ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ `ਚ ਸਭ ਤੋਂ ਨਮੋਸ਼ੀ ਭਰੀ ਹਾਰ

ਚੰਡੀਗੜ੍ਹ: ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਨਤੀਜਿਆਂ ਨੇ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕਾ ਦਿੱਤੀ ਹੈ। ਇਸ ਨੇ ਸਿਆਸੀ ਸਮੀਖਿਆਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਪੰਜਾਬ ਦੇ ਰਾਜਨੀਤਕ ਇਤਿਹਾਸ ਵਿਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੂਬੇ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਮਹਿਜ਼ ਤਿੰਨ ਸੀਟਾਂ ਹੀ ਹਾਸਲ ਹੋਈਆਂ ਹਨ। ਮਾਲਵਾ ਖਿੱਤੇ ਨੂੰ ਪਾਰਟੀ ਦਾ ਵੱਡਾ ਆਧਾਰ ਮੰਨਿਆ ਜਾਂਦਾ ਸੀ, ਪਰ ਉਥੇ ਪਾਰਟੀ ਨੂੰ 69 ‘ਚੋਂ ਸਿਰਫ ਇਕੋ ਹੀ ਸੀਟ ਹਾਸਲ ਹੋਈ ਹੈ। ਇਸੇ ਤਰ੍ਹਾਂ ਦੁਆਬਾ ਅਤੇ ਮਾਝਾ ਖੇਤਰ ਵਿਚੋਂ ਵੀ ਇਕੋ-ਇਕ ਸੀਟ ਮਿਲੀ ਹੈ। ਬਾਦਲ ਪਰਿਵਾਰ ਦਾ ਇਕ ਵੀ ਜੀਅ ਜਿੱਤ ਹਾਸਲ ਨਹੀਂ ਕਰ ਸਕਿਆ।

ਪਾਰਟੀ ਦੀ ਇਸ ਮਾੜੀ ਕਾਰਗੁਜ਼ਾਰੀ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਪੰਜਾਬ ਦੀ ਸੱਤਾ ‘ਤੇ ਸਭ ਤੋਂ ਵੱਧ ਸਮਾਂ ਅਕਾਲੀ ਦਲ ਨੂੰ ਹਕੂਮਤ ਕਰਨ ਦਾ ਮੌਕਾ ਮਿਲਿਆ ਹੈ। ਪ੍ਰਕਾਸ਼ ਸਿੰਘ ਬਾਦਲ ਤਾਂ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਹਨ। ਇਸੇ ਤਰ੍ਹਾਂ ਸੁਰਜੀਤ ਸਿੰਘ ਬਰਨਾਲਾ, ਜਸਟਿਸ ਗੁਰਨਾਮ ਸਿੰਘ ਅਤੇ ਲਛਮਣ ਸਿੰਘ ਗਿੱਲ ਨੇ ਵੀ ਅਕਾਲੀ ਦਲ ਦੀਆਂ ਸਰਕਾਰਾਂ ਦੀ ਅਗਵਾਈ ਕੀਤੀ ਹੈ।
ਸੂਬੇ ਦੀ ਸਿਆਸਤ ‘ਤੇ ਤਾਜ਼ਾ ਝਾਤ ਮਾਰੀ ਜਾਵੇ ਤਾਂ ਅਤਿਵਾਦ ਦਾ ਦੌਰ ਖਤਮ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਤਿੰਨ ਵਾਰ- 1997, 2007 ਤੇ 2012 ਵਿਚ ਭਾਜਪਾ ਨਾਲ ਗੱਠਜੋੜ ਤਹਿਤ ਸਰਕਾਰ ਬਣਾਈ। 2007 ਵਿਚ ਅਕਾਲੀ ਦਲ ਦੀ ਵਾਗਡੋਰ ਨਵੀਂ ਪੀੜ੍ਹੀ ਭਾਵ ਸੁਖਬੀਰ ਸਿੰਘ ਬਾਦਲ ਦੇ ਹੱਥ ਆਈ। ਛੋਟੇ ਬਾਦਲ ਦੀ ਕਮਾਨ ਹੇਠ 2012 ਦੀਆਂ ਚੋਣਾਂ ਤਾਂ ਪਾਰਟੀ ਨੇ ਜਿੱਤ ਲਈਆਂ, ਪਰ ਉਸ ਤੋਂ ਬਾਅਦ ਖੜ੍ਹੇ ਹੋਏ ਵਿਵਾਦਾਂ ਨੇ ਪਾਰਟੀ ਨੂੰ ਅਜਿਹਾ ਗ੍ਰਸਿਆ ਕਿ 2017 ਦੀਆਂ ਚੋਣਾਂ ਵਿਚ ਵੀ ਪਾਰਟੀ ਨੂੰ ਸਿਰਫ 15 ਸੀਟਾਂ ਹਾਸਲ ਹੋਈਆਂ ਤੇ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਸੀ ਮਿਲਿਆ।
ਸੁਖਬੀਰ ਤੋਂ ਪ੍ਰਧਾਨਗੀ ਖੋਹਣ ਦੀ ਮੰਗ ਨੇ ਫੜਿਆ ਜ਼ੋਰ
ਪਟਿਆਲਾ: ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਨਮੋਸ਼ੀ ਵਾਲੀ ਹਾਰ ਤੋਂ ਬਾਅਦ ਪਾਰਟੀ ਦੇ ਅੰਦਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ ਬਗਾਵਤੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਪੰਥ ਰਤਨ ਜਥੇਦਾਰ ਟੌਹੜਾ ਦੇ ਦੋਹਤੇ ਅਤੇ ਪਾਰਟੀ ਦੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਟੌਹੜਾ ਨੇ ਪਾਰਟੀ ਦੀ ਹਾਰ ਲਈ ਸੁਖਬੀਰ ਸਿੰਘ ਬਾਦਲ ਦੇ ਆਪਹੁਦਰੇਪਣ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਹੈ ਉਹ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਤੁਰਤ ਅਸਤੀਫਾ ਦੇਣ। ਟੌਹੜਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਇਹ ਪਾਰਟੀ ਦੀ ਸਭ ਤੋਂ ਨਮੋਸ਼ੀਜਨਕ ਤੇ ਲਗਾਤਾਰ ਦੂਜੀ ਹਾਰ ਹੈ ਅਤੇ ਪੰਜਾਬ ਨੇ ਬਾਦਲ ਪਰਿਵਾਰ ਦੀ ਅਗਵਾਈ ਕਬੂਲਣ ਤੋਂ ਇਨਕਾਰ ਕਰ ਦਿੱਤਾ ਹੈ।
ਸੁਖਬੀਰ ਨੇ ਹਾਰ ਦੀ ਜ਼ਿੰਮੇਵਾਰੀ ਕਬੂਲੀ
ਲੰਬੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅਸੈਂਬਲੀ ਚੋਣਾਂ ‘ਚ ਪਾਰਟੀ ਨੂੰ ਮਿਲੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਸ. ਬਾਦਲ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਰੱਬ ਵਾਂਗ ਹੁੰਦੀ ਹੈ ਤੇ ਪੰਜਾਬ ਦੇ ਲੋਕਾਂ ਨੇ ‘ਆਪ‘ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ‘ਆਪ‘ ਲੋਕਾਂ ਦੀਆਂ ਆਸਾਂ ਖਰੀ ਉਤਰੇਗੀ। ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਕਾਰਾਤਮਕ ਕੰਮਾਂ ਲਈ ਜਿੱਥੇ ਆਮ ਆਦਮੀ ਪਾਰਟੀ ਦੀ ਹਮਾਇਤ ਕਰੇਗਾ, ਉਥੇ ਵਿਰੋਧੀ ਧਿਰ ਵਜੋਂ ਖਾਮੀਆਂ ਵੀ ਉਜਾਗਰ ਕਰੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਦੀ ਭਾਈਚਾਰਕ ਸਾਂਝ ਲਈ ਇਹ ਬੇਹੱਦ ਜ਼ਰੂਰੀ ਹੈ।