ਆਮ ਆਦਮੀ ਪਾਰਟੀ ਵੱਲੋਂ ਸ਼ਹਿਰੀ ਵੋਟਰਾਂ ਲਈ ਐਲਾਨਾਂ ਦੀ ਝੜੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਣ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਵੋਟਰਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ (ਆਪ) ਵੀ ਪੰਜਾਬੀਆਂ ਨੂੰ ਲੁਭਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ, ਜੋ ਕਿ ਹੋਰਨਾਂ ਪਾਰਟੀਆਂ ਤੋਂ ਹਟ ਕੇ ਨਵੇਂ ਐਲਾਨ ਕਰ ਰਹੀ ਹੈ।

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸ਼ਹਿਰਾਂ ਲਈ ਦਸ ਗਰੰਟੀਆਂ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸ਼ਹਿਰਾਂ ਲਈ 10 ਗਰੰਟੀਆਂ ਦਾ ਐਲਾਨ ਕਰਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੇ ਸ਼ਹਿਰ ਸਾਫ-ਸੁਥਰੇ ਹੋਣਗੇ। ਸ਼ਹਿਰ ਦੇ ਲੋਕਾਂ ਨੂੰ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਹੋਵੇਗੀ। 24 ਘੰਟੇ ਬਿਜਲੀ ਮਿਲੇਗੀ। ਵਪਾਰੀਆਂ ਲਈ ਕੋਈ ਨਵਾਂ ਟੈਕਸ ਨਹੀਂ ਲੱਗੇਗਾ। ਸ਼ਹਿਰਾਂ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਤੇ ਪੰਜਾਬ ਦੇ ਕੋਨੇ-ਕੋਨੇ ‘ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ। ਉਨ੍ਹਾਂ ਦਿੱਲੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਥੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਏਨਾ ਵੱਡਾ ਨੈੱਟਵਰਕ ਹੈ ਕਿ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਤੇ ਇੰਗਲੈਂਡ ਦੇ ਸ਼ਹਿਰ ਲੰਡਨ ਤੋਂ ਵੀ ਵੱਧ ਸੀ.ਸੀ.ਟੀ.ਵੀ. ਕੈਮਰੇ ਦਿੱਲੀ ਵਿਚ ਲੱਗੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਾਂਗ ਲੋਕਾਂ ਦਾ ਕੰਮ ਘਰ ਬੈਠਿਆਂ ਹੀ ਹੋਵੇਗਾ।
ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸਥਾਪਤ ਹੋਣ ਮਗਰੋਂ ਸਰਕਾਰ ਦੇ ਹਰੇਕ ਦਫਤਰ ਵਿਚ ਮੁੱਖ ਮੰਤਰੀ ਦੀ ਤਸਵੀਰ ਦੀ ਥਾਂ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਤਸਵੀਰ ਲਗਾਈ ਜਾਵੇਗੀ। ‘ਆਪ` ਨੇ ਸਾਰੀਆਂ ਰਿਵਾਇਤੀ ਪਾਰਟੀਆਂ ਨਾਲੋਂ ਪਹਿਲਾਂ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਭਗਵੰਤ ਮਾਨ ਦਾ ਐਲਾਨ ਕੀਤਾ ਹੈ। ਹੁਣ ‘ਆਪ` ਨੇ ਆਪਣਾ ਨਾਅਰਾ ਵੀ ਬਦਲ ਦਿੱਤਾ ਹੈ। ਨਵੇਂ ਨਾਅਰੇ ਵਿਚ ਭਗਵੰਤ ਮਾਨ ਦਾ ਨਾਂ ਵੀ ਸ਼ਾਮਲ ਕੀਤਾ ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਮੀਦਵਾਰ ਐਲਾਨੇ ਜਾਣ ਤੋਂ ਪਹਿਲਾਂ ‘ਆਪ` ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਮਾਡਲ ਅਤੇ ਕੇਜਰੀਵਾਲ ਦੇ ਕੰਮਾਂ ਦੇ ਆਧਾਰ `ਤੇ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਸੀ।
ਨਵੇਂ ਨਾਅਰੇ ‘ਇਕ ਮੌਕਾ ਕੇਜਰੀਵਾਲ ਨੂੰ, ਇਕ ਮੌਕਾ ਭਗਵੰਤ ਮਾਨ ਨੂੰ` ਦੇ ਬੋਰਡ ਵੀ ਪੰਜਾਬ ਭਰ ਵਿਚ ਲੱਗਣੇ ਸ਼ੁਰੂ ਹੋ ਗਏ ਹਨ। ਸੋਸ਼ਲ ਮੀਡੀਆ `ਤੇ ਵੀ ਗੀਤਾਂ ਰਾਹੀਂ ਨਵੇਂ ਨਾਅਰੇ ਨੂੰ ਪ੍ਰਚਾਰਿਆ ਜਾ ਰਿਹਾ ਹੈ। ਇਸ ਤੋਂ ਸਾਫ ਹੈ ਕਿ ਆਮ ਆਦਮੀ ਪਾਰਟੀ (ਆਪ) ਵਿਧਾਨ ਸਭਾ ਚੋਣਾਂ ਵਿਚ ਵੋਟਾਂ ਖੁੱਸਣ ਲਈ ਕੋਈ ਗਲਤੀ ਨਹੀਂ ਕਰਨਾ ਚਾਹੁੰਦੀ ਹੈ। ‘ਆਪ` ਨੇ ਵਿਧਾਨ ਸਭਾ ਚੋਣਾਂ 2017 `ਚ ਦਿਹਾਤੀ ਖੇਤਰ ਵਿਚ 23.7 ਫ਼ੀਸਦ ਵੋਟਾਂ ਹਾਸਲ ਕਰਕੇ 20 ਸੀਟਾਂ `ਤੇ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਵੋਟਾਂ ਪਿੰਡਾਂ ਵਿਚੋਂ ਮਿਲੀਆਂ ਸਨ। ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ‘ਆਪ` ਪੰਜਾਬ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਦੋਵਾਂ ਵਿਚ ਪੈਰ ਪਸਾਰ ਚੁੱਕੀ ਹੈ ਜਿਨ੍ਹਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਵੀ ਮਿਲਦਾ ਦਿਖਾਈ ਦੇ ਰਿਹਾ ਹੈ।
ਦਿੱਲੀ ਦੇ ‘ਆਪ` ਵਿਧਾਇਕਾਂ ਨੇ ਪੰਜਾਬ `ਚ ਕਮਾਨ ਸਾਂਭੀ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿਧਾਇਕਾਂ ਨੂੰ ਪੰਜਾਬ ਵਿਚ ਵੱਖ-ਵੱਖ ਇਲਾਕਿਆਂ ਵਿਚ ਜ਼ਿੰਮੇਵਾਰੀਆਂ ਦਿੱਤੀਆਂ ਹਨ। ਪਾਰਟੀ ਨੇ ਹਰੀ ਨਗਰ ਤੋਂ ਵਿਧਾਇਕਾ ਰਾਜਕੁਮਾਰੀ ਢਿੱਲੋਂ ਨੂੰ ਬਟਾਲਾ ਤੇ ਗੁਰਦਾਸਪੁਰ, ਵਿਧਾਇਕ ਅਜੈ ਦੱਤ ਨੂੰ ਗੁਰਦਾਸਪੁਰ, ਬੁਰਾੜੀ ਤੋਂ ਵਿਧਾਇਕ ਸੰਜੀਵ ਝਾਅ ਨੂੰ ਲੁਧਿਆਣਾ, ਸੌਰਭ ਭਾਰਦਵਾਜ ਨੂੰ ਕਈ ਸ਼ਹਿਰ ਦਿੱਤੇ ਗਏ ਹਨ। ‘ਆਪ` ਦੇ ਘੱਟ ਗਿਣਤੀ ਸੈੱਲ ਦੇ ਵਿੰਗ ਦੇ ਮੀਤ ਪ੍ਰਧਾਨ ਜਸਮੀਤ ਸਿੰਘ ਗੋਬਿੰਦਪੁਰੀ ਨੇ ਦੱਸਿਆ ਕਿ ਹੋਰ ਵਰਕਰਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਹਨ ਤੇ ਪਾਰਟੀ ਇਸ ਵਾਰ ਵੱਡੀ ਉਮੀਦ ਨਾਲ ਡਟੀ ਹੋਈ ਹੈ। ਉਹ ਖ਼ੁਦ ਗੜ੍ਹਸ਼ੰਕਰ `ਚ ਸਥਾਨਕ ਉਮੀਦਵਾਰ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਐਤਕੀਂ ਸਾਨੂੰ ਮੌਕਾ ਦੇਣਗੇ ਲੋਕ: ਰਾਘਵ ਚੱਢਾ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਪੂਰਬੀ ਵਿਧਾਨ ਸਭਾ ਹਲਕੇ ਤੋਂ ‘ਆਪ` ਉਮੀਦਵਾਰ ਜੀਵਨਜੋਤ ਕੌਰ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਕਿਹਾ ਕਿ ਇੱਥੋਂ ਚੋਣ ਲੜ ਰਹੇ ਰਵਾਇਤੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕ ਰੱਦ ਕਰ ਦੇਣਗੇ। ਇਥੋਂ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਤਕਰੀਬਨ ਦੋ ਦਹਾਕਿਆਂ ਤੋਂ ਕਦੇ ਸੰਸਦ ਮੈਂਬਰ ਅਤੇ ਕਦੇ ਮੰਤਰੀ ਤੇ ਵਿਧਾਇਕ ਵਜੋਂ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ ਪਰ ਉਹ ਕਦੇ ਵੀ ਲੋਕਾਂ ਦੇ ਕੰਮ ਨਹੀਂ ਆਏ।
ਅਧਿਆਪਕਾਂ ਦੇ ਸਾਰੇ ਉਲਾਂਭੇ ਲਾਹ ਦਿਆਂਗੇ: ਮਾਨ
ਸ਼ੇਰਪੁਰ: ਇਥੇ ਕੱਚੇ ਅਧਿਆਪਕਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਦੀ ਮੰਗ ਨੂੰ ਚੋਣ ਮੈਨੀਫੈਸਟੋ ਵਿਚ ਦਰਜ ਕਰਵਾਉਣ ਲਈ ‘ਆਪ` ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਜੇ ‘ਆਪ` ਆਪਣੀ ਸਰਕਾਰ ਆਉਣ `ਤੇ ਪਹਿਲੀ ਕੈਬਨਿਟ ਮੀਟਿੰਗ `ਚ ਉਨ੍ਹਾਂ ਦੀ ਤਨਖਾਹ ਦਾ ਸਨਮਾਨਜਨਕ ਵਾਧਾ ਅਤੇ 6 ਮਹੀਨੇ ਬਾਅਦ ਪੱਕੇ ਕਰਨ ਦੀ ਮੰਗ ਨੂੰ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਂਦੀ ਹੈ ਤਾਂ ਉਹ ਪੰਜਾਬ ਭਰ ਅੰਦਰ ਪਾਰਟੀ ਨੂੰ ਹਮਾਇਤ ਦੇਣ ਬਾਰੇ ਸੋਚਣਗੇ। ਭਗਵੰਤ ਮਾਨ ਨੇ ਉਨ੍ਹਾਂ ਦਾ ਮਸਲਾ ਆਪਣੇ ਚੋਣ ਮੈਨੀਫੈਸਟੋ ਵਿਚ ਦਰਜ ਕਰਵਾਏ ਜਾਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਤਾਂ ਉਹ ਕੱਚੇ ਅਧਿਆਪਕਾਂ ਦੇ ਉਲਾਂਭੇ ਲਾਹ ਦੇਣਗੇ।