‘ਪ੍ਰਧਾਨ ਮੰਤਰੀ ਮੋਦੀ ਦੀ ਜਾਨ ਨੂੰ ਖਤਰੇ` ਵਾਲੇ ਦਾਅਵੇ `ਤੇ ਘਿਰੀ ਭਾਜਪਾ

ਫਰੀਦਕੋਟ: ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣ ਦੇ ਮਾਮਲੇ ‘ਚ ਭਾਜਪਾ ਆਪ ਹੀ ਘਿਰ ਗਈ ਹੈ। ਘਟਨਾ ਮੌਕੇ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਨੇ ਸਾਫ ਕਰ ਦਿੱਤਾ ਹੈ ਕਿ ਕਾਫਲੇ ਕੋਲ ਕਿਸਾਨ ਨਹੀਂ ਸਗੋਂ ਭਾਜਪਾ ਵਰਕਰ ਪੁੱਜੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਘੇਰਾ ਉਲੰਘ ਕੇ ਹੱਥਾਂ ‘ਚ ਭਾਜਪਾ ਦਾ ਝੰਡਾ ਚੁੱਕੀ ਮੋਦੀ ਜਿੰਦਾਬਾਦ ਦੇ ਨਾਅਰੇ ਲਾਉਣ ਵਾਲੇ ਲੋਕਾਂ ‘ਚ ਸ਼ਾਮਲ ਇਕ ਨੌਜਵਾਨ ਦੀ ਪਛਾਣ ਸ਼ਿਵਮ ਸ਼ਰਮਾ ਵਾਸੀ ਤਲਵਾੜਾ ਵਜੋਂ ਹੋਈ ਹੈ।

ਉਸ ਦੀਆਂ ਭਾਜਪਾ ਦੇ ਵੱਡੇ ਆਗੂਆਂ ਨਾਲ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਕਾਰਨ ਪ੍ਰਧਾਨ ਮੰਤਰੀ ਦਾ ਕਾਫਲਾ ਰੋਕੇ ਜਾਣ ਦੀ ਘਟਨਾ ਨੇ ਨਵਾਂ ਮੋੜ ਲੈ ਲਿਆ ਹੈ। ਸ਼ਿਵਮ ਸ਼ਰਮਾ ਨੇ ਭਾਜਪਾ ਆਗੂਆਂ ਨਾਲ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ਪਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਲਖੀਮਪੁਰ ਘਟਨਾ ਵਿਚ ਘਿਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ, ਲਾਲ ਕ੍ਰਿਸ਼ਨ ਅਡਵਾਨੀ, ਸ਼ਿਵ ਸੈਨਾ ਹਿੰਦ ਪੰਜਾਬ ਦੇ ਵਿਵਾਦਤ ਆਗੂ ਨਿਸ਼ਾਂਤ ਸ਼ਰਮਾ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਹੋਰ ਸ਼ਾਮਲ ਹਨ।
ਉਧਰ, ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਦਰਮਿਆਨ ਪੈਦਾ ਹੋਏ ਵਿਵਾਦ ਸਬੰਧੀ ਕੁਝ ਤਸਵੀਰਾਂ ਅਤੇ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਕਿਸਾਨਾਂ ਨੇ ਨਹੀਂ ਬਲਕਿ ਭਾਜਪਾ ਵਰਕਰਾਂ ਨੇ ਰੋਕਿਆ ਸੀ ਅਤੇ ਇਹ ਸਾਜ਼ਿਸ਼ ਦਾ ਹਿੱਸਾ ਹੈ।
ਜਥੇਬੰਦੀ ਨੇ ਆਖਿਆ ਕਿ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦੇ ਲੰਬੇ ਅੰਦੋਲਨ ਕਾਰਨ ਭਾਜਪਾ ਦਾ ਵਜੂਦ ਪੰਜਾਬ ਵਿਚੋਂ ਖਤਮ ਹੋ ਗਿਆ ਹੈ ਅਤੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਵਿਚ ਬਿਲਕੁਲ ਵੀ ਲੋਕਾਂ ਦਾ ਇਕੱਠ ਨਹੀਂ ਹੋਇਆ। ਜਥੇਬੰਦੀ ਨੇ ਕਿਹਾ ਕਿ ਭਾਜਪਾ ਨੇ ਇਸ ਨਮੋਸ਼ੀ ਤੋਂ ਬਚਣ ਲਈ ਪ੍ਰਧਾਨ ਮੰਤਰੀ ਦੇ ਕਾਫਲੇ ਸਬੰਧੀ ਬੇਲੋੜੇ ਵਿਵਾਦ ਪੈਦਾ ਕਰਕੇ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜਥੇਬੰਦੀ ਦੇ ਸੂਬਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਗੱਡੀਆਂ ਨਜ਼ਦੀਕ ਭਾਜਪਾ ਆਗੂ ਤੇ ਵਰਕਰ ਝੰਡਿਆਂ ਸਮੇਤ ਨਾਅਰੇ ਲਾਉਂਦੇ ਨਜ਼ਰ ਆ ਰਹੇ ਹਨ। ਜਦੋਂਕਿ ਉਥੇ ਕੋਈ ਵੀ ਕਿਸਾਨੀ ਝੰਡਾ ਮੌਜੂਦ ਨਹੀਂ। ਸ੍ਰੀ ਰਜਿੰਦਰ ਅਤੇ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਰਵੱਈਆ ਰੰਜਿਸ਼ ਵਾਲਾ ਹੈ। ਇਸੇ ਤਹਿਤ ਪੰਜਾਬ ਨੂੰ ਬਦਨਾਮ ਕਰਨ ਲਈ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀ ਸੁਰੱਖਿਆ ‘ਚ ਖਾਮੀਆਂ ਦੀਆਂ ਝੂਠੀਆਂ ਖਬਰਾਂ ਫੈਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸੀ ਆਗੂ ਭਗਵੰਤ ਮਾਨ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੇ ਵੀ ਘਟਨਾ ਦੀ ਅਸਲੀਅਤ ਜਾਣੇ ਬਿਨਾਂ ਭਾਜਪਾ ਦੇ ਦਾਅਵਿਆਂ ਨਾਲ ਸਹਿਮਤੀ ਜਤਾਈ, ਜੋ ਨਿੰਦਣਯੋਗ ਹੈ।
ਭਾਜਪਾ ਨੇ ਚੋਣਾਂ ਕਰਕੇ ਡਰਾਮਾ ਰਚਿਆ: ਸਿੱਧੂ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ‘ਤੇ ਕਿਹਾ ਕਿ ਭਾਜਪਾ ਨੇ ਪੰਜ ਸੂਬਿਆਂ ਦੀਆਂ ਚੋਣਾਂ ਕਰਕੇ ਸੁਰੱਖਿਆ ਉਲੰਘਣਾ ਦਾ ਡਰਾਮਾ ਰਚਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੇਂਦਰੀ ਏਜੰਸੀਆਂ ਲੱਗੀਆਂ ਹੋਈਆਂ ਸਨ ਅਤੇ ਸੜਕੀ ਰਸਤੇ ਦਾ ਕੋਈ ਪਹਿਲਾਂ ਪਲਾਨ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਨਾ ਤਾਂ ਕੋਈ ਵੋਟ ਹੈ ਅਤੇ ਨਾ ਹੀ ਸਪੋਰਟ ਹੈ। ਅਸਲ ਵਿਚ ਭਾਜਪਾ ਦੀ ਫਿਰੋਜ਼ਪੁਰ ਰੈਲੀ ਪੂਰੀ ਤਰ੍ਹਾਂ ਫਲਾਪ ਹੋ ਗਈ ਸੀ ਕਿਉਂਕਿ ਉਥੇ 70 ਹਜ਼ਾਰ ਕੁਰਸੀਆਂ ਲਾਈਆਂ ਗਈਆਂ ਸਨ ਜਦੋਂ ਕਿ ਸਿਰਫ 500 ਲੋਕ ਹੀ ਪਹੁੰਚੇ ਹੋਏ ਸਨ।