ਚੋਣਾਂ ਨੇੜੇ ਮੁੜ ਭਖਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਫਿਰ ਭਖ ਗਿਆ ਹੈ। ਸਿੱਖ ਬੰਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਅੜਿੱਕਾ ਪਾਉਣ ਦੇ ਦੋਸ਼ ਹੇਠ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦਾ ਪੁਤਲਾ ਸਾੜਿਆ ਗਿਆ।

ਜਥੇਬੰਦੀ ਨੇ ‘ਆਪ` ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਦਾ ਐਲਾਨ ਕੀਤਾ ਸੀ ਜਿਨ੍ਹਾਂ ਵਿਚ ਪ੍ਰੋ. ਭੁੱਲਰ ਦਾ ਨਾਂ ਵੀ ਸ਼ਾਮਲ ਸੀ ਪਰ ਉਨ੍ਹਾਂ ਦੀ ਰਿਹਾਈ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਦੋਸ਼ ਹਨ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਸਬੰਧੀ ਮਤੇ ਨੂੰ ਕੇਜਰੀਵਾਲ ਸਰਕਾਰ ਵੱਲੋਂ ਚਾਰ ਵਾਰ ਰੱਦ ਕੀਤਾ ਜਾ ਚੁੱਕਾ ਹੈ ਜਿਸ ਕਾਰਨ ਸਿੱਖਾਂ ਵਿਚ ਰੋਸ ਹੈ। ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਦੀ ਰਿਹਾਈ ਲਈ ਤੁਰਤ ਅਮਲ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਚੋਣਾਂ ਵੇਲੇ ਪੰਜਾਬ ਦੇ ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ।
ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਵੱਲੋਂ ਸਜਾਵਾਂ ਪੁੂਰੀਆਂ ਕਰ ਚੁੱਕੇ 8 ਬੰਦੀ ਸਿੰਘਾਂ ਨੂੰ ਧਾਰਾ 161 ਤਹਿਤ ਰਿਹਾਅ ਕਰਨ ਤੇ ਇਕ ਦੀ ਮੌਤ ਦੀ ਸਜਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਇਸ ਸਬੰਧੀ ਕੇਂਦਰੀ ਗ੍ਰਹਿ ਵਿਭਾਗ ਵੱਲੋਂ 11 ਅਕਤੂਬਰ 2019 ਨੂੰ ਬਕਾਇਦਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ 6 ਬੰਦੀ ਸਿੰਘ ਤਾਂ ਸਮਾਂ ਪਾ ਕੇ ਰਿਹਾਅ ਹੋ ਗਏ ਸਨ ਪਰ ਅੱਜ ਤਕਰੀਬਨ ਸਵਾ ਦੋ ਸਾਲ ਬੀਤ ਜਾਣ ਉਤੇ ਵੀ ਇਨ੍ਹਾਂ ਵਿਚੋਂ ਪ੍ਰੋ. ਭੁੱਲਰ ਤੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਰਿਹਾਅ ਨਹੀਂ ਕੀਤਾ ਗਿਆ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜਾ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦਾ ਮੋਦੀ ਸਰਕਾਰ ਦਾ ਵਾਅਦਾ ਵੀ ਅਜੇ ਤੱਕ ਵਫ਼ਾ ਨਹੀਂ ਹੋਇਆ। ਇਸੇ ਦੌਰਾਨ ਸਮੇਤ ਸਜਾਵਾਂ ਭੁਗਤ ਚੁੱਕੇ ਹੋਰ 6 ਸਿੱਖ ਬੰਦੀਆਂ ਦੀ ਰਿਹਾਈ ਦੀ ਵੀ ਸਿੱਖ ਜਗਤ ਨੂੰ ਉਡੀਕ ਹੈ। ਇਸ ਵੇਲੇ ਜੇਲ੍ਹਾਂ ‘ਚ ਬੰਦ 9 ਅਹਿਮ ਸਿੱਖ ਬੰਦੀਆਂ ਵਿਚ ਲੰਬੇ ਅਰਸੇ ਤੋਂ ਜੇਲ੍ਹ ‘ਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ, ਭਾਈ ਗੁਰਦੀਪ ਸਿੰਘ ਖੇੜਾ ਦੀ ਰਿਹਾਈ ਲਈ ਕਰਨਾਟਕਾ ਸਰਕਾਰ ਅਤੇ ਬਾਕੀ ਬੰਦੀ ਸਿੰਘਾਂ ਦੇ ਮਾਮਲੇ ਕੇਂਦਰ ਸ਼ਾਸਿਤ ਪ੍ਰਦੇਸ ਚੰਡੀਗੜ੍ਹ ਨਾਲ ਸਬੰਧਤ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ‘ਚ ਸ਼ਾਮਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ (54 ਸਾਲ) ਦਾ ਕੇਸ ਦਿੱਲੀ ਦੀ ਕੇਜਰੀਵਾਲ ਸਰਕਾਰ ਨਾਲ ਸਬੰਧਤ ਹੈ। ਹੁਣ ਤੱਕ ਉਹ ਉਮਰ ਕੈਦ ਤੋਂ ਵੀ ਵੱਧ ਕਰੀਬ 27 ਸਾਲ ਦੀ ਕੈਦ ਕੱਟ ਚੁੱਕੇ ਹਨ।
ਇਸੇ ਤਰ੍ਹਾਂ ਉਮਰ ਕੈਦ ਦੀ ਸਜਾ ਪੂਰੀ ਕਰ ਚੁੱਕੇ ਇਕ ਹੋਰ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ (61 ਸਾਲ) ਕਰਨਾਟਕਾ ਬੰਬ ਧਮਾਕਾ ਕੇਸ ਨਾਲ ਸਬੰਧਤ ਹੈ ਤੇ ਹੁਣ ਤੱਕ ਕਰੀਬ 31 ਸਾਲ ਤੋਂ ਜੇਲ੍ਹ ਦੀਆਂ ਸਲਾਖਾਂ ਪਿਛੇ ਬੰਦ ਹੈ। ਭਾਈ ਖੈੜਾ ਵੀ ਜੇਲ੍ਹ ਵਿਚ ਆਪਣੇ ਚੰਗੇ ਆਚਰਨ ਕਾਰਨ 2015 ਤੋਂ ਹੁਣ ਤੱਕ ਕਰੀਬ ਢਾਈ ਸਾਲ ਤੱਕ ਪੈਰੋਲ ‘ਤੇ ਆ ਰਹੇ ਹਨ ਤੇ ਜੋ ਇਸ ਵੇਲੇ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹਨ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਅਨੁਸਾਰ ਇਸ ਤੋਂ ਇਲਾਵਾ ਬਾਕੀ 6 ਬੰਦੀ ਸਿੰਘ ਵੀ ਆਪਣੀਆਂ ਬਣਦੀਆਂ ਸਜਾਵਾਂ ਕਦੋਂ ਦੀਆਂ ਪੂਰੀਆਂ ਕਰ ਚੁੱਕੇ ਹਨ ਜਦੋਂ ਕਿ ਇਕ ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰਾ ਦੀ ਸਜਾ ਅਜੇ ਪੂਰੀ ਨਹੀਂ ਹੋਈ।
ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਚ ਸ਼ਾਮਲ ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ 1995 ਤੋਂ ਗ੍ਰਿਫਤਾਰ ਹਨ ਤੇ ਬਾਕਾਇਦਾ ਪੈਰੋਲ ‘ਤੇ ਵੀ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਕੇਸ ਵਿਚ ਜਿਹੜੇ ਹੋਰ ਬੰਦੀ ਸਿੰਘ ਜਿਨ੍ਹਾਂ ਦੀਆਂ ਸਜਾਵਾਂ ਪੁੂਰੀਆਂ ਹੋ ਚੁੱਕੀਆਂ ਹਨ, ਪਰ ਕਦੇ ਪੈਰੋਲ ਨਹੀਂ ਮਿਲੀ, ਉਨ੍ਹਾਂ ਵਿਚ ਪਰਮਜੀਤ ਸਿੰਘ ਭਿਊਰਾ 24 ਸਾਲ ਤੋਂ ਬੁੜੈਲ ‘ਚ ਬੰਦ, ਸਰਬੱਤ ਖਾਲਸਾ ਵੱਲੋਂ ਅਕਾਲ ਤਖਤ ਸਾਹਿਬ ਦੇ ਨਿਯੁਕਤ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ 25 ਸਾਲ ਤੋਂ ਤਿਹਾੜ ਜੇਲ੍ਹ ਦਿੱਲੀ ‘ਚ ਬੰਦ ਹਨ। ਇਨ੍ਹਾਂ ਤੋਂ ਇਲਾਵਾ ਭਾਈ ਬਲਵੰਤ ਸਿੰਘ ਰਾਜੋਆਣਾ ਮੌਤ ਦੀ ਸਜਾ ਪ੍ਰਾਪਤ ਹਨ ਤੇ 1995 ਤੋਂ ਜੇਲ੍ਹ ‘ਚ ਬੰਦ ਹਨ।
ਟਵਿੱਟਰ ਦੀ ਦਲ ਖਾਲਸਾ ਆਗੂ `ਤੇ ਪਾਬੰਦੀ ਖਤਮ
ਅੰਮ੍ਰਿਤਸਰ: ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਦੇ ਟਵਿੱਟਰ ਖਾਤੇ ‘ਤੇ ਭਾਰਤ ਵਿਚ ਲਾਈ ਗਈ ਰੋਕ ਟਵਿੱਟਰ ਨੇ ਖਤਮ ਕਰ ਦਿੱਤੀ ਹੈ। ਇਸ ਸਬੰਧੀ ਟਵਿੱਟਰ ਦੇ ਕਾਨੂੰਨੀ ਵਿਭਾਗ ਨੇ ਦਲ ਖਾਲਸਾ ਆਗੂ ਨੂੰ ਸੂਚਿਤ ਕੀਤਾ ਹੈ। ਕੰਵਰਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਉਸ ਦੇ ਟਵਿੱਟਰ ਖਾਤੇ ‘ਤੇ ਭਾਰਤ ਵਿਚ ਲਾਈ ਰੋਕ ਖਤਮ ਕਰ ਦਿੱਤੀ ਗਈ ਹੈ। ਇਹ ਰੋਕ ਦਸ ਜਨਵਰੀ ਨੂੰ ਕੰਵਰਪਾਲ ਸਿੰਘ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਸਬੰਧੀ ਕੀਤੀ ਗਈ ਟਿੱਪਣੀ ਤੋਂ ਬਾਅਦ ਲਗਾਈ ਗਈ ਸੀ। ਇਸ ਟਵੀਟ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਸਬੰਧਤ ਟਵਿੱਟਰ ਖਾਤੇ ‘ਤੇ ਰੋਕ ਲਾਉਣ ਲਈ ਹਦਾਇਤ ਕੀਤੀ ਗਈ ਸੀ, ਪਰ ਇਹ ਰੋਕ ਸਿਰਫ ਭਾਰਤ ਵਿਚ ਹੀ ਸੀ।