ਸਿੱਖ ਲੜਕੀ ਦੇ ਅਗਵਾ ਤੇ ਜਬਰੀ ਨਿਕਾਹ ਖਿਲਾਫ ਪਾਕਿਸਤਾਨ `ਚ ਮੁਜ਼ਾਹਰਾ

ਅੰਮ੍ਰਿਤਸਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਇਲਾਕੇ ਪੀਰ ਬਾਬਾ ਵਿਚ ਇਕ ਸਿੱਖ ਕੁੜੀ ਨੂੰ ਅਗਵਾ ਕਰਨ ਅਤੇ ਉਸ ਦਾ ਜਬਰੀ ਨਿਕਾਹ ਕੀਤੇ ਜਾਣ ਖਿਲਾਫ ਸਿੱਖ ਭਾਈਚਾਰੇ ਵੱਲੋਂ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨ ਕਰ ਰਹੇ ਵਿਅਕਤੀ ਤੇ ਪੀੜਤ ਗੁਰਚਰਨ ਸਿੰਘ ਦੱਸ ਰਿਹਾ ਹੈ ਕਿ ਉਸ ਦੀ ਬੇਟੀ ਦੀਨਾ ਕੌਰ ਨੂੰ ਅਗਵਾ ਕਰ ਲਿਆ ਗਿਆ ਸੀ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਸਿੱਖ ਮਹਿਲਾ ਅਧਿਆਪਕ ਨੂੰ ਅਗਵਾ ਕਰ ਕੇ ਉਸ ਦਾ ਜਬਰੀ ਨਿਕਾਹ ਕੀਤੇ ਜਾਣ ਦਾ ਮਾਮਲਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੋਲ ਚੁੱਕਣ ਅਤੇ ਅਧਿਆਪਕਾ ਦੀ ਰਿਹਾਈ ਯਕੀਨੀ ਬਣਾਉਣ ਲਈ ਆਖਣ। ਸ੍ਰੀ ਸਿਰਸਾ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਸੂਬੇ ਵਿਚ ਦੀਨ ਕੌਰ ਨੂੰ ਅਗਵਾ ਕਰ ਲਿਆ ਗਿਆ ਸੀ। ਪਰਿਵਾਰ ਨੇ ਪੁਲਿਸ ਕੋਲ ਪਹੁੰਚ ਕੀਤੀ ਤਾਂ ਪੁਲਿਸ ਨੇ ਅਗਵਾ ਕਰਨ ਦਾ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਦੇ ਮਾਪਿਆਂ ਨੇ ਮਾਮਲਾ ਚੁੱਕਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਧੀ ਨੇ ਇਸਲਾਮ ਕਬੂਲ ਲਿਆ ਹੈ ਤੇ ਉਸ ਦਾ ਨਿਕਾਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਸਿੱਖ, ਹਿੰਦੂ ਤੇ ਹੋਰ ਫਿਰਕਿਆਂ ਦੀਆਂ ਧੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਨਾ ਆਮ ਹੋ ਗਿਆ ਹੈ।
ਉਨ੍ਹਾਂ ਨੇ ਟਵੀਟ ਕਰ ਕੇ ਪੀ.ਐਮ.ਓ. ਪਾਕਿਸਤਾਨ ਨੂੰ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਨਾ ਹੋਣ ਬਾਰੇ ਜਾਣਕਾਰੀ ਦਿੱਤੀ ਸੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਤੁਰਤ ਆਪਣੇ ਪਾਕਿਸਤਾਨ ਦੇ ਹਮਰੁਤਬਾ ਕੋਲ ਚੁੱਕਣ ਅਤੇ ਇਹ ਯਕੀਨੀ ਬਣਾਉਣ ਕਿ ਦੀਨ ਕੌਰ ਵਾਪਸ ਪਰਿਵਾਰ ਨੂੰ ਸੌਂਪੀ ਜਾਵੇ ਅਤੇ ਅਜਿਹੀਆਂ ਅਗਵਾ ਦੀਆਂ ਘਟਨਾਵਾਂ ਤੁਰਤ ਰੋਕੀਆਂ ਜਾਣ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸਲਾਮ ਤੋਂ ਪ੍ਰਭਾਵਿਤ ਹੋ ਕੇ ਧਰਮ ਬਦਲਣ ਦਾ ਦਾਅਵਾ
ਅੰਮ੍ਰਿਤਸਰ: ਦੀਨਾ ਕੌਰ ਵੱਲੋਂ ਇਕ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਕਿ ਉਸ ਨੇ ਪੜ੍ਹਾਈ ਦੌਰਾਨ ਇਸਲਾਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਧਰਮ ਪਰਿਵਰਤਨ ਕੀਤਾ ਹੈ। ਪੁਲਿਸ ਥਾਣੇ ਵਿਚ ਦੀਨਾ ਦਾ ਬਣਾਇਆ ਗਿਆ ਇਹ ਵੀਡੀਓ ਖੁਦ ਪੁਲਿਸ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਸ ਨੇ ਦੱਸਿਆ ਕਿ ਐਮ.ਏ. ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਉਹ ਸਰਕਾਰੀ ਹਾਈ ਸਕੂਲ ਵਿਚ ਬਤੌਰ ਅਧਿਆਪਕਾ ਸੇਵਾਵਾਂ ਦੇ ਰਹੀ ਹੈ। ਉਸ ਵੱਲੋਂ ਵੀਡੀਓ ‘ਚ ਇਹ ਵੀ ਦਾਅਵਾ ਕੀਤਾ ਗਿਆ ਕਿ ਉਸ ਨੇ ਆਪਣੀ ਮਰਜ਼ੀ ਨਾਲ ਮੁਸਲਿਮ ਲੜਕੇ ਨਾਲ ਨਿਕਾਹ ਕੀਤਾ ਹੈ।