ਅਬਰਾਹਮ ਲਿੰਕਨ ਦੀ ਸਮਕਾਲਣ ਸੋਜ਼ੋਰਨਰ ਟਰੁੱਥ

ਗੁਲਜ਼ਾਰ ਸਿੰਘ ਸੰਧੂ
ਅੱਜ ਦੀ ਗੱਲ ਮੈਂ ਅਖੰਡ ਪੰਜਾਬ ਦੀ ਪ੍ਰਥਮ ਪੰਜਾਬੀ ਸਾਹਿਤ ਸਭਾ ਨਾਲ ਸ਼ੁਰੂ ਕਰਦਾ ਹਾਂ। ਇਸ ਦੀ ਸਥਾਪਨਾ ਕਰਨ ਵਾਲਾ ਪੰਜਾਬ ਦੇ ਮਾਹਿਲਪੁਰ ਥਾਣੇ ਵਿਚ ਪੈਂਦੇ ਪਿੰਡ ਬਹਿਲਪੁਰ ਦਾ ਹਰੀ ਸਿੰਘ ਸੀ।

ਉਸ ਨੇ ਨਵੀਂ ਦਿੱਲੀ ਵਿਚ ਭਾਰਤ ਸਰਕਾਰ ਦੀ ਨੌਕਰੀ ਕਰਦਿਆਂ ਆਪਣੇ ਘਰ ਵਿਚ ਹੀ ਲੋੜਵੰਦਾਂ ਨੂੰ ਗਿਆਨੀ ਦੀ ਵਿਦਿਆ ਦੇਣ ਦਾ ਉਪਰਾਲਾ ਕੀਤਾ ਤਾਂ ਸਾਹਿਤਕ ਰੁਚੀ ਵਾਲੇ ਵਿਦਿਆਰਥੀਆਂ ਦੀ ਆਪੋ ਵਿਚ ਸਾਂਝ ਏਨੀ ਗੂੜ੍ਹੀ ਹੋ ਗਈ ਕਿ ਉਨ੍ਹਾਂ ਨੇ ਇਸ ਨੂੰ ਜਾਰੀ ਰੱਖਣ ਲਈ ਪੰਜਾਬੀ ਸਾਹਿਤ ਸਭਾ ਦੀ ਸਥਾਪਨਾ ਕਰ ਲਈ। ਉਹ ਆਪਣੀ ਲਿਖੀ ਕਵਿਤਾ, ਕਹਾਣੀ ਜਾਂ ਲੇਖ ਨੂੰ ਪੰਜਾਬੀ ਦੇ ਸਾਹਿਤਕ ਰਸਾਲਿਆਂ ਵਿਚ ਛਪਵਾਉਣ ਤੋਂ ਪਹਿਲਾਂ ਇਸ ਨੂੰ ਹਰੀ ਸਿੰਘ ਹੁਰਾਂ ਦੇ ਘਰ ਜੁੜਦੀ ਬੈਠਕ ਵਿਚ ਪੜ੍ਹਦੇ ਤੇ ਇਨ੍ਹਾਂ ਬਾਰੇ ਮਿਲੇ ਉਸਾਰੂ ਸੁਝਾਵਾਂ ਨੂੰ ਮੁੱਖ ਰੱਖ ਕੇ ਲੇਖਕ ਆਪਣੀ ਰਚਨਾ ਨੂੰ ਪਰਪੱਕ ਕਰ ਲੈਂਦੇ ਤੇ ਬਹੁਤੀ ਵਾਰੀ ਇਹ ਛਪਣ ਦੇ ਯੋਗ ਹੋ ਜਾਂਦੀ ਤੇ ਛਪਦੀ। 1943 ਵਿਚ ਰਜਿਸਟਰ ਕਰਵਾਉਂਦੇ ਸਮੇਂ ਹਰੀ ਸਿੰਘ ਨੂੰ ਇਸ ਸਾਹਿਤ ਸਭਾ ਦਾ ਪ੍ਰਧਾਨ ਤੇ ਉਦਮੀ ਵਿਦਿਆਰਥੀ ਕੁਲਦੀਪ ਸਿੰਘ ਨੂੰ ਸਕੱਤਰ ਥਾਪਿਆ ਗਿਆ ਸੀ। ਅੱਜ ਦੇ ਦਿਨ ਸਭਾ ਦੀ ਆਪਣੀ ਇਮਾਰਤ ਹੈ ਜਿਹੜੀ ਨਵੀਂ ਦਿੱਲੀ ਦੇ ਰਾਊਜ਼ ਐਵੇਨਿਊ ਇਲਾਕੇ ਵਿਚ ਪੰਜਾਬੀ ਭਵਨ ਵਜੋਂ ਜਾਣੀ ਜਾਂਦੀ ਹੈ। ਏਥੇ ਪਹਿਲਾਂ ਵਾਂਗ ਹੀ ਬੈਠਕਾਂ ਹੰੁਦੀਆਂ ਹਨ ਤੇ ਉਸ ਨੂੰ ਸੁਝਾਅ ਦਿੱਤੇ ਜਾਂਦੇ ਹਨ।
ਇਸ ਪੰਜਾਬੀ ਭਵਨ ਦਾ ਨੀਂਹ ਪੱਥਰ ਉਸ ਸਮੇਂ ਦੇ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਪੰਜ ਮਈ 1990 ਨੂੰ ਰੱਖਿਆ ਸੀ, ਜਿੱਥੋਂ ਸਾਹਿਤਕ ਬੈਠਕਾਂ ਦੇ ਨਾਲ ਨਾਲ ‘ਸਮਕਾਲੀ ਸਾਹਿਤ’ ਨਾਂ ਦਾ ਤ੍ਰੈਮਾਸਕ ਰਸਾਲਾ ਵੀ ਕੱਢਿਆ ਜਾਂਦਾ ਹੈ। ਇਸ ਰਸਾਲੇ ਦਾ ਅਪ੍ਰੈਲ-ਜੂਨ 2022 ਦਾ ਅੰਕ ਇਨ੍ਹਾਂ ਸਤਰਾਂ ਦਾ ਕਾਰਨ ਬਣਿਆ ਹੈ। ਇਸ ਵਿਚ ਸੰਨ ਸੰਤਾਲੀ ਦੀ ਦੇਸ਼ ਵੰਡ ਬਾਰੇ ਤੇ ਹੋਰ ਰਚਨਾਵਾਂ ਵੀ ਹਨ ਪਰ ਇਸ ਦੀ ਪ੍ਰਥਮ ਰਚਨਾ ‘ਔਰਤ ਰੋਂਦੀ ਹੈ ਤਾਂ ਸਿਰਫ ਰੱਬ ਸੁਣਦਾ ਹੈ’ ਅੰਤਰਰਾਸ਼ਟਰੀ ਮਹਿਲਾ ਦਿਵਸ ਉੱਤੇ ਹੀ ਸਹੀ ਨਹੀਂ ਪਾਉਂਦੀ ਅਮਰੀਕਾ ਵਿਚ ਅਠਾਰਵੀਂ ਸਦੀ ਦੇ ਨਸਲਵਾਦ ਦੀ ਬਾਤ ਵੀ ਪਾਉਂਦੀ ਹੈ। ਇਸ ਵਿਚ 86 ਵਰ੍ਹਿਆਂ ਦੀ ਉਮਰ ਭੋਗਣ ਵਾਲੀ ਸੋਜ਼ੋਰਨਰ ਟਰੁੱਥ ਨਾਮੀ ਉਸ ਸਿਆਹਫਾਮ (ਕਾਲੀ) ਮਹਿਲਾ ਦੀ ਸਵੈ-ਜੀਵਨੀ ਦਾ ਸਾਰ ਹੈ, ਜਿਹੜੀ ਬਿਲਕੁਲ ਅਨਪੜ੍ਹ ਹੋਣ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਤੇ ਉਸ ਤੋਂ ਅਗਲੇ ਦੋ ਰਾਸ਼ਟਰਪਤੀਆਂ ਨਾਲ ਵਿਚਰਦੀ ਰਹੀ ਸੀ। ਜਦੋਂ ਲਿੰਕਨ ਨੂੰ ਮਿਲਣ ਸਮੇਂ ਉਸ ਨੇ ‘ਮਿਸਟਰ ਪ੍ਰੈਜ਼ੀਡੈਂਟ ਤੁਹਾਡੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਮੈਂ ਤੁਹਾਡਾ ਨਾਂ ਤਕ ਨਹੀਂ ਸੀ ਸੁਣਿਆ’ ਕਿਹਾ ਤਾਂ ਅਬਰਾਹਮ ਲਿੰਕਨ ਨੇ ਮੁਸਕੁਰਾੳਂੁਦਿਆਂ ਉਤਰ ਦਿੱਤਾ ਸੀ, ‘ਪਰ ਮੈਂ ਤਾਂ ਤੇਰਾ ਨਾਂ ਸੁਣਿਆ ਹੋਇਆ ਸੀ।’
1797 ਵਿਚ ਜਨਮੀ ਇਸ ਅਨਪੜ੍ਹ ਪਰ ਉੱਚ ਕੋਟੀ ਦੀ ਮਹਿਲਾ ਨੇ ਅੱਧੀ ਜ਼ਿੰਦਗੀ ਆਪਣੇ ਜਨਮ ਦੇ ਨਾਮ ਇਜ਼ਾਬੈਲਾ ਬੌਸਫੀ ਵਜੋਂ ਜੀਵੀ ਤੇ ਅੱਧੀ ਸੋਜ਼ੋਰਨਰ ਟਰੁੱਥ ਵਜੋਂ। ਜਦੋਂ ਉਸ ਦਾ ਥਾਮਸ ਨਾਂ ਦੇ ਇਕ ਗੁਲਾਮ ਨਾਲ ਸਬੰਧ ਬਣਿਆ ਤਾਂ ਉਸ ਨੇ ਪੰਜ ਬੱਚਿਆਂ ਨੂੰ ਜਨਮ ਦਿੱਤਾ। ਇਹ ਗੱਲ ਵੱਖਰੀ ਹੈ ਕਿ ਉਹ ਸਦਾ ਆਪਣੇ ਤੇਰਾਂ ਬੱਚਿਆਂ ਦੀ ਗੱਲ ਕਰਦੀ। ਸ਼ਾਇਦ ਇਸ ਲਈ ਕਿ ਦੂਜੇ ਬੱਚੇ ਬਲਾਤਕਾਰਾਂ ਦੇ ਸਨ ਜਾਂ ਹੋਰ ਬਾਹਰੀ ਸਬੰਧਾਂ ਦੀ ਦੇਣ। ਉਹ ਆਪਣੇ ਭੈਣ-ਭਰਾਵਾਂ ਦੀ ਗੱਲ ਕਰਦੇ ਸਮੇਂ ਵੀ ਦਸ ਜਾਂ ਬਾਰਾਂ ਨਹੀਂ ਕਹਿੰਦੀ ਦਸ-ਬਾਰਾਂ ਕਹਿੰਦੀ ਸੀ। ਬਹੁਤਾ ਏਸ ਲਈ ਕਿ ਇਨ੍ਹਾਂ ਸਿਆਹਫਾਮ ਗੁਲਾਮਾਂ ਦਾ ਆਪਣੇ ਬੱਚਿਆਂ ਉੱਤੇ ਕੋਈ ਹੱਕ ਨਹੀਂ ਸੀ। ਇਹ ਤਾਂ ਵੇਚ ਕੇ ਪੈਸਾ ਕਮਾਉਣ ਲਈ ਪੈਦਾ ਕੀਤੇ ਜਾਂਦੇ ਸਨ ਤੇ ਵਿਕਦੇ ਸਨ।
ਜਿਥੋਂ ਤਕ ਸੋਜ਼ੋਰਨਰ ਟਰੁੱਥ ਦਾ ਸਬੰਧ ਹੈ ਉਸ ਦਾ ਕੱਦ ਛੇ ਫੁੱਟ ਸੀ ਤੇ ਰੰਗ ਕਾਲਾ। ਉਹ ਨੌਂ ਸਾਲ ਦੀ ਸੀ ਕਿ ਉਸ ਨੂੰ ਕੇਵਲ ਸੌ ਡਾਲਰਾਂ ਵਿਚ ਨੀਲੀ ਪਰਿਵਾਰ ਨੂੰ ਵੇਚ ਦਿੱਤਾ ਗਿਆ, ਜਿਸ ਨੇ ਇਕ ਸਾਲ ਪਿਛੋਂ ਉਸ ਨੂੰ 105 ਡਾਲਰਾਂ ਵਿਚ ਇਕ ਮਛੇਰੇ ਮਿਸਟਰ ਸਕਰਾਈਵਰ ਨੂੰ ਵੇਚ ਦਿੱਤਾ। ਮਛੇਰੇ ਨੇ ਆਪਣੇ ਫਾਰਮ `ਤੇ ਜਾਣਾ ਹੰੁਦਾ ਤਾਂ ਆਪ ਘੋੜੇ ਉੱਤੇ ਸਵਾਰ ਹੰੁਦਾ ਤੇ ਉਸਨੂੰ ਉਹਦੇ ਨਾਲ-ਨਾਲ ਨੰਗੇ ਪੈਰੀਂ ਦੌੜ ਕੇ ਜਾਣਾ ਹੰੁਦਾ। ਹੋਰ ਇਕ ਸਾਲ ਪਿੱਛੋਂ ਮਛੇਰੇ ਨੇ ਉਸਨੂੰ ਜਾਨ ਡੂਮਾ ਕੋਲ ਵੇਚ ਕੇ 70 ਪਾਊਂਡ ਕਮਾ ਲਏ। ਉਥੇ ਵੀ 12 ਸਾਲਾਂ ਵਿਚ ਉਸ ਨੇ ਆਪਣੇ ਮਾਲਕ ਲਈ ਪੰਜ ਬੱਚੇ ਪੈਦਾ ਕੀਤੇ ਤੇ ਸਾਰੀ ਸਾਰੀ ਰਾਤ ਜਾਗ ਕੇ ਵਾਹੀ ਖੇਤੀ ਦਾ ਕੰਮ ਵੀ ਕੀਤਾ। ਉਹਦੇ ਬੱਚਿਆਂ ਨੂੰ ਵੀ ਨਿਲਾਮ ਕੀਤਾ ਜਾਣਾ ਸੀ, ਐਨ ਉਸੇ ਤਰ੍ਹਾਂ ਜਿਵੇਂ ਉਸਨੂੰ ਤੇ ਉਸਦੇ ਮਾਪਿਆਂ ਨੂੰ ਕੀਤਾ ਗਿਆ ਸੀ।
ਇਨ੍ਹਾਂ ਗੁਲਾਮਾਂ ਤੋਂ ਡੰਗਰਾਂ ਵਾਂਗ ਕੰਮ ਲਿਆ ਜਾਂਦਾ ਸੀ ਤੇ ਮਾਲਕ ਉਨ੍ਹਾਂ ਲਈ ਰੱਬ ਦਾ ਰੂਪ ਹੰੁਦੇ ਸਨ। ਬਹੁਤੇ ਗੁਲਾਮ ਇਸ ਪ੍ਰਥਾ ਨੂੰ ਉਚਿਤ ਅਤੇ ਕੁਦਰਤ ਦੀ ਦੇਣ ਮੰਨਦੇ ਸਨ। ਟਰੁੱਥ ਦੇ ਬੇਟੇ ਪੀਟਰ ਤੇ ਬੇਟੀ ਫਿਲਿਸ ਨੂੰ ਮਿਸਟਰ ਫਾਊਲਰ ਕੋਲ ਵੇਚਿਆ ਗਿਆ ਸੀ। ਇਕ ਵਾਰੀ ਜਦੋਂ ਮਾਂ ਨੇ ਜਾ ਕੇ ਉਨ੍ਹਾਂ ਨੂੰ ਵੇਖਿਆ ਤਾਂ ਪੀਟਰ ਦੀ ਚਮੜੀ ਉਧੜੀ ਹੋਈ ਮਿਲੀ ਤੇ ਫਿਲਿਸ ਦਹਿਸ਼ਤਜ਼ਦਾ। ਪੀਟਰ ਨੇ ਮਾਂ ਨੂੰ ਦੱਸਿਆ ਕਿ ਫਾਊਲਰ ਨੇ ਫਿਲਿਸ ਦੀਆਂ ਛਾਤੀਆਂ ਨੂੰ ਏਦਾਂ ਚੰੂਢਿਆ ਸੀ ਕਿ ਉਨ੍ਹਾਂ ਵਿਚੋਂ ਲਹੂ ਵਹਿ ਤੁਰਿਆ ਸੀ।
ਫੇਰ ਜਦੋਂ ਟਰੁੱਥ ਇਕ ਮੈਥੀਆਸ ਨਾਂ ਦੇ ਪਾਦਰੀ ਦੇ ਸਮੁਦਾਏ ਵਿਚ ਰਹੀ ਤਾਂ ਉਥੇ ਵੀ ਜੋ ਕੁਝ ਵਾਪਰਿਆ ਉਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਖੀਰ ਉਸਨੇ ਗੁਲਾਮੀ ਖਿ਼ਲਾਫ ਮੁਹਿੰਮ ਵਿੱਢੀ ਤੇ ਆਪਣਾ ਤਨ-ਮਨ ਇਸ ਵਿਚ ਲਾ ਦਿੱਤਾ। ਏਨਾ ਜ਼ਿਆਦਾ ਕਿ ਅਬਰਾਹਮ ਲਿੰਕਨ ਵਰਗੇ ਰਾਸ਼ਟਰਪਤੀਆਂ ਨਾਲ ਵਿਚਰਨ ਲੱਗੀ। 1850 ਵਿਚ ਉਹਨੇ ਔਰਤਾਂ ਦੇ ਅਧਿਕਾਰਾਂ ਨੂੰ ਆਪਣਾ ਮਿਸ਼ਨ ਬਣਾ ਲਿਆ ਅਤੇ ਉਸ ਦੇ ਕੰਮ ਤੋਂ ਖ਼ੁਸ਼ ਹੋ ਕੇ ਲਿੰਕਨ ਨੇ 1864 ਵਿਚ ਉਸ ਨੂੰ ਵ੍ਹਾਈਟ ਹਾਊਸ ਬੁਲਾ ਕੇ ਉਸ ਦਾ ਸਨਮਾਨ ਕੀਤਾ। ਇਹ ਜਾਂਬਾਜ਼ ਵੀਰਾਂਗਣਾ ਨਵੰਬਰ 1883 ਵਿਚ ਆਪਣੀ ਮਰਜ਼ੀ ਦਾ ਭਾਈਚਾਰਾ ਸਿਰਜ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਉਹ ਬਿਲਕੁਲ ਅਨਪੜ੍ਹ ਸੀ ਤੇ ਉਸਨੇ ਆਪਣੇ ਜੀਵਨ ਦੀ 1840 ਤਕ ਦੀ ਕਥਾ ਆਲਿਵ ਗਿਲਬਰਟ ਨੂੰ ਬੋਲ ਬੋਲ ਕੇ ਲਿਖਵਾਈ ਸੀ ਜਿਹੜੀ ਸਾਡੇ ਤਕ ਪਹੰੁਚੀ ਹੈ।
ਸਮਕਾਲੀ ਸਾਹਿਤ ਦੇ ਜਿਸ ਅੰਕ ਵਿਚ ਟਰੁੱਥ ਦੇ ਜੀਵਨ ਦਾ ਸਾਰ ਦਿੱਤਾ ਗਿਆ ਹੈ, ਇਸ ਵਿਚ ਦੇਸ਼ ਵੰਡ ਦੀ ਕਹਾਣੀ ਵੀ ਹੈ। ਅਜੀਤ ਕੌਰ ਦੀ ਜ਼ੁਬਾਨੀ ਤੇ ਕੁਲਵੰਤ ਸਿੰਘ ਵਿਰਕ ਦੀਆਂ ਦੋ ਕਹਾਣੀਆਂ (1) ਖੱਬਲ ਤੇ (2) ਧਰਤੀ ਹੇਠਲਾ ਬੌਲਦ ਵੀ। ਪਰਚੇ ਦਾ ਸੰਪਾਦਕ ਬਲਬੀਰ ਮਾਧੋਪੁਰੀ ਹੈ ਤੇ ਸਾਹਿਤ ਸਭਾ ਨਵੀਂ ਦਿੱਲੀ ਦੀ ਦੇਖ ਰੇਖ ਇਸ ਦੀ ਚੇਅਰਪਰਸਨ ਡਾ. ਰੇਣੁਕਾ ਸਿੰਘ ਕਰਦੀ ਹੈ। ਮੈਂ ਇਸ ਸਭਾ ਨਾਲ 1953 ਤੋਂ ਜੁੜਿਆ ਹੋਇਆ ਹਾਂ। ਹਰੀ ਸਿੰਘ ਦੇ ਸਮੇਂ ਤੋਂ ਜਿਸ ਨੂੰ ਗਿਆਨੀ ਦਾ ਅਧਿਆਪਕ ਰਿਹਾ ਹੋਣ ਕਾਰਨ ਸਾਰੇ ਗਿਆਨੀ ਜੀ ਕਹਿੰਦੇ ਸਨ।
1943 ਵਿਚ ਦੇਸ਼ ਦੀ ਰਾਜਥਾਨੀ ਵਿਖੇ ਸਥਾਪਤ ਹੋਈ ਪੰਜਾਬੀ ਸਾਹਿਤ ਸਭਾ ਵਲੋਂ ਕੱਢੇ ਜਾ ਰਹੇ ‘ਸਮਕਾਲੀ ਸਾਹਿਤ’ ਦੇ ਸੱਜਰੇ ਅੰਕ ਦੀ ਇਸ ਗਾਥਾ ਨੂੰ ਦੇਸ਼ ਵੰਡ ਬਾਰੇ ਲਿਖੀ ਸੁਰਜੀਤ ਪਾਤਰ ਦੀ ਕਵਿਤਾ ਦੇ ਮੁਢਲੇ ਬੋਲਾਂ ਨਾਲ ਸਮੇਟਦਾ ਹਾਂ ਜਿਹੜੇ ਅੰਤਿਕਾ ਵਿਚ ਪੇਸ਼ ਹਨ।

ਅੰਤਿਕਾ
ਸੁਰਜੀਤ ਪਾਤਰ
ਪਹਿਲੀ ਵਾਰੀ ਲਾਲ ਕਿਲੇ `ਤੇ
ਝੁੱਲਿਆ ਜਦੋਂ ਤਿਰੰਗਾ
ਰੁਮਕੀ ਪੌਣ, ਉਛਲੀਆਂ ਨਦੀਆਂ,
ਕੀ ਯਮਨਾ ਕੀ ਗੰਗਾ।
ਏਨੇ ਚਿਰ ਨੂੰ ਉਡਦੇ ਆਏ
ਪੌਣਾਂ ਵਿਚ ਜੈਕਾਰੇ
ਅੱਲ੍ਹਾ ਹੂ ਅਕਬਰ ਤੇ
ਹਰ ਹਰ ਮਹਾਂਦੇਵ ਦੇ ਨਾਅਰੇ
ਬੋਲੇ ਸੋ ਨਿਹਾਲ ਦਾ ਬੋਲਾ
ਵੀ ਸਭਨਾਂ ਵਿਚ ਰਲਿਆ
ਧਰਮ ਦਇਆ ਨੂੰ ਭੁੱਲ ਕੇ ਹਰ ਕੋਈ
ਕਾਮ ਕ੍ਰੋਧ ਵਿਚ ਜਲਿਆ।
ਰੁਦਨ ਹਜ਼ਾਰਾਂ ਨਾਰਾਂ ਦੇ ਤੇ
ਮਰਦਾਂ ਦੇ ਲਲਕਾਰੇ
ਮੁੱਖਾਂ ਵਿਚ ਡੁਬੋ ਕੇ ਜਿਨ੍ਹਾਂ
ਤਪਦੇ ਖੰਜਰ ਠਾਰੇ।