ਅਮਰੀਕਾ ਨੇ ਪੂਤਿਨ ਖਿਲਾਫ ਭਾਰਤ ਤੋਂ ਸਹਿਯੋਗ ਮੰਗਿਆ

ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ, ਭਾਰਤੀ ਆਗੂਆਂ ਦੇ ਸੰਪਰਕ ‘ਚ ਹੈ ਅਤੇ ਯੂਕਰੇਨ ‘ਤੇ ਰੂਸੀ ਹਮਲੇ ਖਿਲਾਫ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖੇਗਾ। ਰੋਜ਼ਾਨਾ ਨਿਊਜ ਕਾਨਫਰੰਸ ਦੌਰਾਨ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਤੋਂ ਪੁੱਛਿਆ ਗਿਆ ਸੀ ਕਿ ਯੂਕਰੇਨ ‘ਚ ਜੰਗ ਦਰਮਿਆਨ ਖਿੱਤੇ ‘ਚ ਸ਼ਾਂਤੀ ਲਿਆਉਣ ਲਈ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤੰਤਰ ਕਿਵੇਂ ਰਲ ਕੇ ਕੰਮ ਕਰ ਰਹੇ ਹਨ।

ਪਸਾਕੀ ਨੇ ਦੱਸਿਆ,’’ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ ਕੌਮੀ ਸੁਰੱਖਿਆ ਟੀਮ ਰਾਹੀਂ ਵੱਖ-ਵੱਖ ਤਰੀਕਿਆਂ ਨਾਲ ਭਾਰਤੀ ਆਗੂਆਂ ਦੇ ਸੰਪਰਕ ‘ਚ ਹਾਂ ਅਤੇ ਰਾਸ਼ਟਰਪਤੀ ਪੂਤਿਨ ਦੇ ਹਮਲੇ ਖਿਲਾਫ ਖੜ੍ਹੇ ਹੋਣ ਲਈ ਸਾਡੇ ਨਾਲ ਨੇੜਿਉਂ ਕੰਮ ਕਰਨ ਲਈ ਉਨ੍ਹਾਂ ਨੂੰ ਲਗਾਤਾਰ ਪ੍ਰੇਰਿਤ ਕਰ ਰਹੇ ਹਾਂ।“ ਅਮਰੀਕਾ ਵੱਲੋਂ ਮਾਸਕੋ ਦੀ ਨਿੰਦਾ ਕਰਨ ਅਤੇ ਉਸ ‘ਤੇ ਸਖਤ ਪਾਬੰਦੀਆਂ ਲਗਾਉਣ ਲਈ ਆਪਣੇ ਸਹਿਯੋਗੀਆਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ।
ਅਮਰੀਕੀ ਹਿੰਦ ਪ੍ਰਸ਼ਾਂਤ ਕਮਾਂਡ ਦੇ ਕਮਾਂਡਰ ਐਡਮਿਰਲ ਜੌਹਨ ਕ੍ਰਿਸਟੋਫਰ ਐਕਵੀਲਿਨੋ ਨੇ ਪਿਛਲੇ ਹਫਤੇ ਸੰਸਦ ‘ਚ ਇਕ ਸੁਣਵਾਈ ਦੌਰਾਨ ਕਿਹਾ ਸੀ ਕਿ ਅਮਰੀਕਾ ਅਤੇ ਭਾਰਤ ਇਕ ਜਬਰਦਸਤ ਭਾਈਵਾਲ ਹਨ ਅਤੇ ਦੋਵੇਂ ਮੁਲਕਾਂ ਦੀਆਂ ਫੌਜਾਂ ਵਿਚਕਾਰ ਸਬੰਧ ਸਿਖਰਲੇ ਪੱਧਰ ‘ਤੇ ਹਨ। ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਲਈ ਸਹਾਇਕ ਰੱਖਿਆ ਮੰਤਰੀ ਐਲੀ ਰੈਟਨਰ ਨੇ ਇਕ ਹੋਰ ਬੈਠਕ ਦੌਰਾਨ ਕਿਹਾ ਸੀ ਕਿ ਭਾਰਤ ਦਾ ਰੂਸ ਨਾਲ ਗੁੰਝਲਦਾਰ ਇਤਿਹਾਸ ਰਿਹਾ ਹੈ।
ਇਸ ਦੌਰਾਨ ਡੈਮੋਕਰੈਟਿਕ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਵੱਲੋਂ ਕੀਤੇ ਗਏ ਹਮਲੇ ਦੀ ਨਿੰਦਾ ਕਰੇ। ਅਮਰੀਕਾ ‘ਚ ਭਾਰਤ ਦੇ ਸਫੀਰ ਤਰਨਜੀਤ ਸਿੰਘ ਸੰਧੂ ਨੂੰ ਦੋ ਸੰਸਦ ਮੈਂਬਰ ਟੈੱਡ ਡਬਲਿਊ ਲਿਊ ਅਤੇ ਟੌਮ ਮਾਲਿਨੋਵਸਕੀ ਨੇ ਚਿੱਠੀ ਲਿਖ ਕੇ ਸੰਯੁਕਤ ਰਾਸ਼ਟਰ ਮਹਾਸਭਾ ‘ਚ 2 ਮਾਰਚ ਨੂੰ ਹੋਈ ਵੋਟਿੰਗ ‘ਚ ਹਿੱਸਾ ਨਾ ਲੈਣ ਦੇ ਭਾਰਤ ਦੇ ਫੈਸਲੇ ‘ਤੇ ਨਿਰਾਸ਼ਾ ਜਤਾਈ ਹੈ।
ਰੂਸ ਦੀ ਮਦਦ `ਤੇ ਬਾਇਡਨ ਵੱਲੋਂ ਜਿਨਪਿੰਗ ਨੂੰ ਚਿਤਾਵਨੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨਾਲ ਦੋ ਘੰਟੇ ਵੀਡੀਓ ਰਾਹੀਂ ਗੱਲਬਾਤ ਕੀਤੀ ਹੈ। ਅਮਰੀਕਾ, ਚੀਨ ਨੂੰ ਰੂਸ ਦੀ ਮਦਦ ਨਾ ਕਰਨ ਲਈ ਕਹਿ ਰਿਹਾ ਹੈ। ਬਾਇਡਨ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਰੂਸ ਦੀ ਫੌਜੀ ਜਾਂ ਆਰਥਿਕ ਤੌਰ ਉਤੇ ਮਦਦ ਕੀਤੀ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਜਿਨਪਿੰਗ ਨੇ ਅਮਰੀਕਾ ਤੇ ਰੂਸ ਨੂੰ ਬੇਨਤੀ ਕੀਤੀ ਹੈ ਕਿ ਉਹ ਗੱਲਬਾਤ ਕਰਨ ਤੇ ਮਸਲਾ ਸੁਲਝਾਉਣ।
ਰੂਸ ਨੂੰ ਪੀੜ੍ਹੀਆਂ ਤਕ ਖਮਿਆਜ਼ਾ ਭੁਗਤਣਾ ਪਏਗਾ: ਜੇਲੈਂਸਕੀ
ਲਵੀਵ (ਯੂਕਰੇਨ): ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੈਂਸਕੀ ਨੇ ਕਿਹਾ ਕਿ ਰੂਸ ਦੀ ਸੈਨਾ ਦੇਸ਼ ਦੇ ਵੱਡੇ ਸ਼ਹਿਰਾਂ ਨੂੰ ਘੇਰ ਰਹੀ ਹੈ ਤੇ ਅਜਿਹੀ ਤਰਸਯੋਗ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਕਿ ਯੂਕਰੇਨ ਦੇ ਨਾਗਰਿਕਾਂ ਨੂੰ ਰੂਸੀ ਸੈਨਾ ਨਾਲ ਸਹਿਯੋਗ ਕਰਨਾ ਪਏ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਰੂਸ ਦੀ ਇਹ ਰਣਨੀਤੀ ਸਫਲ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਰੂਸ ਨੇ ਜੰਗ ਸਮਾਪਤ ਨਾ ਕੀਤੀ ਤਾਂ ਉਸ ਨੂੰ ਲੰਬੇ ਸਮੇਂ ਤੱਕ ਨੁਕਸਾਨ ਸਹਿਣਾ ਪਏਗਾ। ਉਨ੍ਹਾਂ ਨੇ ਕਰੈਮਲਿਨ (ਰੂਸ ਦਾ ਰਾਸ਼ਟਰਪਤੀ ਦਫਤਰ) ‘ਤੇ ਜਾਣਬੁੱਝ ਕੇ ਮਨੁੱਖੀ ਸੰਕਟ ਪੈਦਾ ਕਰਨ ਦਾ ਦੋਸ਼ ਲਗਾਇਆ।