ਮੁਢਲੇ ਦਿਨਾਂ ਦੀ ਮੁਸ਼ੱਕਤ

ਬਲਰਾਜ ਸਾਹਨੀ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਦਾਕਾਰ ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਲਿਖਾਰੀ ਵੀ ਸੀ। ਉਸ ਨੇ ਆਪਣੇ ਫਿਲਮੀ ਰੁਝੇਵਿਆਂ ਵਿਚੋਂ ਲਿਖਣ ਲਈ ਸਮਾਂ ਕੱਢਿਆ ਅਤੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਾਰਤਕ ਦੀਆਂ ਕਈ ਕਿਤਾਬਾਂ ਪਾਈਆਂ। ਅਦਾਕਾਰੀ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਉਹ ਸ਼ਾਂਤੀ ਨਿਕੇਤਨ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਇਥੇ ਹੀ ਉਸ ਨੂੰ ਰਾਬਿੰਦਰਨਾਥ ਟੈਗੋਰ ਤੋਂ ਸਬਕ ਮਿਲਿਆ ਕਿ ਕੋਈ ਵੀ ਬੰਦਾ ਆਪਣੀ ਮਾਂ-ਬੋਲੀ ਵਿਚ ਹੀ ਆਪਣੇ ਵਿਚਾਰ ਆਹਲਾ ਢੰਗ ਨਾਲ ਪ੍ਰਗਟ ਕਰ ਸਕਦਾ ਹੈ। ਅਸੀਂ ਆਪਣੇ ਪਾਠਕਾਂ ਨਾਲ ਉਸ ਦੀ ਲੰਮੀ ਅਤੇ ਦਿਲਚਸਪ ਲਿਖਤ ‘ਮੇਰੀ ਫਿਲਮੀ ਆਤਮ-ਕਥਾ’ ਸਾਂਝੀ ਕਰ ਰਹੇ ਹਾਂ।

ਮੈਨੂੰ ਆਪਣਾ ਮੇਕ-ਅੱਪ ਕੀਤਾ ਮੁਖੜਾ ਐਤਕੀਂ ਉਤਨਾ ਨਹੀਂ ਜਚਿਆ ਜਿਤਨਾ ਪੂਨੇ ਵਿਚ ਜਚਿਆ ਸੀ, ਲੰਬੂਤਰਾ ਜਿਹਾ ਤੇ ਝੰਵਿਆ-ਝੰਵਿਆ ਜਾਪ ਰਿਹਾ ਸੀ। ਕੀ ਮੇਕ-ਅਪ ਠੀਕ ਨਹੀਂ ਸੀ ਹੋਇਆ? ਜਾਂ ਸ਼ੀਸ਼ੇ ਉਪਰ ਲਾਈਟਾਂ ਬਹੁਤ ਉੱਚੀਆਂ ਲੱਗੀਆਂ ਹੋਣ ਕਾਰਨ ਲਿੱਸਾ ਦਿਸ ਰਿਹਾ ਸੀ?
ਕੁਝ ਦਿਨ ਪਹਿਲਾਂ ਲੈਮਿੰਗਟਨ ਰੋਡ ਉਤੇ ਮਿਸਟਰ ਭਵਨਾਨੀ ਮਿਲੇ ਸਨ। ਇਕ ਵਾਰੀ ਆਪਣੇ ਘਰ ਉਹ ਮੈਨੂੰ ਅਤੇ ਚੇਤਨ ਨੂੰ ਡਿਨਰ ਉਤੇ ਵੀ ਬੁਲਾ ਚੁੱਕੇ ਸਨ। ਉਦੋਂ ਆਸ ਹੋਈ ਕਿ ਪੁਰਾਣੀ ਜਾਣ-ਪਛਾਣ ਦਾ ਖਿਆਲ ਕਰਕੇ ਉਹ ਜ਼ਰੂਰ ਮੇਰੀ ਕੁਝ ਮਦਦ ਕਰਨਗੇ। ਖਾਣਾ ਉਹਨਾਂ ਬੜਾ ਵਧੀਆ ਖੁਆਇਆ ਪਰ ਮੇਰੇ ਦਿਲ ਦੀ ਗੱਲ ਦਾ ਉਹਨਾਂ ਜ਼ਿਕਰ ਤੱਕ ਨਹੀਂ ਸੀ ਕੀਤਾ। ਤੇ ਲੈਮਿੰਗਟਨ ਰੋਡ ਵਾਲੀ ਮੁਲਾਕਾਤ ਵਿਚ ਤਾਂ ਹੋਰ ਵੀ ਨਿਰਾਸ ਕਰ ਗਏ ਸਨ। ਉਹਨਾਂ ਕਿਹਾ, “ਮੇਰੇ ਕਹਿਣ ਦਾ ਬੁਰਾ ਨਾ ਮੰਨਣਾ, ਮਿਸਟਰ ਸਾਹਨੀ ਪਰ ਹੁਣ ਤੁਹਾਡੇ ਚਿਹਰੇ ਉਪਰ ਉਹ ਭਰਵਾਂ ਸੁਹੱਪਣ ਨਹੀਂ ਜੋ ਮੈਂ ਕਸ਼ਮੀਰ ਵੇਖਿਆ ਸੀ। ਤੁਸੀਂ ਕੁਝ-ਕੁਝ ਗੈਰੀ ਕੂਪਰ ਵਾਂਗ ਦਿਸਣ ਲੱਗ ਗਏ ਹੋ।”
ਗੈਰੀ ਕੂਪਰ! ਸੰਸਾਰ ਦਾ ਸਭ ਤੋਂ ਲੋਕ ਪ੍ਰੀਆ ਫਿਲਮੀ ਹੀਰੋ! ਤੇ ਉਸ ਨਾਲ ਮੇਰੀ ਸਮਾਨਤਾ ਭਵਨਾਨੀ ਸਾਹਿਬ ਨੂੰ ਗੁਣ ਨਹੀਂ, ਦੋਸ਼ ਜਾਪ ਰਹੀ ਸੀ।
ਮੇਰਾ ਬੜਾ ਦਿਲ ਦੁਖਿਆ ਸੀ। ਕਦੇ ਕਦੇ ਮੈਂ ਭਵਨਾਨੀ ਸਾਹਿਬ ਨੂੰ ਆਪਣੇ ਘਰ ਠਹਿਰਾਇਆ ਸੀ। ਨੱਠ-ਨੱਠ ਕੇ ਉਹਨਾਂ ਦੇ ਕੰਮ ਕੀਤੇ ਸਨ ਪਰ ਉਸ ਵੇਲੇ ਮੇਰੀ ਬਾਂਹ ਫੜਨ ਦੇ ਬਜਾਏ ਉਹ ਉਲਟਾ ਮੇਰਾ ਹੌਸਲਾ ਪਸਤ ਕਰ ਰਹੇ ਸਨ।
ਕਿਸੇ ਸੱਚ ਹੀ ਆਖਿਆ ਹੈ: ਕਿ ਤਾਰੀਕੀ ਮੇਂ ਸਾਯਾ ਭੀ ਜੁਦਾ ਇਨਸਾਨ ਹੋਤਾ ਹੈ।
ਉਦੋਂ ਮੇਰਾ ਸਿਫਾਰਸ਼ੀ ਖਤਾਂ ਦਾ ਤਜਰਬਾ ਵੀ ਬੜਾ ਕੌੜਾ ਰਿਹਾ ਸੀ। ਸ੍ਰੀ ਜੇ.ਐਨ. ਸਾਹਣੀ, ਮੇਰੇ ਮਸੌਰੇ ਵੀਰ, ‘ਹਿੰਦੁਸਤਾਨ ਟਾਈਮਜ਼’ ਤੇ ‘ਨੈਸ਼ਨਲ ਕਾਲ’ ਵਰਗੇ ਉਘੇ ਅਖਬਾਰਾਂ ਦੇ ਐਡੀਟਰ ਰਹਿ ਚੁੱਕੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਫਿਲਮਾਂ ਵਿਚ ਪ੍ਰਵੇਸ਼ ਕਰ ਰਿਹਾ ਹਾਂ ਤਾਂ ਉਹਨਾਂ ਮੇਰੇ ਬਾਰੇ ਬੜੇ ਦਾਈਏ ਨਾਲ ਇਕ ਖਤ ਆਪਣੇ ਮਿੱਤਰ ਰਾਏ ਬਹਾਦਰ ਚੂਨੀ ਲਾਲ ਨੂੰ ਲਿਖਿਆ ਜੋ ਫਿਲਮਿਸਤਾਨ ਸਟੂਡੀਓ ਦੇ ਮਾਲਕ ਸਨ, ਤੇ ਦੂਜਾ ਬੰਬੇ ਟਾਕੀਜ਼ ਸਟੂਡੀਓ ਦੇ ਪਬਲਿਸਟੀ ਅਫਸਰ ਸ੍ਰੀ ਇੰਦਰ ਰਾਜ ਅਨੰਦ ਨੂੰ (ਜਿਨ੍ਹਾਂ ਨੇ ਹੁਣ ਚਿੱਤਰ-ਕਥਾ ਲੇਖਕ ਦੀ ਹੈਸੀਅਤ ਵਿਚ ਸਿਖਰਾਂ ਦੀ ਸ਼ੁਹਰਤ ਹਾਸਲ ਕਰ ਲਈ ਹੈ)। ਇਹ ਦੋਵੇਂ ਸਟੂਡੀਓ ਉਸ ਵੇਲੇ ਫਿਲਮ ਇੰਡਸਟਰੀ ਦਾ ਕੇਂਦਰ ਮੰਨੇ ਜਾਂਦੇ ਸਨ ਪਰ ਦੋਵੀਂ ਥਾਈਂ ਮੇਰੇ ਨਾਲ ਬੜਾ ਖਰ੍ਹਵਾ ਸਲੂਕ ਹੋਇਆ।
ਏਸੇ ਤਰ੍ਹਾਂ ਅੱਬਾਸ ਅਤੇ ਸਾਠੇ ਨੇ ਜ਼ਿੱਦ ਕਰਕੇ ਮੈਨੂੰ ਸ਼ਾਂਤਾ ਰਾਮ ਕੋਲ ਭਿਜਵਾਇਆ। ਉਹਨਾਂ ਨੂੰ ਮੈਂ ਦੱਸ ਚੁੱਕਾ ਸਾਂ ਕਿ ਉਹ ਪੂਨੇ ਪ੍ਰਭਾਤ ਸਟੂਡੀਓ ਵਿਚ ਕਿਤਨੀ ਚੰਗੀ ਤਰ੍ਹਾਂ ਮੇਰੇ ਨਾਲ ਪੇਸ਼ ਆਏ ਸਨ। ਉਹਨੀਂ ਦਿਨੀਂ ਅੱਬਾਸ ਤੇ ਸਾਠੇ ‘ਡਾਕਟਰ ਕੋਟਨੀਸ ਕੀ ਅਮਰ ਕਹਾਨੀ’ ਦਾ ਸੀਨੇਰੀਓ ਅਤੇ ਵਾਰਤਾਲਾਪ ਲਿਖ ਰਹੇ ਸਨ। ਸ਼ਾਂਤਾ ਰਾਮ ਜੀ ਨਾਲ ਉਹਨਾਂ ਦਾ ਰੋਜ਼ ਦਾ ਉੱਠਣਾ-ਬੈਠਣਾ ਸੀ।
ਪਰ ਇਸ ਦੂਜੀ ਮੁਲਾਕਾਤ ਤੇ ਪਹਿਲੀ ਮੁਲਾਕਾਤ ਵਿਚ ਜ਼ਮੀਨ-ਅਸਮਾਨ ਦਾ ਫਰਕ ਸੀ। ਇਕ ਤਾਂ ਸ਼ਾਂਤਾ ਰਾਮ ਆਪ ਬਹੁਤ ਬਦਲ ਚੁੱਕੇ ਸਨ। ਨਾ ਕਮਰੇ ਵਿਚ ਉਹ ਸਾਦਗੀ ਸੀ, ਨਾ ਉਹਨਾਂ ਦਾ ਪਹਿਰਾਵਾ ਹਿੰਦੁਸਤਾਨੀ। ਬੜਾ ਸਾਹਬਾਂ ਵਾਲਾ ਠਾਠ ਸੀ। ਸਰੀਰ ਵੀ ਉਹਨਾਂ ਦਾ ਪਹਿਲਾਂ ਨਾਲੋਂ ਸੁਅਸਥ ਤੇ ਸੁਡੌਲ ਹੋ ਗਿਆ ਸੀ। ਚਿੱਟੀ ਕਮੀਜ਼ ਤੇ ਪਤਲੂਨ ਵਿਚ ਉਹ ਇਤਨੇ ਤਕੜੇ ਤੇ ਕਦਾਵਰ ਦਿਸ ਰਹੇ ਸਨ ਕਿ ਮੇਰੇ ਲਈ ਉਹਨਾਂ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਸੀ। ਉਂਗਲ ਵਿਚ ਹੀਰੇ ਦੀ ਅੰਗੂਠੀ ਸੁਸ਼ੋਭਤ ਸੀ ਜਿਸ ਨੂੰ ਗੱਲ ਕਰਦਿਆਂ ਉਹ ਦੂਜੇ ਹੱਥ ਨਾਲ ਮਲਦੇ ਰਹਿੰਦੇ ਸਨ।
ਤੇ ਮੈਂ ਵੀ ਤਾਂ ਕਿਤਨਾ ਬਦਲ ਚੁੱਕਾ ਸਾਂ! ਸ਼ਾਂਤੀ ਨਿਕੇਤਨ ਜਾਂ ਸੇਵਾ ਗਰਾਮ ਤੋਂ ਆਇਆ ਆਸ਼ਰਮ-ਵਾਸੀ ਨਿਰਸੰਦੇਹ ਇੱਜ਼ਤ ਵਾਲੇ ਸਲੂਕ ਦਾ ਹੱਕਦਾਰ ਸੀ ਪਰ ਲੰਡਨੋਂ ਅੰਗਰੇਜ਼ਾਂ ਦਾ ਪ੍ਰਾਪੇਗੰਡਾ ਕਰਕੇ ਪਰਤੇ ਹੋਏ ‘ਐਨਾਊਂਸਰ’ ਨੂੰ ਉਹ ਕਿਵੇਂ ਓਹੀ ਸਤਿਕਾਰ ਦੇ ਸਕਦੇ ਸਨ? ਪੰਜ-ਦਸ ਮਿੰਟ ਦੀ ਮਿਲਣੀ ਦੋਵਾਂ ਨੂੰ ਇਕ ਦੂਜੇ ਤੋਂ ਵਿਰਕਤ ਕਰਨ ਲਈ ਕਾਫੀ ਸੀ, ਤੇ ਅਜ ਤੀਕਰ ਫੇਰ ਅਸੀਂ ਕਦੀ ਵੀ ਇਕ ਦੂਜੇ ਨੂੰ ਨਹੀਂ ਮਿਲੇ, ਬਸ ਦੂਰੋਂ-ਦੂਰੋਂ ਸਲਾਮ-ਦੁਆ ਕੀਤੀ ਹੈ।
ਜਦੋਂ ਮੈਂ ਨਵੇਂ ਮੁੰਡਿਆਂ ਨੂੰ ਫਿਲਮਾਂ ਵਿਚ ਕੰਮ ਲੱਭਣ ਲਈ ਸਿਫਾਰਸ਼ੀ ਖਤ ਲੈ-ਲੈ ਕੇ ਪ੍ਰੋਡਿਊਸਰਾਂ, ਡਾਇਰੈਕਟਰਾਂ ਤੇ ਫਿਲਮ ਸਟਾਰਾਂ ਦੇ ਆਸ-ਪਾਸ ਚੱਕਰ ਮਾਰਦੇ ਵੇਖਦਾ ਹਾਂ ਤਾਂ ਦਿਲ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਸਮਝਾ ਸਕਾਂ ਕਿ ਇਹਨਾਂ ਸਿਫਾਰਸ਼ੀ ਖਤਾਂ ਦੀ ਕੀਮਤ ਉਸ ਕਾਗਜ਼ ਜਿਤਨੀ ਵੀ ਨਹੀਂ ਹੈ ਜਿਸ ਉਪਰ ਉਹ ਲਿਖੇ ਹੋਏ ਹੁੰਦੇ ਹਨ। ਨੌਕਰੀ ਹੋਰ ਚੀਜ਼ ਹੈ, ਕਲਾਕਾਰ ਬਣਨਾ ਹੋਰ ਚੀਜ਼। ਨੌਕਰੀ ਹਾਸਲ ਕਰਨ ਲਈ ਸਿਫਾਰਸ਼ੀ ਖਤ ਭਾਵੇਂ ਕੰਮ ਆ ਸਕਣ ਪਰ ਕੋਈ ਵਿਰਲਾ ਹੀ ਡਾਇਰੈਕਟਰ ਐਸਾ ਹੋਵੇਗਾ ਜੋ ਦੂਜਿਆਂ ਦੇ ਆਖੇ ਕਿਸੇ ਅਨਾੜੀ ਨੂੰ ਕੈਮਰੇ ਅੱਗੇ ਲਿਆਉਣ ਦਾ ਖਤਰਾ ਸਹੇੜ ਲਏ। ਫਿਲਮੀ ਚੱਕਰ ਹੋਰ ਤਰ੍ਹਾਂ ਚੱਲਦਾ ਹੈ, ਤੇ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਜ਼ਿਆਦਾ ਕਰਕੇ ਕਾਮਯਾਬੀ ਇਨਸਾਨ ਦੇ ਆਪਣੇ ਤਰੱਦਦ ਤੇ ਆਪਣੇ ਨਸੀਬ ਉਪਰ ਨਿਰਭਰ ਹੁੰਦੀ ਹੈ।
ਆਮ ਤੌਰ ‘ਤੇ ਸਿਫਾਰਸ਼ੀ ਖਤ ਦੇਣ ਵਾਲੇ ਲੈਣ ਵਾਲਿਆਂ ਨਾਲੋਂ ਕਿਤੇ ਵਧ ਨਾਸਮਝੀ ਦਾ ਸਬੂਤ ਦੇਂਦੇ ਹਨ। ਉਹਨਾਂ ਨੂੰ ਦੂਰ ਬੈਠਿਆਂ ਆਪਣੀ ਪਛਾਣ ਵਾਲੀ ਫਿਲਮੀ ਹਸਤੀ ਰੱਬ ਜਿਤਨੀ ਸਰਬ-ਵਿਆਪਕ ਤੇ ਸਰਬ-ਸ਼ਕਤੀਮਾਨ ਮਲੂਮ ਹੋਣ ਲੱਗ ਜਾਂਦੀ ਹੈ; ਪਰ ਅਸਲੀਅਤ ਕਈ ਵਾਰੀ ਉਸ ਅੰਦਾਜ਼ੇ ਨਾਲ ਮੇਲ ਨਹੀਂ ਖਾਦੀ। ਜਿਸ ਤੋਂ ਮਦਦ ਦੀ ਆਸ ਕੀਤੀ ਜਾਂਦੀ ਹੈ, ਉਹ ਕਈ ਵਾਰ ਮਦਦ ਦੇਣ ਦੀ ਹਾਲਤ ਵਿਚ ਹੀ ਨਹੀਂ ਹੁੰਦਾ।
ਮਸਲਿਨ, ਅੱਜ ਮੈਂ ਕਹਿ ਸਕਦਾ ਹਾਂ ਕਿ ਭਵਨਾਨੀ ਸਾਹਬ ਉਪਰ ਨਾਰਾਜ਼ ਹੋਣਾ ਮੇਰੀ ਸਰਾਸਰ ਨਲਾਇਕੀ ਸੀ। ਚੁੱਪ ਫਿਲਮਾਂ ਦੇ ਜ਼ਮਾਨੇ ਦੇ ਉਹ ਬੜੇ ਕਾਮਯਾਬ ਪ੍ਰੋਡਿਊਸਰ ਰਹੇ ਸਨ ਪਰ ਬੋਲਦੀਆਂ ਫਿਲਮਾਂ ਵਿਚ ਉਹ ਯੱਕੇ-ਬਾਦ-ਦੀਗਰੇ ਨਾ-ਕਾਮਯਾਬ ਹੋਏ। ਜਦੋਂ ਮੈਂ ਉਹਨਾਂ ਨੂੰ ਮਿਲਿਆ, ਉਹ ਪਰੇਸ਼ਾਨੀ ਦੇ ਦੌਰ ਵਿਚੋਂ ਲੰਘ ਰਹੇ ਸਨ, ਤੇ ਮੈਨੂੰ ਆਪਣੀ ਸਿਹਤ ਦਾ ਧਿਆਨ ਕਰਨ ਦਾ ਇਸ਼ਾਰਾ ਕਰਕੇ ਉਹਨਾਂ ਆਪਣੀ ਸੱਜਣਤਾਈ ਦਾ ਸਬੂਤ ਦਿੱਤਾ ਸੀ। ਗੈਰੀ ਕੂਪਰ ਹਾਲੀਵੁਡ ਵਿਚ ਭਾਵੇਂ ਹੁਸੀਨ ਮੰਨਿਆ ਜਾਂਦਾ ਹੋਵੇ ਪਰ ਹਿੰਦੀ ਫਿਲਮਾਂ ਵਿਚ ਤਾਂ ਗੋਲ-ਮਟੋਲ ਚਿਹਰਿਆਂ ਨੂੰ ਹੀ ਪਸੰਦ ਕੀਤਾ ਜਾਂਦਾ ਸੀ। ਪਰ ਵਿਚਾਰੇ ਨਵੇਂ ਆਦਮੀ ਦੀ ਇਕ ਬਦਕਿਸਮਤੀ ਇਹ ਵੀ ਹੁੰਦੀ ਹੈ ਕਿ ਉਹਨੂੰ ਫਿਲਮਾਂ ਦੇ ਅੰਦਰੂਨੀ ਮਾਹੌਲ ਦਾ ਕੁਝ ਪਤਾ ਨਹੀਂ ਹੁੰਦਾ। ਠੋਕਰਾਂ ਖਾ-ਖਾ ਕੇ ਉਹਨੂੰ ਹਰ ਕਿਸੇ ਉਤੇ ਸ਼ੱਕ ਹੋਣ ਲਗ ਜਾਂਦਾ ਹੈ। ਉਹ ਸੋਚਦਾ ਹੈ ਕਿ ਹਰ ਕੋਈ ਉਸ ਦਾ ਰਾਹ ਰੋਕ ਰਿਹਾ ਹੈ, ਉਸ ਨਾਲ ਦੁਸ਼ਮਣੀ ਕਰ ਰਿਹਾ ਹੈ।
ਇਕ ਵਾਰ ਦਾਦਰ ਮੇਨ-ਰੋਡ ਉਤੇ ਜਗਦੀਸ਼ ਸੇਠੀ ਭਾਪੇ ਨੇ ਵੀ, ਜਿਸ ਦੀ ਗੁੱਡੀ ਬਤੌਰ ਕਰੈਕਟਰ ਐਕਟਰ ਉਦੋਂ ਅਸਮਾਨ ਉਤੇ ਸੀ, ਮੈਨੂੰ ਸਿਹਤ ਬਾਰੇ ਖਬਰਦਾਰ ਹੋਣ ਲਈ ਕਿਹਾ ਸੀ। ਉਹਨਾਂ ਦੇ ਸ਼ਬਦ ਮੈਨੂੰ ਅਜ ਤੀਕਰ ਯਾਦ ਹਨ: “ਸਕਰੀਨ ਉਤੇ ਪਤਲਾ ਆਦਮੀ ਹੋਰ ਵੀ ਪਤਲਾ ਲੱਗਣ ਲਗ ਜਾਂਦਾ ਹੈ। ਤੂੰ ਆਪਣਾ ਵਜ਼ਨ ਵਧਾ।”
ਇਹ ਪੱਲੇ ਬੰਨ੍ਹਣ ਜੋਗੀ ਗੱਲ ਸੀ ਪਰ ਉਸ ਵੇਲੇ ਮੇਰੇ ਕੰਨਾਂ ਨੂੰ ਕੌੜੀ ਲੱਗੀ ਸੀ। “ਮਦਦ ਤਾਂ ਕੁਝ ਕਰਦੇ ਨਹੀਂ, ਐਵੇਂ ਨਸੀਹਤਾਂ ਝਾੜਦੇ ਨੇ।” ਮੈਂ ਮਨ ਵਿਚ ਕਿਹਾ ਸੀ।
ਚੰਗੀ ਨਸੀਹਤ ਤੋਂ ਵਧ ਕੀਮਤੀ ਚੀਜ਼ ਨਵੇਂ ਆਏ ਕਲਾਕਾਰ ਨੂੰ ਹੋਰ ਕੋਈ ਨਹੀਂ ਮਿਲ ਸਕਦੀ ਪਰ ਅਫਸੋਸ! ਜਿਸ ਨੂੰ ਮਿਲਦੀ ਹੈ, ਉਹ ਉਸ ਦਾ ਮੁੱਲ ਨਹੀਂ ਪਾਉਂਦਾ, ਤੇ ਜਿਹੜਾ ਮੁੱਲ ਪਾਉਂਦਾ ਹੈ, ਉਹਨੂੰ ਉਹ ਮਿਲਦੀ ਨਹੀਂ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੇਰੀ ਸਿਹਤ ਕਾਫੀ ਡਿੱਗ ਚੁੱਕੀ ਸੀ। ਇਕ ਤਾਂ ਬੰਬਈ ਦੀ ਆਬੋ-ਹਵਾ ਮੈਨੂੰ ਮਾਫਕ ਨਹੀਂ ਸੀ ਆ ਰਹੀ। ਇਕ ਦਿਨ ਟੈਕਸੀ ਵਿਚ ਬੈਠਿਆਂ ਤੇ ਮੁੜ੍ਹਕੇ ਵਿਚ ਗੋਤੇ ਮਾਰਦਿਆਂ ਮੈਂ ਅੱਬਾਸ ਤੋਂ ਪੁਛਿਆ, “ਯਾਰ ਤੈਨੂੰ ਬੰਬਈ ਰਹਿੰਦਿਆਂ ਕਿਤਨੇ ਕੁ ਸਾਲ ਹੋ ਗਏ ਨੇ?”
“ਸੱਤ।” ਉਹਨੇ ਜਵਾਬ ਦਿਤਾ।
“ਸੱਤ ਸਾਲ!” ਮੈਂ ਹੈਰਾਨ ਹੋ ਕੇ ਕਿਹਾ, “ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਇਸ ਮਰਦੂਦ ਸ਼ਹਿਰ ਵਿਚ ਕਿਵੇਂ ਕੋਈ ਸੱਤ ਸਾਲ ਕੱਟ ਸਕਦਾ ਹੈ।”
“ਤੈਥੋਂ ਸੱਤ ਸਾਲ ਬਾਅਦ ਪੁੱਛਾਂਗਾ।” ਅੱਬਾਸ ਨੇ ਅਖਬਾਰ ਤੋਂ ਅੱਖਾਂ ਚੁੱਕੇ ਬਿਨਾਂ ਕਿਹਾ ਸੀ।
ਉਸ ਦੀ ਭਵਿਖਬਾਣੀ ਕਿਤਨੀ ਠੀਕ ਨਿਕਲੀ! ਅਜ ਬੰਬਈ ਵਿਚ ਰਹਿੰਦਿਆਂ ਮੈਨੂੰ 7 ਨਹੀਂ, 23 ਸਾਲ ਹੋ ਚੁੱਕੇ ਹਨ। ਸਿਹਤ ਡਿੱਗਣ ਦਾ ਅਸਲ ਕਾਰਨ ਆਰਥਕ ਪਰੇਸ਼ਾਨੀ ਤੇ ਬੇਥਵੀ ਜ਼ਿੰਦਗੀ ਵੀ ਸੀ। ਪੈਸੇ ਦਾ ਮੂੰਹ ਵੇਖਣ ਲਈ ਉਸ ਜ਼ਮਾਨੇ ਵਿਚ ਮੈਨੂੰ ਕੀ-ਕੀ ਤਰਲਾ ਨਹੀਂ ਸੀ ਲੈਣਾ ਪਿਆ। ਟਰੇਡਰਜ਼ ਬੈਂਕ ਦੀ ਇਕ ਬਰਾਂਚ ਦਾ ਮੈਨੇਜਰ ਮੇਰਾ ਕਾਲਜ ਦਾ ਸਹਿਪਾਠੀ ਨਿਕਲ ਆਇਆ। ਗਾਹੇ-ਬ-ਗਾਹੇ ਉਹ ਮੈਨੂੰ ਬੈਂਕ ਵੱਲੋਂ ਥੋੜ੍ਹਾ ਬਹੁਤ ਕਰਜ਼ਾ ਦੇਂਦਾ ਰਹਿੰਦਾ। ਦੋ ਕੁ ਹਜ਼ਾਰ ਦਾ ਮੇਰੇ ਹਿਸਾਬ ਵਿਚ ‘ਓਵਰਡਰਾਫਟ’ ਹੋ ਗਿਆ। ਉਸ ਦੇ ਰਵਾਨਾ ਹੋਣ ਤੋਂ ਪਹਿਲਾਂ-ਪਹਿਲਾਂ ਰੁਪਿਆ ਭਰਨਾ ਮੇਰਾ ਇਖਲਾਕੀ ਫਰਜ਼ ਸੀ।
ਇਸ ਫਰਜ਼ ਨੂੰ ਪੂਰਾ ਕਰਨ ਲਈ ਕੀਤੇ ਹੀਲਿਆਂ ਨੂੰ ਨਹੁੰਆਂ ਨਾਲ ਖੁਹ ਪੁੱਟਣ ਦਾ ਹੀ ਦਰਜਾ ਦਿੱਤਾ ਜਾ ਸਕਦਾ ਹੈ। ਰੇਡੀਉ ਦੇ ਪ੍ਰੋਗਰਾਮ, ਕਿਤਾਬਾਂ ਦੇ ਤਰਜਮੇ – ਮੇਰੀ ਦੌੜ ਅਜਿਹੇ ਕੰਮਾਂ ਤੀਕ ਹੀ ਸੀ, ਤੇ ਇਹਨਾਂ ਤੋਂ ਖਾਸ ਕੀ ਹਾਸਲ ਹੁੰਦਾ ਹੈ? ਇਕ ਦਿਨ ਕਿਸੇ ਦੱਸਿਆ ਕਿ ‘ਫਿਲਮਜ਼ ਡਿਵੀਜ਼ਨ’ (ਸਰਕਾਰੀ ਸੂਚਨਾ – ਫਿਲਮ ਵਿਭਾਗ) ਵਿਚ ਛੋਟੀ ਫਿਲਮ ਦੀ ਵਾਰਤਾ ਲਿਖਣ ਲਈ, ਤੇ ਬੋਲਣ ਲਈ ਵੀ, ਪੂਰਾ ਡੇਢ ਸੌ ਰੁਪਿਆ ਮਿਲ ਜਾਂਦਾ ਹੈ। ਮੈਂ ਨੱਠਦਾ ਹੋਇਆ ਉਸੇ ਵੇਲੇ ਡਾਇਰੈਕਟਰ ਨੂੰ ਮਿਲਣ ਚਲਾ ਗਿਆ। ਕਾਰਡ ਅੰਦਰ ਭੇਜਿਆ। ਡਾਇਰੈਕਟਰ ਨੇ ਝਟ ਅੰਦਰ ਬੁਲਾ ਲਿਆ। ਉਹਨੂੰ ਵੇਖਦਿਆਂ ਸਾਰ ਮੇਰੇ ਸੋਤਰ ਸੁੱਕ ਗਏ। ਮੇਰੇ ਸਾਹਮਣੇ ਇਕ ਐਸਾ ਨੌਜੁਆਨ ਖੜ੍ਹਾ ਸੀ ਜੋ ਆਪ ਦੋ ਸਾਲ ਪਹਿਲਾਂ ਲੰਡਨ ਵਿਚ ਮੇਰੇ ਅੱਗੇ ਇੰਟਰਵਿਊ ਲਈ ਪੇਸ਼ ਹੋਇਆ ਸੀ। ਆਕਸਫੋਰਡ ਦੀ ਉੱਚੀ ਵਿਦਿਆ ਸਮਾਪਤ ਕਰਕੇ ਉਹਨੇ ਬੀ.ਬੀ.ਸੀ. ਦੇ ਹਿੰਦੁਸਤਾਨੀ ਸੈਕਸ਼ਨ ਵਿਚ ਮੁਲਾਜ਼ਮਤ ਲਈ ਦਰਖਾਸਤ ਕੀਤੀ ਸੀ। ਸਾਡੇ ਡਾਇਰੈਕਟਰ ਜ਼ੁਲਫਕਾਰ ਅਲੀ ਬੁਖਾਰੀ ਓਦੋਂ ਹਿੰਦੁਸਤਾਨ ਆਏ ਹੋਏ ਸਨ, ਏਸ ਲਈ ਉਹਨੂੰ ਮੇਰੇ ਕੋਲ ਭੇਜਿਆ ਗਿਆ ਸੀ ਪਰ ਮੈਨੂੰ ਉਸ ਦਾ ਉਰਦੂ ਤਲੱਫਜ਼ ਪਸੰਦ ਨਹੀਂ ਸੀ ਆਇਆ, ਤੇ ਏਸ ਆਧਾਰ ਉੱਤੇ ਉਸ ਦੀ ਦਰਖਾਸਤ ਨਾਮਨਜ਼ੂਰ ਹੋ ਗਈ ਸੀ। ਤੇ ਹੁਣ ਮੈਂ ਉਸ ਦੇ ਸਾਹਮਣੇ ਇਕ ਘਟੀਆ ਜਿਹੇ ਕੰਮ ਲਈ ਸਵਾਲੀ ਬਣ ਕੇ ਖੜ੍ਹਾ ਸਾਂ। ਮੇਰੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਪਰ ਉਹ ਵਧੀਆ ਕਿਸਮ ਦਾ ਆਦਮੀ ਸਾਬਤ ਹੋਇਆ। ਉਹਨੇ ਫੌਰਨ ਮੇਰੀ ਦਰਖਾਸਤ ਮਨਜ਼ੂਰ ਕਰ ਦਿੱਤੀ, ਤੇ ਕੋਈ ਐਸਾ ਬੋਲ ਮੂੰਹ ਉਤੇ ਨਹੀਂ ਲਿਆਂਦਾ ਜਿਸ ਨਾਲ ਮੈਨੂੰ ਪਰੇਸ਼ਾਨੀ ਹੋਵੇ ਪਰ ਏਸ ਕੰਮ ਵਿਚੋਂ ਵੀ ਮਸਾਂ ਮੈਂ ਪੰਜ-ਛੇ ਸੌ ਹੀ ਕਮਾ ਸਕਿਆ, ਕਿਉਂਕਿ ਰਿਕਾਰਡਿਸਟਾਂ ਨੂੰ ਮੇਰਾ ਬੋਲਣ ਦਾ ਅੰਦਾਜ਼ ਪਸੰਦ ਨਹੀਂ ਸੀ…
ਆਪਣਾ ਮੇਕ-ਅੱਪ ਕੀਤਾ ਮੂੰਹ ਵੇਖਦਿਆਂ ਮੈਨੂੰ ਉਹ ਸਾਰੀਆਂ ਔਕੜਾਂ ਤੇ ਚਿੰਤਾਵਾਂ ਚੇਤੇ ਆਉਣ ਲਗ ਪਈਆਂ ਪਰ ਮੈਂ ਆਪਣੇ ਆਪ ਨੂੰ ਮਾਯੂਸ ਨਾ ਹੋਣ ਦਾ ਨਿਸਚਾ ਕਰ ਲਿਆ। ਸ਼ੂਟਿੰਗ ਦਾ ਪਹਿਲਾ ਦਿਨ ਸੀ। ਇਕ ਤਰ੍ਹਾਂ ਮੇਰੀ ਕਿਸਮਤ ਦਾ ਅਜ ਇਮਤਿਹਾਨ ਸੀ। ਫਨੀ-ਦਾ (ਫਿਲਮ ਡਾਇਰੈਕਟਰ ਫਨੀ ਮਜੂਮਦਾਰ) ਉੱਪਰ ਚੰਗਾ ਪ੍ਰਭਾਵ ਪਾਉਣ ਉੱਤੇ ਮੈਂ ਤੁਲਿਆ ਹੋਇਆ ਸਾਂ। ਫੇਰ ਵੀ, ਮੇਰੇ ਨਾ ਚਾਹੁੰਦਿਆਂ ਹੋਇਆਂ ਵੀ, ਉਹ ਮੇਕ-ਅੱਪ ਮੇਰੇ ਚਿਹਰੇ ਉਤੇ ਬੋਝ ਜਿਹਾ ਬਣਦਾ ਜਾ ਰਿਹਾ ਸੀ। ਇੰਜ ਲਗਦਾ ਸੀ ਜਿਵੇਂ ਮੂੰਹ ਉਤੇ ਥੱਪਣ ਵੇਲੇ ਬਹੁਤ ਸਾਰਾ ਪਾਊਡਰ ਮੇਰੀਆਂ ਅੱਖਾਂ ਵਿਚ ਵੀ ਚਲਾ ਗਿਆ ਹੋਵੇ। ਰਹਿ-ਰਹਿ ਕੇ ਸੋਚ ਸਤਾਉਂਦੀ, ਇਹ ਫਿਲਮਾਂ ਵਾਲੇ ਐਕਟਰ ਨੂੰ ਚਿੱਟੇ ਦੀ ਥਾਂ ਨੀਲੇ ਕੱਪੜੇ ਪੁਆ ਕੇ, ਉਹਦੇ ਮੂੰਹ ਉਤੇ ਏਨਾ ਗੇਰਵਾ ਪਲਸਤਰ ਥੱਪ ਕੇ, ਕਿਵੇਂ ਸੁਭਾਵਕ ਅਦਾਕਾਰੀ ਦੀ ਆਸ ਕਰ ਸਕਦੇ ਹਨ? ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸੁਭਾਵਕ ਅਦਾਕਾਰੀ ਦੀ ਮੰਜ਼ਲ ‘ਤੇ ਪਹੁੰਚਣ ਲਈ ਕਲਾਕਾਰ ਨੂੰ ਬੇਸ਼ੁਮਾਰ ਅਸੁਭਾਵਕ ਬੰਦਸ਼ਾਂ ਤੇ ਔਕੜਾਂ ਨੂੰ ਨਾ ਕੇਵਲ ਸਵੀਕਾਰਨਾ ਸਗੋਂ ਅਪਨਾਉਣਾ ਵੀ ਪੈਂਦਾ ਹੈ। ਇਸ ਲਈ ਸੁਲਝੇ ਹੋਏ ਅਧਿਐਨ ਤੇ ਸੁਚੱਜੇ ਰਿਆਜ਼ ਦੀ ਲੋੜ ਹੈ। ਮੈਂ ਸੁਭਾਵਕਤਾ ਦਾ ਅਰਥ ਬੰਦਸ਼ਾਂ ਵਲੋਂ ਲਾਪਰਵਾਹ ਹੋ ਕੇ ਉਵੇਂ ਹੀ ਕਰਨਾ ਮਿੱਥਦਾ ਸਾਂ ਜਿਵੇਂ ਜੀਵਨ ਵਿਚ ਵਾਪਰਦਾ ਹੈ। ਨਵੇਂ ਕਲਾਕਾਰਾਂ ਕੋਲੋਂ ਇਹ ਭੁੱਲ ਆਮ ਹੋ ਜਾਂਦੀ ਹੈ, ਤੇ ਮਹਿੰਗੀਆਂ ਕੀਮਤਾਂ ਵਸੂਲ ਕਰਦੀ ਹੈ।
ਮੈਂ ਸੈੱਟ ਉਤੇ ਗਿਆ। ਖੁਸ਼-ਕਿਸਮਤੀ ਨਾਲ ਕੈਮਰਾ ਲਾਂਗ ਸ਼ਾਟ (ਦੂਰ-ਵਰਤੀ ਦ੍ਰਿਸ਼) ਉਤੇ ਰੱਖਿਆ ਹੋਇਆ ਸੀ। ਮੈਂ ਉਹਨੂੰ ਮਨੋਂ ਵਿਸਾਰ ਸਕਦਾ ਸਾਂ। ਸੈੱਟ ਉਤੇ ਆਜ਼ਾਦੀ ਨਾਲ ਏਧਰ ਓਧਰ ਤੁਰ ਫਿਰ ਸਕਦਾ ਸਾਂ, ਬਿਨਾਂ ਰੋਕ-ਟੋਕ ਦੇ ਹੱਥ-ਪੈਰ ਹਿਲਾ ਸਕਦਾ ਸਾਂ।
ਸੀਨ ਇਸ ਪ੍ਰਕਾਰ ਸੀ: ਹੀਰੋ ਬਰਾਂਡੇ ਵਿਚ ਟੇਬਲ-ਲੈਂਪ ਦੇ ਸਹਾਰੇ ਕਿਤਾਬ ਪੜ੍ਹ ਰਿਹਾ ਹੈ। ਮੈਂ, ਉਸ ਦਾ ਫੈਸ਼ਨ-ਪ੍ਰਸਤ ਦੋਸਤ, ਮਸਤਾਨੀ ਅਦਾ ਨਾਲ ਦਰਵਾਜ਼ੇ ਵਿਚੋਂ ਦਾਖਲ ਹੁੰਦਾ ਹਾਂ, ਸਿਰ ਤੋਂ ਹੈਟ ਲਾਹ ਕੇ ਕਿੱਲੀ ਉਪਰ ਸੁੱਟਦਾ ਹਾਂ, ਤੇ ਅਰਾਮ-ਕੁਰਸੀ ਉਤੇ ਬਹਿ ਕੇ ਸਿਗਰਟ ਦੇ ਕਸ਼ ਖਿੱਚਦਾ ਹੀਰੋ ਦੇ ਸਨਾਤਨੀ ਵਿਚਾਰਾਂ ਤੇ ਆਦਰਸ਼ਾਂ ਉਪਰ ਵਿਅੰਗ ਕਰਨ ਲੱਗ ਜਾਂਦਾ ਹਾਂ। ਵਾਰਤਾਲਾਪ ਦਾ ਕੇਵਲ ਇਕ ਵਾਕ ਬੋਲਣ ਪਿਛੋਂ ਸ਼ਾਟ ਕੱਟ ਹੋ ਜਾਣਾ ਸੀ।
ਆਖਦੇ ਹਨ, ਨਵੇਂ ਜੁਆਰੀ ਦਾ ਪਹਿਲਾ ਦਾਅ ਹਮੇਸ਼ਾ ਸਿੱਧਾ ਪੈਂਦਾ ਹੈ। ਇਸ ਸ਼ਾਟ ਵਿਚ ਮੈਂ ਇੰਨੀ ਸੁੰਦਰਤਾ ਦਾ ਸਬੂਤ ਦਿੱਤਾ ਕਿ ਹਰ ਪਾਸਿਓਂ ਵਾਹ-ਵਾਹ ਹੋਣ ਲਗ ਪਈ। ਅਰਾਮ-ਕੁਰਸੀ ਉਤੇ ਬੈਠਦਿਆਂ ਹੀ ਮੈਂ ਮੂੰਹ ਵਿਚੋਂ ਸਿਗਰਟ-ਧੂੰਏਂ ਦੇ ਗੋਲ-ਗੋਲ ਛੱਲੇ ਕੱਢਣ ਲਗ ਪਿਆ ਸਾਂ ਜੋ ਬੜੀ ਕਰਤੱਬ ਵਾਲੀ ਗੱਲ ਸੀ। ਇਸ ਤੋਂ ਬਾਅਦ ਇਕ-ਦੋ ਹੋਰ ਸ਼ਾਟ ਹੋਏ ਜਿਨ੍ਹਾਂ ਵਿਚ ਕੈਮਰਾ ਥੋੜ੍ਹਾ ਨਜ਼ਦੀਕ ਆ ਗਿਆ। ਉਹਨਾਂ ਵਿਚ ਵੀ ਮੈਂ ਚੜ੍ਹਦੀਆਂ ਕਲਾਂ ਵਿਚ ਰਿਹਾ, ਜਿਵੇਂ ਦਿਖਾ ਰਿਹਾ ਹੋਵਾਂ ਕਿ ਇਹ ਸਭ ਮੇਰੇ ਵਰਗੇ ਬੀ.ਬੀ.ਸੀ. ਤੋਂ ਆਏ ਕਲਾਕਾਰ ਲਈ ਖੱਬੇ ਹੱਥ ਦੀ ਖੇਡ ਸੀ। ਚੈਨ ਦੇ ਚਿੜੇ ਉਡਾਉਂਦਾ ਮੈਂ ਪਹੁ ਫੁਟਣ ਵੇਲੇ ਘਰ ਪਹੁੰਚਿਆ। (ਚੱਲਦਾ)