ਰਾਜਪਾਲ ਭ੍ਰਿਸ਼ਟਾਚਾਰ ਦੇ ਕਈ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਆਪਣੇ ਤੋਂ ਧਿਆਨ ਹਟਾਉਣ ਲਈ ਉਹ ‘ਆਪ` ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ।