ਸੁਰਿੰਦਰ ਨੀਰ ਦੀ ‘ਮਾਇਆ’ ਬਨਾਮ ਜ਼ਿੰਦਗੀ ਦਾ ਜਸ਼ਨ (4)

ਯਾਂ ਪਾਲ ਸਾਰਤਰ ਅਤੇ ਸਿਮੋਨ ਦਿ ਬੂਆ ਸਾਡੇ ਸਮਿਆਂ ਦੇ ਰੱਬ ਸਨ। ਚੜ੍ਹਦੀ ਉਮਰੇ ਉਹ ਜਦੋਂ ਇਕ-ਦੂਜੇ ਨੂੰ ਮਿਲੇ; ਵਿਆਹ ਵਰਗੇ ਕਿਸੇ ਵੀ ਬੰਧਨ ਤੋਂ ਮੁਕਤ ਜ਼ਿੰਦਗੀ ਭਰ ਇਕੱਠਿਆਂ ਰਹਿਣ ਦਾ ਫੈਸਲਾ ਕੀਤਾ; ਉਨ੍ਹਾਂ ਨੇ ਇਕ-ਦੂਜੇ ਨਾਲ ਇਹ ਵਾਅਦਾ ਵੀ ਕੀਤਾ ਕਿ ਉਹ ਇਕ-ਦੂਜੇ ਤੋਂ ਕੁਝ ਵੀ ਛੁਪਾਉਣਗੇ ਨਹੀਂ ਅਤੇ ਦੂਜੇ ਦੀ ਸੁਤੰਤਰਤਾ ਦੇ ਰਾਹ ਵਿਚ ਰੁਕਾਵਟ ਵੀ ਨਹੀਂ ਬਣਨਗੇ।
ਪ੍ਰਸੰਗ ਲਾਲੀ ਬਾਬਾ, ਸਾਰਤਰ, ਸਿਮੋਨ ਤੇ ਸੰਗੀ-ਸਾਥੀ
ਜੰਮੂ ਵੱਸਦੀ ਪੰਜਾਬੀ ਸਾਹਿਤਕਾਰ ਸੁਰਿੰਦਰ ਨੀਰ ਦੇ ਵੱਡ-ਆਕਾਰੀ ਨਾਵਲ ‘ਮਾਇਆ’ ਨੇ ਪੰਜਾਬੀ ਸਾਹਿਤ ਜਗਤ ਵਿਚ ਚੋਖੀ ਹਲਚਲ ਕੀਤੀ ਹੈ। ਹਰ ਬੁੱਧੀਜੀਵੀ ਅਤੇ ਪਾਠਕ ਨੇ ਇਸ ਨਾਵਲ ਦੇ ਟੈਕਸਟ ਦੇ ਵੱਖ-ਵੱਖ ਅਰਥ ਸਿਰਜਣ ਦਾ ਯਤਨ ਕੀਤਾ ਹੈ। ਸਾਹਿਤ ਜਗਤ ਵਿਚ ਚਿਰਾਂ ਬਾਅਦ ਅਜਿਹੀ ਰਚਨਾ ਸਾਹਮਣੇ ਆਈ ਹੈ ਜਿਸ ਬਾਰੇ ਇਸ ਤਰ੍ਹਾਂ ਦੀ ਚਰਚਾ ਅਰੰਭ ਹੋਈ ਹੈ। ਮੋਟੇ ਤੌਰ ‘ਤੇ ਤਾਂ ਇਸ ਰਚਨਾ ਦਾ ਸਵਾਗਤ ਹੀ ਹੋਇਆ ਹੈ, ਪਰ ਕੁਝ ਪਾਠਕਾਂ/ਬੁੱਧੀਜੀਵੀਆਂ ਨੇ ਇਸ ਨਾਵਲ ਦੀ ਤਿੱਖੀ ਨੁਕਤਾਚੀਨੀ ਵੀ ਕੀਤੀ ਹੈ। ਇਸ ਨਾਵਲ ਬਾਰੇ ‘ਪੰਜਾਬ ਟਾਈਮਜ਼’ ਦੇ ਖੈਰ-ਖਵਾਹ ਅਤੇ ਮਿੱਤਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ਲਿਖਿਆ ਹੈ। ਇਹ ਲੇਖ ਨਿਰਾ-ਪੁਰਾ ਇਸ ਨਾਵਲ ਬਾਰੇ ਹੀ ਨਹੀਂ, ਬਲਕਿ ਇਸ ਵਿਚ ਸੰਸਾਰ ਸਾਹਿਤ ਦੀਆਂ ਉਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਹੜੀਆਂ ਜ਼ਿੰਦਗੀ ਨੂੰ ਸਮਝਣ/ਸਮਝਾਉਣ ਲਈ ਕਹਿੰਦੇ-ਕਹਾਉਂਦੇ ਲੇਖਕਾਂ ਨੇ ਵੱਖ-ਵੱਖ ਸਮਿਆਂ ਵਿਚ ਆਪਣੀਆਂ ਲਿਖਤਾਂ ਦਾ ਹਿੱਸਾ ਬਣਾਈਆਂ ਸਨ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਯਾਂ ਪਾਲ ਸਾਰਤਰ ਅਤੇ ਸਿਮੋਨ ਦਿ ਬੂਆ ਸਾਡੇ ਸਮਿਆਂ ਦੇ ਰੱਬ ਸਨ। ਚੜ੍ਹਦੀ ਉਮਰੇ ਉਹ ਜਦੋਂ ਇਕ-ਦੂਜੇ ਨੂੰ ਮਿਲੇ; ਵਿਆਹ ਵਰਗੇ ਕਿਸੇ ਵੀ ਬੰਧਨ ਤੋਂ ਮੁਕਤ ਜ਼ਿੰਦਗੀ ਭਰ ਇਕੱਠਿਆਂ ਰਹਿਣ ਦਾ ਫੈਸਲਾ ਕੀਤਾ; ਉਨ੍ਹਾਂ ਨੇ ਇਕ-ਦੂਜੇ ਨਾਲ ਇਹ ਵਾਅਦਾ ਵੀ ਕੀਤਾ ਕਿ ਉਹ ਇਕ-ਦੂਜੇ ਤੋਂ ਕੁਝ ਵੀ ਛੁਪਾਉਣਗੇ ਨਹੀਂ ਅਤੇ ਦੂਜੇ ਦੀ ਸੁਤੰਤਰਤਾ ਦੇ ਰਾਹ ਵਿਚ ਰੁਕਾਵਟ ਵੀ ਨਹੀਂ ਬਣਨਗੇ।
ਸਾਡੇ ਦਰਵੇਸ਼ ਦੋਸਤ ਲਾਲੀ ਬਾਬਾ ਅਕਸਰ ਹੀ ਸਾਰਤਰ ਅਤੇ ਸਿਮੋਨ ਦੀ ਗੱਲ ਕਰਦੇ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਹ ਫਰਾਂਸੀਸੀ ਚਿੰਤਕ ਜ਼ਿੰਦਗੀ ਦੇ ਮਹਾਂ ਜਸ਼ਨ ਦੇ ਆਪਣੀ ਕਿਸਮ ਦੇ ਜ਼ਿੰਦਾ ਸ਼ਹੀਦ ਸਨ। ਇਨ੍ਹਾਂ ਨੇ ਆਪਣੀਆਂ ਜ਼ਿੰਦਾਂ ਨੂੰ ਸੋਚ ਸਮਝ ਕੇ ਜਿਉਣ ਦੇ ਨਵੇਂ-ਨਵੇਂ ਤਜਰਬਿਆਂ ਦੀ ਮਾਨੋ ‘ਲੈਬਾਰਟਰੀ’ ਬਣਾਈ ਰੱਖਿਆ, ਤਾਂ ਕਿ ਨਵੀਆਂ ਨਸਲਾਂ ਦੇ ਮੁੰਡੇ-ਕੁੜੀਆਂ ਨੂੰ ਰੂਹ ਦੇ ਰੱਜ ਨਾਲ ਜਿਉਣ ਦੀ ਪ੍ਰੇਰਨਾ ਅਤੇ ਸਾਹਸ ਮਿਲੇ। ਮੇਰਾ ਵਿਸ਼ਵਾਸ ਹੈ ਕਿ ਲਾਲੀ ਬਾਬੇ ਵਿਚ ਵੀ ‘ਮਾਇਆ’ ਨਾਵਲ ਦੀ ਨਾਇਕਾ ਬਲਬੀਰ ਵਰਗੀ ਹੀ ਪੂਰੀ ਜ਼ਿੰਦਗੀ ਨੂੰ ਕਿਸੇ ਵਿਸ਼ਾਲ ਮੇਲੇ ਦੇ ਹਾਰ ਨਿਰੰਤਰ ਨਿਹਾਰਦੇ ਰਹਿਣ ਵਾਲੀ ਨਿਰੰਤਰ ਜੁਸਤਜੂ ਸੀ ਜਿਸ ਨੇ ਲਗਭਗ ਅੱਧੀ ਸਦੀ ਤੱਕ ਉਨ੍ਹਾਂ ਨੂੰ ਕਿਤੇ ਵੀ ਟਿਕ ਕੇ ਬਹਿਣ ਨਾ ਦਿੱਤਾ। ਉਨ੍ਹਾਂ ਦੀ ਸ਼ਖਸੀਅਤ ਆਪਣੇ ਆਪ ਵਿਚ ਹੀ ਕਲਾ ਦਾ ਕੋਈ ਵਿਲੱਖਣ ਅਜੂਬਾ ਸੀ। ਨਵਤੇਜ ਭਾਰਤੀ, ਹਰਿੰਦਰ ਸਿੰਘ ਮਹਿਬੂਬ, ਪ੍ਰੋæ ਪ੍ਰੇਮ ਪਾਲੀ, ਡਾæ ਬਲਕਾਰ ਸਿੰਘ ਤੇ ਸੁਰਜੀਤ ਪਾਤਰ, ਜੋਗਿੰਦਰ ਕੈਰੋਂ ਅਤੇ ਸ਼ਾਇਰ ਅਨੂਪ ਸਿੰਘ ਸਮੇਤ ਅਨੇਕਾਂ ਹੀ ਲੋਕ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਪ੍ਰਵਚਨਾਂ ਦਾ ਅਨੰਦ ਮਾਣਿਆ।
ਅੱਜ ਤੋਂ 25-26 ਵਰ੍ਹੇ ਪਹਿਲਾਂ ਜਦੋਂ ਮਹਿਬੂਬ ਸਾਹਿਬ ਦੀ ‘ਸਹਿਜੇ ਰਚਿਓ ਖਾਲਸਾ’ ਨਾਂ ਦੀ ਵੱਡ-ਆਕਾਰੀ ਕਿਤਾਬ ਦਾ ਵਿਮੋਚਨ ਪੰਜਾਬੀ ਯੂਨੀਵਰਸਿਟੀ ਵਿਚ ਹੋਇਆ ਤਾਂ ਉਸ ਦਿਨ ਉਨ੍ਹਾਂ ਦਾ ਚਾਅ ਮਿਉਂਦਾ ਨਹੀਂ ਸੀ। ਅਗਲੇ ਕਈ ਦਿਨਾਂ ਤੱਕ ਉਹ ਮਹਿਬੂਬ ਨਾਲ ਆਪਣੀ ਸਾਂਝ ਦੀਆਂ ਬਾਤਾਂ ਸੁਣਾਉਂਦੇ ਰਹੇ ਸਨ।æææਤੇ ‘ਮਾਇਆ’ ਦੀ ਨਾਇਕਾ ਬਲਬੀਰ ਬਾਰੇ ਆਪਣੇ ਪ੍ਰਭਾਵ ਸਾਂਝੇ ਕਰਦਿਆਂ ਬਾਬੇ ਬਾਰੇ ਗੱਲ ਕਰਨ ਦੀ ਖੁੱਲ੍ਹ ਇਸ ਵਿਸ਼ਵਾਸ ਨਾਲ ਵੀ ਲੈ ਰਿਹਾ ਹਾਂ ਕਿ ਅੱਜ ਜੇ ਉਹ ਪੁਰਾਣੇ ਦਿਨਾਂ ਵਾਂਗੂ ਸਰਗਰਮ ਹੁੰਦੇ ਤਾਂ ਸੁਰਿੰਦਰ ਨੀਰ ਦੇ ਇਸ ਨਾਵਲ ਦਾ ਸਭ ਤੋਂ ਵੱਧ ਚਾਅ ਉਨ੍ਹਾਂ ਨੂੰ ਹੀ ਹੋਣਾ ਸੀ। ਇਸ ਰਚਨਾ ਦੇ ਸੁਆਗਤ ਲਈ ਜੋ ਕੰਮ ਅਮਰਜੀਤ ਸਿੰਘ ਗਰੇਵਾਲ, ਡਾæ ਬਲਕਾਰ ਸਿੰਘ ਅਤੇ ਕਰਮਜੀਤ ਸਿੰਘ (ਪੰਜਾਬੀ ਟ੍ਰਿਬਿਊਨ) ਨੇ ਕੀਤਾ ਹੈ, ਇਹ ਸਾਰੀ ਮੁਹਿੰਮ ਲਾਲੀ ਬਾਬੇ ਨੇ ਆਪਣੇ ਹੀ ਅੰਦਾਜ਼ ਵਿਚ ਇਕੱਲਿਆਂ ਹੀ ਸਿਰੇ ਚਾੜ੍ਹ ਦੇਣੀ ਸੀ।
ਕਈ ਸਾਲ ਪਹਿਲਾਂ ਕਾਫੀ ਹਾਊਸ ਮੂਹਰੇ ਬੈਠਿਆਂ ਉਨ੍ਹਾਂ ਨੂੰ ਕਿਸੇ ਨੇ ‘ਵੁਦਰਿੰਗ ਹਾਈਟਸ’ ਨਾਵਲ ਬਾਰੇ ਸਵਾਲ ਕਰ ਦਿੱਤਾ ਕਿ ਐਮਲੀ ਬਰੌਂਟੇ ਨੇ ਭਲਾ ਕੀ ਸੋਚ ਕੇ ਲਿਖਿਆ ਹੋਵੇਗਾ। ਉਨ੍ਹਾਂ ਨੇ ਹਵਾ ‘ਚ ਹੱਥ ਮਾਰਦਿਆਂ ਇਤਨਾ ਕਹਿ ਕੇ ਗੱਲ ਮੁਕਾ ਦਿਤੀ ਸੀ ਕਿ ਪਿਆਰੇ! ਅਜਿਹੀਆਂ ਕਿਤਾਬਾਂ ਸੋਚ ਕੇ ਨਹੀਂ ਲਿਖੀਆਂ ਜਾਂਦੀਆਂ ਹੁੰਦੀਆਂ; ਬਸ ਲਿਖ ਹੋ ਜਾਂਦੀਆਂ।
ਪਿਛਲੇ ਕੁਝ ਵਰ੍ਹਿਆਂ ਦੌਰਾਨ ਮੈਂ ‘ਭੂਤਵਾੜਾ ਵਿਸ਼ਵ ਵਿਦਿਆਲੇ’ ਦੇ ਕਈ ਸਾਬਕਾ ਮੈਂਬਰਾਂ ਤੇ ਲਾਲੀ ਬਾਬੇ ਦੇ ਕਈ ਹੋਰ ਅਜ਼ੀਜ਼ਾਂ ਨਾਲ ਗੱਲਾਂ ਕੀਤੀਆਂ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਵਰ੍ਹਿਆਂ ਬੱਧੀ ਬਾਬੇ ਦੇ ਪ੍ਰਵਚਨ ਦੀ ਜਾਦੂਮਈ ਗ੍ਰਿਫਤ ਵਿਚ ਰਹੇ। ਕਈਆਂ ਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਉਨ੍ਹਾਂ ਨੇ ਪੂਰੀ-ਪੂਰੀ ਰਾਤ ਬਿਨਾਂ ਅੱਖ ਝਪਕਿਆਂ ਬਾਬੇ ਦੇ ਪ੍ਰਵਚਨਾਂ ਦਾ ਰਸ ਅਤੇ ਰੰਗ ਮਾਣਿਆ ਹੋਇਆ ਹੈ, ਪਰ ਜੇ ਅੱਗਿਉਂ ਸਵਾਲ ਕਰੀਏ ਕਿ ਉਹ ਕਿਹੜੀ-ਕਿਹੜੀ ਕਿਤਾਬ ਬਾਰੇ ਕੀ ਕਹਿੰਦਾ ਸੀ, ਤਾਂ ਲਗਭਗ ਸਾਰੇ ਹੀ ਕੁਰਤੁਲ-ਐਨ ਹੈਦਰ ਦੇ ‘ਆਗ ਕਾ ਦਰਿਆ’ ਦਾ ਜ਼ਿਕਰ ਕਰ ਕੇ ਗੱਲ ਮੁਕਾ ਦਿੰਦੇ ਹਨ। ਅਸਲ ਵਿਚ ਲਾਲੀ ਬਾਬੇ ਦੇ ਪ੍ਰਵਚਨਾਂ ਵਿਚ ਸਾਰਤਰ, ਸਿਮੋਨ, ਕਾਮੂ, ਮਾਰਲੋ, ਪੋਂਟੀ ਅਤੇ ਉਨ੍ਹਾਂ ਦੇ ਅਸਤਿਤਵਾਦਵਾਦੀ ਦਰਸ਼ਨ ਨੂੰ ਅਕਸਰ ਹੀ ਕੇਂਦਰੀ ਸਥਾਨ ਪ੍ਰਾਪਤ ਸੀ।
32 ਕੁ ਸਾਲ ਪਹਿਲਾਂ 1981 ਦੇ ਗਰਮੀਆਂ ਦੇ ਕਿਸੇ ਦਿਨ ਦੀ ਕਹਾਣੀ ਹੈ, ਇਤਫਾਕਵਸ ਮੇਰੇ ਹੱਥ ਵਿਚ ਸਾਰਤਰ ਦੀ ‘ਸਿਚੂਏਸ਼ਨਜ਼’ ਨਾਂ ਦੀ ਲੇਖਾਂ ਅਤੇ ਯਾਦਾਂ ਦੀ ਕਿਤਾਬ ਸੀ। ਹੋਰ ਲੇਖਾਂ ਦੇ ਨਾਲ ਇਸ ਵਿਚ ਇਕ ਲੇਖ ਸਾਰਤਰ ਦੇ ਬਚਪਨ ਦੇ ਪਿਆਰੇ ਸਾਥੀ ਪਾਲ ਨਿਜਾਂ ਬਾਰੇ ਸੀ। ਨਿਜਾਂ ਚੜ੍ਹਦੀ ਉਮਰੇ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ ਸੀ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਹੱਥੋਂ ਮਾਰਿਆ ਗਿਆ। ਦੋ ਲੇਖ ਕਾਮੂ ਬਾਰੇ ਸਨ ਅਤੇ ਸਭ ਤੋਂ ਲੰਮਾ ਲੇਖ ਸਾਰਤਰ ਦੇ ਮਿੱਤਰ ਅਤੇ ਉਘੇ ਦਾਰਸ਼ਨਿਕ ਮਾਰਲੋ ਪੋਂਟੀ ਬਾਰੇ ਸੀ। ਮਾਰਲੋ ਪੋਂਟੀ ਉਮਰ ‘ਚ ਸਾਰਤਰ ਨਾਲੋਂ 2-4 ਸਾਲ ਛੋਟਾ ਸੀ। ਸਾਰਤਰ ਦੀ ‘ਬੀਇੰਗ ਐਂਡ ਨਥਿੰਗਨੈਸ’ ਅਤੇ ਮਾਰਲੋ ਪੋਂਟੀ ਦੀ ‘ਫਿਨਾਮੋਨੋਲੋਜੀ ਆਫ ਪ੍ਰਸੈਪਸ਼ਨ’ 1940-45 ਦੇ ਵਿਚਾਲੇ ਲਗਭਗ ਇਕੋ ਸਮੇਂ ਪ੍ਰਕਾਸ਼ਤ ਹੋਈਆਂ ਸਨ। ਅਹਿਮੀਅਤ ਪੱਖੋਂ ਦੋਵਾਂ ਨੂੰ 20ਵੀਂ ਸਦੀ ‘ਚ ਛਪੀਆਂ 5-7 ਅਹਿਮ ਦਾਰਸ਼ਨਿਕ ਪੁਸਤਕਾਂ ਵਿਚ ਸਹਿਜੇ ਹੀ ਸ਼ੁਮਾਰ ਕੀਤਾ ਜਾ ਸਕਦਾ ਹੈ। ਇਹ ਉਹ ਸਮਾਂ ਸੀ ਜਦੋਂ ਪੱਛਮ ਦੇ ਬਹੁਤੇ ਵੱਡੇ ਚਿੰਤਕ ਮਾਰਕਸਵਾਦ ਤੋਂ ਪ੍ਰਭਾਵਤ ਸਨ ਅਤੇ ਮਾਰਲੋ ਪੋਂਟੀ ਵੀ ਇਸ ਚਿੰਤਨ ਦੀ ਗ੍ਰਿਫਤ ਤੋਂ ਬਾਹਰ ਨਹੀਂ ਸੀ। ਸਟਾਲਿਨ ਦੇ ਬਦਨਾਮ ‘ਮਾਸਕੋ ਮੁਕੱਦਮਿਆਂ’ ਦਾ ਵਿਸ਼ਾ ਉਨ੍ਹੀਂ ਦਿਨੀਂ ਸਭ ਤੋਂ ਵੱਧ ਚਰਚਾ ਵਿਚ ਸੀ। ਸਾਰਤਰ ਦਾ ਅਜੇ ਇਸ ਸਮੇਂ ਤਕ ਮਾਰਕਸੀ ਚਿੰਤਨ ਨਾਲ ਕੋਈ ਲੈਣ-ਦੇਣ ਨਹੀਂ ਸੀ। ਮਾਰਲੋ ਪੋਂਟੀ ਨੂੰ ਰੂਸੀ ਇਨਕਲਾਬ ਤੋਂ ਬਹੁਤ ਵੱਡੀਆਂ ਉਮੀਦਾਂ ਸਨ ਅਤੇ ਇਸ ਦੇ ਆਸ਼ਿਆਂ ਨਾਲ ਉਸ ਦੀ ਸ਼ੁਰੂ-ਸ਼ੁਰੂ ਵਿਚ ਮੁਕੰਮਲ ਸਹਿਮਤੀ ਸੀ। ਮਾਰਲੋ ਪੋਂਟੀ ਨੇ ਮਾਸਕੋ ਮੁਕੱਦਮਿਆਂ ਦਾ ਤਰਕ ਉਸਾਰਨ ਲਈ ‘ਹਿਊਮਨਿਜ਼ਮ ਐਂਡ ਟੈਰੋਰਿਜ਼ਮ’ ਨਾਂ ਦੀ ਦਾਰਸ਼ਨਿਕ-ਰਾਜਨੀਤਿਕ ਪੁਸਤਕ ਦੀ ਰਚਨਾ ਕਰ ਦਿੱਤੀ। ਇਸ ਪੁਸਤਕ ਵਿਚ ਸਿਰਜੇ ਤਰਕ ਅਨੁਸਾਰ, ਸਵਾਲ ਇਹ ਅਹਿਮ ਨਹੀਂ ਸੀ ਕਿ ਕੋਈ ਆਦਮੀ ਕਹਿੰਦਾ ਕੀ ਸੀ ਅਤੇ ਕਰਦਾ ਕੀ ਸੀ; ਯਾਨਿ ਉਸ ਦੇ ਦਾਅਵੇ ਤੇ ਆਸ਼ੇ ਕੀ ਸਨ; ਅਸਲ ਸਵਾਲ ਇਹ ਸੀ ਕਿ ਉਸ ਦੀ ਕਹਿਣੀ ਜਾਂ ਕਰਨੀ ਨਾਲ ਇਨਕਲਾਬ ਦਾ ਕਾਜ ਸੰਵਰਦਾ ਸੀ, ਇਤਿਹਾਸ ਦੇ ਮਾਰਚ ਨੂੰ ਪ੍ਰਗਤੀ ਵਾਲੇ ਪਾਸੇ ਗਤੀ ਮਿਲਦੀ ਸੀ ਜਾਂ ਨਹੀਂ? ਸਥਿਤੀ ਦਾ ਅਜੀਬ ਵਿਰੋਧਾਭਾਸ ਸੀ।
ਮਾਰਲੋ ਪੋਂਟੀ ਦੇ ਇਨ੍ਹਾਂ ਦਿਨਾਂ ਦੇ ਚਿੰਤਨ ਤੋਂ ਪ੍ਰਭਾਵਤ ਹੋ ਕੇ ਸਾਰਤਰ ਮਾਰਕਸੀ ਚਿੰਤਨ ਅਤੇ ਕਮਿਊਨਿਸਟਾਂ ਦੇ ਨੇੜੇ ਚਲਿਆ ਗਿਆ, ਜਦੋਂ ਕਿ ਮਾਰਲੋ ਪੋਂਟੀ 1948 ਤੋਂ ਹੀ ਸਟਾਲਿਨ ਦੇ ਹੱਥ-ਕੰਡਿਆਂ ਨੂੰ ਵਧੇਰੇ ਗਹੁ ਨਾਲ ਵਾਚਦਿਆਂ, ਜਲਦੀ ਹੀ ਬਾਅਦ ਸਟਾਲਿਨ ਮਾਰਕਾ ਕਮਿਊਨਿਸਟ ਪ੍ਰੈਕਟਿਸ ਦੇ ਮੁਕੰਮਲ ਵਿਰੋਧ ਵਿਚ ਡਟ ਗਿਆ। ਫਰਾਂਸ ਦੇ ਆਪਣੇ ਜ਼ਮਾਨੇ ਦੇ ਦੋ ਸਭ ਤੋਂ ਮਹਾਨ ਚਿੰਤਕਾਂ ਦੇ ਰਾਹ ਅਖੀਰ ਇਸ ਸਵਾਲ ‘ਤੇ ਤ੍ਰਾਸਦਿਕ ਅੰਦਾਜ਼ ਵਿਚ ਅਲੱਗ ਹੋ ਗਏ। ਅਲਬੇਅਰ ਕਾਮੂ ਇਸ ਤੋਂ ਪਹਿਲਾਂ 1951 ‘ਚ ਹੀ ‘ਰਿਬੈਲ’ ਲਿਖ ਕੇ ਕਮਿਊਨਿਸਟ ਜਾਂ ਫਾਸਿਸਟ, ਕਿਸੇ ਵੀ ਕਿਸਮ ਦੀ ਤਾਨਾਸ਼ਾਹੀ ਵਿਰੁਧ ਸਪਸ਼ਟ ਪੁਜ਼ੀਸ਼ਨ ਲੈ ਚੁੱਕਾ ਸੀ।
‘ਸਿਚੂਏਸ਼ਨਜ਼’ ਵਿਚ ਉਨ੍ਹਾਂ ਦੋਵਾਂ ਲੇਖਾਂ ਦੀ ਗੱਲ ਹੈ ਜੋ ਸਾਰਤਰ ਨੇ ਆਪਣੇ ਇਨ੍ਹਾਂ ਮਿੱਤਰਾਂ ਦੀਆਂ ਯਾਦਾਂ ਦੀ ਅਹਿਮੀਅਤ ਅਤੇ ਉਨ੍ਹਾਂ ਦੇ ਵਿਰੋਧਾਭਾਸਾਂ ਨੂੰ ਚਿਤਾਰਦਿਆਂ ਲਿਖੇ ਸਨ। ਸਾਰਤਰ ਨੇ ਕਾਮੂ ਦੀ ਮੌਤ ‘ਤੇ ਲਿਖੇ ਸ਼ਰਧਾਂਜਲੀ ਲੇਖ ਵਿਚ ਉਸ ਨੂੰ ਮਹਾਨ ਜਰਮਨ ਦਾਰਸ਼ਨਿਕ ਕਾਂਟ ਦੀਆਂ ਲਿਖਤਾਂ ਨਾਲ ਸ਼ੁਰੂ ਹੁੰਦੀ ਪੱਛਮ ਦੇ ਇਖਲਾਕੀ ਚਿੰਤਨ ਦੀ ਵਿਰਾਸਤ ਵਿਚ 20ਵੀਂ ਸਦੀ ‘ਚ ਪੱਛਮੀ ਸਭਿਅਤਾ ਦੀ ਜ਼ਮੀਰ ਦਾ ਸਭ ਤੋਂ ਸ਼ੁਧ ਨੁਮਾਇੰਦਾ ਕਹਿ ਕੇ ਨਮੋ ਕੀਤੀ ਹੋਈ ਹੈ। ਮਾਰਲੋ ਪੋਂਟੀ ਬਾਰੇ ਲਿਖਤ ਵਿਚ ਅਜਿਹੇ ਭਾਵ ਤਾਂ ਹੈਨ ਹੀ, ਹੋਰ ਵੀ ਬਹੁਤ ਕੁਝ ਹੈ।
æææਤੇ ਮੈਨੂੰ ਯਾਦ ਹੈ, ਮੈਂ ਮਾਰਲੋ ਪੋਂਟੀ ਵਾਲੇ ਲੇਖ ਵਿਚੋਂ ਕੁਝ ਸਤਰਾਂ ਲਾਲੀ ਬਾਬੇ ਨੂੰ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਨ੍ਹਾਂ ਕਿਤਾਬ ਛੂਹੀ ਵੀ ਨਹੀਂ ਸੀ; ਸਤਰਾਂ ਉਹ ਸੁਣਨੀਆਂ ਜਾਂ ਪੜ੍ਹਨੀਆਂ ਕਿਨ੍ਹੇ ਸਨ? ਸ਼ਾਮ 7 ਕੁ ਵਜੇ ਦਾ ਸਮਾਂ ਸੀ। ਸਾਰਤਰ, ਸਿਮੋਨ ਦਿ ਬੂਆ, ਕਾਮੂ ਅਤੇ ਮਾਰਲੋ ਪੋਂਟੀ ਨੂੰ ਲੈ ਕੇ ਉਨ੍ਹਾਂ ਨੇ ਪ੍ਰਵਚਨ ਸ਼ੁਰੂ ਕਰ ਦਿਤਾ। ਇਹ ਪ੍ਰਵਚਨ ਰਾਤ 12 ਵਜੇ ਤੋਂ ਵੀ ਪਾਰ ਤਕ ਜਾਰੀ ਰਿਹਾ। ਸਾਲ ਕੁ ਬਾਅਦ ਕਾਫੀ ਹਾਊਸ ਮੂਹਰੇ ਲੰਮੀ ਸਿਟਿੰਗ ਦੌਰਾਨ ਅਜਿਹਾ ਹੀ ਜਲਵਾ ਬਾਬਾ ਜੀ ਨੇ ਅਲਬੇਅਰ ਕਾਮੂ ਦੇ ਦਹਿਸ਼ਤਗਰਦੀ ਅਤੇ ਇਖਲਾਕੀ ਚੋਣ ਦੇ ਵਿਰੋਧਾਭਾਸ ਬਾਰੇ ‘ਦਿ ਜਸਟ’ ਨਾਂ ਦੇ ਨਾਟਕ ਅਤੇ ਨਾਲ ਹੀ ‘ਰਿਬੈਲ’ ਪੁਸਤਕ ਬਾਰੇ ਲੰਮਾ ਪ੍ਰਵਚਨ ਉਸਾਰਦਿਆਂ ਖੜ੍ਹਾ ਕਰ ਦਿੱਤਾ ਸੀ। ਅੱਜ ਵੀ ਯਾਦ ਹੈ, ਲਾਲੀ ਜੀ 1905 ਦੇ ਰੂਸੀ ਇੰਤਹਾਪਸੰਦਾਂ ਜਾਂ ‘ਦਿ ਜਸਟ’ ਨਾਟਕ ਦੇ ਥੀਮ ਬਾਰੇ ਗੱਲ ਕਰਦਿਆਂ ਬੜੀ ਹੀ ਸ਼ਿੱਦਤ ਨਾਲ ਆਖ ਰਹੇ ਸਨ: “ਗਰੈਂਡ ਡਿਊਕ ਸਰਗੇਈ ਦੀ ਗੱਡੀ ਵਿਚ ਮਾਸੂਮ ਬੱਚੇ ਉਸ ਦੇ ਨਾਲ ਜਾ ਰਹੇ ਹਨ। ਕਾਲੀਆਯੇਵ ਖੁਦ ਮਰ ਜਾਵੇਗਾ, ਉਹ ਮਾਸੂਮ ਬੱਚਿਆਂ ਉਪਰ ਬੰਬ ਕਦੀ ਵੀ, ਕਦੀ ਵੀ ਨਹੀਂ ਸੁੱਟੇਗਾ!!”
ਰੂਸੀ ਇਤਿਹਾਸ ਦੇ 70ਵਿਆਂ ਦੇ ਸਮੇਂ ਦੌਰਾਨ ਸਰਗੇਈ ਨਚੇਵ ਜੋ ਸਭ ਤੋਂ ਤੰਗ-ਨਜ਼ਰ ਅਤੇ ਖਤਰਨਾਕ ਇੰਤਹਾਪਸੰਦ ਸੀ, ਫਿਓਦੋਰ ਦਾਸਤੋਵਸਕੀ ਨੇ ਆਪਣੇ ਲੋਕਾਂ ਨੂੰ ਨਾਚੇਵ ਮਾਡਲ ਦੇ ਭਿਆਨਕ ਸਿੱਟਿਆਂ ਤੋਂ ਸਾਵਧਾਨ ਕਰਨ ਲਈ ‘ਡੈਵਿਲਜ਼’ ਨਾਵਲ ਲਈ ਉਸ ਦੀ ਸ਼ਖਸੀਅਤ ਅਤੇ ਉਸ ਦੇ ਚਿੰਤਨ ਨੂੰ ਹੀ ਆਧਾਰ ਬਣਾਇਆ ਸੀ। ਲਾਲੀ ਬਾਬਾ ਸਿਰੇ ਦੇ ਨੇਹਵਾਦੀ ਨਚੇਵੀਅਨ ਮਾਡਲ ਦੇ ਟਾਕਰੇ ‘ਤੇ ਕਾਲੀਆਯੇਵ ਦੀ ਪੁਜ਼ੀਸ਼ਨ ਦੀ ਸਾਰੀ ਉਮਰ ਪ੍ਰੋੜਤਾ ਕਰਦਾ ਰਿਹਾ ਸੀ। ਕਾਮੂ ਦੇ ਆਤੰਕਵਾਦੀਆਂ ਬਾਰੇ ਨਾਟਕ ਅਤੇ ਉਸ ਦਿਨ ਦੇ ਪ੍ਰਵਚਨ ਦੌਰਾਨ ਉਨ੍ਹਾਂ ਨੇ ਇਹ ਗੱਲ ਕਈ ਵਾਰ ਕਹੀ ਸੀ ਕਿ ਕਿਸੇ ਵੱਡੇ ਜਾਂ ਛੋਟੇ ਕਾਜ ਦੇ ਨਾਂ ‘ਤੇ ਕਿਸੇ ਦੀ ਵੀ ਹੱਤਿਆ ਕਰਨ ਵਾਲਾ ਦੋਸ਼ੀ ਹੀ ਦੋਸ਼ੀ ਹੈ; ਜੇ ਉਹ ਆਪਣੀ ਖਲੜੀ ਬਚਾਉਣ ਲਈ ਆਪਣੇ ਸਾਥੀਆਂ ਨੂੰ ਧੋਖਾ ਦਿੰਦਾ ਹੈ, ਜਾਂ ਖੁਦ ਆਪਣੀ ਜਾਨ ਦੀ ਆਹੂਤੀ ਦੇਣ ਲਈ ਤਿਆਰ ਨਹੀਂ ਹੈ। ਲਾਲੀ ਬਾਬਾ ਆਖ ਰਿਹਾ ਸੀ ਕਿ ਨਾਚੇਵ ਵਰਗਾ ਬਦ-ਆਤੰਕਵਾਦੀ ਵੀ ਉਸ ਸਮੇਂ ਬਰੀ ਹੋ ਜਾਂਦਾ ਹੈ ਜਦੋਂ ਫੜਿਆ ਜਾਣ ‘ਤੇ ਮਾੜਕੂ ਜਿਹੇ ਸਰੀਰ ਦੇ ਬਾਵਜੂਦ ਆਪਣੇ ਸਾਥੀਆਂ ਦਾ ਅਤਾ-ਪਤਾ ਦੱਸਣ ਦੀ ਮੰਗ ਕਰਨ ਵਾਲੇ ਜਨਰਲ ਦੇ ਮੂੰਹ ‘ਤੇ ਉਹ ਪਹਿਲਾਂ ਥੁੱਕਦਾ ਹੈ ਅਤੇ ਫਿਰ ਸਾਰੇ ਜ਼ੋਰ ਨਾਲ ਘਸੁੰਨ ਮਾਰ ਕੇ ਉਸ ਨੂੰ ਭੁੰਜੇ ਪਟਕਾ ਦਿੰਦਾ ਹੈ।æææਤੇ ਪੂਰਨ ਰੂਪ ਵਿਚ ਸ਼ਾਂਤ ਚਿਹਰੇ ਨਾਲ ਫਾਂਸੀ ਦਾ ਫੰਦਾ ਗਲੇ ਵਿਚ ਪਾ ਲੈਂਦਾ ਹੈ।
ਲਾਲੀ ਬਾਬੇ ਦੀਆਂ ਕਹੀਆਂ ਇਨ੍ਹਾਂ ਗੱਲਾਂ ਬਾਰੇ ਮੈਂ ਜਦੋਂ ਸੋਚ ਰਿਹਾ ਸਾਂ ਤਾਂ ਮੈਨੂੰ ਮਹਾਨ ਨ੍ਰਿਤਕੀ ਆਈਸਾ ਡੋਰਾ ਡੰਕਨ ਦੀ ਆਪਣੀ ਸਵੈ-ਜੀਵਨੀ ਦੇ ਸ਼ੁਰੂ ਵਿਚ ਉਸ ਵੱਲੋਂ ਉਘੇ ਇਤਾਲਵੀ ਕਵੀ ਗੈਬਰੀਲ ਡੀæ ਐਨਨਜੀਓ ਬਾਰੇ ਲਿਖੀਆਂ ਸਤਰਾਂ ਯਾਦ ਆ ਗਈਆਂ ਹਨ। ਡੰਕਨ ਲਿਖਦੀ ਹੈ, “ਮੈਨੂੰ ਲੋਕ ਅਕਸਰ ਹੀ ਪੁੱਛਦੇ ਹਨ ਕਿ ਉਹ ਮੁਹੱਬਤ ਨੂੰ ਵੱਧ ਅਹਿਮੀਅਤ ਦਿੰਦੀ ਹੈ ਜਾਂ ਕਲਾ ਨੂੰ; ਮੇਰਾ ਇਕੋ ਜਵਾਬ ਹੁੰਦਾ ਕਿ ਮੈਂ ਇਨ੍ਹਾਂ ਦੋਵਾਂ ਆਯਾਮਾਂ ਨੂੰ ਵਖਰਿਆ ਕੇ ਨਹੀਂ ਵੇਖ ਸਕਦੀ। ਕਲਾਤਮਿਕ ਰੁਚੀਆਂ ਵਾਲਾ ਇਨਸਾਨ ਹੀ ਸਹੀ ਅਰਥਾਂ ਵਿਚ ਪ੍ਰੇਮੀ ਹੋ ਸਕਦਾ ਹੈ। ਕੇਵਲ ਉਸ ਕੋਲ ਹੀ ਸੁੰਦਰਤਾ ਦਾ ਸਹੀ ਪ੍ਰਸੰਗ ਹੁੰਦਾ ਹੈ।”
ਡੀæ ਐਨਿਨਜੀਓ ਸਾਡੇ ਸਮਿਆਂ ਦੀਆਂ ਅਦਭੁਤ ਹਸਤੀਆਂ ਵਿਚੋਂ ਹਨ। ਉਨ੍ਹਾਂ ਦਾ ਕੱਦ-ਬੁੱਤ ਬਹੁਤ ਸਾਧਾਰਨ ਹੈ ਅਤੇ ਆਮ ਮੁਲਾਕਾਤ ਦੌਰਾਨ ਕਿਸੇ ‘ਤੇ ਕੋਈ ਜ਼ਰਾ ਜਿੰਨਾ ਵੀ ਪ੍ਰਭਾਵ ਨਹੀਂ ਪੈਂਦਾ, ਪਰ ਕਮਾਲ ਹੈ ਕਿ ਜਦੋਂ ਉਹ ਆਪਣੇ ਕਿਸੇ ਮਨਪਸੰਦ ਔਰਤ ਜਾਂ ਮਰਦ ਨਾਲ ਗੱਲ ਕਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੀ ਸ਼ਖਸੀਅਤ ਦੇ ਸਮੁੱਚੇ ਰੰਗ-ਢੰਗ ਦੀ ਹੀ ਕਾਇਆ ਕਲਪ ਹੋ ਜਾਂਦੀ ਹੈ। ਅਜਿਹੇ ਪਲਾਂ ਵਿਚ ਉਨ੍ਹਾਂ ਨੂੰ ਗੱਲਾਂ ਕਰਦਿਆਂ ਵੇਖ ਕੇ ਇੰਜ ਮਾਲੂਮ ਹੁੰਦਾ ਹੈ ਜਿਵੇਂ ਸੁੰਦਰਤਾ ਦਾ ਦੇਵਤਾ ਅਪੋਲੋ ਖੁਦ ਉਨ੍ਹਾਂ ਦੀ ਆਤਮਾ ਵਿਚ ਉਤਰ ਗਿਆ ਹੋਵੇ।æææਤੇ ਅਜਿਹੇ ਪਲਾਂ ਵਿਚ ਜਿਸ ਕਿਸੇ ਵੀ ਔਰਤ ‘ਤੇ ਉਸ ਦੀ ਨਜ਼ਰੇ ਇਨਾਇਤ ਹੋ ਜਾਵੇ, ਉਹ ਵੀ ਪਰੀਆਂ ਦੇ ਹਾਰ ਹੋ ਜਾਂਦੀ ਹੈ ਅਤੇ ਉਤਨੇ ਸਮੇਂ ਲਈ ਮਹਾਨ ਦਾਂਤੇ ਦੀ ਬੈਟਰਾਈਸ ਵਾਂਗ ਉਚੇ ਗਗਨਾਂ ਵਿਚ ਤੈਰਦੀ ਨਜ਼ਰ ਆਉਂਦੀ ਹੈ।
ਲਾਲਾ ਬਾਬਾ ਕੀ ਕਹਿੰਦਾ ਸੀ ਅਤੇ ਕੀ ਨਹੀਂ ਕਹਿੰਦਾ ਸੀ, ਉਸ ਦੇ ਪ੍ਰਵਚਨਾਂ ਦਾ ਕੋਈ ਅਰਥ ਹੁੰਦਾ ਸੀ ਜਾਂ ਨਹੀਂ, ਮੈਂ ਇਸ ਬਾਰੇ ਕੁਝ ਨਹੀਂ ਕਹਿਣਾ, ਪਰ ਇੰਨੀ ਗੱਲ ਮੈਂ ਦਾਅਵੇ ਨਾਲ ਜ਼ਰੂਰ ਕਹਾਂਗਾ ਕਿ ਆਈਸਾ ਡੋਰਾ ਵਰਗੀ ਆਤਮਿਕ ਤੌਰ ‘ਤੇ ਜਾਗੀ ਹੋਈ ਔਰਤ ਜੇ ਕਿਤੇ ਸਾਡੇ ਇਸ ਬਾਬੇ ਨੂੰ ਮਿਲੀ ਹੁੰਦੀ ਤਾਂ ਉਹਨੇ ਬਾਬੇ ਬਾਰੇ ਉਹੋ ਕੁਝ ਹੀ ਕਹਿਣਾ ਸੀ ਜੋ ਗੈਬਰੀਲ ਡੀ ਐਨਨਜੀਓ ਬਾਰੇ ਆਖਿਆ ਸੀ।
ਲਾਲੀ ਬਾਬਾ ਜ਼ਿੰਦਗੀ ਦੇ ਹਰ ਸੋਹਣੇ, ਦਿਲਚਸਪ ਅਤੇ ਰਹੱਸਮਈ ਆਯਾਮ ਦਾ ਢਾਡੀ ਸੀ। ਜ਼ਿੰਦਗੀ ਦੇ ਕਿਸੇ ਵੀ ਕਿਸਮ ਦੇ ਜਸ਼ਨ ਦੀ ਬਿੜਕ ਆ ਜਾਵੇ, ਉਹ ਸੌ ਵਲ ਭੰਨ ਕੇ ਪਹੁੰਚਦਾ ਸੀ। ਵੱਡੀ ਗੱਲ ਇਹ ਹੁੰਦੀ ਸੀ ਕਿ ਉਹ ਦਿਨ ਭਰ ਹਰ ਕਿਸੇ ਨੂੰ ਸਬੰਧਤ ਜਸ਼ਨ ਵਿਚ ਸ਼ਰੀਕ ਹੋਣ ਲਈ ਵੀ ਦੱਸ ਪਾਈ ਜਾਂਦਾ। ਲਾਇਬਰੇਰੀ ‘ਚ ਖੁਦ ਪਤਾ ਨਹੀਂ ਉਹ ਜਾਂਦਾ ਸੀ ਜਾਂ ਨਹੀਂ, ਪਰ ਲਾਇਬਰੇਰੀ ‘ਚ ਕੋਈ ਕਿਤਾਬ ਪਈ ਹੈ, ਜਾਂ ਕਿਥੇ ਪਈ ਹੈ, ਉਸ ਨੂੰ ਪਤਾ ਹੁੰਦਾ ਸੀ। ਉਹ ਸੰਪਰਕ ਵਿਚ ਆਉਣ ਵਾਲੇ ਹਰ ਸੱਜਣ ਨੂੰ ਅਕਸਰ ਕਹਿੰਦਾ ਕਿ ਲਾਇਬਰੇਰੀ ਦਾ ਜ਼ਰੂਰ ਗੇੜਾ ਮਾਰੋ, ਕਿਤਾਬਾਂ ਤੋਂ ਮਿੱਟੀ ਝਾੜੋ, ਰੂਹ ਨੂੰ ਰੱਜ ਆਉਣ ਵਾਲਾ ਬੜਾ ਕੁਝ ਮਿਲੇਗਾ।
ਉਹ ਫਿਲਮ ਬਾਰੇ, ਪੇਂਟਿੰਗ ਬਾਰੇ, ਨ੍ਰਿਤ ਬਾਰੇ; ਜਾਨੀ ਕਲਾ ਦੇ ਕਿਸੇ ਰੂਪ ਬਾਰੇ ਵੀ ਗੱਲ ਕਰਦਿਆਂ ਰੰਗ ਬੰਨ੍ਹ ਦੇਣ ਦੇ ਸਮਰੱਥ ਸੀ। ਅਸਤਿਤਵਵਾਦੀ ਦਰਸ਼ਨ ਅਤੇ ਉਸ ਵਿਚ ਵੀ ਅੱਗਿਉਂ ਸਾਰਤਰ ਅਤੇ ਸਿਮੋਨ ਨਾਲ ਉਹਨੂੰ ਵਿਸ਼ੇਸ਼ ਲਗਾਉ ਸੀ। ਕਾਰਨ ਇਹ ਸੀ, ‘ਮਾਇਆ’ ਦੀ ਨਾਇਕਾ ਬਲਬੀਰ ਵਾਂਗ ਹੀ ਵਿਅਕਤੀਗਤ ਸੁਤੰਤਰਤਾ, ਸਵੈ-ਪ੍ਰਗਟਾਵੇ ਦਾ ਉਹ ਪੱਕਾ ਮੁੱਦਈ ਸੀ। ਕਿਸੇ ਵੀ ਕਿਸਮ ਦੇ ਰਹੱਸਵਾਦੀ ਪਰਪੰਚ ਜਾਂ ਕਿਸੇ ਤਰ੍ਹਾਂ ਦੀ ਧਾਰਮਿਕ ਤੰਗ-ਨਜ਼ਰੀ, ਬੜੇ-ਬੜੇ ਵੱਡੇ ਘੱਲੂਘਾਰਿਆਂ ਦੌਰਾਨ ਵੀ ਕਿਸੇ ਨੇ ਕਦੀ ਲਾਲੀ ਬਾਬੇ ਦੇ ਨੇੜੇ ਤੇੜਿਉਂ ਲੰਘਦੀ ਤੱਕੀ ਨਹੀਂ ਸੀ। ਇਸ ਪੱਖੋਂ ਵੀ ਉਸ ਦੀ ਤਬਾ ਆਪਣੀ ‘ਨਿੱਕੀ ਭੈਣ’ ਬਲਬੀਰ ਦੇ ਜੀਵਨ ਦਰਸ਼ਨ ਦੇ ਨੇੜੇ ਹੈ।
(ਚਲਦਾ)

Be the first to comment

Leave a Reply

Your email address will not be published.