ਅਨਮੋਲ ਰਤਨ ਸਿੱਧੂ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

ਚੰਡੀਗੜ੍ਹ: ਪੰਜਾਬ ਦੀ ‘ਆਪ` ਸਰਕਾਰ ਨੇ ਸੀਨੀਅਰ ਵਕੀਲ ਅਨਮੋਲ ਰਤਨ ਸਿੰਘ ਸਿੱਧੂ ਨੂੰ ਸੂਬੇ ਦਾ ਨਵਾਂ ਐਡਵੋਕੇਟ ਜਨਰਲ (ਏਜੀ) ਨਿਯੁਕਤ ਕੀਤਾ ਹੈ। ਉਨ੍ਹਾਂ ਆਪਣਾ ਅਹੁਦਾ ਸੰਭਾਲ ਲਿਆ। ਨਵੇਂ ਏਜੀ ਨੇ ਸਿਰਫ ਇਕ ਰੁਪਏ ਮਹੀਨਾ ਤਨਖਾਹ ਲੈਣ ਦਾ ਫੈਸਲਾ ਲਿਆ ਹੈ ਤੇ ਅਸਲ ਰਾਸ਼ੀ ਨਸ਼ਾ ਪੀੜਤਾਂ ਦੇ ਇਲਾਜ ਤੇ ਮੁੜ ਵਸੇਬੇ ਲਈ ਦਾਨ ਕਰਨ ਦਾ ਐਲਾਨ ਕੀਤਾ ਹੈ।

ਇਸ ਦੀ ਸ਼ੁਰੂਆਤ ਉਹ ਅੰਮ੍ਰਿਤਸਰ ਦੇ ਪਿੰਡ ਮਕਬੂਲਪੁਰਾ ਤੋਂ ਕਰਨਗੇ। ਅਨਮੋਲ ਰਤਨ ਸਿੱਧੂ (64) ਰਾਜਨੀਤੀ ਸ਼ਾਸਤਰ ਵਿਚ ਪੋਸਟ ਗਰੈਜੂਏਟ ਹਨ। ਉਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ, ਐਲ.ਐਲ.ਐਮ. ਤੇ ਲਾਅ ਵਿਚ ਹੀ ਪੀ.ਐਚ.ਡੀ. ਕੀਤੀ ਹੈ। ਇਸ ਦੌਰਾਨ ਉਹ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਵੀ ਰਹੇ। ਉਨ੍ਹਾਂ 1985 ਵਿਚ ਪ੍ਰੈਕਟਿਸ ਸ਼ੁਰੂ ਕੀਤੀ ਤੇ 1993 ਵਿਚ ਉਹ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਬਣੇ। ਸਾਲ 2008 ਤੋਂ 2014 ਤੱਕ ਉਹ ਭਾਰਤ ਸਰਕਾਰ ਦੇ ਸਹਾਇਕ ਸੌਲਿਸਟਰ ਜਨਰਲ ਰਹੇ। ਇਸੇ ਦੌਰਾਨ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੀ.ਬੀ.ਆਈ. ਦੇ ਵਿਸ਼ੇਸ਼ ਸਰਕਾਰੀ ਵਕੀਲ ਵੀ ਰਹੇ। ਸਿੱਧੂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਅੱਠ ਵਾਰ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਰ ਕੌਂਸਲ ਆਫ ਪੰਜਾਬ ਤੇ ਹਰਿਆਣਾ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।