ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਉਸਾਰੀ

ਹਰਵਿੰਦਰ ਸਿੰਘ
ਫੋਨ: +91-97790-89450
ਪੰਜਾਬ ਦੇ ਬਹੁਗਿਣਤੀ ਅਤੇ ਘੱਟਗਿਣਤੀ ਭਾਈਚਾਰਿਆਂ ਦੇ ਤੱਥ ਬੜੇ ਰੌਚਕ ਹਨ। ਸਿੱਖ ਭਾਈਚਾਰਾ ਪੰਜਾਬ ਵਿਚ ਬਹੁਗਿਣਤੀ (58%) ਅਤੇ ਕੌਮੀ ਪੱਧਰ ‘ਤੇ ਅਤਿ ਘੱਟਗਿਣਤੀ (0.7%) ਵਿਚ ਹੈ। ਹਿੰਦੂ ਭਾਈਚਾਰਾ ਪੰਜਾਬ ਵਿਚ ਘੱਟਗਿਣਤੀ ਸਮੂਹ (38%) ਹੈ ਜਦੋਂਕਿ ਕੌਮੀ ਪੱਧਰ ‘ਤੇ ਬਹੁਗਿਣਤੀ (80%) ਹੈ। ਪੰਜਾਬ ਦੀ ਘੱਟਗਿਣਤੀ ਹਿੰਦੂ ਵੱਸੋਂ ਸ਼ਹਿਰਾਂ ਵਿਚ ਵਸਦੀ ਹੈ ਅਤੇ ਉਦਯੋਗ ਜਾਂ ਵਪਾਰ ਕਿੱਤਾ ਕਰਦੀ ਹੈ। ਇਸ ਤੋਂ ਇਲਾਵਾ ਮੁਸਲਿਮ 1.93% ਅਤੇ ਇਸਾਈ 1.26% ਹਨ।

ਦੁਨੀਆ ਭਰ ਦੇ ਪੰਜਾਬੀ ਵੱਖ-ਵੱਖ ਧਰਮਾਂ, ਜਾਤਾਂ ਜਮਾਤਾਂ ਦੀ ਸਾਂਝ ਦੀ ਬਿਹਤਰੀਨ ਮਿਸਾਲ ਹਨ। ਅਜੋਕੇ ਸਮੇਂ ਵਿਚ ਪੰਜਾਬੀਆਂ ਨੂੰ ਮੁੱਖ ਤੌਰ ‘ਤੇ ਤਿੰਨ ਇਲਾਕਾਈ ਖਿੱਤਿਆਂ ਵਿਚ ਵੰਡਿਆ ਜਾ ਸਕਦਾ ਹੈ: ਭਾਰਤੀ ਪੰਜਾਬੀ, ਪਾਕਿਸਤਾਨੀ ਪੰਜਾਬੀ ਅਤੇ ਪਰਵਾਸੀ ਪੰਜਾਬੀ। ਇਨ੍ਹਾਂ ਤਿੰਨਾਂ ਖਿੱਤਿਆਂ ਵਿਚੋਂ ਗਿਣਤੀ ਪੱਖੋਂ ਪਾਕਿਸਤਾਨ ਦੇ ਪੰਜਾਬੀ ਸਭ ਤੋਂ ਵੱਧ ਹਨ। ਇਨ੍ਹਾਂ ਦੀ ਗਿਣਤੀ ਤਕਰੀਬਨ 10 ਕਰੋੜ ਹੈ। ਦੂਜੇ ਨੰਬਰ ‘ਤੇ ਭਾਰਤੀ ਪੰਜਾਬੀ ਹਨ ਜਿਨ੍ਹਾਂ ਦੀ ਗਿਣਤੀ ਤਿੰਨ ਕਰੋੜ ਤੋਂ ਵੱਧ ਹੈ। ਤੀਜੇ ਨੰਬਰ ‘ਤੇ ਪਰਵਾਸੀ ਪੰਜਾਬੀਆਂ ਦੀ ਗਿਣਤੀ ਹੈ ਜੋ ਤਕਰੀਬਨ ਇੱਕ ਕਰੋੜ ਤੋਂ ਵੱਧ ਹੈ।
ਭਾਰਤੀ ਪੰਜਾਬ ਸਿੱਖ ਬਹੁਗਿਣਤੀ ਵਾਲਾ ਰਾਜ ਹੈ। ਇੱਥੇ ਹਿੰਦੂ ਮੁੱਖ ਘੱਟਗਿਣਤੀ ਭਾਈਚਾਰਾ ਹੈ। ਜਾਤੀ/ਜਮਾਤੀ ਪੱਖ ਤੋਂ ਦਲਿਤ ਪੰਜਾਬ ਦਾ ਵੱਡਾ ਭਾਈਚਾਰਾ ਹੈ। ਇਸ ਤੋਂ ਇਲਾਵਾ ਔਰਤਾਂ, ਸੇਪੀ ਜਮਾਤਾਂ ਅਤੇ ਪੱਛੜੇ ਦਮਿਤ ਵਰਗਾਂ ਦੀ ਵੀ ਕਾਫੀ ਵੱਡੀ ਗਿਣਤੀ ਹੈ। ਪੰਜਾਬੀ ਕੌਮ ਦੀ ਸਾਕਾਰਾਤਮਕ ਉਸਾਰੀ ਵਿਚ ਇਨ੍ਹਾਂ ਭਾਈਚਾਰਿਆਂ ਦੀ ਫੈਸਲਾਕੁਨ ਭੂਮਿਕਾ ਬਣਦੀ ਹੈ। ਕਿਸੇ ਵੀ ਦੇਸ਼ ਜਾਂ ਕੌਮ ਦੀ ਉਸਾਰੀ ਲਈ ਉੱਥੋਂ ਦੀ ਬਹੁਗਿਣਤੀ ਵੱਲੋਂ ਘੱਟਗਿਣਤੀਆਂ ਦੇ ਵਿਸ਼ਵਾਸ ਨੂੰ ਜਿੱਤ ਕੇ ਉਨ੍ਹਾਂ ਦੀ ਪੂਰੀ ਸ਼ਮੂਲੀਅਤ ਲਈ ਸਾਜ਼ਗਾਰ ਹਾਲਾਤ ਪੈਦਾ ਕਰਨ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ।
ਪੰਜਾਬ ਦੇ ਬਹੁਗਿਣਤੀ ਅਤੇ ਘੱਟਗਿਣਤੀ ਭਾਈਚਾਰਿਆਂ ਦੇ ਤੱਥ ਬੜੇ ਰੌਚਕ ਹਨ। ਸਿੱਖ ਭਾਈਚਾਰਾ ਪੰਜਾਬ ਵਿਚ ਬਹੁਗਿਣਤੀ (58 ਫੀਸਦੀ) ਅਤੇ ਕੌਮੀ ਪੱਧਰ ‘ਤੇ ਅਤਿ ਘੱਟਗਿਣਤੀ (0.7 ਫੀਸਦੀ) ਵਿਚ ਹੈ। ਹਿੰਦੂ ਭਾਈਚਾਰਾ ਪੰਜਾਬ ਵਿਚ ਘੱਟਗਿਣਤੀ ਸਮੂਹ (38 ਫੀਸਦੀ) ਹੈ ਜਦੋਂਕਿ ਕੌਮੀ ਪੱਧਰ ‘ਤੇ ਬਹੁਗਿਣਤੀ (80 ਫੀਸਦੀ) ਹੈ। ਪੰਜਾਬ ਦੀ ਘੱਟਗਿਣਤੀ ਹਿੰਦੂ ਵੱਸੋਂ ਸ਼ਹਿਰਾਂ ਵਿਚ ਵਸਦੀ ਹੈ ਅਤੇ ਉਦਯੋਗ ਜਾਂ ਵਪਾਰ ਕਿੱਤਾ ਕਰਦੀ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਮੁਸਲਿਮ 1.93 ਫੀਸਦੀ ਅਤੇ ਇਸਾਈ 1.26 ਫੀਸਦੀ ਹਨ। ਪੰਜਾਬ ਦੀ ਪੇਂਡੂ ਅਤੇ ਖੇਤੀ ਆਰਥਿਕਤਾ ਮੁੱਖ ਰੂਪ ਵਿਚ ਸਿੱਖਾਂ ਕੋਲ ਹੈ ਅਤੇ ਸ਼ਹਿਰੀ ਉਦਯੋਗ ਤੇ ਵਪਾਰ ਕਾਰੋਬਾਰ ਦੀ ਵਾਗਡੋਰ ਜ਼ਿਆਦਾਤਰ ਹਿੰਦੂ ਵੱਸੋਂ ਕੋਲ। ਪੰਜਾਬ ਦੇ ਉਦਯੋਗਿਕ ਵਿਕਾਸ ਵਿਚ ਪੰਜਾਬ ਦੇ ਘੱਟਗਿਣਤੀ ਹਿੰਦੂ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਪੰਜਾਬ ਦੇ ਇਸ ਭਾਈਚਾਰੇ ਦੇ ਹੱਥ ਵਿਚ ਸੂਬੇ ਦੀ ਆਰਥਿਕਤਾ ਦਾ ਭਵਿੱਖ ਹੈ ਕਿਉਂਕਿ ਆਰਥਿਕ ਨਿਯਮਾਂ ਅਨੁਸਾਰ ਖੇਤੀ ਦਾ ਯੋਗਦਾਨ ਹੌਲੀ ਹੌਲੀ ਘਟਣਾ ਅਤੇ ਉਦਯੋਗ ਤੇ ਸੇਵਾਵਾਂ ਖੇਤਰਾਂ ਦਾ ਯੋਗਦਾਨ ਵਧਣਾ ਹੁੰਦਾ ਹੈ। ਇਸ ਤਰਤੀਬ ਦਾ ਵਿਕਾਸ ਹੀ ਸਾਕਾਰਾਤਮਕ ਅਤੇ ਅਗਾਂਹਵਧੂ ਮੰਨਿਆ ਜਾਂਦਾ ਹੈ। ਪੰਜਾਬ ਦੀ ਆਰਥਿਕਤਾ ਵਿਚ ਸਾਲ 1970-71 ਵਿਚ ਖੇਤੀ ਖੇਤਰ ਦਾ ਰਾਜ ਉਤਪਾਦਨ/ਆਮਦਨ ਯੋਗਦਾਨ 57.47 ਫੀਸਦੀ ਸੀ ਜੋ ਸਾਲ 2019-20 ਵਿਚ ਘਟ ਕੇ 28.10 ਫੀਸਦੀ ਭਾਵ ਤਕਰੀਬਨ ਅੱਧਾ ਰਹਿ ਗਿਆ। ਇਸ ਸਮੇਂ ਦੌਰਾਨ ਉਦਯੋਗਿਕ ਖੇਤਰ ਦਾ ਉਤਪਾਦਨ/ਆਮਦਨ ਯੋਗਦਾਨ 15.70 ਫੀਸਦੀ ਤੋਂ ਵਧ ਕੇ 25.10 ਫੀਸਦੀ ਹੋ ਗਿਆ ਜੋ ਆਉਣ ਵਾਲੇ ਸਮੇਂ ਵਿਚ ਹੋਰ ਵਧਦਾ ਜਾਵੇਗਾ। ਇਸੇ ਤਰ੍ਹਾਂ ਖੇਤੀ ਵਿਚ ਰੁਜ਼ਗਾਰ ਘਟਦਾ ਜਾ ਰਿਹਾ ਹੈ ਅਤੇ ਉਦਯੋਗ ਵਿਚ ਇਸ ਦਾ ਵਾਧਾ ਹੁੰਦਾ ਜਾ ਰਿਹਾ ਹੈ। ਪੰਜਾਬ ਵਿਚ 1970 ਵਿਚ ਖੇਤੀ ਅਤੇ ਇਸ ਨਾਲ ਸਬੰਧਿਤ ਖੇਤਰਾਂ ਵਿਚ ਕੁੱਲ ਕਿਰਤ ਦਾ 63 ਫੀਸਦੀ ਹਿੱਸਾ ਰੁਜ਼ਗਾਰਸ਼ੁਦਾ ਸੀ ਜੋ 2018 ਵਿਚ 26 ਫੀਸਦੀ ਰਹਿ ਗਿਆ। ਇਸੇ ਸਮੇਂ ਦੌਰਾਨ ਉਦਯੋਗਿਕ ਖੇਤਰ ਦਾ ਰੁਜ਼ਗਾਰ ਵਿਚ ਹਿੱਸਾ 13.28 ਫੀਸਦੀ ਤੋਂ ਵਧ ਕੇ 33.10 ਫੀਸਦੀ ਹੋ ਗਿਆ। ਇਸ ਤੱਥ ਅਨੁਸਾਰ ਪੰਜਾਬੀ ਕੌਮੀਅਤ ਦੀ ਉਸਾਰੀ ਵਿਚ ਉਦਯੋਗਿਕ ਅਤੇ ਵਪਾਰ ਸੰਭਾਲ ਰਹੇ ਪੰਜਾਬੀ ਹਿੰਦੂ ਭਾਈਚਾਰੇ ਦੀ ਭਵਿੱਖਮੁਖੀ ਮਹੱਤਤਾ ਵਡੇਰੀ ਹੈ। ਆਰਥਿਕਤਾ ਕਿਸੇ ਵੀ ਕੌਮੀਅਤ ਦੇ ਵਿਕਾਸ ਦੀ ਅਹਿਮ ਕੜੀ ਹੁੰਦੀ ਹੈ। ਇਸ ਲਿਹਾਜ਼ ਨਾਲ ਪੰਜਾਬ ਅਤੇ ਪੰਜਾਬੀ ਕੌਮ ਦੇ ਭਵਿੱਖ ਲਈ ਇੱਥੋਂ ਦੀ ਹਿੰਦੂ ਘੱਟਗਿਣਤੀ ਦਾ ਯੋਗਦਾਨ ਅਹਿਮ ਰਿਹਾ ਹੈ ਅਤੇ ਰਹੇਗਾ। ਪਰ ਪੰਜਾਬ ਦੇ ਇਤਿਹਾਸਕ ਘਟਨਾਕ੍ਰਮ ਵਿਚ ਹਿੰਦੂ ਘੱਟਗਿਣਤੀ ਦੇ ਆਰਥਿਕਤਾ ਦੀ ਅਹਿਮ ਕੜੀ ਵਜੋਂ ਪਾਏ ਯੋਗਦਾਨ ਨੂੰ ਗੌਰਵਮਈ ਤਰੀਕੇ ਨਾਲ ਮਾਨਤਾ ਨਹੀਂ ਦਿੱਤੀ ਗਈ। ਇਸ ਦੇ ਉਲਟ ਇਹ ਭਾਈਚਾਰਾ ਪੰਜਾਬ ਵਿਚ ਤਣਾਅ ਦੌਰਾਨ ਸਮੇਂ ਸਮੇਂ ਅਸੁਰੱਖਿਅਤ ਅਤੇ ਅਲੱਗ-ਥਲੱਗ ਮਹਿਸੂਸ ਕਰਦਾ ਰਿਹਾ ਹੈ। ਇਸੇ ਭਾਵਨਾ ਤਹਿਤ ਆਪਣੀ ਟੇਕ ਕੌਮੀ ਪੱਧਰ ਦੀ ਹਿੰਦੂ ਬਹੁਗਿਣਤੀ ‘ਤੇ ਰੱਖਣ ਨੂੰ ਮਜਬੂਰ ਹੁੰਦਾ ਰਿਹਾ ਹੈ। ਇਸੇ ਕਾਰਨ ਪੰਜਾਬੀ ਕੌਮੀਅਤ ਅੰਦਰੂਨੀ ਤੌਰ ‘ਤੇ ਦੋਫਾੜ ਇਕਾਈ ਬਣੀ ਰਹੀ ਹੈ। ਅਸੁਰੱਖਿਆ ਦੀ ਭਾਵਨਾ ਕਰਕੇ ਹੀ ਕਈ ਵਾਰੀ ਇੱਥੋਂ ਦੀਆਂ ਸਨਅਤੀ ਇਕਾਈਆਂ ਅਤੇ ਪੂੰਜੀ ਨਿਵੇਸ਼ ਦੇ ਪੰਜਾਬ ਤੋਂ ਬਾਹਰ ਪਲਾਇਨ ਕਰਨ ਦੀ ਵੀ ਨੌਬਤ ਆ ਜਾਂਦੀ ਹੈ। 1980ਵਿਆਂ ਦੌਰਾਨ ਪੰਜਾਬ ਸੰਤਾਪ ਦੇ ਦੌਰ ਵਿਚੋਂ ਲੰਘ ਰਿਹਾ ਸੀ। ਉਸ ਸਮੇਂ ਇੱਥੋਂ ਦੇ ਬੈਂਕਾਂ ਵਿਚ ਕੁੱਲ ਜਮ੍ਹਾਂ ਹੋਈ ਪੂੰਜੀ ਜਿਸ ਨੂੰ ਸੀ.ਡੀ. ਰੇਸ਼ੋ (ਕ੍ਰੈਡਿਟ ਡੈਬਿਟ ਰੇਸ਼ੋ) ਕਿਹਾ ਜਾਂਦਾ ਹੈ ਭਾਵ ਬੈਂਕਾਂ ਵਿਚ ਕੁੱਲ ਜਮ੍ਹਾਂ ਹੋਈ ਰਕਮ ਵਿਚੋਂ ਰਾਜ ਅੰਦਰ ਨਿਵੇਸ਼ ਹੋਈ ਪੂੰਜੀ ਦਾ ਅਨੁਪਾਤ ਮਹਿਜ਼ 28 ਫੀਸਦੀ ਸੀ। ਦੂਜੇ ਸ਼ਬਦਾਂ ਵਿਚ ਪੰਜਾਬ ਦੇ ਬੈਂਕਾਂ ਵਿਚ ਕੁੱਲ ਜਮ੍ਹਾਂ ਪੂੰਜੀ ਵਿਚੋਂ 72 ਫੀਸਦੀ ਹਿੱਸਾ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਨਿਵੇਸ਼ ਹੁੰਦਾ ਸੀ। ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੇ ਬੈਂਕਾਂ ਵਿਚ ਵੱਡੀ ਮਿਕਦਾਰ ਵਿਚ ਜਮ੍ਹਾਂ ਹੋਏ ਸਰਮਾਏ ਦਾ ਵੱਡਾ ਹਿੱਸਾ ਸੂਬੇ ਦੀ ਸਨਅਤ ਅਤੇ ਵਪਾਰ ਵਿਚ ਲੱਗਣ ਦੀ ਬਜਾਏ ਇਸ ਤੋਂ ਬਾਹਰ ਲੱਗਾ। 1970ਵਿਆਂ ਦੇ ਹਰੇ ਇਨਕਲਾਬ ਦੀ ਖੁਸ਼ਹਾਲੀ ਤੋਂ ਬਾਅਦ ਦੇ ਤਿੰਨ ਦਹਾਕਿਆਂ ਦੌਰਾਨ ਇੱਥੋਂ ਦੇ ਬੈਂਕਾਂ ਦੇ ਸਰਮਾਏ ਦਾ ਔਸਤ 35 ਫੀਸਦੀ ਹੀ ਪੰਜਾਬ ਵਿਚ ਲੱਗਾ ਜੋ ਰਾਸ਼ਟਰੀ ਪੱਧਰ ਦੀ 75 ਫੀਸਦੀ ਦੇ ਅਨੁਪਾਤ ਨਾਲੋਂ ਅੱਧ ਤੋਂ ਵੀ ਘੱਟ ਸੀ। ਇਸ ਦਾ ਇੱਕ ਵੱਡਾ ਕਾਰਨ ਵਪਾਰੀ ਅਤੇ ਸਨਅਤਕਾਰ ਵਰਗ ਦੇ ਮਨਾਂ ਵਿਚ ਸੰਤਾਪ ਦੇ ਦੌਰ ਵਿਚ ਪੈਦਾ ਹੋਈ ਬੇਵਿਸਾਹੀ ਦੀ ਭਾਵਨਾ ਸੀ। ਇਸ ਸੰਦਰਭ ਵਿਚ ਪੰਜਾਬੀ ਕੌਮੀਅਤ ਦੀ ਉਸਾਰੀ ਲਈ ਇਸ ਘੱਟਗਿਣਤੀ ਤਬਕੇ ਦਾ ਵਿਸ਼ਵਾਸ ਬਹਾਲ ਅਤੇ ਬਰਕਰਾਰ ਕਰਨਾ ਸਭ ਤੋਂ ਅਹਿਮ ਹੈ। ਇਸ ਵਿਚ ਬਹੁਗਿਣਤੀ ਸਿੱਖ ਭਾਈਚਾਰੇ ਦੀ ਘੱਟਗਿਣਤੀ ਭਾਈਚਾਰੇ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿਚ ਅਹਿਮ ਜ਼ਿੰਮੇਵਾਰੀ ਬਣਦੀ ਹੈ।
ਪ੍ਰਾਚੀਨ ਕਾਲ ਤੋਂ ਹਿੰਦੂ ਭਾਈਚਾਰੇ ਅਤੇ ਹਿੰਦੂ ਸੰਸਕ੍ਰਿਤੀ ਦਾ ਪੰਜਾਬ ਦੀ ਵਿਰਾਸਤ ਦੀ ਉਸਾਰੀ ਵਿਚ ਬੜਾ ਵੱਡਾ ਯੋਗਦਾਨ ਰਿਹਾ ਹੈ। ਆਮ ਤੌਰ ‘ਤੇ ਪੰਜਾਬ ਦੀ ਹੋਂਦ ਨੂੰ ਸਿੱਖ ਕਾਲ ਤੋਂ ਬਾਅਦ ਵਾਲੇ ਪੰਜਾਬ ਵਜੋਂ ਜ਼ਿਆਦਾ ਉਭਾਰ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਦੀ ਅਮੀਰ ਵਿਰਾਸਤ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਪ੍ਰਾਚੀਨ ਕਾਲ ਵਿਚ ਪੰਜਾਬ ਸਮੁੱਚੀ ਮਾਨਵੀ ਸਭਿਅਤਾ ਦਾ ਪੰਘੂੜਾ ਰਿਹਾ ਹੈ। ਇਸ ਦੀਆਂ ਸਬਜ਼ ਵਾਦੀਆਂ ਵਿਚ ਸਿੰਧ ਘਾਟੀ ਵਜੋਂ ਜਾਣੀ ਜਾਂਦੀ ਸੱਭਿਅਤਾ ਪ੍ਰਫੁੱਲਤ ਹੋਈ। ਵੈਦਿਕ ਕਾਲ ਵਿਚ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਇਹ ਹਿੰਦੂ ਸੰਸਕ੍ਰਿਤੀ ਦਾ ਕੇਂਦਰ ਸੀ। ਰਿਸ਼ੀਆਂ ਨੇ ਰਿਗਵੇਦ ਵਰਗੀ ਮਹਾਨ ਰਚਨਾ ਪੰਜਾਬ ਦੇ ਦਰਿਆਵਾਂ ਕੰਢੇ ਹੀ ਰਚੀ। ਗੀਤਾ ਅਤੇ ਮਹਾਂਭਾਰਤ ਵਰਗੀਆਂ ਉੱਚ ਪੱਧਰ ਦੀਆਂ ਰਚਨਾਵਾਂ ਵੀ ਹਿੰਦੂ ਸੰਸਕ੍ਰਿਤੀ ਦੀ ਪੰਜਾਬ ਨੂੰ ਵੱਡਮੁੱਲੀ ਦੇਣ ਹਨ। ਇਸ ਕਾਲ ਵਿਚ ਪੰਜਾਬ ਵਿੱਦਿਆ ਦਾ ਅਹਿਮ ਕੇਂਦਰ ਸੀ। ਇੱਥੇ ਤਕਸ਼ਿਲਾ ਵਰਗੀ ਉੱਚ ਕੋਟੀ ਦੀ ਯੂਨੀਵਰਸਿਟੀ ਸੀ ਜਿੱਥੇ ਸਾਰੇ ਹਿੰਦੁਸਤਾਨ ਅਤੇ ਹੋਰਨਾਂ ਦੇਸ਼ਾਂ ਦੇ ਵਿਦਿਆਰਥੀ ਅਧਿਐਨ ਕਰਨ ਆਉਂਦੇ ਸਨ। ਪਾਣਿਨੀ ਅਤੇ ਕੌਟਲਯਾ ਵਰਗੇ ਵਿਦਵਾਨਾਂ ਨੇ ਪੰਜਾਬ ਦੀ ਪੁਰਾਤਨ ਵਿਰਾਸਤ ਵਿਚ ਵੱਡਾ ਯੋਗਦਾਨ ਪਾਇਆ। ਪਾਣਨੀ ਨੇ ‘ਅਸ਼ਟਅਧਿਆਇ’ ਨਾਮ ਦੀ ਵਿਆਕਰਨ ਅਤੇ ਕੌਟਲਯਾ ਨੇ ‘ਅਰਥਸ਼ਾਸ਼ਤਰ’ ਵਰਗੀਆਂ ਸ਼ਾਹਕਾਰ ਰਚਨਾਵਾਂ ਰਚੀਆਂ। ਵਿਸ਼ਵ ਜੇਤੂ ਕਹਾਉਣ ਵਾਲੇ ਸਿਕੰਦਰ ਨਾਲ ਮੱਥਾ ਲਾਉਣ ਵਾਲਾ ਪੋਰਸ ਪੰਜਾਬ ਦਾ ਮਾਣਯੋਗ ਨਾਇਕ ਸੀ। ਇਸ ਦਾ ਭਾਵ ਇਹ ਕਿ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਹਿੰਦੂ ਸੰਸਕ੍ਰਿਤੀ ਅਤੇ ਭਾਈਚਾਰੇ ਦਾ ਪੰਜਾਬ ਨੂੰ ਵੱਡਮੁੱਲਾ ਯੋਗਦਾਨ ਰਿਹਾ ਹੈ। ਇਸ ਤੱਥ ਨੂੰ ਗੌਰਵਮਈ ਤਰੀਕੇ ਨਾਲ ਸਵੀਕਾਰਨ ਅਤੇ ਪੇਸ਼ ਕਰਨ ਦੀ ਲੋੜ ਹੈ ਜਿਸ ਨਾਲ ਅਜੋਕੇ ਸਮੇਂ ਵਿਚ ਵੀ ਇਸ ਭਾਈਚਾਰੇ ਦੇ ਪੰਜਾਬੀ ਕੌਮੀਅਤ ਦੀ ਉਸਾਰੀ ਲਈ ਯੋਗਦਾਨ ਦੀਆਂ ਸੰਭਾਵਨਾਵਾਂ ਵਧਣਗੀਆਂ। 1961 ਦੀ ਜਨਗਣਨਾ ਵਿਚ ਹਿੰਦੂ ਭਾਈਚਾਰੇ ਦੇ ਇੱਕ ਤਬਕੇ ਵੱਲੋਂ ਆਪਣੀ ਮਾਂ ਬੋਲੀ ਪੰਜਾਬੀ ਦੀ ਬਜਾਏ ਹਿੰਦੀ ਲਿਖਵਾਉਣ ਦੀ ਗ਼ਲਤੀ, ਜੋ ਕੁਝ ਰਾਜਨੀਤਕ ਧਿਰਾਂ ਦੀ ਸ਼ਰਾਰਤ ਸੀ, ਦਾ ਦੋਸ਼ ਦੇਣ ਵਾਲੀ ਰਟ ਨੂੰ ਭੁਲਾ ਕੇ ਇਸ ਤਬਕੇ ਦੇ ਵਡੇਰੇ ਇਤਿਹਾਸਕ ਯੋਗਦਾਨ ਨੂੰ ਪ੍ਰਵਾਨ ਕਰਨ ਨਾਲ ਪੰਜਾਬੀ ਕੌਮ ਦੀ ਸਾਂਝ ਮਜ਼ਬੂਤ ਬਣ ਸਕਦੀ ਹੈ।
ਪੰਜਾਬ ਵਿਚ ਔਰਤਾਂ ਇੱਕ ਵੱਡੀ ਦਮਿਤ (ਉੱਚ ਅਤੇ ਨਿਮਨ ਦੋਹਾਂ ਵਰਗਾਂ ਵਿਚ ਸ਼ੋਸ਼ਿਤ ਵਰਗ) ਸ਼੍ਰੇਣੀ ਹਨ। ਇਨ੍ਹਾਂ ਦੇ ਮਜ਼ਬੂਤੀਕਰਨ ਦਾ ਮਸਲਾ ਅਹਿਮ ਹੈ। ਸੂਬੇ ਵਿਚ ਖੁਸ਼ਹਾਲੀ ਦੇ ਬਾਵਜੂਦ ਔਰਤਾਂ ਦੀ ਦਸ਼ਾ ਤਰਸਯੋਗ ਹੈ ਜਿਸ ਦਾ ਸਭ ਤੋਂ ਵੱਡਾ ਪ੍ਰਮਾਣ ਅਸਾਵਾਂ ਲਿੰਗ ਅਨੁਪਾਤ ਹੈ (ਪ੍ਰਤੀ 1000 ਮਰਦਾਂ ਪਿੱਛੇ 895 ਔਰਤਾਂ)। ਔਰਤਾਂ ਨਾਲ ਨਾਲ ਪੈਰ ਪੈਰ ‘ਤੇ ਵਿਤਕਰਾ ਹੁੰਦਾ ਹੈ ਅਤੇ ਬਲਾਤਕਾਰ ਦੀਆਂ ਘਟਨਾਵਾਂ ਆਮ ਵਰਤਾਰਾ ਹਨ। ਔਰਤਾਂ ਦੀ ਸੂਬੇ ਦੇ ਕੁੱਲ ਰੁਜ਼ਗਾਰ ਵਿਚ ਸਿਰਫ 13.90 ਫੀਸਦੀ ਭਾਗੀਦਾਰੀ ਹੈ ਜੋ ਰਾਸ਼ਟਰੀ ਪੱਧਰ ਦੀ 25.51 ਫੀਸਦੀ ਨਾਲੋਂ ਤਕਰੀਬਨ ਅੱਧੀ ਹੈ। ਹਰੇ ਇਨਕਲਾਬ ਦੀ ਖੁਸ਼ਹਾਲੀ ਨੇ ਜਗੀਰੂ ਸੋਚ ਨੂੰ ਹੋਰ ਵਧਾਇਆ ਹੈ। ਇਸ ਸੋਚ ਨਾਲ ਅਲਟਰਾਸਾਊਂਡ ਵਰਗੀਆਂ ਆਧੁਨਿਕ ਤਕਨੀਕਾਂ ਦੇ ਸੁਮੇਲ ਨੇ ਲੜਕੀਆਂ ਨੂੰ ਕੁੱਖ ਵਿਚ ਹੀ ਮਾਰਨ ਮੌਕੇ ਵਧਾ ਕੇ ਉਨ੍ਹਾਂ ਦੀ ਹੋਂਦ ਨੂੰ ਹੀ ਖਤਰੇ ਵਿਚ ਪਾ ਦਿੱਤਾ ਹੈ। ਹਰੇ ਇਨਕਲਾਬ ਦੀ ਮਸ਼ੀਨੀਕਰਨ ਵਾਲੀ ਖੇਤੀ ਨੇ ਸੇਪੀ ਜਾਤਾਂ/ਜਮਾਤਾਂ ਦੇ ਸਦੀਆਂ ਤੋਂ ਚਲੇ ਆ ਰਹੇ ਰੁਜ਼ਗਾਰ ਅਤੇ ਵੱਕਾਰ ਨੂੰ ਭਾਰੀ ਸੱਟ ਮਾਰੀ ਹੈ। ਰਵਾਇਤੀ ਕਿੱਤੇ ਲਗਭਗ ਖਤਮ ਹੋਣ ਨਾਲ ਇਹ ਦਸਤਕਾਰ ਵਰਗ ਖਲਾਅ ਵਿਚ ਲਟਕਿਆ ਜਾਪਦਾ ਹੈ। ਰਸਾਇਣਿਕ ਖੇਤੀ ਮਾਡਲ ਨੇ ਪੰਜਾਬ ਦੀ ਮਿੱਟੀ, ਹਵਾ, ਪਾਣੀ ਵਰਗੇ ਕੁਦਰਤੀ ਵਸੀਲੇ ਪ੍ਰਦੂਸ਼ਤ ਕਰ ਦਿੱਤੇ ਹਨ ਅਤੇ ਅਣਗਿਣਤ ਜੀਆ ਜੰਤ ਦਾ ਖਾਤਮਾ ਕਰ ਦਿੱਤਾ ਹੈ। ਹੁਣ ਕਿਸਾਨੀ ਵੀ ਕਰਜ਼ਾਈ ਹੋ ਕੇ ਖੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ। ਇਨ੍ਹਾਂ ਸਾਰੇ ਦਮਿਤ ਵਰਗਾਂ ਦੀ ਮੁੜ-ਸੁਰਜੀਤੀ ਅਤੇ ਬਦਲਦੇ ਹਾਲਾਤ ਅਨੁਸਾਰ ਇਨ੍ਹਾਂ ਦਾ ਰੁਜ਼ਗਾਰ ਅਤੇ ਵੱਕਾਰ ਪੰਜਾਬੀ ਕੌਮੀਅਤ ਦੀ ਪੁਨਰ ਉਸਾਰੀ ਦਾ ਅਹਿਮ ਏਜੰਡਾ ਹੋਣਾ ਚਾਹੀਦਾ ਹੈ।
ਇਸੇ ਤਰ੍ਹਾਂ ਪੰਜਾਬ ਦੀ ਉਸਾਰੀ ਵਿਚ ਨਿਮਨ ਸਮਝੀਆਂ ਜਾਂਦੀਆਂ ਸ਼੍ਰੇਣੀਆਂ ਜਿਨ੍ਹਾਂ ਨੂੰ ਹੁਣ ਦਲਿਤ ਕਿਹਾ ਜਾਂਦਾ ਹੈ, ਦਾ ਵੀ ਗੌਰਵਮਈ ਯੋਗਦਾਨ ਰਿਹਾ ਹੈ। ਇਹ ਸ਼੍ਰੇਣੀਆਂ ਜਿ਼ਆਦਾਤਰ ਕਿਰਤੀ ਵਰਗਾਂ ਨਾਲ ਸਬੰਧਿਤ ਹਨ। ਇਨ੍ਹਾਂ ਦੀ ਗਿਣਤੀ ਪੰਜਾਬ ਦੀ ਕੁੱਲ ਵੱਸੋਂ ਦਾ ਤਕਰੀਬਨ ਇੱਕ ਤਿਹਾਈ (31.94 ਫੀਸਦੀ) ਹੈ ਜੋ ਭਾਰਤ ਦੇ ਬਾਕੀ ਰਾਜਾਂ ਨਾਲੋਂ ਸਭ ਤੋਂ ਵੱਧ ਹੈ। ਇਨ੍ਹਾਂ ਵਰਗਾਂ ਦਾ ਪੰਜਾਬ ਦੀ ਆਰਥਿਕਤਾ ਅਤੇ ਸਮਾਜ ਦੀ ਉਸਾਰੀ ਵਿਚ ਮਾਣਯੋਗ ਯੋਗਦਾਨ ਰਿਹਾ ਹੈ। ਇਨ੍ਹਾਂ ਤਬਕਿਆਂ ਦਾ ਪੰਜਾਬ ਦੀ ਆਰਥਿਕਤਾ ਲਈ ਲੋੜੀਂਦੀ ਕਿਰਤ ਸ਼ਕਤੀ ਮੁਹੱਈਆ ਕਰਾਉਣ ਵਿਚ ਅਹਿਮ ਰੋਲ ਰਿਹਾ ਹੈ। ਇਨ੍ਹਾਂ ਵਿਚ ਮੁੱਖ ਤੌਰ ‘ਤੇ ਪੇਂਡੂ ਖੇਤ ਮਜ਼ਦੂਰ, ਸਨਅਤੀ ਕਾਮੇ ਆਦਿ ਸ਼ਾਮਲ ਹਨ। ਐਪਰ ਇਨ੍ਹਾਂ ਦੇ ਯੋਗਦਾਨ ਨੂੰ ਉਹ ਮਾਣ ਸਤਿਕਾਰ ਨਹੀਂ ਦਿੱਤਾ ਗਿਆ ਜਿਸ ਦੇ ਇਹ ਹੱਕਦਾਰ ਸਨ। ਇਸ ਦਾ ਅਹਿਮ ਕਾਰਨ ਮਨੂਵਾਦੀ ਜਾਤਪਾਤੀ ਸੋਚ ਦਾ ਗਲਬਾ ਹੈ। ਪੰਜਾਬ ਜਿੱਥੇ (ਅਸੂਲੀ ਤੌਰ ‘ਤੇ) ਜਾਤਪਾਤ ਨੂੰ ਨਾ ਮੰਨਣ ਵਾਲੇ ਸਿੱਖ ਭਾਈਚਾਰੇ ਦੀ ਬਹੁਗਿਣਤੀ ਹੈ, ਉੱਥੇ ਵੀ ਸਮਾਜ ਦੇ ਹਰ ਖੇਤਰ ਵਿਚ ਜਾਤਪਾਤ ਦੀ ਇੰਨੀ ਪੀਢੀ ਪਕੜ ਹੋਣਾ ਕੁਝ ਅਜੀਬ ਜਾਪਦਾ ਹੈ ਪਰ ਇਹ ਹਕੀਕਤ ਹੈ। ਇਸ ਦਾ ਮੁੱਖ ਕਾਰਨ ਸਿੱਖ ਭਾਈਚਾਰੇ ਦੇ ਅਸੂਲੀ ਅਤੇ ਅਮਲੀ ਖਾਸੇ ਵਿਚਲਾ ਪਾੜਾ ਹੈ। ਇਸੇ ਪਾੜੇ ਕਾਰਨ 1936 ਵਿਚ ਅੰਬੇਡਕਰ ਨੂੰ 6 ਕਰੋੜ ਦਲਿਤ ਆਬਾਦੀ ਨੂੰ ਸਿੱਖ ਮਤ ਵਿਚ ਤਬਦੀਲ ਕਰਨ ਦਾ ਫੈਸਲਾ ਰੱਦ ਕਰ ਕੇ ਬੁੱਧ ਧਰਮ ਵੱਲ ਰੁਖ ਕਰਨਾ ਪਿਆ ਸੀ। ਬਕੌਲ ਮੁਜ਼ੱਫਰ ਰਜ਼ਮੀ, ‘ਯੇ ਜਬਰ ਭੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ, ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ’। ਬੜਾ ਅਜੀਬ ਇਤਫਾਕ ਹੈ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਕ੍ਰਮਵਾਰ ਮੁਸਲਿਮ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਬਹੁਗਿਣਤੀ ਵਿਚ ਹਨ ਜਿਨ੍ਹਾਂ ਵਿਚ ਜਾਤਪਾਤ ਨੂੰ ਅਸੂਲੀ ਤੌਰ ‘ਤੇ ਮਾਨਤਾ ਨਹੀਂ ਪਰ ਅਮਲੀ ਤੌਰ ‘ਤੇ ਦੋਵਾਂ ਪੰਜਾਬਾਂ ਵਿਚ ਸਮਾਜ ਜਾਤਪਾਤ ਵਿਚ ਵੰਡਿਆ ਹੋਇਆ ਹੈ। ਇਹ ਪੰਜਾਬੀ ਕੌਮ ਦੀ ਇੱਕਜੁਟਤਾ ਕਮਜ਼ੋਰ ਹੋਣ ਦਾ ਇੱਕ ਵੱਡਾ ਕਾਰਨ ਹੈ। ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਬਾਅਦ ਦੇ ਪੰਜਾਬ ਵਿਚ ਖਾਸ ਕਰਕੇ ਬ੍ਰਿਟਿਸ਼ ਕਾਲ ਦੌਰਾਨ ਪੰਜਾਬ ਵਿਚ ਦੁੱਲਾ ਭੱਟੀ, ਅਹਿਮਦ ਖਾਨ ਖਰਲ, ਭਗਤ ਸਿੰਘ, ਊਧਮ ਸਿੰਘ ਨੂੰ ਉਨ੍ਹਾਂ ਦੇ ਕ੍ਰਾਂਤੀਕਾਰੀ ਰੋਲ ਦੇ ਸਨਮੁੱਖ ਕਿਸੇ ਹੱਦ ਤੱਕ ਸਾਂਝੇ ਨਾਇਕਾਂ ਦਾ ਰੁਤਬਾ ਹਾਸਲ ਹੈ ਪਰ ਦਲਿਤ ਸ਼੍ਰੇਣੀਆਂ ਦੇ ਨਾਇਕਾਂ ਜਿਵੇਂ ਪਾਕਿਸਤਾਨ ਦੇ ਨਜਾਮ ਲੁਹਾਰ, ਜਲਾਲ ਮਾਛੀ, ਜਗਰੂ ਨਾਈ ਅਤੇ ਭਾਰਤੀ ਪੰਜਾਬ ਦੇ ਮੰਗੂ ਰਾਮ ਆਦਿ ਨੂੰ ਗੌਰਵਮਈ ਥਾਂ ਨਹੀਂ ਦਿੱਤਾ ਗਿਆ। ਗਿਆਨੀ ਦਿੱਤ ਸਿੰਘ ਵਰਗੇ ਵੱਡੇ ਦਾਨਿਸ਼ਵਰ ਨੂੰ ਵੀ ਉਹ ਮੁਕਾਮ ਨਹੀਂ ਦਿੱਤਾ ਗਿਆ ਜਿਸ ਦਾ ਉਹ ਹੱਕਦਾਰ ਸੀ। ਕਾਮੀਆਂ, ਸੇਪੀ ਅਤੇ ਦਸਤਕਾਰ ਜਮਾਤਾਂ ਦਾ ਪੰਜਾਬੀ ਕੌਮੀਅਤ ਦੀ ਉਸਾਰੀ ਲਈ ਹਮੇਸ਼ਾ ਗੌਲਣਯੋਗ ਯੋਗਦਾਨ ਰਿਹਾ ਹੈ ਪਰ ਨੀਂਹ ਵਿਚ ਪੈਣ ਵਾਲੀਆਂ ਇੱਟਾਂ ਵਾਂਗ ਇਹ ਨਜ਼ਰ ਨਹੀਂ ਆਉਂਦਾ। ਮਹੀਂਵਾਲ ਦੀ ਸੋਹਣੀ ਬਾਰੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ, ਪਰ ਉਸ ਦੇ ਵਾਲਿਦ ਤੁਲਾ ਘੁਮਿਆਰ ਨੂੰ ਕੋਈ ਨਹੀਂ ਜਾਣਦਾ ਜਿਸ ਦੇ ਬਣਾਏ ਮਿੱਟੀ ਦੇ ਭਾਂਡੇ ਆਪਣੇ ਸਮੇਂ ਵਿਚ ਦਸਤਕਾਰੀ ਅਤੇ ਮੀਨਾਕਾਰੀ ਦੀ ਅਦਭੁੱਤ ਮਿਸਾਲ ਸਨ। ਜਿਨ੍ਹਾਂ ਦੀ ਦੂਰ ਦੂਰ ਤੱਕ ਮਹਿਮਾ ਫੈਲਣ ਕਾਰਨ ਵਪਾਰੀ ਇਨ੍ਹਾਂ ਦੀ ਤਜਾਰਤ ਕਰਦੇ ਸਨ। ਇਸ ਬਾਰੇ ਨਾ ਕੋਈ ਖੋਜ ਹੋਈ ਹੈ ਤੇ ਨਾ ਇਸ ਬਾਰੇ ਕਦੇ ਕੋਈ ਚਰਚਾ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਭਾਰਤੀ ਪੰਜਾਬ ਦੇ ਕਈ ਖਿੱਤਿਆਂ ਵਿਚ ਕਮਾਲ ਦੀ ਦਸਤਕਾਰੀ ਦੇ ਨਮੂਨੇ ਮਿਲਦੇ ਹਨ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਠਠੇਰਾ ਦਸਤਕਾਰ ਸ਼੍ਰੇਣੀ ਦੀ ਪਿੱਤਲ ਅਤੇ ਤਾਂਬੇ ਦੇ ਭਾਂਡਿਆਂ ਦੀ ਮੀਨਾਕਾਰੀ ਨੂੰ ਯੂਨੈਸਕੋ ਨੇ ਵਿਸ਼ਵ ਸਭਿਆਚਾਰਕ ਵਿਰਾਸਤ ਦੀ ਸੂਚੀ ਸ਼ਾਮਲ ਕੀਤਾ ਹੈ ਪਰ ਪੰਜਾਬੀਆਂ ਨੇ ਖੁਦ ਇਨ੍ਹਾਂ ਦਸਤਕਾਰਾਂ ਨੂੰ ਕਦੇ ਕੋਈ ਖਾਸ ਮਾਣ ਸਤਿਕਾਰ ਨਹੀਂ ਦਿੱਤਾ। ਮੁਕਤਸਰ ਦੇ ਮੋਚੀ ਭਾਈਚਾਰੇ ਦੀ ਜੁੱਤੀ; ਪਟਿਆਲਾ ਦੀ ਫੁਲਕਾਰੀ, ਪਰਾਂਦੇ ਅਤੇ ਨਾਲੇ; ਅੰਮ੍ਰਿਤਸਰ ਦੇ ਪਾਪੜ ਵੜੀਆਂ ਆਦਿ ਪੰਜਾਬ ਦੇ ਦਸਤਕਾਰਾਂ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਹਨ। ਇਉਂ ਹੀ ਪਾਕਿਸਤਾਨੀ ਪੰਜਾਬ ਦੇ ਦਸਤਕਾਰਾਂ ਨੇ ਵੀ ਆਪੋ ਆਪਣੇ ਹੁਨਰ ਵਿਚ ਵੱਡਾ ਨਾਮਣਾ ਖੱਟਿਆ ਹੈ ਜਿਸ ਨੂੰ ਕਦੇ ਗੌਰਵਸ਼ਾਲੀ ਤਰੀਕੇ ਨਾਲ ਮਾਨਤਾ ਨਹੀਂ ਦਿੱਤੀ ਗਈ। ਇਨ੍ਹਾਂ ਧਿਰਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਦੇ ਯੋਗਦਾਨ ਨੂੰ ਮਾਣ ਸਤਿਕਾਰ ਦੇਣ ਦੇ ਨਾਲ ਨਾਲ ਇਨ੍ਹਾਂ ਸ਼੍ਰੇਣੀਆਂ ਦੇ ਮੌਜੂਦਾ ਲੋਕਾਂ ਪ੍ਰਤੀ ਵੀ ਸਤਿਕਾਰਯੋਗ ਨਜ਼ਰੀਆ ਰੱਖਣ ਨਾਲ ਹੀ ਇਹ ਸਾਂਝੀ ਪੰਜਾਬੀ ਕੌਮੀਅਤ ਦਾ ਹਿੱਸਾ ਬਣ ਸਕਦੀਆਂ ਹਨ। ਦੋਵੇਂ ਪੰਜਾਬਾਂ ਵਿਚ ਬਹੁਗਿਣਤੀ ਤਬਕਿਆਂ (ਭਾਰਤ ਵਿਚ ਸਿੱਖ ਅਤੇ ਪਾਕਿਸਤਾਨ ਵਿਚ ਮੁਸਲਿਮ) ਦੇ ਧਰਮਾਂ ਵਿਚ ਅਸੂਲੀ ਤੌਰ ‘ਤੇ ਜਾਤਪਾਤ ਨੂੰ ਮਾਨਤਾ ਨਹੀਂ ਹੈ। ਇਸ ਲਈ ਦੋਵੇਂ ਪੰਜਾਬਾਂ ਵਿਚ ਇਸ ਵਿਚਾਰਧਾਰਾ ਨੂੰ ਅਮਲੀ ਰੂਪ ਦੇ ਕੇ ਸਾਰੇ ਪੰਜਾਬੀਆਂ ਦਾ ਸਾਂਝਾ ਮੁਹਾਜ਼ ਬਣਾਉਣ ਦੀਆਂ ਕਾਫੀ ਸੰਭਾਵਨਾਵਾਂ ਹਨ। ਪੰਜਾਬ ਆਦਿ ਕਾਲ ਤੋਂ ਹੀ ਕਈ ਧਰਮਾਂ, ਜਾਤਾਂ, ਗੋਤਾਂ, ਕਬੀਲਿਆਂ ਦੇ ਆਗਮਨ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਇਸ ਲਈ ਮਿਸ਼ਰਤ ਸਭਿਆਚਾਰ ਦੇ ਅਮਲ ਦੀ ਪ੍ਰਕਿਰਿਆ ਇੱਥੋਂ ਦੇ ਇਤਿਹਾਸਕ ਪ੍ਰਵਾਹ ਦਾ ਹਿੱਸਾ ਰਹੀ ਹੈ। ਇਸ ਲਈ ਪੰਜਾਬ ਸੂਫੀਆਂ, ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਵੱਲੋਂ ਦਿੱਤੇ ਸਰਬ ਸਾਂਝੀਵਾਲਤਾ ਦੇ ਦੂਤ ਬਣ ਕੇ ਸਾਂਝੀ ਪੰਜਾਬੀ ਕੌਮੀਅਤ ਦੇ ਮਾਡਲ ਰਾਹੀਂ ਆਲਮੀ ਸਹਿਹੋਂਦ ਵਾਲੇ ਇਨਸਾਨੀ ਭਾਈਚਾਰੇ ਦਾ ਮਾਡਲ ਪੇਸ਼ ਕਰ ਸਕਦਾ ਹੈ। ਇਹ ਉਪਰਾਲਾ ਵਿਸ਼ਵ ਪੱਧਰ ‘ਤੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵੀ ਕਾਰਗਰ ਸਾਬਿਤ ਹੋਵੇਗਾ।