ਜਦੋਂ ਹਿਮਾਚਲ ਦਾ ਸੁਬਾਥੂ ਸ਼ਿਮਲਾ ਦਾ ਪਾਪਾ ਸੀ

ਗੁਲਜ਼ਾਰ ਸਿੰਘ ਸੰਧੂ
ਚਾਰ ਸਾਲ ਪਹਿਲਾਂ ਜਦੋਂ ਮੈਂ ਧਰਮਪੁਰ ਸੁਬਾਥੂ ਮਾਰਗ ਉੱਤੇ ਪੈਂਦੇ ਪਈਨ ਲੈਂਡ ਫੈਮਿਲੀ ਰਿਜ਼ਾਰਟ ਦੇ ਮੁਖ ਦਰਵਾਜ਼ੇ ਉਤੇ ਗਰਮੀ ਰੁੱਤ ਦਾ ਟਿਕਾਣਾ ਬਣਾਉਣ ਦਾ ਫੈਸਲਾ ਕੀਤਾ, ਉਦੋਂ ਮੈਨੂੰ ਸੁਬਾਥੂ ਨਾਂ ਦੇ ਕਸਬੇ ਦਾ ਮਹੱਤਵ ਨਹੀਂ ਸੀ ਪਤਾ।

ਮੈਂ ਸਿਰਫ ਆਪਣੇ ਮਿੱਤਰ ਗੋਪਾਲ ਸਿੰਘ ਚੌਹਾਨ ਨੂੰ ਜਾਣਦਾ ਸਾਂ। ਜਿਹੜਾ ਨਵੇਂ ਸਥਾਪਤ ਹੋਏ ਰਿਜ਼ਾਰਟ ਦਾ ਮਾਲਕ ਸੀ। ਸਮਾਂ ਪਾ ਕੇ ਮੇਰੀ ਇਸ ਖੇਤਰ ਦੀ ਮਹੱਤਤਾ ਵਿਚ ਦਿਲਚਸਪੀ ਵਧ ਗਈ। ਏਸ ਲਈ ਵੀ ਕਿ ਮੇਰੇ ਗੁਆਂਢ ਵਿਚ ਆਪਣੇ ਟਿਕਾਣੇ ਉਸਾਰਨ ਵਾਲੇ ਮਿੱਤਰ ਤੇ ਸੰਗੀ ਸਾਥੀ ਇਸ ਹਰੇ-ਭਰੇ ਪਹਾੜੀ ਖੇਤਰ ਵਿਚ ਵਧੇਰੇ ਦਿਲਚਸਪੀ ਲੈਣ ਲੱਗ ਪਏ ਸਨ। ਤਾਜ਼ਾ ਜਾਣਕਾਰੀ ਅਨੁਸਾਰ ਕਸੌਲੀ ਦੀਆਂ ਜੜ੍ਹਾਂ ਵਿਚ ਪੈਂਦੇ ਸੁਬਾਥੂ ਨਾਂ ਦੇ ਇਸ ਸ਼ਹਿਰ ਵਿਚ ਹਿਮਾਚਲ ਪ੍ਰਦੇਸ਼ ਦਾ ਪਹਿਲਾ ਤੇ ਪ੍ਰਾਚੀਨ ਡਾਕਖਾਨਾ ਹੀ ਸਥਾਪਤ ਨਹੀਂ ਹੋਇਆ, ਸਭ ਤੋਂ ਪਹਿਲਾ ਥਾਣਾ ਵੀ ਇੱਥੇ ਹੀ ਸੀ। ਇਨ੍ਹਾਂ ਦੀ ਨੀਂਹ 1882 ਵਿਚ ਸਥਾਪਤ ਹੋਏ ਸ਼ਿਮਲਾ ਵਾਲੇ ਵੱਡੇ ਡਾਕਖਾਨੇ ਤੋਂ ਬਹੁਤ ਪਹਿਲਾਂ ਵਾਰਨ ਹੇਸਟਿੰਗਜ਼ ਤੇ ਲਾਰਡ ਡਲਹੌਜ਼ੀ ਦੇ ਰਾਜਕਾਲ ਵਿਚ ਰੱਖੀ ਗਈ ਸੀ। ਅਸਲ ਵਿਚ ਉਹ ਇਸ ਖੇਤਰ ਦੇ ਗੋਰਖਾ ਯੋਧਿਆਂ ਦੀਆਂ ਗਤੀਵਿਧੀਆਂ ਉੱਤੇ ਨਿਗਾਹ ਰੱਖਣ ਲਈ ਏਥੇ ਨਵੀਂ ਛਾਉਣੀ ਸਥਾਪਤ ਕਰਨਾ ਚਾਹੰੁਦੇ ਸਨ। ਇਸ ਛਾਉਣੀ ਦੀ ਨੀਂਹ ਅੱਜ ਤੋਂ 105 ਸਾਲ ਪਹਿਲਾਂ 1815 ਵਿਚ ਰੱਖੀ ਗਈ ਸੀ।
ਹੁਣ ਉੱਜੜੀ-ਪੁੱਜੜੀ ਛਾਉਣੀ ਉਦੋਂ ਗੋਰਖਾ ਟਰੇਨਿੰਗ ਸੈਂਟਰ ਵਜੋਂ ਜਾਣੀ ਜਾਂਦੀ ਸੀ। ਉਦੋਂ ਇਸ ਸਥਾਨ ਦੀ ਦੇਖ-ਰੇਖ ਕਰਨ ਵਾਲੇ ਅਫ਼ਸਰ ਨੂੰ ਸਿਆਸੀ ਨਿਗਰਾਨ ਕਿਹਾ ਜਾਂਦਾ ਸੀ। ਸਭ ਤੋਂ ਪਹਿਲਾਂ ਇਹ ਚਾਰਜ ਲੈਫਟੀਨੈਂਟ ਰੌਸ ਕੋਲ ਰਿਹਾ ਤੇ ਫੇਰ ਕੈਪਟਨ ਪ੍ਰਾਫਟ ਕੈਨੇਡੀ ਕੋਲ, ਜਿਸ ਨੇ ਇੱਥੇ ਦਰਬਾਰ ਹਾਲ ਦੀ ਸਥਾਪਨਾ ਕੀਤੀ, ਜਿਹੜਾ ਕੈਨੇਡੀ ਹਾਊਸ ਵਜੋਂ ਜਾਣਿਆ ਜਾਣ ਲੱਗਿਆ। ਇਹ ਉਹ ਸਮਾਂ ਸੀ ਜਦੋਂ ਕਾਲਕਾ ਤੋਂ ਸ਼ਿਮਲਾ ਜਾਣ ਦਾ ਇਕੋ-ਇਕ ਸਾਧਨ ਖੱਚਰਾਂ ਤੇ ਘੋੜੇ ਸਨ ਜਿਹੜੇ ਕਸੌਲੀ, ਸੁਬਾਥੂ, ਹਰੀਪੁਰ ਤੇ ਸਾਇਰੀ ਰਾਹੀਂ ਸ਼ਿਮਲਾ ਪਹੰੁਚਦੇ ਸਨ। ਸ਼ਿਮਲਾ ਨੂੰ ਕਾਰੋਬਾਰੀ ਸ਼ਹਿਰ ਵਜੋਂ ਸਥਾਪਤ ਕਰਨ ਦਾ ਸਿਹਰਾ ਵੀ ਕੈਪਟਨ ਕੈਨੇਡੀ ਦੇ ਸਿਰ ਬੱਝਦਾ ਹੈ, ਜਿਹੜਾ ਸਮਾਂ ਪਾ ਕੇ ਬਰਤਾਨਵੀ ਹਾਕਮਾਂ ਦੀ ਗਰਪੀਆਂ ਦੀ ਰਾਜਧਾਨੀ ਦਾ ਰੂਪ ਧਾਰ ਗਿਆ। ਇਹ ਗੱਲ ਨੋਟ ਕਰਨ ਵਾਲੀ ਹੈ ਕਿ 1829 ਵਿਚ ਸਮੁੱਚੇ ਹਿਮਾਚਲ ਖੇਤਰ ਵਿਚ ਲਾਰਡ ਵਿਲੀਅਮ ਬੈਂਟਿੰਕ ਦੇ ਸਵਾਗਤ ਲਈ ਸਿਰਫ ਸੁਬਾਥੂ ਵਿਖੇ ਹੀ ਵਾਇਸਰਾਇ ਦੀ ਰਿਹਾਇਸ਼ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਉਦੋਂ ਸ਼ਿਮਲਾ ਦਾ ਕੋਈ ਮਹੱਤਵ ਨਹੀਂ ਸੀ ਹੰੁਦਾ।
ਜਿਥੋਂ ਤਕ ਡਾਕ ਦਾ ਸਬੰਧ ਹੈ, ਗੋਰੀ ਸਰਕਾਰ ਦੇ ਪਾਰਸਲ ਪਹਿਲਾਂ ਕਲਕੱਤਾ ਤੋਂ ਦਿੱਲੀ ਪਹੰੁਚਦੇ ਸਨ ਤੇ ਫੇਰ ਅੰਬਾਲਾ ਰਾਹੀਂ ਕਾਲਕਾ। ਕਿਹੜਾ ਪਾਰਸਲ ਕਿੱਥੇ ਉਤਰਨਾ ਹੈ, ਇਸ ਦਾ ਫੈਸਲਾ ਕਰਨ ਲਈ ਰੇਲਵੇ ਮੇਲ ਸਰਵਿਸ ਦਾ ਉਚੇਚਾ ਅਮਲਾ ਹੰੁਦਾ ਸੀ, ਜਿਹੜਾ ਚਲਦੀ ਗੱਡੀ ਵਿਚ ਇਹ ਕੰਮ ਕਰਦਾ ਸੀ।
ਕਾਲਕਾ ਤੋਂ ਸ਼ਿਮਲਾ ਜਾਣ ਵਾਲੀ ਡਾਕ ਲਈ ਖੱਚਰਾਂ ਤੇ ਘੋੜੇ ਵੀ ਸਨ ਤੇ ਗੱਡੇ ਵੀ। ਕੁਝ ਕੁ ਬਿਖੜੇ ਪੈਂਡਿਆਂ ਵਿਚ ਡਾਕ ਦਾ ਕੰਮ ਕਰਨ ਵਾਲੇ ਹਰਕਾਰੇ ਆਪਣੇ ਉੱਤੇ ਰੱਖੀ ਡਾਂਗ ਦੇ ਸਿਰੇ ਉੱਤੇ ਪੋਟਲੀ ਬੰਨ੍ਹ ਕੇ ਔਖਾ ਪੈਂਡਾ ਪਾਰ ਕਰ ਕੇ ਉਸ ਅਮਲੇ ਨੂੰ ਸੌਂਪ ਦਿੰਦੇ ਸਨ, ਜਿਹੜਾ ਦੂਜੇ ਸਿਰੇ ਉੱਤੇ ਖੱਚਰ ਘੋੜੇ ਲੈ ਕੇ ਉਡੀਕ ਰਿਹਾ ਹੰੁਦਾ ਸੀ।
ਜੇ ਪੁਰਾਤਨ ਡਾਕ ਪ੍ਰਣਾਲੀ ਤੇ ਕਲਕੱਤਾ ਦੀ ਗੱਲ ਤੁਰੀ ਹੈ ਤਾਂ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਸਥਾਪਤ ਕਰ ਕੇ ਭਾਰਤ ਵਿਚ ਪ੍ਰਵੇਸ਼ ਕੀਤਾ ਅਤੇ ਲੰਮਾ ਸਮਾਂ ਹਿੰਦੁਸਤਾਨੀਆਂ ਉੱਤੇ ਰਾਜ ਕੀਤਾ। ਉਹ ਦਿਲ ਦੇ ਸਾਫ ਨਹੀਂ ਸਨ। ਹੇਰਾ-ਫੇਰੀਆਂ ਦੇ ਮਾਹਿਰ ਸਨ। ਉਨ੍ਹਾਂ ਦੀਆਂ ਕਰਤੂਤਾਂ ਉਜਾਗਰ ਕਰਨ ਲਈ ਔਗਸਤਸ ਹਿੱਕੀ ਨਾਂ ਦੇ ਗੋਰੇ ਨੇ ਕਲਕੱਤਾ ਤੋਂ ‘ਬੰਗਾਲ ਗਜ਼ਟ’ ਨਾਂ ਦਾ ਪਰਚਾ ਵੀ ਕੱਢਿਆ ਸੀ, ਜਿਹੜਾ ਉਸ ਸਮੇਂ ਬੜਾ ਪ੍ਰਸਿੱਧ ਹੋਇਆ ਪਰ ਦੱਸਣ ਵਾਲੀ ਗੱਲ ਇਹ ਹੈ ਕਿ ਇਸ ਪਰਚੇ ਵਿਚ ਗੋਰੀ ਸਰਕਾਰ ਦੇ ਜਿਹੜੇ ਕਿੱਸੇ ਉਜਾਗਰ ਹੰੁਦੇ ਸਨ, ਉਹ ਛਪਣ ਤੋਂ ਤਿੰਨ ਹਫਤੇ ਪਿੱਛੋਂ ਲੰਡਨ ਪਹੰੁਚਦੇ ਸਨ, ਜਿਨ੍ਹਾਂ ਨੂੰ ਗੋਰੀ ਸਰਕਾਰ ਬੇਸਬਰੀ ਨਾਲ ਉਡੀਕਦੀ ਹੰੁਦੀ ਸੀ। ਇਹ ਪਰਚਾ ਸ਼ਿਮਲਾ ਤੇ ਸੁਬਾਥੂ ਦੇ ਸਥਾਪਤ ਹੋਣ ਤੋਂ ਬਹੁਤ ਪਹਿਲਾਂ 1780 ਵਿਚ ਕੱਢਿਆ ਗਿਆ ਸੀ।
ਇਸ ਘਟਨਾ ਦਾ ਜ਼ਿਕਰ ਕਰਨ ਤੋਂ ਮੇਰਾ ਭਾਵ ਕਲਕੱਤਾ, ਨਵੀਂ ਦਿੱਲੀ ਜਾਂ ਸ਼ਿਮਲਾ ਦੀ ਉੱਤਮਤਾ ਨੂੰ ਛੁਟਿਆਉਣਾ ਨਹੀਂ ਸਗੋਂ ਚੇਤਿਆਂ ਵਿਚੋਂ ਅਲੋਪ ਹੋ ਰਹੇ ਸੁਬਾਥੂ ਵਰਗੇ ਸਥਾਨ ਦਾ ਮਹੱਤਵ ਦੱਸਣਾ ਵੀ ਹੈ ਤੇ ਅਖੰਡ ਹਿੰਦੁਸਤਾਨ ਵਿਚ ਡਾਕ ਪ੍ਰਣਾਲੀ ਦੇ ਪੁਰਾਤਨ ਸਾਧਨਾਂ ਦੀ ਚਰਚਾ ਕਰਨਾ ਵੀ ਹੈ। ਇਹ ਵੀ ਦੱਸ ਦਿਆਂ ਕਿ ਜਦੋਂ ਬਰਤਾਨਵੀ ਸਰਕਾਰ ਨੇ ਕਾਲਕਾ ਤੋਂ ਸ਼ਿਮਲਾ ਲਈ ਰੇਲਵੇ ਲਾਈਨ ਵਿਉਂਤੀ ਸੀ ਤਾਂ ਇਸ ਨੇ ਸੁਬਾਥੂ ਰਾਹੀਂ ਜਾਣਾ ਸੀ ਪਰ ਕੈਪਟਨ ਕੈਨੇਡੀ ਨੇ ਇਸ ਨੂੰ ਸੁਬਾਥੂ ਦੀ ਥਾਂ ਕੁਮਾਰਹੱਟੀ ਰਾਹੀਂ ਕਢਵਾ ਦਿੱਤਾ।
ਕਰਨੈਲ ਸਿੰਘ ਥਿੰਦ ਦਾ ਤੁਰ ਜਾਣਾ
ਇਨ੍ਹੀਂ ਦਿਨੀਂ ਮੋਹਨ ਭੰਡਾਰੀ ਤੇ ਗੁਰਦੇਵ ਰੁਪਾਣਾ ਦੇ ਤੁਰ ਜਾਣ ਦੀਆਂ ਖਬਰਾਂ ਆਈਆਂ ਤਾਂ ਮੈਨੂੰ ਜਾਪਿਆ ਕਿ ਉਪਰ ਵਾਲੇ ਦਾ ਚੇਤਾ ਖਰਾਬ ਹੋ ਗਿਆ, ਜਿਸ ਨੂੰ ਅੰਗਰੇਜ਼ੀ ਵਿਚ ਐਲਜ਼ਾਈਮਰ ਰੋਗ ਕਿਹਾ ਜਾਂਦਾ ਹੈ, ਨਹੀਂ ਤਾਂ ਕੋਈ ਕਾਰਨ ਨਹੀਂ ਸੀ ਕਿ ਮੇਰੇ ਵਰਗੇ ਬੁੱਢਿਆਂ ਨੂੰ ਭੁੱਲ-ਭੁਲਾ ਕੇ ਭੰਡਾਰੀ ਤੇ ਰੁਪਾਣਾ ਵਰਗਿਆਂ ਨੂੰ ਚੁੱਕਦਾ। ਦੋ-ਚਾਰ ਦਿਨ ਪਹਿਲਾਂ ਮੇਰੇ ਨਾਲੋਂ ਪੰਜ ਸਾਲ ਵੱਡੇ ਕਰਨੈਲ ਸਿੰਘ ਦੀ ਖਬਰ ਮਿਲੀ ਤਾਂ ਤਸੱਲੀ ਹੋਈ ਕਿ ਹਾਲੀ ਉਪਰ ਵਾਲੇ ਦਾ ਚੇਤਾ ਏਨਾ ਗਿਆ ਗੁਜ਼ਰਿਆ ਨਹੀਂ। ਲੰਮਾ ਸਮਾਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਅਧਿਆਪਕ ਰਹਿਣ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਟੀ ਵਿਚ ਤਾਇਨਾਤ (1973-90) ਰਹਿਣ ਤੋਂ ਪਿੱਛੋਂ ਥਿੰਦ ਪੂਰਾ ਇਕ ਦਹਾਕਾ ਪੰਜਾਬ ਯੂਨੀਵਰਸਟੀ ਟੈਕਸਟ ਬੁੱਕ ਬੋਰਡ ਦਾ ਡਾਇਰੈਕਟਰ ਰਿਹਾ ਤੇ ਉਸ ਨੇ ਲੋਕ-ਧਾਰਾ ਤੇ ਲੋਕਯਾਨ ਦੇ ਵਿਸ਼ੇ ਉਤੇ ਵਧੀਆ ਕੰਮ ਕੀਤਾ। ਹੁਣ ਉਹ ਲੰਮੇ ਸਮੇਂ ਤੋਂ ਬਰੈਂਪਟਨ (ਕੈਨੇਡਾ) ਵਿਖੇ ਆਪਣੇ ਬੱਚਿਆਂ ਕੋਲ ਰਹਿ ਰਿਹਾ ਸੀ, ਜਿੱਥੋਂ ਉਸ ਦੇ ਅਕਾਲ ਚਲਾਣੇ ਦੀ ਖਬਰ ਆਈ ਹੈ। ਏਨੀ ਲੰਮੀ ਤੇ ਉਪਯੋਗੀ ਉਮਰ ਭੋਗ ਕੇ ਤੁਰ ਜਾਣ ਵਾਲੇ ਦੀ ਖਬਰ ਸੁਣ ਕੇ ਧੱਕਾ ਤਾਂ ਲੱਗਦਾ ਹੈ ਪਰ ਇਸ ਗੱਲ ਦੀ ਖ਼ੁਸ਼ੀ ਵੀ ਹੈ ਕਿ ਉਸ ਨੇ ਆਖਰੀ ਉਮਰੇ ਬਹੁਤਾ ਦੁੱਖ ਨਹੀਂ ਭੋਗਿਆ ਤੇ ਆਪਣੇ ਬਾਲ ਪਰਿਵਾਰ ਦੇ ਹੱਥੀਂ ਤੁਰਿਆ ਹੈ। ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਉੱਪਰ ਵਾਲਾ ਸਾਡੇ ਵਰਗਿਆਂ ਨੂੰ ਭੁੱਲਿਆ ਨਹੀਂ, ਕੇਵਲ ਅਣਗਹਿਲੀ ਦਾ ਸ਼ਿਕਾਰ ਹੈ।

ਅੰਤਿਕਾ
ਅਮਾਨਤ ਅਲੀ ਮੁਸਾਫਰ ਲਾਹੌਰ
ਕਰੀਏ ਕਿਸੇ ਦੇ ਨਾਲ ਨਾਂ ਠੱਗ ਬਾਜ਼ੀ,
ਕਿਸੇ ਲਈ ਨਾ ਬੁਰਾ ਖਿਆਲ ਕਰੀਏ।
ਕੀਤੀ ਆਪਣੇ ਅਸਰ ਵਿਖਾ ਦੇਂਦੀ,
ਭਾਵੇਂ ਜਾ ਕੇ ਵਿਚ ਪਤਾਲ ਕਰੀਏ।
ਜੇਕਰ ਦੁਖੀ ਦਾ ਦਰਦ ਵੰਡਾਉਣਾ ਨਹੀਂ,
ਉਹਦੇ ਕੋਲ ਨਾ ਕਦੇ ਤਤਾਲ ਕਰੀਏ।
ਹੋ ਜਾਣ ਮੁਸਾਫਰਾ ਲੇਖ ਭੈੜੇ,
ਧੋਖਾ ਜਦੋਂ ਵੀ ਕਿਸੇ ਦੇ ਨਾਲ ਕਰੀਏ।