ਲੰਮੀ ਹੇਕ ਦੀ ਰਾਣੀ

ਕੇਵਲ ਧਾਲੀਵਾਲ
ਫੋਨ: +91-98142-99422
ਗੁਰਮੀਤ ਬਾਵਾ ਦਾ ਇਸ ਤਰ੍ਹਾਂ ਤੁਰ ਜਾਣਾ, ਜਿਵੇਂ ਇਕ ਯੁੱਗ ਦਾ ਅੰਤ ਹੋ ਗਿਆ ਹੋਵੇ। ਕੀ ਉਸ ਨੇ ਇੰਜ ਹੀ ਅਚਾਨਕ ਤੁਰ ਜਾਣਾ ਸੀ? ਇਕ ਰਾਤ ਪਹਿਲਾਂ ਤਾਂ ਉਹ ਕਿਸੇ ਦੇ ਵਿਆਹ ‘ਤੇ ਸ਼ਗਨਾਂ ਦੇ ਗੀਤ ਗਾ ਰਹੀ ਸੀ। ਜਿਸ ਦਿਨ ਉਸ ਦਾ ਸਸਕਾਰ ਸੀ, ਉਸ ਦਿਨ ਵੀ ਕਿਸੇ ਪ੍ਰੋਗਰਾਮ ‘ਤੇ ਗੀਤ ਗਾਉਣ ਜਾਣਾ ਸੀ।

ਜਦੋਂ ਕੋਈ ਸ਼ਖਸੀਅਤ ਸਾਨੂੰ ਹਲੂਣਾ ਜਿਹਾ ਦੇ ਜਾਵੇ ਤੇ ਆਪਣੇ ਲੋਕ ਗੀਤਾਂ ਰਾਹੀਂ ਸਾਨੂੰ ਕਹੇ ਕਿ “ਪੰਜਾਬੀਓ ਸੁੱਤੇ ਕਿਉਂ ਜੇ? ਜਾਗੋ, ਤੁਹਾਡੀ ਮਾਂ ਬੋਲੀ ਤੁਹਾਥੋਂ ਖੁੱਸ ਰਹੀ ਏ, ਤੁਹਾਡਾ ਸਭਿਆਚਾਰ ਕੋਈ ਲੁੱਟ ਕੇ ਲੈ ਚੱਲਿਆ, ਤੁਹਾਡੇ ਲੋਕ ਗੀਤਾਂ, ਤੁਹਾਡੀ ਅਪੱਣਤ, ਤੁਹਾਡੇ ਰਿਸ਼ਤਿਆਂ ਨੂੰ ਕੋਈ ਸੰਨ੍ਹ ਲਾ ਰਿਹਾ ਏ। ਉੱਠੋ, ਕਦਮ ਨਾਲ ਕਦਮ ਮਿਲਾ ਕੇ ਤੁਰੀਏ ਤੇ ਜੋ ਕੁਝ ਵੀ ਆਪਣਾ ਬਚਦਾ ਏ ਬਚਾ ਲਈਏ।” ਇਹ ਹੋਕਾ ਦੇਣ ਵਾਲੀ ਸ਼ਖਸੀਅਤ ਸੀ ਗੁਰਮੀਤ ਬਾਵਾ। ਗੁਰਮੀਤ ਬਾਵਾ ਬਣਨ ਲਈ ਵਰ੍ਹਿਆਂ ਦੇ ਵਰ੍ਹੇ ਲੱਗਦੇ ਨੇ ਜਿਸ ਦੀ ਲੰਮੀ ਹੇਕ ਵਾਂਗੂੰ ਉਸ ਦੀ ਗਾਇਕੀ ਦਾ ਸਫਰ ਵੀ ਬੜਾ ਲੰਮਾ ਰਿਹਾ। ਉਸ ਨੂੰ ਆਪਣੇ ਸਭਿਆਚਾਰ, ਆਪਣੀ ਮਿੱਟੀ ਦੀ ਫਿਕਰ ਸੀ।
ਗੁਰਮੀਤ ਬਾਵਾ (18 ਫਰਵਰੀ 1944-21 ਨਵੰਬਰ 2021) ਦੀ ਆਵਾਜ਼, ਉਸ ਦੇ ਗੀਤਾਂ ਦੀ ਬੁਲੰਦੀ ਬੇਸ਼ੱਕ ਆਸਮਾਨ ਛੂੰਹਦੀ ਸੀ ਪਰ ਆਪ ਉਹ ਨਿਮਰਤਾ ਨਾਲ ਲਬਰੇਜ਼ ਅਤੇ ਆਪਣੀ ਮਿੱਟੀ ਨਾਲ ਜੁੜੀ ਹੋਈ ਸੀ। ਹਮੇਸ਼ਾ ਕਹਿੰਦੀ ਸੀ, “ਮਿੱਟੀ ‘ਚ ਬੜੀ ਪਕੜ ਹੁੰਦੀ ਏ, ਬੰਦੇ ਨੂੰ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਏ।” ਗੁਰਮੀਤ ਬਾਵਾ ਲੋਕ ਗਾਇਕੀ ਦੀ ਤੁਰੀ ਫਿਰਦੀ ਸੰਸਥਾ ਸੀ। ਉਹ ਸਟੇਜ ‘ਤੇ ਗੀਤ ਗਾਉਂਦਿਆਂ ਆਪ ਕਦੇ ਵੀ ਨਹੀਂ ਸੀ ਨੱਚਦੀ ਪਰ ਸਰੋਤਿਆਂ ਨੂੰ ਨੱਚਣ ਲਾ ਦਿੰਦੀ ਸੀ। ਉਹ ਸਟੇਜ ‘ਤੇ ਖੜ੍ਹ ਕੇ ਆਵਾਜ਼ ਦੇ ਦਮ ‘ਤੇ ਅਤੇ ਹਿੱਕ ਦੇ ਜ਼ੋਰ ਨਾਲ ਕਿਸੇ ਵੀ ਤਰ੍ਹਾਂ ਦੇ ਮਾਈਕ ਸਾਹਮਣੇ ਗਾ ਲੈਂਦੀ ਸੀ। ਉਸ ਨੇ ਕਦੇ ਵੀ ਕਿਸੇ ਵਿਸ਼ੇਸ਼ ਸਾਊਂਡ ਸਿਸਟਮ ਵਾਸਤੇ ਪ੍ਰਬੰਧਕਾਂ ਨੂੰ ਨਹੀਂ ਸੀ ਕਿਹਾ।
ਗੁਰਮੀਤ ਬਾਵਾ ਨਾਲ ਮੇਰੀ ਪਰਿਵਾਰਕ ਸਾਂਝ ਸੀ। ਉਹ ਵਿਰਸਾ ਵਿਹਾਰ, ਅੰਮ੍ਰਿਤਸਰ ਦੀ ਬਾਨੀ ਮੈਂਬਰ ਸੀ। ਸਾਡੀ ਹਰ ਮੀਟਿੰਗ ‘ਤੇ ਪਹੁੰਚਦੀ। ਬਿਮਾਰ ਹੋਣ ਦੇ ਬਾਵਜੂਦ ਅਜੇ ਮਹੀਨਾ ਪਹਿਲਾਂ ਵਿਰਸਾ ਵਿਹਾਰ ‘ਚ ਮੀਟਿੰਗ ਲਈ ਪਹੁੰਚੀ ਸੀ। ਦਰਅਸਲ, ਉਹ ਬਹੁਤ ਕਮਜ਼ੋਰ ਹੋ ਗਈ ਸੀ। ਤਕਰੀਬਨ ਦੋ ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਈ ਧੀ ਲਾਚੀ ਬਾਵਾ ਦੇ ਗਮ ਨੇ ਉਸ ਨੂੰ ਨਿਚੋੜ ਦਿੱਤਾ ਸੀ। ਮੈਨੂੰ ਇਹ ਬਿਲਕੁਲ ਹੀ ਚੇਤੇ ਨਹੀਂ ਕਿ ਮੈਂ ਗੁਰਮੀਤ ਬਾਵਾ ਨੂੰ ਕਦੋਂ ਦਾ ਤੇ ਕਿੰਨਾ ਕੁ ਜਾਣਦਾ ਹਾਂ। ਇੰਜ ਜਾਪਦਾ ਹੈ ਜਿਵੇਂ ਮੈਂ ਗੁਰਮੀਤ ਬਾਵਾ ਨੂੰ ਉਦੋਂ ਤੋਂ ਜਾਣਦਾ ਹਾਂ, ਜਦੋਂ ਤੋਂ ਮੈਂ ਆਪਣੀ ਮਾਂ ਨੂੰ ਜਾਣਦਾ ਹਾਂ, ਜਦੋਂ ਮੈਂ ਆਪਣੀ ਭੈਣ ਕੋਲੋਂ ਪਹਿਲੀ ਵਾਰੀ ਰੱਖੜੀ ਬੰਨ੍ਹਵਾਈ ਸੀ…। ਜੇਕਰ ਰਿਸ਼ਤਿਆਂ ਦੇ ਵਹਿਣ ਤੋਂ ਪਰ੍ਹਾਂ ਹੋ ਕੇ ਦੇਖਾਂ ਤਾਂ ਜਾਪਦਾ ਹੈ ਕਿ ਗੁਰਮੀਤ ਬਾਵਾ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਕੋਈ ਪਹਿਲਾ ਲੋਕ ਗੀਤ ਕਿਸੇ ਨੇ ਗਾਇਆ ਸੀ। ਗੁਰਮੀਤ ਬਾਵਾ ਲੋਕ ਗੀਤ ਗਾਉਂਦੀ-ਗਾਉਂਦੀ ਆਪ ਲੋਕ ਗੀਤ ਬਣ ਗਈ ਸੀ। ਪਿਛਲੇ 55 ਸਾਲਾਂ ਤੋਂ ਉਸ ਨੇ ਪੰਜਾਬੀਆਂ ਦੇ ਦਿਲਾਂ ‘ਤੇ ਆਪਣੇ ਲੋਕ ਗੀਤਾਂ ਰਾਹੀਂ ਰਾਜ ਕੀਤਾ। ਜ਼ਿਕਰਯੋਗ ਹੈ ਕਿ ਉਸ ਨੇ ਹਮੇਸ਼ਾ ਹੀ ਕਿਸੇ ਸਕੂਲ ਦੀ ਅਧਿਆਪਕਾ ਬਣ ਕੇ ਬੱਚਿਆਂ ਨੂੰ ਪੜ੍ਹਾਉਣਾ ਚਾਹਿਆ ਸੀ ਪਰ ਉਹ ਆਪਣੇ ਸੰਗੀਤਕਾਰ ਤੇ ਹੁਨਰਮੰਦ ਪਤੀ ਕਿਰਪਾਲ ਬਾਵਾ ਦੇ ਲੜ ਲੱਗ ਕੇ ਸੰਗੀਤ ਦੇ ਲੜ ਲੱਗੀ ਰਹੀ। ਉਹ ਅਜੇ ਵੀ ਕਈ ਵਾਰੀ ਕਹਿ ਦਿੰਦੀ ਸੀ, “ਮੈਂ ਕਦੋਂ ਗਾਇਕਾ ਬਣਨਾ ਚਾਹਿਆ ਸੀ, ਮੈਂ ਤਾਂ ਸਕੂਲ ਦੀ ਅਧਿਆਪਕਾ ਹੀ ਬਣੀ ਰਹਿਣਾ ਚਾਹੁੰਦੀ ਸੀ।” ਮੈਂ ਉਸ ਨੂੰ ਕਹਿੰਦਾ ਸੀ, “ਭੈਣ ਜੀ, ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਤੁਸੀਂ ਅੱਜ ਵੀ ਅਧਿਆਪਕਾ ਈ ਹੋ। ਬੇਸ਼ੱਕ ਤੁਸੀਂ ਕੋਈ ਸਕੂਲ ਨਹੀਂ ਖੋਲ੍ਹਿਆ ਪਰ ਤੁਸੀਂ ਤੁਰੀ ਫਿਰਦੀ ਲੋਕ ਸੰਗੀਤ ਦੀ ਯੂਨੀਵਰਸਿਟੀ ਓ।” ਤੇ ਉਸ ਨੇ ਨਿਰਮਾਣਤਾ ਨਾਲ ਹੱਥ ਜੋੜ ਮੁਸਕਰਾ ਦੇਣਾ। ਗੁਰਮੀਤ ਬਾਵਾ ਨੇ ਆਪਣੀ ਆਵਾਜ਼ ਰਾਹੀਂ ਪੰਜਾਬ ਦੇ ਲੋਕ ਗੀਤ ਸਾਂਭੇ ਅਤੇ ਇਹ ਵਿਰਾਸਤ ਉਸ ਨੇ ਆਪਣੀਆਂ ਧੀਆਂ ਲਾਚੀ ਬਾਵਾ, ਗਲੋਰੀ ਬਾਵਾ ਤੇ ਪੋਪੀ ਬਾਵਾ ਨੂੰ ਵੀ ਦਿੱਤੀ। ਤਿੰਨੇ ਧੀਆਂ ਵੀ ਮਾਂ ਦੇ ਪਾਏ ਪੂਰਨਿਆਂ ‘ਤੇ ਤੁਰੀਆਂ।
ਗੁਰਮੀਤ ਬਾਵਾ ਜਦੋਂ ਸੂਹੀ ਫੁਲਕਾਰੀ ਲੈ ਕੇ ਸਟੇਜ ‘ਤੇ ਲੰਮੀ ਹੇਕ ਲਗਾਉਂਦੀ ਤਾਂ ਉਸ ਹੇਕ ਵਿਚ ਸਾਂਝੇ ਪੰਜਾਬ ਦੇ ਪੰਜ ਦਰਿਆਵਾਂ ਦੀਆਂ ਲਹਿਰਾਂ ਦੀ ਰਵਾਨੀ ਦਿਸਦੀ। ਸਿੱਠਣੀਆਂ, ਘੋੜੀਆਂ, ਸੁਹਾਗ, ਬੋਲੀਆਂ, ਜੁਗਨੀ, ਜਿੰਦੂਆ, ਵਾਰਾਂ, ਮਲਕੀ ਕੀਮਾ, ਢੋਲ ਸੰਮੀ, ਲੋਰੀਆਂ, ਜਨਮ ਦੇ ਗੀਤ, ਰੁੱਤਾਂ ਦੇ ਗੀਤ, ਤਿਉਹਾਰਾਂ ਦੇ ਗੀਤ, ਕੋਰਾ-ਕੋਰਾ ਕੁੱਜਾ, ਕਹਾਰੋ ਡੋਲੀ ਨਾ ਚਾਇਓ ਵਰਗੇ ਲੋਕ ਗੀਤਾਂ ਨੂੰ ਗਾਉਣ ਵਾਲੀ ਗੁਰਮੀਤ ਬਾਵਾ ਨੇ ਆਪਣੇ ਸਾਫ ਸੁਥਰੇ ਸਭਿਆਚਾਰ, ਸੰਗੀਤ ਅਤੇ ਲੋਕ ਵਿਰਾਸਤ ਦੇ ਅਕਸ ਨੂੰ ਸਾਰੀ ਉਮਰ ਸਾਂਭੀ ਰੱਖਿਆ। ਉਹ ਚਰਖਾ ਵੀ ਕੱਤ ਲੈਂਦੀ ਸੀ ਅਤੇ ਪੂਣੀਆਂ ਲਾਹ-ਲਾਹ ਢੇਰ ਲਾ ਦਿੰਦੀ ਸੀ। ਉਹਨੂੰ ਚਰਖਾ ਕੱਤਦੀ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਕਿਸੇ ਕੈਲੰਡਰ ਵਿਚਲੀ ਚਰਖੇ ਵਾਲੀ ਤਸਵੀਰ ਨੇ ਸਾਕਾਰ ਰੂਪ ਲੈ ਲਿਆ ਹੋਵੇ। ਉਸ ਨੇ ਆਪਣੀ ਗਾਇਕੀ ਦੇ ਸਿਰ ‘ਤੇ ਦੁਨੀਆ ਦੇ 35 ਮੁਲਕਾਂ ਵਿਚ ਭਾਰਤ ਸਰਕਾਰ ਵੱਲੋਂ ਪ੍ਰਤੀਨਿਧਤਾ ਕੀਤੀ ਤੇ ਪੰਜਾਬ ਦੇ ਲੋਕ ਗੀਤ ਗਾਏ। ਜਦੋਂ ਉਸ ਨੇ ਰੂਸ ਦੀ ਧਰਤੀ ‘ਤੇ ਗਾਇਆ ਤਾਂ ਉਸ ਦੀ ਲੰਮੀ ਹੇਕ ਸੁਣ ਕੇ ਰੂਸੀਆਂ ਨੇ ਦੰਦਾਂ ‘ਚ ਉਂਗਲਾਂ ਦੱਬ ਲਈਆਂ। ਰੂਸੀਆਂ ਨੂੰ ਸ਼ੱਕ ਸੀ ਕਿ ਸ਼ਾਇਦ ਇਸ ਨੇ ਆਪਣੇ ਗਲੇ ਵਿਚ ਕੋਈ ਪੁਰਜ਼ਾ ਫਿੱਟ ਕੀਤਾ ਹੋਇਆ ਹੈ ਜਿਸ ਨਾਲ ਇੰਨਾ ਉੱਚੀ ਗਾਉਂਦੀ ਹੈ। ਇਕ ਵਾਰੀ ਇਕ ਪਿੰਡ ਦੇ ਅਖਾੜੇ ਵਿਚ ਜਦੋਂ ਉਹਨੇ ਉੱਚੀ ਹੇਕ ਲਗਾਈ ਤਾਂ ਕੁਝ ਚਿਰ ਉਡੀਕਣ ਪਿੱਛੋਂ ਇਕ ਬਜ਼ੁਰਗ ਉੱਚੀ-ਉੱਚੀ ਕਹਿਣ ਲੱਗਾ, “ਬੀਬੀ ਰੱਬ ਦੇ ਵਾਸਤੇ ਆਪਣੀ ਆਵਾਜ਼ ਨੂੰ ਹੇਠਾਂ ਮੋੜ ਲੈ, ਨਹੀਂ ਤੇ ਬੇਹੋਸ਼ ਹੋ ਕੇ ਡਿੱਗ ਪਏਂਗੀ।” ਗੁਰਮੀਤ ਬਾਵਾ ਨੇ ਲੋਕ ਗੀਤ ‘ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ` ਦੇ ਬੋਲਾਂ ਵਿਚ ਇੰਨੀ ਮਿਠਾਸ ਭਰੀ ਕਿ ਹਰ ਵਿਯੋਗਣ ਦੀ ਪੀੜਾ ਇਸ ਗੀਤ ਵਿਚ ਸਮੋਅ ਗਈ। ਜਦੋਂ ਉਹ ਜੁਗਨੀ ਗਾਉਂਦੀ ਤਾਂ ਆਪ ਵੀ ਜੁਗਨੀ ਹੋ ਜਾਂਦੀ।
ਇਨਾਮਾਂ-ਸਨਮਾਨਾਂ ਦੀ ਗੱਲ ਕਰੀਏ ਤਾਂ ਉਸ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਨੇ ‘ਰਾਸ਼ਟਰਪਤੀ ਪੁਰਸਕਾਰ`, ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ‘ਸ਼੍ਰੋਮਣੀ ਪੰਜਾਬੀ ਗਾਇਕਾ`, ਪੰਜਾਬ ਕਲਾ ਪ੍ਰੀਸ਼ਦ ਨੇ ‘ਪੰਜਾਬ ਗੌਰਵ ਪੁਰਸਕਾਰ`, ਪੰਜਾਬ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ ਹੋਰ ਅਨੇਕਾਂ ਸੰਸਥਾਵਾਂ ਨੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਮੈਂ ਦੋ ਕੁ ਸਾਲ ਪਹਿਲਾਂ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਗੁਰਮੀਤ ਬਾਵਾ ਦੀ ਜ਼ਿੰਦਗੀ ਦੇ ਸਫਰ ਨੂੰ ਦਸਤਾਵੇਜ਼ੀ ਫਿਲਮ ‘ਵਹਿੰਦੇ ਦਰਿਆਵਾਂ ਦੀ ਹੇਕ ਵਰਗੀ ਗੁਰਮੀਤ ਬਾਵਾ` ਦੇ ਰੂਪ ਵਿਚ ਸਾਂਭ ਲਿਆ ਸੀ। ਮੈਂ ਕੁਝ ਸਾਲ ਪਹਿਲਾਂ ਲੋਕ ਵਿਰਾਸਤ ਨਾਲ ਜੁੜੇ ਬਾਵਾ ਦੇ ਗਾਏ ਲੋਕ ਗੀਤਾਂ ਦੀ ਸੀ.ਡੀ. ‘ਮਿੱਟੀ ਦੀ ਮਹਿਕ` ਵਿਰਸਾ ਵਿਹਾਰ, ਅੰਮ੍ਰਿਤਸਰ ਵੱਲੋਂ ਤਿਆਰ ਕਰਵਾ ਲਈ ਸੀ। ਅਜੇ ਵੀ ਬੇਸ਼ੁਮਾਰ ਲੋਕ ਗੀਤਾਂ ਦਾ ਖਜ਼ਾਨਾ ਗੁਰਮੀਤ ਬਾਵਾ ਕੋਲ ਸਾਂਭਿਆ ਪਿਆ ਸੀ ਜਿਸ ਨੂੰ ਸਾਂਭਣ ਲੱਗਦੇ ਤਾਂ ਸ਼ਾਇਦ 50 ਸੀ.ਡੀਜ਼. ਬਣ ਜਾਂਦੀਆਂ। ਗੁਰਮੀਤ ਬਾਵਾ ਦੁਨੀਆਦਾਰੀ ਦੇ ਵਲ-ਫਰੇਬਾਂ ਤੋਂ ਪਰ੍ਹੇ ਸੀ। ਉਸ ਲਈ ਸੰਗੀਤ ਹੀ ਸਭ ਕੁਝ ਸੀ। ਉਹ ਆਪਣੇ ਲੋਕ ਗੀਤਾਂ ਰਾਹੀਂ ਆਪਣੀ ‘ਮਿੱਟੀ ਦੀ ਮਹਿਕ` ਵੰਡਦੀ ਫਿਰਦੀ ਸੀ।
ਗੁਰਮੀਤ ਬਾਵਾ ਅੱਜ ਸਾਡੇ ਵਿਚਕਾਰ ਨਹੀਂ ਰਹੀ ਪਰ ਉਸ ਦੀ ਲੋਕ ਗਾਇਕੀ ਦੇ ਨਕਸ਼ ਉਸ ਦੀ ਧੀ ਗਲੋਰੀ ਬਾਵਾ ਦੇ ਰੂਪ ‘ਚ ਦੇਖ ਰਹੇ ਹਾਂ। ਜਦੋਂ ਤੱਕ ਧਰਤੀ `ਤੇ ਪੰਜ ਦਰਿਆਵਾਂ ਦੀ ਰਵਾਨੀ ਰਹੇਗੀ, ਗੁਰਮੀਤ ਬਾਵਾ ਦੀ ਆਵਾਜ਼ ਅਤੇ ਉਸ ਦੇ ਗਾਏ ਲੋਕ ਗੀਤ ਲੋਕ ਮਨਾਂ `ਚ ਗੂੰਜਦੇ ਰਹਿਣਗੇ।