ਕੇਜਰੀਵਾਲ ਤੇ ਮਾਨ ਨੇ ਹੁਣ ਗੁਜਰਾਤੀਆਂ ਤੋਂ ਮੰਗਿਆ ‘ਇਕ ਮੌਕਾ`

ਅਹਿਮਦਾਬਾਦ: ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਅਸੈਂਬਲੀ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਤੇ ਦਸੰਬਰ ਮਹੀਨੇ ਹੋਣ ਵਾਲੀਆਂ ਗੁਜਰਾਤ ਚੋਣਾਂ ਤੋਂ ਪਹਿਲਾਂ ਪਾਰਟੀ ਆਗੂਆਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਅਹਿਮਦਾਬਾਦ ਵਿਚ ਰੋਡ-ਸ਼ੋਅ ਕੱਢਿਆ। ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨੂੰ ਆਗਾਮੀ ਚੋਣਾਂ ਵਿਚ ‘ਆਪ` ਨੂੰ ‘ਇਕ ਮੌਕਾ` ਦੇਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਭਾਜਪਾ ਪਿਛਲੇ ਢਾਈ ਦਹਾਕਿਆਂ ਤੋਂ ਗੁਜਰਾਤ ਦੀ ਸੱਤਾ ‘ਤੇ ਕਾਬਜ਼ ਹੋਣ ਕਰਕੇ ‘ਹੰਕਾਰ‘ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਤੇ ਪੰਜਾਬ ਮਗਰੋਂ ‘ਆਪ‘ ਗੁਜਰਾਤ ਲਈ ਤਿਆਰ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸਤ ਕਰਨੀ ਨਹੀਂ ਆਉਂਦੀ, ਪਰ ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਬਖ਼ੂਬੀ ਜਾਣਦੇ ਹਨ। ‘ਆਪ‘ ਆਗੂ ਨੇ ਕਿਹਾ, ”ਅਸੀਂ ਦਿੱਲੀ ਵਿਚ ਭ੍ਰਿਸ਼ਟਾਚਾਰ ਖਤਮ ਕਰ ਚੁੱਕੇ ਹਾਂ ਤੇ ਪੰਜਾਬ ਵਿਚ ਭਗਵੰਤ ਮਾਨ ਨੇ ਦਸ ਦਿਨਾਂ ਵਿਚ ਭ੍ਰਿਸ਼ਟਾਚਾਰ ਦਾ ਖਾਤਮਾ ਕਰ ਛੱਡਿਆ ਹੈ।“ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਪਿਛਲੇ 25 ਸਾਲਾਂ ਤੋਂ ਗੁਜਰਾਤ ਦੀ ਸੱਤਾ ‘ਤੇ ਕਾਬਜ਼ ਹੋਣ ਕਰਕੇ ‘ਹੰਕਾਰ‘ ਗਈ ਹੈ, ਜਿਸ ਕਰਕੇ ਸੂਬੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ‘ਇਕ ਮੌਕਾ‘ ਦੇਣਾ ਚਾਹੀਦਾ ਹੈ। ‘ਤਿਰੰਗਾ ਗੌਰਵ ਯਾਤਰਾ‘ ਵਿਚ ਕੇਜਰੀਵਾਲ ਤੇ ਮਾਨ ਤੋਂ ਇਲਾਵਾ ਗੁਜਰਾਤ ‘ਆਪ‘ ਦੇ ਆਗੂ ਇਸੁਦਨ ਗਧਵੀ ਤੇ ਗੋਪਾਲ ਇਟਾਲੀਆ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਦੋਵਾਂ ਆਗੂਆਂ ਨੇ ਅਹਿਮਦਾਬਾਦ ਦੀ ਆਪਣੀ ਦੋ ਰੋਜ਼ਾ ਫੇਰੀ ਦਾ ਆਗਾਜ਼ ਸਾਬਰਮਤੀ ਆਸ਼ਰਮ ਤੋਂ ਕੀਤਾ। ਉਨ੍ਹਾਂ ਆਸ਼ਰਮ ਜਾ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ‘ਆਪ` ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਪੰਜਾਬ ਦੇ ਉਨ੍ਹਾਂ ਹਮਰੁਤਬਾ ਭਗਵੰਤ ਮਾਨ ਆਸ਼ਰਮ ਦੇ ਅੰਦਰ ‘ਹਰਿਦੇ ਕੁੰਜ` ਵੀ ਗਏ, ਜਿੱਥੇ ਮਹਾਤਮਾ ਗਾਂਧੀ ਰਹਿੰਦੇ ਸਨ। ‘ਆਪ` ਆਗੂਆਂ ਦੀ ਇਸ ਫੇਰੀ ਨੂੰ ਗੁਜਰਾਤ ਵਿਚ ਆਗਾਮੀ ਚੋਣਾਂ ਦੇ ਮੱਦੇਨਜਰ ਪਾਰਟੀ ਲਈ ਜ਼ਮੀਨੀ ਤਿਆਰੀਆਂ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ‘ਆਪ` ਨੇ ਪਿਛਲੇ ਮਹੀਨੇ ਪੰਜਾਬ ਅਸੈਂਬਲੀ ਚੋਣਾਂ ਵਿਚ ਇਤਿਹਾਸਕ ਜਿੱਤ ਦਰਜ ਕਰਦਿਆਂ ਤਿੰਨ ਚੌਥਾਈ ਬਹੁਮਤ ਹਾਸਲ ਕੀਤਾ ਸੀ। ਗਾਂਧੀ ਆਸ਼ਰਮ ਦੀ ਫੇਰੀ ਦੌਰਾਨ ਦੋਵਾਂ ਆਗੂਆਂ ਨੇ ‘ਚਰਖਾ` ਵੀ ਕੱਤਿਆ ਤੇ ਮਹਾਤਮਾ ਗਾਂਧੀ ਦੇ ਬੁੱਤੇ ਅੱਗੇ ਸ਼ਰਧਾਂਜਲੀ ਵੀ ਦਿੱਤੀ। ਮਗਰੋਂ ਉਨ੍ਹਾਂ ਗਾਈਡ ਨਾਲ ਮਿਊਜ਼ੀਅਮ ਦਾ ਟੂਰ ਵੀ ਕੱਢਿਆ।
ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼ਹੀਦਾਂ ਦੀ ਧਰਤੀ ਤੋਂ ਆਏ ਹਨ, ਜਿਥੇ ਹਰ ਪਿੰਡ ਦੇ ਲੋਕਾਂ ਨੇ ਆਜ਼ਾਦੀ ਦੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲਗਭਗ ਹਰ ਪਿੰਡ ਵਿਚ ਚਰਖਾ ਹੈ, ਜਿਸ ਨੂੰ ਔਰਤਾਂ ਰਵਾਇਤੀ ਲੋਕ ਗੀਤ ਗਾਉਂਦੀਆਂ ਕੱਤਦੀਆਂ ਹਨ। ਮਾਨ ਨੇ ਕਿਹਾ, ‘’ਮੈਂ ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਜਿਹੇ ਸ਼ਹੀਦਾਂ ਦੀ ਧਰਤੀ ਤੋਂ ਆਇਆ ਹਾਂ।“