ਪੰਜਾਬ ਦੇ ਗੁਆਂਢੀ ਸੂਬਿਆਂ ਤੋਂ ਮੰਗਵਾਏ ਜਾ ਰਹੇ ਨੇ ਭਾੜੇ ਦੇ ਕਾਤਲ

ਚੰਡੀਗੜ੍ਹ: ਪੰਜਾਬ ਵਿਚ ਵਾਪਰ ਰਹੀਆਂ ਸਿਲਸਿਲੇਵਾਰ ਅਪਰਾਧਕ ਘਟਨਾਵਾਂ ਵਿਚ ਸੂਬੇ ਵਿਚ ਸਰਗਰਮ ਗੈਂਗਸਟਰ ਧੜਿਆਂ ਵੱਲੋਂ ਭਾੜੇ ਦੇ ਕਾਤਲ ਪੰਜਾਬ ਤੋਂ ਬਾਹਰੋਂ ਮੰਗਵਾਏ ਜਾਣ ਨੇ ਪੰਜਾਬ ਪੁਲਿਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਪੰਜਾਬ ਤੇ ਹਰਿਆਣਾ ਨਾਲ ਸਬੰਧਤ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਈ ਹੈ।

ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਇਹ ਵੀ ਹੈ ਕਿ ਲੰਘੇ ਮਹੀਨੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਇਮਾਰਤ ‘ਤੇ ਜਿਨ੍ਹਾਂ ਵਿਅਕਤੀਆਂ ਨੇ ਰਾਕੇਟ ਲਾਂਚਰ ਨਾਲ ਗਰਨੇਡ ਦਾਗਿਆ ਸੀ, ਉਹ ਵੀ ਪੰਜਾਬ ਤੋਂ ਬਾਹਰਲੇ ਵਿਅਕਤੀ ਸਨ। ਇਸ ਮਾਮਲੇ ਦੀ ਤਫ਼ਤੀਸ਼ ਮੁਤਾਬਕ ਗ੍ਰਨੇਡ ਦਾਗਣ ਵਾਲੇ ਵਿਅਕਤੀ ਹਰਿਆਣਾ ਨਾਲ ਸਬੰਧਤ ਸਨ। ਪੁਲਿਸ ਮੁਤਾਬਕ ਇੰਟੈਲੀਜੈਂਸ ਵਿੰਗ ਦੀ ਇਮਾਰਤ ‘ਤੇ ਯੋਜਨਾ ਖਾਲਿਸਤਾਨ ਪੱਖੀਆਂ ਨੇ ਘੜੀ ਤੇ ਅੰਜਾਮ ਗੈਂਗਸਟਰਾਂ ਦੇ ਬੰਦਿਆਂ ਨੇ ਦਿੱਤਾ। ਇਨ੍ਹਾਂ ਵਿਅਕਤੀਆਂ ਦੀ ਪਛਾਣ ਤਾਂ ਹੋ ਗਈ ਹੈ ਪਰ ਕਾਬੂ ਨਹੀਂ ਕੀਤੇ ਜਾ ਸਕੇ। ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਨਾਲ ਸਬੰਧਤ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਪੁਲਿਸ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ ਅਤੇ ਉਤਰ ਪ੍ਰਦੇਸ਼ ਆਦਿ ਸੂਬਿਆਂ ਵਿਚ ਸਰਗਰਮ ਗੈਂਗਸਟਰਾਂ ਦੇ ਜ਼ਿਆਦਾਤਰ ਧੜਿਆਂ ਵੱਲੋਂ ਹੱਥ ਮਿਲਾ ਲਏ ਜਾਣ ਕਾਰਨ ਇਹ ਮਾਮਲਾ ਅੰਤਰਰਾਜੀ ਅਤੇ ਪੇਚੀਦਾ ਬਣ ਗਿਆ ਹੈ। ਪੁਲਿਸ ਵੱਲੋਂ ਹੁਣ ਤੱਕ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ। ਇਸ ਪੁੱਛ ਪੜਤਾਲ ਦੌਰਾਨ ਇਹੀ ਗੱਲ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਲਈ ਗੈਂਗਸਟਰਾਂ ਦੇ ਗਰੁੱਪਾਂ ਵੱਲੋਂ ਲੰਮੀ ਯੋਜਨਾ ਘੜੀ ਗਈ ਸੀ। ਪੁਲਿਸ ਵੱਲੋਂ ਹੁਣ ਤੱਕ ਸੀ.ਸੀ.ਟੀ.ਟੀ.ਵੀ. ਕੈਮਰਿਆਂ ਦੀ ਘੋਖ ਕਰਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਤਿੰਨਾਂ ਕਾਰਾਂ ਵਿਚ ਸਵਾਰ ਹਮਲਾਵਰ ਵੱਖੋ ਵੱਖਰੇ ਰਸਤਿਆਂ ਰਾਹੀਂ ਮਾਨਸਾ ਜ਼ਿਲ੍ਹੇ ਵਿਚ ਘਟਨਾ ਵਾਲੀ ਥਾਂ ਦੇ ਨਜ਼ਦੀਕ ਇਕੱਠੇ ਹੋਏ। ਦਿੱਲੀ ਪੁਲਿਸ ਦੇ ਤਫਤੀਸ਼ੀ ਅਫਸਰਾਂ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਮੁਤਾਬਕ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਮੂਸੇਵਾਲਾ ਨੂੰ ਕਤਲ ਕਰਨ ਦੀ ਯੋਜਨਾ ਪਿਛਲੇ ਤਿੰਨ ਮਹੀਨਿਆਂ ਤੋਂ ਘੜੀ ਜਾ ਰਹੀ ਸੀ। ਬਿਸ਼ਨੋਈ ਵੱਲੋਂ ਭੇਜੇ ਭਾੜੇ ਦੇ ਕਾਤਲਾਂ ਦੀਆਂ ਕੋਸ਼ਿਸ਼ਾਂ ਤਿੰਨ ਵਾਰੀ ਅਸਫਲ ਵੀ ਹੋਈਆਂ ਸਨ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵਰਤੀ ਗਈ ਬੋਲੈਰੋ ਗੱਡੀ ਦੇ ਫਤਿਹਾਬਾਦ ‘ਚ ਘੁੰਮਣ ਦੇ ਸੁਰਾਗ ਮਿਲਦੇ ਹੀ ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਪਿੰਡ ਭਿਰਡਾਨਾ ਦੇ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੀ ਪਛਾਣ ਪਵਨ ਬਿਸ਼ਨੋਈ ਅਤੇ ਨਸੀਬ ਖਾਨ ਵਜੋਂ ਹੋਈ ਹੈ। ਫਤਿਹਾਬਾਦ ਦੇ ਐਸ.ਪੀ. ਸੁਰਿੰਦਰ ਭੋਰੀਆਂ ਮੁਤਾਬਕ ਦੋ ਨੌਜਵਾਨਾਂ ਨੂੰ ਸਾਂਝੇ ਪੁਲਿਸ ਅਪਰੇਸ਼ਨ ਵਿਚ ਕਾਬੂ ਕੀਤਾ ਗਿਆ ਹੈ। ਮੋਗਾ ਪੁਲਿਸ ਇਨ੍ਹਾਂ ਨੌਜਵਾਨਾਂ ਤੋਂ ਪੁੱਛ-ਪੜਤਾਲ ਕਰੇਗੀ। ਪੁਲਿਸ ਨੂੰ ਇਨ੍ਹਾਂ ਨੌਜਵਾਨਾਂ ਤੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।