ਹੁਣ ਭੁੱਲਰ ਦੀ ਰਿਹਾਈ ਲਈ ਹੰਭਲਾ ਮਾਰੇਗੀ ਕੇਜਰੀਵਾਲ ਸਰਕਾਰ

ਅੰਮ੍ਰਿਤਸਰ: ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਸਿੱਖ ਬੰਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਸੈਂਟੈਂਸ ਰੀਵਿਊ ਬੋਰਡ ਦੀ ਅਗਲੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ਇਹ ਖੁਲਾਸਾ ਇਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ।

ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਉਨ੍ਹਾਂ ਗ੍ਰਹਿ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਸੈਂਟੈਂਸ ਰੀਵਿਊ ਬੋਰਡ ਦੀ ਅਗਲੀ ਮੀਟਿੰਗ ਤੁਰਤ ਰੱਖੀ ਜਾਵੇ ਤੇ ਇਹ ਮਾਮਲਾ ਏਜੰਡੇ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਭੁੱਲਰ ਦੀ ਰਿਹਾਈ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੰਤਮ ਫੈਸਲਾ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੱਲੋਂ ਕੀਤਾ ਜਾਵੇਗਾ।
ਕੇਜਰੀਵਾਲ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ‘ਤੇ ਹੋਛੀ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ। ਅਕਾਲੀ ਦਲ ਵੱਲੋਂ ਇਸ ਸਬੰਧੀ ਕੀਤੀ ਜਾ ਰਹੀ ਰਾਜਨੀਤੀ ਦੀ ਉਹ ਸਖਤ ਨਿਖੇਧੀ ਕਰਦੇ ਹਨ।
ਪ੍ਰੋ. ਭੁੱਲਰ ਦੀ ਰਿਹਾਈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਮੁੱਖ ਮੰਤਰੀ ਤੱਕ ਨਹੀਂ ਪਹੁੰਚਦੀਆਂ। ਉਹ ਥੋੜ੍ਹੇ ਦਿਨ ਪਹਿਲਾਂ ਜਦੋਂ ਇਕ-ਦੋ ਵਾਰ ਪੰਜਾਬ ਆਏ ਸਨ ਤਾਂ ਉਨ੍ਹਾਂ ਨੂੰ ਇਸ ਮਸਲੇ ਬਾਰੇ ਜਾਣੂ ਕਰਵਾਇਆ ਗਿਆ ਸੀ। ਕੇਜਰੀਵਾਲ ਨੇ ਦਿੱਲੀ ਸਰਕਾਰ ਦੀ ਸਥਿਤੀ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਉਥੋਂ ਦੀ ਪੁਲਿਸ ਤੇ ਅਮਨ ਕਾਨੂੰਨ ਦੀ ਸਥਿਤੀ ਕੇਂਦਰ ਸਰਕਾਰ ਦੇ ਹੱਥਾਂ ਵਿਚ ਹੈ, ਜਿਸ ਕਿਸੇ ਦੀ ਵੀ ਸਜ਼ਾ ਘੱਟ ਕਰਨੀ ਹੁੰਦੀ ਹੈ, ਰਿਹਾਈ ਕਰਵਾਉਣੀ ਹੁੰਦੀ ਹੈ ਜਾਂ ਸਜ਼ਾ ਮੁਆਫ ਕਰਵਾਉਣੀ ਹੁੰਦੀ ਹੈ, ਇਹ ਮਾਮਲੇ ਸਜ਼ਾ ਸਮੀਖਿਆ ਬੋਰਡ ਕੋਲ ਜਾਂਦੇ ਹਨ। ਉਸ ਤੋਂ ਬਾਅਦ ਫਾਈਲ ਐੱਲਜੀ ਕੋਲ ਜਾਂਦੀ ਹੈ। ਜਦੋਂ ਤੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਤਾਂ ਉਨ੍ਹਾਂ ਕਮੇਟੀ ਨੂੰ ਮੀਟਿੰਗ ਕਰ ਕੇ ਜਲਦੀ ਫੈਸਲਾ ਕਰਨ ਲਈ ਕਿਹਾ ਹੈ। ਆਮ ਆਦਮੀ ਪਾਰਟੀ ‘ਤੇ ਟਿਕਟਾਂ ਵੇਚਣ ਦੇ ਲੱਗੇ ਦੋਸ਼ਾਂ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਕੋਈ ਸਬੂਤ ਹੈ ਤਾਂ ਉਨ੍ਹਾਂ ਕੋਲ ਲਿਆਂਦਾ ਜਾਵੇ।
ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਬਿਕਰਮ ਮਜੀਠੀਆ ਨੂੰ ਨਸ਼ਾ ਤਸਕਰ ਮੰਨਦੇ ਹਨ? ਤਾਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਮੰਨਣ ਜਾਂ ਨਾ ਮੰਨਣ ਨਾਲ ਕੋਈ ਫਰਕ ਨਹੀਂ ਪੈਂਦਾ। ਮਜੀਠੀਆ ਵਿਰੁੱਧ ਐੱਫ.ਆਈ.ਆਰ. ਦਰਜ ਹੋਈ ਹੈ ਤੇ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਦਿੱਤੇ ਗਏ ਬਿਆਨ ਕਿ ਕੇਜਰੀਵਾਲ ਮਜੀਠੀਆ ਕੋਲੋਂ ਮੁਆਫੀ ਮੰਗ ਚੁੱਕੇ ਹਨ, ਉਹ ਨਸ਼ਿਆਂ ਬਾਰੇ ਕੀ ਨੀਤੀ ਬਣਾਉਣਗੇ, ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਆਫੀ ਮੰਗਣ ਦਾ ਮਜੀਠੀਆ ਦੀ ਗ੍ਰਿਫਤਾਰੀ ਨਾਲ ਕੋਈ ਸਬੰਧ ਨਹੀਂ ਹੈ। ਪਰਗਟ ਸਿੰਘ ਨੂੰ ਦੱਸਣਾ ਚਾਹੀਦਾ ਹੈ ਕਿ ਗ੍ਰਿਫਤਾਰੀ ਕਿਉਂ ਨਹੀਂ ਹੋਈ।
ਰਿਹਾਈ ਲਈ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ
ਭਗਤਾ ਭਾਈ: ਪਿਛਲੇ 26 ਸਾਲਾਂ ਤੋਂ ਜੇਲ੍ਹ ਵਿਚ ਬੰਦ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਹੋਰ ਪੰਥਕ ਜਥੇਬੰਦੀਆਂ ਨੇ ਪਿੰਡ ਰੋਡੇ (ਮੋਗਾ) ਤੋਂ ਪ੍ਰੋ. ਭੁੱਲਰ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਤੱਕ ਰੋਸ ਮਾਰਚ ਕੀਤਾ। ਮਾਰਚ ਵਿਚ ਸ਼ਾਮਲ ਸੰਗਤਾਂ ਦੇ ਹੱਥ ਵਿਚ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ। ਦਰਬਾਰ-ਏ-ਖਾਲਸਾ ਦੇ ਆਗੂ ਭਾਈ ਹਰਜੀਤ ਸਿੰਘ ਢਪਾਲੀ ਨੇ ਦੱਸਿਆ ਕਿ ਇਹ ਮਾਰਚ ਅਰਦਾਸ ਉਪਰੰਤ ਗੁਰਦੁਆਰਾ ਸੰਤ ਖਾਲਸਾ ਸਾਹਿਬ ਪਿੰਡ ਰੋਡੇ ਤੋਂ ਚੱਲ ਕੇ ਪਿੰਡ ਨੱਥੂਵਾਲਾ, ਲੰਗੇਆਣਾ, ਬਾਘਾ ਪੁਰਾਣਾ, ਰਾਜੇਆਣਾ, ਬੁੱਧ ਸਿੰਘ ਵਾਲਾ, ਚੰਨੂਵਾਲਾ, ਸੰਗਤਪੁਰਾ, ਥਰਾਜ, ਭਗਤਾ ਭਾਈ, ਜਲਾਲ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਜ਼ਫ਼ਰਨਾਮਾ ਸਾਹਿਬ ਦਿਆਲਪੁਰਾ ਭਾਈਕਾ ਵਿੱਚ ਸਮਾਪਤ ਹੋਇਆ।