ਅਮਰੀਕਾ `ਚ ਐਚ-4 ਵੀਜ਼ਾ ਧਾਰਕਾਂ ਦੇ ਹੱਕਾਂ ਨਾਲ ਜੁੜਿਆ ਬਿੱਲ ਪੇਸ਼

ਵਾਸ਼ਿੰਗਟਨ: ਅਮਰੀਕੀ ਕਾਂਗਰਸ ਦੇ ਮੈਂਬਰਾਂ ਨੇ ਐਚ-4 ਵੀਜ਼ਾ ਧਾਰਕਾਂ ਨੂੰ ਦੇਸ਼ ਵਿਚ ਕੰਮ ਕਰਨ ਦਾ ਹੱਕ ਬਿਨਾਂ ਅਗਾਊਂ ਮਨਜ਼ੂਰੀ ਦਿੱਤੇ ਜਾਣ ਬਾਰੇ ਇਕ ਬਿੱਲ ਪ੍ਰਤੀਨਿਧੀ ਸਭਾ ਵਿਚ ਪੇਸ਼ ਕੀਤਾ ਹੈ। ਫਿਲਹਾਲ ਇਸ ਕਾਰਜ ਲਈ ਇਜਾਜ਼ਤ ਜ਼ਰੂਰ ਲੈਣੀ ਪੈਂਦੀ ਹੈ ਤੇ ਇਹ ਸਬੰਧਿਤ ਵਿਅਕਤੀ ਨੂੰ ਆਪਣੇ ਆਪ ਨਹੀਂ ਮਿਲਦਾ।

ਇਸ ਬਿੱਲ ਦੇ ਪਾਸ ਹੋਣ ਨਾਲ ਭਾਰਤ ਸਣੇ ਹਜ਼ਾਰਾਂ ਵਿਦੇਸ਼ੀਆਂ ਦੇ ਜੀਵਨ ਸਾਥੀਆਂ ਨੂੰ ਲਾਭ ਮਿਲੇਗਾ ਤੇ ਅਮਰੀਕੀ ਕਾਰੋਬਾਰਾਂ ਵਿਚ ਕਾਮਿਆਂ ਦੀ ਘਾਟ ਦੂਰ ਕਰਨ ਵਿਚ ਵੀ ਮਦਦ ਮਿਲੇਗੀ। ਅਮਰੀਕਾ ਵਿਚ ਐਚ-1ਬੀ, ਐਚ-2ਏ, ਐਚ-2ਬੀ ਤੇ ਐਚ-3 ਵੀਜ਼ਾ ਧਾਰਕਾਂ ਉਤੇ ਨਿਰਭਰ ਉਨ੍ਹਾਂ ਦੇ ਜੀਵਨ ਸਾਥੀਆਂ (ਪਤੀ-ਪਤਨੀ) ਤੇ ਬੱਚਿਆਂ ਨੂੰ ਐਚ-4 ਵੀਜ਼ਾ ਦਿੱਤਾ ਜਾਂਦਾ ਹੈ। ਕਈ ਐਚ-4 ਵੀਜ਼ਾ ਧਾਰਕ ਆਪੋ-ਆਪਣੇ ਕੰਮਾਂ ਵਿਚ ਸਿਖਰਲੇ ਮਾਹਿਰ ਹਨ ਤੇ ਕੰਮ ਕਰਦੇ ਰਹੇ ਹਨ। ਬਿੱਲ ਸੰਸਦ ਵਿਚ ਕੈਰੋਲਿਨ ਬੋਰਡੌਕਸ ਤੇ ਮਾਰੀਆ ਐਲਵੀਰਾ ਨੇ ਪੇਸ਼ ਕੀਤਾ, ਜਿਸ ਵਿਚ ਮੌਜੂਦਾ ਕਾਨੂੰਨ ਨੂੰ ਬਦਲ ਕੇ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਐਚ-4 ਵੀਜ਼ਾ ਮਿਲਣ ਤੋਂ ਬਾਅਦ ਕੰਮ ਦਾ ਆਟੋਮੈਟਿਕ ਹੱਕ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਵੀਜ਼ਾ ਧਾਰਕਾਂ ਨੂੰ ਰੁਜ਼ਗਾਰ ਦੇ ਹੱਕ ਸਬੰਧੀ ਦਸਤਾਵੇਜ਼ ਲੈਣ ਲਈ ਅਰਜ਼ੀ ਨਹੀਂ ਦੇਣੀ ਪਵੇਗੀ।
ਅਮਰੀਕਾ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 12 ਫੀਸਦ ਵਧੀ
ਵਾਸ਼ਿੰਗਟਨ: ਅਮਰੀਕਾ ਵਿਚ 2021 ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 12 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ, ਜਦਕਿ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਿਚ ਅੱਠ ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਸਰਕਾਰੀ ਰਿਪੋਰਟ ‘ਚੋਂ ਮਿਲੀ ਹੈ। ਸਭ ਤੋਂ ਵੱਧ ਚੀਨੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਆਉਂਦੇ ਹਨ।