ਭਾਰਤ ਵਿਚ ਵੀ ਮੰਕੀਪੌਕਸ ਨੇ ਪੈਰ ਪਸਾਰੇ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ‘ਚ 34 ਵਰ੍ਹਿਆਂ ਦਾ ਨੌਜਵਾਨ ਮੰਕੀਪੌਕਸ ਵਾਇਰਸ ਤੋਂ ਪੀੜਤ ਮਿਲਿਆ ਹੈ। ਦੇਸ਼ ‘ਚ ਹੁਣ ਤੱਕ ਮੰਕੀਪੌਕਸ ਦੇ ਚਾਰ ਕੇਸ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਲਾਗ ਦੇ ਤਿੰਨ ਕੇਸ ਕੇਰਲਾ ‘ਚ ਮਿਲੇ ਸਨ। ਵਿਸ਼ਵ ਸਿਹਤ ਸੰਗਠਨ ਨੇ ਮੰਕੀਪੌਕਸ ਵਾਇਰਸ ਨੂੰ ਆਲਮੀ ਸਿਹਤ ਐਮਰਜੈਂਸੀ ਐਲਾਨਿਆ ਹੈ।

ਮੰਕੀਪੌਕਸ ਵਾਇਰਸ ਦੇ 75 ਮੁਲਕਾਂ ‘ਚ 16 ਹਜ਼ਾਰ ਤੋਂ ਵੱਧ ਕੇਸ ਆ ਚੁੱਕੇ ਹਨ ਅਤੇ ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਕੇਂਦਰ ਨੇ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦੀ ਅਗਵਾਈ ਹੈਲਥ ਸਾਇੰਸਿਜ ਦੇ ਡਾਇਰੈਕਟਰ ਜਨਰਲ ਅਤੁਲ ਗੋਇਲ ਨੇ ਕੀਤੀ। ਇਸ ‘ਚ ਸਿਹਤ ਮੰਤਰਾਲੇ, ਨੈਸ਼ਨਲ ਸੈਂਟਰ ਫਾਰ ਡਿਜੀਜ ਕੰਟਰੋਲ (ਐਨ.ਸੀ.ਡੀ.ਸੀ.) ਅਤੇ ਆਈ.ਸੀ.ਐਮ.ਆਰ. ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ। ਉਨ੍ਹਾਂ ਐਨ.ਸੀ.ਡੀ.ਸੀ. ਨੂੰ ਕਿਹਾ ਕਿ ਉਹ ਕੇਸਾਂ ਦੀ ਵਿਸਥਾਰ ਨਾਲ ਜਾਂਚ ਕਰਨ ਅਤੇ ਇਹਤਿਆਤ ਰੱਖਣ। ਦਿੱਲੀ ਦਾ ਨੌਜਵਾਨ ਕਦੇ ਵੀ ਵਿਦੇਸ਼ ਨਹੀਂ ਗਿਆ ਹੈ ਪਰ ਕੁਝ ਦਿਨ ਪਹਿਲਾਂ ਉਹ ਮਨਾਲੀ (ਹਿਮਾਚਲ ਪ੍ਰਦੇਸ਼) ‘ਚ ਇਕ ਪਾਰਟੀ ‘ਚ ਸ਼ਾਮਲ ਹੋਇਆ ਸੀ।
ਪੱਛਮੀ ਦਿੱਲੀ ਦੇ ਵਸਨੀਕ ਨੂੰ ਲਾਗ ਦੇ ਲੱਛਣ ਦਿਖਾਈ ਪੈਣ ਮਗਰੋਂ ਉਸ ਨੂੰ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ‘ਚ ਕਰੀਬ ਤਿੰਨ ਦਿਨ ਪਹਿਲਾਂ ਦਾਖਲ ਕਰਵਾਇਆ ਗਿਆ ਸੀ। ਉਸ ਦੇ ਨਮੂਨੇ ਪੁਣੇ ਦੀ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ‘ਚ ਭੇਜੇ ਗਏ ਸਨ ਜਿਥੇ ਉਸ ਦੀ ਰਿਪੋਰਟ ਪਾਜੇਟਿਵ ਆਈ। ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ,’ਪੀੜਤ ਵਿਅਕਤੀ ਲੋਕ ਨਾਇਕ ਹਸਪਤਾਲ ਦੇ ਇਕਾਂਤਵਾਸ ਕੇਂਦਰ ‘ਚ ਸਿਹਤਯਾਬ ਹੋ ਰਿਹਾ ਹੈ। ਉਸ ਦੇ ਦਰਦਨਾਕ ਜ਼ਖਮ ਹਨ ਪਰ ਹੋਰ ਬਿਮਾਰੀਆਂ ਨਹੀਂ ਹਨ। ਉਸ ਦੇ ਨੇੜਲੇ ਸੰਪਰਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਕਾਂਤਵਾਸ ਕਰ ਦਿੱਤਾ ਗਿਆ ਹੈ।“
ਡਬਲਿਊ.ਐਚ.ਓ. ਮੁਤਾਬਕ ਮੰਕੀਪੌਕਸ ਦੇ ਲੱਛਣ ਚੇਚਕ ਦੇ ਮਰੀਜ਼ਾਂ ਵਰਗੇ ਹੁੰਦੇ ਹਨ। ਮੰਕੀਪੌਕਸ ਲਾਗ ਲੱਗਣ ਨਾਲ ਮਰੀਜ਼ ‘ਚ ਬੁਖਾਰ ਅਤੇ ਚਮੜੀ ‘ਤੇ ਗਿਲਟੀਆਂ ਦੇ ਲੱਛਣ ਦਿਖਾਈ ਪੈਂਦੇ ਹਨ। ਇਸ ਦੇ ਮਰੀਜ਼ ਨੂੰ ਠੀਕ ਹੋਣ ‘ਚ ਦੋ ਤੋਂ ਚਾਰ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ। ਇਹ ਲਾਗ ਪ੍ਰਭਾਵਿਤ ਜਾਨਵਰਾਂ ਤੋਂ ਮਨੁੱਖ ‘ਚ ਫੈਲ ਸਕਦੀ ਹੈ। ਇਸ ਤੋਂ ਇਲਾਵਾ ਇਹ ਪੀੜਤ ਮਨੁੱਖ ਦੇ ਸੰਪਰਕ ‘ਚ ਆਉਣ ‘ਤੇ ਵੀ ਫੈਲਦੀ ਹੈ। ਕੇਂਦਰ ਵੱਲੋਂ ਸੂਬਿਆਂ ਅਤੇ ਯੂਟੀਜ ਨੂੰ ਜਾਰੀ ‘ਮੰਕੀਪੌਕਸ ਰੋਗ ਦੇ ਪ੍ਰਬੰਧਨ ਬਾਰੇ ਦਿਸ਼ਾ-ਨਿਰਦੇਸ਼ਾਂ‘ ‘ਚ ਕਿਹਾ ਗਿਆ ਹੈ ਕਿ ਕੋਵਿਡ ਜ਼ਿਆਦਾ ਖਤਰਨਾਕ ਹੈ ਅਤੇ ਮੰਕੀਪੌਕਸ ਵੀ ਲਾਗ ਦਾ ਰੋਗ ਹੈ ਪਰ ਜੇਕਰ ਢੁਕਵੀਂ ਦੂਰੀ ਬਣਾਈ ਰੱਖੀ ਜਾਵੇ ਅਤੇ ਲੋਕ ਮਾਸਕ ਪਹਿਨਣਗੇ ਤਾਂ ਇਹ ਤੇਜੀ ਨਾਲ ਨਹੀਂ ਫੈਲੇਗਾ। ਮੰਕੀਪੌਕਸ ਦੇ ਲੱਛਣ 6 ਤੋਂ 13 ਦਿਨਾਂ ਤੱਕ ਦਿਖਾਈ ਦੇ ਸਕਦੇ ਹਨ ਪਰ ਇਹ 5 ਤੋਂ 21 ਦਿਨ ਤੱਕ ਵੀ ਰਹਿ ਸਕਦੇ ਹਨ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਮੰਕੀਪੌਕਸ ਤੋਂ ਪੀੜਤ ਵਿਅਕਤੀ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀ ਦੀ ਪਹਿਲੇ ਦਿਨ ਤੋਂ ਲੈ ਕੇ 21 ਦਿਨਾਂ ਤੱਕ ਘੱਟੋ ਘੱਟ ਦਿਨ ‘ਚ ਇਕ ਵਾਰ ਜਾਂਚ ਜਰੂਰ ਹੋਣੀ ਚਾਹੀਦੀ ਹੈ।
ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ: ਮਾਹਿਰ
ਨਵੀਂ ਦਿੱਲੀ: ਦੇਸ਼ ‘ਚ ਮੰਕੀਪੌਕਸ ਦੇ ਚਾਰ ਕੇਸ ਸਾਹਮਣੇ ਆਉਣ ਤੋਂ ਬਾਅਦ ਮਾਹਿਰਾਂ ਨੇ ਕਿਹਾ ਹੈ ਕਿ ਲਾਗ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਘੱਟ ਫੈਲਦਾ ਹੈ ਅਤੇ ਮੌਤ ਹੋਣ ਦਾ ਖਦਸ਼ਾ ਬਹੁਤ ਹੀ ਘੱਟ ਹੈ। ਮਾਹਿਰਾਂ ਮੁਤਾਬਕ ਸਖਤ ਨਿਗਰਾਨੀ ਰਾਹੀਂ ਇਸ ਦੇ ਅਸਰ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵਧੇਰੇ ਇਹਤਿਆਤ ਰੱਖਣ ਦੀ ਲੋੜ ਹੈ। ਮਹਾਮਾਰੀ ਮਾਹਿਰ ਅਤੇ ਲਾਗ ਦੇ ਰੋਗਾਂ ਦੇ ਡਾਕਟਰ ਚੰਦਰਕਾਂਤ ਲਹਿਰੀਆ ਨੇ ਕਿਹਾ ਕਿ ਮੰਕੀਪੌਕਸ ਕੋਈ ਨਵਾਂ ਵਾਇਰਸ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪੰਜ ਦਹਾਕਿਆਂ ਤੋਂ ਦੁਨੀਆ ਭਰ ‘ਚ ਮੌਜੂਦ ਹੈ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਹੈ।