ਈ.ਡੀ. ਦੇ ਛਾਪਿਆਂ ਨੇ ਪੰਜਾਬ ਦਾ ਸਿਆਸੀ ਮਾਹੌਲ ਭਖਾਇਆ

ਚੰਡੀਗੜ੍ਹ: ਪੰਜਾਬ ਵਿਚ ਚੋਣਾਂ ਦੇ ਐਨ ਨੇੜੇ ਕੇਂਦਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਤ ਕਾਰੋਬਾਰ ਦੇ ਕਾਲੇ ਵਪਾਰ ਸਬੰਧੀ ਮੁੱਖ ਮੰਤਰੀ ਚੰਨੀ ਦੇ ਨੇੜਲੇ ਰਿਸ਼ਤੇਦਾਰ ਅਤੇ ਉਸ ਦੇ ਸਾਥੀਆਂ ਉਤੇ ਮਾਰੇ ਗਏ ਛਾਪਿਆਂ ਨੇ ਸੂਬੇ ਦੀ ਸਿਆਸਤ ਭਖਾ ਦਿੱਤੀ ਹੈ। ਵਿਰੋਧੀ ਧਿਰਾਂ ਵੱਲੋਂ ਜਿਥੇ ਕਾਂਗਰਸ ਸਰਕਾਰ ਨੂੰ ਇਸ ਮੁੱਦੇ ਉਤੇ ਘੇਰਿਆ ਹੋਇਆ ਹੈ, ਉਥੇ ਕਾਂਗਰਸ ਵੱਲੋਂ ਇਸ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਕੇਂਦਰ ਸਰਕਾਰ ਦੇ ਦਬਾਅ ਹੇਠ ਏਜੰਸੀ ਵੱਲੋਂ ਕੀਤੀ ਗਈ ਰਾਜਨੀਤਕ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਕਾਂਗਰਸ ਖਿਲਾਫ਼ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸਾਜ਼ਿਸ਼ ਵੀ ਕਿਹਾ ਹੈ ਅਤੇ ਦੋਵਾਂ ਪਾਰਟੀਆਂ ‘ਤੇ ਰਲੇ ਹੋਏ ਹੋਣ ਦਾ ਇਲਜ਼ਾਮ ਲਗਾਇਆ ਹੈ। ਕਈ ਹੋਰ ਕਾਂਗਰਸੀ ਆਗੂਆਂ ਨੇ ਵੀ ਇਸ ਨੂੰ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਕਿਹਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਵੀ ਇਸ ਦੀ ਸਖਤ ਆਲੋਚਨਾ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਇਹ ਕਿਹਾ ਹੈ ਕਿ ਅਜਿਹੇ ਕਾਰੋਬਾਰਾਂ ਲਈ ਸਿਸਟਮ ਨੂੰ ਬਦਲਣ ਦੀ ਲੋੜ ਹੈ। ਕਾਂਗਰਸ ਵੱਲੋਂ ਇਸ ਸਬੰਧੀ ਰੋਸ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਵੀ ਬਣਾਇਆ ਗਿਆ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਦੀ ਇਸ ਤੋਂ ਪਹਿਲਾਂ ਹੋਰ ਸੂਬਿਆਂ ਵਿਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਸਖਤ ਆਲੋਚਨਾ ਹੁੰਦੀ ਰਹੀ ਹੈ। ਦੋਸ਼ ਲੱਗਦੇ ਰਹੇ ਹਨ ਕਿ ਚੋਣਾਂ ਦੌਰਾਨ ਵਿਰੋਧੀ ਦਲਾਂ ਦੇ ਆਗੂਆਂ ‘ਤੇ ਦਬਾਅ ਬਣਾਉਣ ਲਈ ਆਪਣੀਆਂ ਏਜੰਸੀਆਂ ਰਾਹੀਂ ਅਜਿਹੀਆਂ ਕਾਰਵਾਈਆਂ ਕਰਵਾਈਆਂ ਜਾਂਦੀਆਂ ਹਨ, ਜਦੋਂ ਕਿ ਜੋ ਧਿਰਾਂ ਭਾਜਪਾ ਨਾਲ ਜੁੜੀਆਂ ਹੁੰਦੀਆਂ ਹਨ, ਉਨ੍ਹਾਂ ਉਤੇ ਅਜਿਹੀਆਂ ਕਾਰਵਾਈਆਂ ਨਹੀਂ ਕੀਤੀਆਂ ਜਾਂਦੀਆਂ। ਮੁੱਖ ਮੰਤਰੀ ਚੰਨੀ ਨੇ ਵੀ ਪੱਛਮੀ ਬੰਗਾਲ ਦੀਆਂ ਚੋਣਾਂ ਦੀ ਉਦਾਹਰਨ ਦਿੱਤੀ ਹੈ। ਮਾਰਚ-ਅਪ੍ਰੈਲ 2021 ਵਿਚ ਉਥੇ ਚੋਣਾਂ ਦੇ ਮੌਕੇ ਉਤੇ ਸੀ.ਬੀ.ਆਈ. ਨੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਸੀ।
ਕੋਲਾ ਘੁਟਾਲੇ ਨਾਲ ਜੁੜੇ ਕੇਸ ਵਿਚ ਅਭਿਸ਼ੇਕ ਦੀ ਸਾਲੀ ਦੇ ਪਤੀ ਅਤੇ ਪਿਤਾ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਚ ਅਕਤੂਬਰ 2019 ਵਿਚ ਹੋਈਆਂ ਚੋਣਾਂ ਸਮੇਂ ਵੀ ਈ.ਡੀ. ਨੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ‘ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਉਸ ਨੇ ਮਨਸ਼ੇ ਦੇ ਮੁਖੀ ਰਾਜ ਠਾਕਰੇ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਚ ਨਵੰਬਰ 2018 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪ੍ਰਧਾਨ ਕਮਲਨਾਥ ਦੇ ਨਜ਼ਦੀਕੀਆਂ ਉਤੇ ਆਮਦਨ ਕਰ ਦਾ ਛਾਪਾ ਮਰਵਾਇਆ ਗਿਆ ਸੀ। ਤਾਮਿਲਨਾਡੂ ਦੀਆਂ ਅਪ੍ਰੈਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਡੀ.ਐਮ.ਕੇ. ਆਗੂ ਕਰੁਣਾਨਿਧੀ ਦੀ ਬੇਟੀ ਕਨੀਮੋਝੀ ਜੋ ਸੰਸਦ ਮੈਂਬਰ ਸੀ, ਦੇ ਘਰ ‘ਤੇ ਵੀ ਆਮਦਨ ਕਰ ਨੇ ਛਾਪਾ ਮਾਰਿਆ ਸੀ। ਹੁਣ ਪੰਜਾਬ ਵਿਚ ਚੋਣ ਮਾਹੌਲ ਵਿਚ ਅਜਿਹੇ ਛਾਪੇ ਕਈ ਸਵਾਲ ਖੜ੍ਹੇ ਕਰਦੇ ਹਨ।
ਉਧਰ, ਵਿਰੋਧੀ ਧਿਰਾਂ ਵੀ ਇਸ ਕਾਰਵਾਈ ਨੂੰ ਕਾਂਗਰਸ ਖਿਲਾਫ ਮੋਰਚਾ ਖੋਲ੍ਹਣ ਲਈ ਇਕ ਮੌਕੇ ਵਜੋਂ ਵਰਤਣ ਵਿਚ ਜੁਟ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਈਡੀ ਦੇ ਛਾਪੇ ਦੌਰਾਨ ਚਰਚਾ ਵਿਚ ਆਏ ਉਨ੍ਹਾਂ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਵਿਚਕਾਰ ਵਪਾਰਕ ਹਿੱਤ ਸਾਂਝੇ ਹੋਣ ਦੇ ਦੋਸ਼ ਲਾਏ ਹਨ। ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਹਨੀ ਸਮੇਤ ਰੇਤ ਮਾਫੀਆ ਨਾਲ ਜੁੜੇ ਕਈ ਵਿਅਕਤੀਆਂ ਨਾਲ ਮੁੱਖ ਮੰਤਰੀ ਦੇ ਕਰੀਬੀ ਰਿਸ਼ਤਿਆਂ ਦੇ ਸਬੂਤ ਵਜੋਂ ਤਸਵੀਰਾਂ, ਵੀਡੀਓ ਅਤੇ ਆਡੀਓ ਵੀ ਜਨਤਕ ਕੀਤੇ।
ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਹਲਕੇ ਚਮਕੌਰ ਸਾਹਿਬ ਵਿਚ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਨਾਜਾਇਜ਼ ਤੇ ਗੈਰਕਾਨੂੰਨੀ ਢੰਗ ਨਾਲ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਮੰਗੀ ਹੈ। ਮਜੀਠੀਆ ਨੇ ਵੀਡੀਓ ਤੇ ਆਡੀਓ ਰਿਕਾਰਡਿੰਗ ਨੂੰ ਆਧਾਰ ਬਣਾ ਕੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵੀਡੀਓ ਅਤੇ ਆਡੀਓ ਰਿਕਾਰਡਿੰਗਜ਼ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਹਨੀ, ਜਿਸ ਦੇ ਘਰੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਲ ਹੀ ਵਿਚ 10 ਕਰੋੜ ਰੁਪਏ ਨਗਦ ਤੇ ਵੱਡੀ ਮਾਤਰਾ ਵਿਚ ਸੋਨਾ ਬਰਾਮਦ ਕੀਤਾ ਹੈ, ਵਿਚਾਲੇ ਭਾਈਵਾਲੀ ਹੈ। ਮੁੱਖ ਮੰਤਰੀ ਦੇ ਦਾਅਵਿਆਂ ਨੂੰ ਕੋਰਾ ਝੂਠ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਚੰਨੀ ਅਤੇ ਕਾਂਗਰਸ ਨੂੰ ਸ਼ੀਸ਼ਾ ਦਿਖਾਉਣ ਲਈ ਇਹ ਤਸਵੀਰਾਂ ਕਾਫੀ ਹਨ।
ਮਜੀਠੀਆ ਨੇ ਸਾਲਾਪੁਰ ਪਿੰਡ ਦੇ ਸਰਪੰਚ ਇਕਬਾਲ ਸਿੰਘ ਤੇ ਉਸ ਦੇ ਪੁੱਤਰ ਬਿੰਦਰ ਦੀਆਂ ਆਡੀਓ ਰਿਕਾਰਡਿੰਗ ਵੀ ਜਾਰੀ ਕੀਤੀਆਂ। ਮਜੀਠੀਆ ਨੇ ਦਾਅਵਾ ਕੀਤਾ ਕਿ ਇਕਬਾਲ ਸਿੰਘ ਮੁੱਖ ਮੰਤਰੀ ਦਾ ਕਰੀਬੀ ਹੈ। ਇਨ੍ਹਾਂ ਆਡੀਓ ਰਿਕਾਰਡਿੰਗਜ਼, ਜੋ ਦਰਸ਼ਨ ਸਿੰਘ ਨਾਂ ਦੇ ਵਿਅਕਤੀ ਵੱਲੋਂ ਰਿਕਾਰਡ ਕੀਤੀਆਂ ਗਈਆਂ ਹਨ, ਵਿਚ ਇਕਬਾਲ ਸਿੰਘ ਮੁੱਖ ਮੰਤਰੀ ਦੀ ਸਰਪ੍ਰਸਤੀ ਹਾਸਲ ਹੋਣ ਬਾਰੇ ਗੱਲ ਕਰਦਾ ਸੁਣਾਈ ਦਿੰਦਾ ਹੈ। ਪ੍ਰੈੱਸ ਕਾਨਫਰੰਸ ਵਿਚ ਦਿਖਾਈ ਗਈ ਇਕ ਵੀਡੀਓ ‘ਚ ਇਹ ਦਾਅਵਾ ਕੀਤਾ ਗਿਆ ਹੈ ਇਕ ਜੰਗਲਾਤ ਗਾਰਡ, ਜਿਸ ਨੇ ਜੰਗਲਾਤ ਦੀ ਜ਼ਮੀਨ ‘ਤੇ ਮਾਈਨਿੰਗ ਦਾ ਵਿਰੋਧ ਕੀਤਾ ਸੀ, ਦੀ ਬਦਲੀ ਕਰਵਾ ਕੇ ਉਸ ਨੂੰ ਚੁੱਪ ਕਰਵਾ ਦਿੱਤਾ ਗਿਆ।
ਕੇਜਰੀਵਾਲ ਵੱਲੋਂ ਸਤਿੰਦਰ ਜੈਨ ਦੀ ਗ੍ਰਿਫਤਾਰੀ ਦਾ ਖਦਸ਼ਾ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਈ.ਡੀ. ਪੰਜਾਬ ਚੋਣਾਂ ਤੋਂ ਪਹਿਲਾਂ ਅਗਲੇ ਕੁਝ ਦਿਨਾਂ ‘ਚ ਸਤਿੰਦਰ ਜੈਨ ਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਕੇਂਦਰ ਸਰਕਾਰ ਨੇ ਜੈਨ ‘ਤੇ ਪਹਿਲਾਂ ਦੋ ਵਾਰ ਛਾਪੇਮਾਰੀ ਕੀਤੀ ਪਰ ਕੁਝ ਨਹੀਂ ਮਿਲਿਆ। ਜੇ ਈ.ਡੀ. ਮੁੜ ਆਉਣਾ ਚਾਹੁੰਦੀ ਹੈ ਤਾਂ ਉਸ ਦਾ ਸਵਾਗਤ ਹੈ।
ਚੰਨੀ ਦੀ ਰੇਤ ਮਾਫੀਆ ਨਾਲ ਰਹੀ ਹੈ ਸਾਂਝ: ਅਮਰਿੰਦਰ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਮੁੜ ਹਮਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਰੇਤ ਮਾਫੀਆ ਵਿਚ ਸ਼ਮੂਲੀਅਤ ਰਹੀ ਹੈ ਅਤੇ ਹੋਰ ਵੀ ਕਈ ਵਿਧਾਇਕ ਤੇ ਵਜ਼ੀਰ ਇਸ ਧੰਦੇ ਵਿਚ ਸਨ। ਅਮਰਿੰਦਰ ਨੇ ਕਿਹਾ ਕਿ ਸੋਨੀਆ ਗਾਂਧੀ ਤੋਂ ਮਨਜ਼ੂਰੀ ਨਾ ਮਿਲਣ ਕਰਕੇ ਉਹ ਰੇਤ ਮਾਫੀਆ ਵਿਚ ਸ਼ਾਮਲ ਵਿਧਾਇਕਾਂ ਖਿਲਾਫ ਕਾਰਵਾਈ ਨਹੀਂ ਕਰ ਸਕੇ ਸਨ। ਉਨ੍ਹਾਂ ਇਸ ਨੂੰ ਆਪਣੀ ਗਲਤੀ ਕਬੂਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰੇਤ ਮਾਫੀਏ ਖਿਲਾਫ ਉਪਰ ਤੋਂ ਕਾਰਵਾਈ ਕਰਨੀ ਪੈਣੀ ਸੀ।
ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦੀ ਪੋਲ ਖੋਲ੍ਹੀ: ਢੀਂਡਸਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਈਡੀ ਦੇ ਛਾਪਿਆਂ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਘਰੋਂ ਮਿਲੀ 10 ਕਰੋੜ ਰੁਪਏ ਦੀ ਵੱਡੀ ਰਕਮ ਤੇ ਸੋਨੇ ਨੇ ਆਮ ਆਦਮੀ ਦਾ ਮਖੌਟਾ ਪਾ ਕੇ ਘੁੰਮ ਰਹੇ ਚਰਨਜੀਤ ਸਿੰਘ ਚੰਨੀ ਦੀ ਪੋਲ ਖੋਲ੍ਹ ਦਿੱਤੀ ਹੈ। ਸ੍ਰੀ ਢੀਂਡਸਾ ਨੇ ਦੋਸ਼ ਲਾਇਆ ਕਿ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਢੰਗ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਇਕੱਠਾ ਕੀਤਾ ਗਿਆ ਇਹ ਪੈਸਾ ਚੋਣਾਂ ਵਿਚ ਖਰਚ ਕੀਤਾ ਜਾ ਰਿਹਾ ਹੈ ਅਤੇ ਈਡੀ ਦੇ ਛਾਪੇ ਦੌਰਾਨ ਬਰਾਮਦ 10 ਕਰੋੜ ਰੁਪਏ ਤਾਂ ਸਿਰਫ ਇਕ ਹਿੱਸਾ ਹੈ ਜਦਕਿ ਚੋਣਾਂ ਵਿਚ ਸੱਤਾ ਹਾਸਲ ਕਰਨ ਲਈ ਕਈ ਕਰੋੜ ਰੁਪਏ ਪਾਣੀ ਦੀ ਤਰ੍ਹਾਂ ਵਹਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਕਾਂਗਰਸ ਦੇ ਹੋਰ ਕਈ ਉਮੀਦਵਾਰਾਂ ਤੋਂ ਵੀ ਕਰੋੜਾਂ ਰੁਪਏ ਬਰਾਮਦ ਹੋਣ ਦੀ ਉਮੀਦ ਹੈ।