ਸਿਰਸਾ ਨੇ ਦਿੱਲੀ ਕਮੇਟੀ ਤੋਂ ਅਸਤੀਫਾ ਵਾਪਸ ਲਿਆ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ। ਉਨ੍ਹਾਂ ਨਵੇਂ ਹਾਊਸ ਦੇ ਗਠਨ ਤੱਕ ਕਮੇਟੀ ਲਈ ਸੇਵਾਵਾਂ ਦੇਣ ਦੀ ਦਿੱਲੀ ਕਮੇਟੀ ਦੇ ਮੈਂਬਰਾਂ ਦੀ ਬੇਨਤੀ ਵੀ ਸਵੀਕਾਰ ਲਈ। ਸ੍ਰੀ ਸਿਰਸਾ ਨੇ ਕਿਹਾ ਕਿ ਉਹ ਅੱਗੋਂ ਸਿੱਖ ਰਾਜਨੀਤੀ ਦਾ ਹਿੱਸਾ ਨਹੀਂ ਹੋਣਗੇ ਪਰ ਰੋਜ਼ਾਨਾ ਦੇ ਕੰਮਾਂ ਵਿਚ ਆ ਰਹੀ ਤਕਨੀਕੀ ਰੁਕਾਵਟ ਕਰਕੇ ਉਹ ਕੁਝ ਦਿਨਾਂ ਲਈ ਮੁੜ ਅਹੁਦਾ ਸਾਂਭਣਗੇ।

ਸ੍ਰੀ ਸਿਰਸਾ ਨੇ ਉਪਰਾਜਪਾਲ ਅਨਿਲ ਬੈਜਲ, ਦਿੱਲੀ ਗੁਰਦੁਆਰਾ ਚੋਣ ਬੋਰਡ, ਕਮੇਟੀ ਦੇ ਅਹੁਦੇਦਾਰਾਂ ਤੇ ਸਾਰੇ ਮੈਂਬਰਾਂ ਨੂੰ ਲਿਖੇ ਪੱਤਰ ਵਿਚ ਹਵਾਲਾ ਦਿੱਤਾ ਕਿ ਕਮੇਟੀ ਦੇ ਸਟਾਫ, ਸਕੂਲੀ ਅਮਲੇ ਤੇ ਵਜੀਫ਼ੇ ਦੇ ਭੁਗਤਾਨ ਵਿਚ ਆ ਰਹੀਆਂ ਦਿੱਕਤਾਂ ਦੇ ਚੱਲਦੇ ਉਹ ਕਾਰਜਕਾਰੀ ਪ੍ਰਧਾਨ ਵਜੋਂ ਸੇਵਾਵਾਂ ਦਿੰਦੇ ਰਹਿਣਗੇ। ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਮੈਂਬਰਾਂ ਮਹਿੰਦਰ ਪਾਲ ਸਿੰਘ ਚੱਢਾ, ਜਗਦੀਪ ਸਿੰਘ ਕਾਹਲੋਂ, ਜਸਬੀਰ ਸਿੰਘ ਜੱਸੀ ਨੇ ਸਿਰਸਾ ਨੂੰ ਹਾਊਸ ਦੇ ਗਠਨ ਤੱਕ ਸੇਵਾਵਾਂ ਦਿੰਦੇ ਰਹਿਣ ਦੀ ਲਿਖਤੀ ਬੇਨਤੀ ਕੀਤੀ ਸੀ। ਉਧਰ, ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਭਾਜਪਾ ਇਹ ਸਾਫ ਕਰੇ ਕਿ ਸਿਰਸਾ ਭਾਜਪਾ ਦੇ ਆਗੂ ਹਨ ਜਾਂ ਅਜੇ ਵੀ ਅਕਾਲੀ ਹੀ ਹਨ। ਦੱਸਣਯੋਗ ਹੈ ਕਿ ਗੁਰਦੁਆਰਾ ਐਕਟ ਦੇ ਨਿਯਮਾਂ ਮੁਤਾਬਕ ਕਿਸੇ ਵੀ ਮੈਂਬਰ ਦਾ ਅਸਤੀਫਾ ਜਨਰਲ ਹਾਊਸ ਦੌਰਾਨ ਹੀ ਮਨਜ਼ੂਰ ਹੋ ਸਕਦਾ ਹੈ, ਇਸੇ ਕਰਕੇ ਤਕਨੀਕੀ ਤੌਰ ‘ਤੇ ਹਾਲੇ ਤੱਕ ਸਿਰਸਾ ਦਾ ਅਸਤੀਫੇ ਨੂੰ ਮਨਜ਼ੂਰੀ ਨਹੀਂ ਮਿਲੀ ਸੀ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਇਕ ਚਿੱਠੀ ਜਾਰੀ ਕਰਕੇ 1 ਜਨਵਰੀ ਨੂੰ ਦਿੱਲੀ ਕਮੇਟੀ ਦੇ ਅੰਤਰਿੰਗ ਬੋਰਡ ਦੀ ਮੀਟਿੰਗ ਸੱਦੀ ਸੀ ਅਤੇ ਅਜਿਹੀਆਂ ਕਨਸੋਆ ਮਿਲ ਰਹੀਆਂ ਸਨ ਕਿ ਇਸ ਮੀਟਿੰਗ ‘ਚ ਸਿਰਸਾ ਦੇ ਅਸਤੀਫੇ ਬਾਰੇ ਫੈਸਲਾ ਲਿਆ ਜਾ ਸਕਦਾ ਸੀ ਪ੍ਰੰਤੂ ਸਿਰਸਾ ਨੇ ਪਹਿਲਾਂ ਹੀ ਯੂ.ਟਰਨ ਲੈਂਦੇ ਹੋਏ ਤਕਨੀਕੀ ਅਤੇ ਕਾਨੂੰਨੀ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ।