ਸਿੱਖ ਜਥੇਬੰਦੀਆਂ ਵੱਲੋਂ ਮੋਦੀ ਦਾ `ਵੀਰ ਬਾਲ ਦਿਵਸ` ਮਨਾਉਣ ਬਾਰੇ ਫੈਸਲਾ ਰੱਦ

ਅੰਮ੍ਰਿਤਸਰ: ਦਲ ਖਾਲਸਾ ਨਾਲ ਸਬੰਧਤ ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਵੱਲੋਂ ਇਥੇ ਨੌਜਵਾਨਾਂ ਦੀ ਇਕੱਤਰਤਾ ਦੌਰਾਨ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਦੇ ਫੈਸਲੇ ਨੂੰ ਰੱਦ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਫੈਸਲੇ ਲੈਣ ਦਾ ਹੱਕ ਸ੍ਰੀ ਅਕਾਲ ਤਖਤ ਕੋਲ ਹੀ ਰਾਖਵਾਂ ਹੈ। ਇਸ ਮੌਕੇ ਜਥੇਬੰਦੀ ਦੇ ਢਾਂਚੇ ਦਾ ਪੁਨਰ ਗਠਨ ਕੀਤਾ ਗਿਆ ਤੇ ਗੁਰਨਾਮ ਸਿੰਘ ਮੂਨਕਾ ਨੂੰ ਅਗਲੇ ਦੋ ਸਾਲਾਂ ਲਈ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ।
ਇਸ ਇਕੱਤਰਤਾ ਵਿਚ ਸਿੱਖ ਯੂਥ ਆਫ ਪੰਜਾਬ ਸਮੇਤ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਅਤੇ ਦਲ ਖਾਲਸਾ ਦੇ ਕਾਰਕੁਨਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮਾਗਮ ਦੌਰਾਨ ਸਰਕਾਰਾਂ ਦੇ ਸਿੱਖ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਦੇਸ਼ ਨੂੰ ਹਿੰਦੁਤਵ ਦੇ ਰੰਗ ਵਿਚ ਰੰਗਣ ਬਾਰੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਤੇ ਕੇਂਦਰ ਵੱਲੋਂ ਬਣਾਏ ਯੂ.ਏ.ਪੀ.ਏ. ਵਰਗੇ ਕਾਨੂੰਨਾਂ ਦੀ ਦੁਰਵਰਤੋਂ ਆਦਿ ਮੁੱਦਿਆਂ ‘ਤੇ ਚਰਚਾ ਕੀਤੀ ਗਈ।
ਸਮਾਗਮ ਦੌਰਾਨ ਜਥੇਬੰਦੀ ਵੱਲੋਂ ਚਾਰ ਮਤੇ ਪਾਸ ਕੀਤੇ ਗਏ। ਇਕ ਮਤੇ ਰਾਹੀਂ ਪ੍ਰਧਾਨ ਮੰਤਰੀ ਵੱਲੋਂ 26 ਦਸੰਬਰ ਨੂੰ ਹਰ ਵਰ੍ਹੇ ਵੀਰ ਬਾਲ ਦਿਵਸ ਵਜੋਂ ਮਨਾਉਣ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਕਿ ਜਥੇਬੰਦੀ ਅਕਾਲ ਤਖਤ ਕੋਲੋਂ ਮੰਗ ਕਰੇਗੀ ਕਿ ਸਿੱਖ ਧਾਰਮਿਕ ਮਾਮਲਿਆਂ ਵਿਚ ਸਰਕਾਰਾਂ ਦੀ ਦਖਲਅੰਦਾਜੀ ਨੂੰ ਰੋਕਣ ਲਈ ਸਖਤ ਸੰਦੇਸ਼ ਜਾਰੀ ਕਰਨ। ਸ੍ਰੀ ਹਰਿਮੰਦਰ ਸਾਹਿਬ ਵਿਚ ਬੇਅਦਬੀ ਦੀ ਘਟਨਾ ਨੂੰ ਸਿੱਖ ਕੌਮ ਦੇ ਸਵੈਮਾਨ ‘ਤੇ ਹਮਲਾ ਦੱਸਦਿਆਂ ਅਜਿਹੇ ਹਮਲਿਆਂ ਨੂੰ ਰੋਕਣ ਲਈ ਇਕਜੁੱਟ, ਚੌਕਸ ਤੇ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ। ਜਥੇਬੰਦੀ ਨੇ ਕਿਹਾ ਕਿ ਪੰਜਾਬ ਹਿੰਦੂ ਰਾਸ਼ਟਰ ਦਾ ਨਾ ਹਿੱਸਾ ਰਿਹਾ ਹੈ ਤੇ ਨਾ ਹੀ ਕਦੇ ਬਣੇਗਾ।