ਕਾਬੁਲ: ਦਹਿਸ਼ਤਗਰਦਾਂ ਨੇ ਕਾਬੁਲ ਵਿਚ ਕਰਤੇ ਪਰਵਾਨ ਗੁਰਦੁਆਰੇ ‘ਤੇ ਹਮਲਾ ਕਰਕੇ ਦੋ ਵਿਅਕਤੀ ਦੀ ਹੱਤਿਆ ਕਰ ਦਿੱਤੀ ਜਦ ਕਿ ਸੱਤ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਇਕ ਅਫ਼ਗਾਨ ਸਿੱਖ ਵੀ ਸੀ। ਦਹਿਸ਼ਤਗਰਦ ਧਮਾਕਾਖੇਜ ਸਮੱਗਰੀ ਨਾਲ ਭਰਿਆ ਟਰੱਕ ਗੁਰਦੁਆਰੇ ਤੱਕ ਲੈ ਜਾਣਾ ਚਾਹੁੰਦੇ ਸਨ ਜਿਸ ਨੂੰ ਤਾਲਿਬਾਨ ਦੇ ਸੁਰੱਖਿਆ ਕਰਮਚਾਰੀਆਂ ਨੇ ਰੋਕ ਲਿਆ।
ਦਹਿਸ਼ਤਗਰਦਾਂ ਅਤੇ ਤਾਲਿਬਾਨ ਸੁਰੱਖਿਆ ਕਰਮਚਾਰੀਆਂ ਵਿਚਕਾਰ ਕਈ ਘੰਟੇ ਮੁਕਾਬਲਾ ਹੋਇਆ ਜਿਸ ਵਿਚ ਤਿੰਨ ਹਮਲਾਵਰ ਮਾਰੇ ਗਏ। ਹਮਲੇ ਸਮੇਂ ਗੁਰਦੁਆਰੇ ਵਿਚ ਸਿੱਖ ਤੇ ਹਿੰਦੂ ਸ਼ਰਧਾਲੂ ਮੌਜੂਦ ਸਨ। ਸੁਰੱਖਿਆ ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਇਹ ਹਮਲਾ ਇਸਲਾਮਿਕ ਸਟੇਟ (ਖੋਰਾਸਾਨ) ਨਾਮ ਦੀ ਜਥੇਬੰਦੀ ਨੇ ਕੀਤਾ ਹੈ।
ਜਾਣਕਾਰੀ ਮੁਤਾਬਕ ਪਹਿਲਾਂ ਇਕ ਬੰਦੂਕਧਾਰੀ ਨੇ ਹੈਂਡ ਗ੍ਰਨੇਡ ਸੁੱਟਿਆ ਜਿਸ ਨਾਲ ਗੁਰਦੁਆਰੇ ਦੇ ਗੇਟ ਨੇੜੇ ਅੱਗ ਲੱਗ ਗਈ। ਗੁਰਦੁਆਰੇ ਉਤੇ ਸੁਵਖਤੇ ਹਮਲਾ ਹੋਇਆ ਉਦੋਂ ਅੰਦਰ ਕਰੀਬ 30 ਜਣੇ ਸਨ। ਇਹ ਬੰਬ ਧਮਾਕੇ ਕਰਤੇ ਪਰਵਾਨ ਇਲਾਕੇ ਵਿਚ ਹੋਏ ਹਨ ਤੇ ਇਸ ਇਲਾਕੇ ਵਿਚ ਹੀ ਜ਼ਿਆਦਾਤਰ ਅਫ਼ਗਾਨ ਹਿੰਦੂ ਤੇ ਸਿੱਖ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਸਜਿਦਾਂ ਤੇ ਘੱਟ ਗਿਣਤੀਆਂ ਉਤੇ ਅਫ਼ਗਾਨਿਸਤਾਨ ਵਿਚ ਹੁੰਦੇ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਖੋਰਾਸਾਨ) ਲੈਂਦਾ ਰਿਹਾ ਹੈ। ਦੱਸਣਯੋਗ ਹੈ ਕਿ 2020 ਵਿਚ ਹੋਏ ਇਕ ਹਮਲੇ ਸਮੇਂ ਅਫ਼ਗਾਨਿਸਤਾਨ ਵਿਚ 700 ਸਿੱਖ ਤੇ ਹਿੰਦੂ ਰਹਿ ਰਹੇ ਸਨ। ਇਸ ਤੋਂ ਬਾਅਦ ਦਰਜਨਾਂ ਨੇ ਮੁਲਕ ਛੱਡ ਦਿੱਤਾ ਪਰ ਕੁਝ ਕਾਬੁਲ, ਜਲਾਲਾਬਾਦ ਤੇ ਗ਼ਜ਼ਨੀ ਵਿਚ ਰੁਕ ਗਏ। ਤਾਲਿਬਾਨ ਵੱਲੋਂ ਪਿਛਲੇ ਸਾਲ ਅਗਸਤ ਵਿਚ ਅਫ਼ਗਾਨਿਸਤਾਨ ਦੀ ਸੱਤਾ ਸੰਭਾਲਣ ਤੋਂ ਬਾਅਦ ਲਗਾਤਾਰ ਹਮਲੇ ਹੋ ਰਹੇ ਹਨ ਤੇ ਸੁੰਨੀ ਮੁਸਲਿਮ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਇਨ੍ਹਾਂ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਮਾਰਚ 2020 ਵਿਚ ਕਾਬੁਲ ਦੇ ਹੀ ਇਕ ਗੁਰਦੁਆਰੇ ਉਤੇ ਹੋਏ ਹਮਲੇ ‘ਚ 25 ਜਣੇ ਮਾਰੇ ਗਏ ਸਨ। ਸ਼ੋਰ ਬਾਜ਼ਾਰ ਵਿਚ ਹੋਏ ਹਮਲੇ ਦੀ ਜ਼ਿੰਮੇਵਾਰੀ ਉਸ ਵੇਲੇ ਇਸਲਾਮਿਕ ਸਟੇਟ ਨੇ ਲਈ ਸੀ।
2018 ਵਿਚ ਜਲਾਲਾਬਾਦ ਵਿਖੇ ਇਕ ਗੁਰਦੁਆਰੇ ‘ਤੇ ਹਮਲਾ ਹੋਇਆ ਸੀ। ਅਫ਼ਗਾਨ ਸਿੱਖ ਸਦੀਆਂ ਤੋਂ ਅਫ਼ਗਾਨਿਸਤਾਨ ਵਿਚ ਵੱਸਦੇ ਆਏ ਹਨ ਅਤੇ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ ਪਰ ਧਾਰਮਿਕ ਕੱਟੜਤਾ ਨੇ ਅਫ਼ਗਾਨਿਸਤਾਨ ਨੂੰ ਇਸ ਮੁਕਾਮ ‘ਤੇ ਲੈ ਆਂਦਾ ਹੈ ਕਿ ਹਿੰਦੂਆਂ, ਸਿੱਖਾਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦਾ ਉਥੇ ਰਹਿਣਾ ਸੰਭਵ ਨਹੀਂ। ਦਹਿਸ਼ਤਗਰਦਾਂ ਨੇ ਸ਼ੀਆ ਭਾਈਚਾਰੇ ਅਤੇ ਉਸ ਦੀਆਂ ਮਸਜਿਦਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਆਪੋ-ਆਪਣੇ ਮੁਲਕਾਂ ਦੀਆਂ ਸਰਕਾਰਾਂ ਰਾਹੀਂ ਇਸ ਮਸਲੇ ਦੇ ਹੱਲ ਲਈ ਜੋਰ ਪਾਉਣ ਦੀ ਅਪੀਲ ਕੀਤੀ ਹੈ। ਕੌਮਾਂਤਰੀ ਭਾਈਚਾਰੇ ਰਾਹੀਂ ਦਬਾਅ ਬਣਾਉਣਾ ਕਾਰਗਰ ਨੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਫ਼ਗਾਨਿਸਤਾਨ ਵਿਚ ਵੱਸਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਇਸ ਕਾਇਰਾਨਾ ਹਮਲੇ ਦੀ ਨਿਖੇਧੀ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ‘ਤੇ ਅਤਿਵਾਦੀਆਂ ਵੱਲੋਂ ਕੀਤੇ ਵਹਿਸ਼ੀ ਤੇ ਘਿਨੌਣੇ ਹਮਲੇ ਦੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਅਫ਼ਗਾਨਿਸਤਾਨ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ। ਉਨ੍ਹਾਂ ਦੀ ਮਦਦ ਲਈ ਹਰ ਸੰਭਵ ਪ੍ਰਬੰਧ ਕੀਤੇ ਜਾਣ। ਮਾਨ ਨੇ ਕਿਹਾ ਕਿ ਗੁਰਦੁਆਰਾ ‘ਕਰਤੇ ਪਰਵਾਨ‘ ਉਤੇ ਹੋਏ ਹਮਲੇ ਨੂੰ ਭਾਰਤ ਸਰਕਾਰ ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਕੋਲ ਉਠਾਏ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ।
ਪੈਗੰਬਰ ਦੇ ਅਪਮਾਨ ਦਾ ਬਦਲਾ ਲਿਆ: ਇਸਲਾਮਿਕ ਸਟੇਟ
ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰੇ ਉਤੇ ਹੋਏ ਹਮਲੇ ਦੀ ਜ਼ਿੰੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਇਸਲਾਮਿਕ ਸਟੇਟ ਨੇ ਇਸ ਹਮਲੇ ਨੂੰ ਪੈਗੰਬਰ ਦੇ ‘ਸਮਰਥਨ ਵਿਚ ਕੀਤਾ ਗਿਆ ਕੰਮ` ਦੱਸਿਆ ਹੈ। ਅਤਿਵਾਦੀ ਸੰਗਠਨ ਦੀ ਵੈੱਬਸਾਈਟ ‘ਅਮਾਕ` ਉਤੇ ਪੋਸਟ ਕੀਤੇ ਗਏ ਬਿਆਨ ਵਿਚ ਇਸਲਾਮਿਕ ਸਟੇਟ ਨਾਲ ਸਬੰਧਤ ਇਸਲਾਮਿਕ ਸਟੇਟ-ਖੁਰਾਸਾਨ ਪ੍ਰੋਵਿੰਸ (ਆਈ.ਐਸ.ਕੇ.ਪੀ.) ਨੇ ਕਿਹਾ ਕਿ ਹਮਲਾ ਹਿੰਦੂਆਂ, ਸਿੱਖਾਂ ਤੇ ਉਨ੍ਹਾਂ ਧਰਮ ਭ੍ਰਿਸ਼ਟ ਲੋਕਾਂ ਦੇ ਖਿਲਾਫ ਹੈ ਜਿਨ੍ਹਾਂ ‘ਅੱਲ੍ਹਾ ਦੇ ਦੂਤ ਦਾ ਅਪਮਾਨ ਕਰਨ ਵਿਚ ਸਾਥ ਦਿੱਤਾ`।
ਭਾਰਤ ਵੱਲੋਂ ਅਫਗਾਨ ਸਿੱਖਾਂ ਤੇ ਹਿੰਦੂਆਂ ਲਈ ਈ-ਵੀਜ਼ਾ
ਨਵੀਂ ਦਿੱਲੀ: ਕਾਬੁਲ ਦੇ ਗੁਰਦੁਆਰੇ ਕਰਤੇ ਪਰਵਾਨ ਉਤੇ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਲਈ 100 ਈ-ਵੀਜ਼ਾ ਜਾਰੀ ਕਰ ਦਿੱਤੇ ਹਨ। ਇਹ ਕਦਮ ਅਫ਼ਗਾਨਿਸਤਾਨ ਵਿਚ ਇਨ੍ਹਾਂ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਬਣੇ ਖਤਰੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ (ਕੇਪੀ) ਲਗਾਤਾਰ ਉਥੇ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਬਾਰੇ ਉਘੀ ਸ਼ਖਸੀਅਤ ਪੁਨੀਤ ਚੰਢੋਕ ਨੇ ਕਈ ਟਵੀਟ ਵੀ ਕੀਤੇ ਸਨ। ਘਟਨਾ ਵਾਪਰਨ ਤੋਂ ਬਾਅਦ ਸਰਕਾਰ ਨੇ ਰਾਤੋ-ਰਾਤ ਇਹ ਵੀਜ਼ਾ ਜਾਰੀ ਕੀਤੇ ਹਨ।