ਸੰਧੂ ਦਾ ਕਤਲ, ਸ. ਗੁਰਤੇਜ ਸਿੰਘ ਦੀ ਚੀਖ ਤੇ ਗੁਸੈਲ ਚਿੰਤਕ

‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ (44) ਵਿਚ ਹਰਚਰਨ ਸਿੰਘ ਪਰਹਾਰ ਦਾ ਲੇਖ ‘ਹਰਮਿੰਦਰ ਸਿੰਘ ਸੰਧੂ ਦਾ ਕਤਲ, ਸਿੱਖ ਸੰਘਰਸ਼ ਅਤੇ ਪੰਜਾਬ ਦੀਆਂ ਭਵਿਖੀ ਚੁਣੌਤੀਆਂ’ ਛਾਪਿਆ ਗਿਆ ਸੀ ਜਿਸ ਵਿਚ ਸ. ਪਰਹਾਰ ਨੇ ਖਾੜਕੂਵਾਦ ਦੇ ਇਕ ਖਾਸ ਦੌਰ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਸਨ ਅਤੇ ਕੁਝ ਵਿਦਵਾਨਾਂ ਵੱਲੋਂ ਉਠਾਏ ਨੁਕਤਿਆਂ ਬਾਰੇ ਸਵਾਲ ਕੀਤੇ ਸਨ। ਇਸੇ ਪ੍ਰਸੰਗ ਵਿਚ ਹੀ ਸ. ਬਲਕਾਰ ਸਿੰਘ ਦਾ ਲੇਖ ਹਾਸਲ ਹੋਇਆ ਹੈ। ਇਸ ਲੇਖ ਵਿਚ ਉਨ੍ਹਾਂ ਨੁਕਤਿਆਂ ਨੂੰ ਤਾਂ ਵਿਚਾਰਿਆ ਹੀ ਗਿਆ ਹੈ, ਅੱਜ ਦੇ ਮਾਹੌਲ ਵਿਚ ਉਭਰ ਰਹੀ ਸਿਆਸਤ ਬਾਰੇ ਤੌਖਲੇ ਵੀ ਜ਼ਾਹਿਰ ਕੀਤੇ ਗਏ ਹਨ।

‘ਪੰਜਾਬ ਟਾਈਮਜ਼’ ਸ਼ਿਕਾਗੋ ਦੀ ਮੀਡੀਆ ਭੂਮਿਕਾ ਸਬੰਧੀ ਮਰਹੂਮ ਅਮੋਲਕ ਸਿੰਘ ਦੀ ਅਗਵਾਈ ਵਿਚ ਅਹਿਮ ਯੋਗਦਾਨ ਰਿਹਾ ਹੈ; ਸਿੱਖ-ਧਰਮ ਅਤੇ ਸਿੱਖ-ਸਿਆਸਤ ਨਾਲ ਜੁੜੇ ਹੋਏ ਮੁੱਦਿਆਂ ਤੇ ਖੁਲ੍ਹਾ ਸੰਵਾਦ ਰਚਾਉਣ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਮੇਰੇ ਲਈ ਤਸੱਲੀ ਵਾਲੀ ਗੱਲ ਇਹ ਹੈ ਕਿ ਪਰਚੇ ਦੀ ਉਹ ਵਾਲੀ ਰਵਾਇਤ ਅਮੋਲਕ ਦੇ ਤੁਰ ਜਾਣ ਤੋਂ ਬਾਅਦ ਵੀ ਬਣੀ ਹੋਈ ਹੈ। ਇਸ ਪ੍ਰਥਾਇ ‘ਪੰਜਾਬ ਟਾਈਮਜ਼’ ਦੇ 9 ਅਕਤੂਬਰ 2021 ਵਾਲੇ ਅੰਕ ਵਿਚ ਹਰਚਰਨ ਸਿੰਘ ਪਰਹਾਰ ਦਾ ‘ਹਰਮਿੰਦਰ ਸਿੰਘ ਸੰਧੂ ਦਾ ਕਤਲ ਤੇ ਪੰਜਾਬ ਦੀਆਂ ਭਵਿੱਖੀ ਚੁਣੌਤੀਆਂ’ ਹੇਠਲਾ ਲੇਖ ਵਿਚਾਰਨਯੋਗ ਹੈ। ਇਸ ਵਿਚ ਪਰਹਾਰ ਨੇ ਜਿਸ ਸੁਹਿਰਦਤਾ ਅਤੇ ਸੌਂਡ ਨਾਲ ਖਾਲਿਸਤਾਨੀ ਚਿੰਤਕਾਂ ਬਾਰੇ ਪ੍ਰਸ਼ਨ ਖੜੇ ਕੀਤੇ ਹਨ, ਉਹ ਧੰਨ ਹੈ।
ਅਜਿਹੇ ਦਾਨਸ਼ਵਰਾਂ ਨੇ ਮੁੱਢ ਤੋਂ ਹੀ ਜਿੰਨਾ ਜ਼ੋਰ ਦੁਸ਼ਮਣ ਧਿਰਾਂ ਦੀ ਨਿਸ਼ਾਨਦੇਹੀ ਕਰਨ ‘ਤੇ ਲਾਇਆ ਹੈ, ਓਨੀਂ ਕੋਸ਼ਿਸ਼ ਇਸ ਮੁੱਦੇ ਬਾਰੇ ਗੁਰਮਤਿ ਦੀ ਰੌਸ਼ਨੀ ਵਿਚ ਸੰਵਾਦ ਰਚਾਉਣ ਵਾਸਤੇ ਨਹੀਂ ਕੀਤੀ। ਹੁਣ ਹਾਲਤ ਇਹ ਹੋ ਗਈ ਹੈ ਕਿ ਅਜਿਹੇ ਚਿੰਤਕਾਂ ਨੂੰ ਇਹ ਤਾਂ ਪਤਾ ਹੈ ਕਿ ਵਿਰੋਧ ਵਿਚ ਉਠ ਰਹੀਆਂ ਜਾਂ ਉਠ ਸਕਣ ਵਾਲੀਆਂ ਸੁਰਾਂ ਦੀ ਘੰਡੀ ਕਿਵੇਂ ਦੱਬਣੀ ਹੈ, ਪਰ ਇਹ ਨਹੀਂ ਪਤਾ ਕਿ ਜਿਨ੍ਹਾਂ ਵਾਸਤੇ ਇਹ ਸਿਆਸੀ ਤਾਂਡਵ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਸਮਝ ਵਿਚ ਜੇ ਖਾਲਿਸਤਾਨ ਬਾਰੇ ਸਪਸ਼ਟ ਨਹੀਂ ਕਰਾਂਗੇ ਤਾਂ ਨਤੀਜੇ, ਭੂਤਕਾਲ ਦੇ ਪ੍ਰਸੰਗ ਵਿਚ 84 ਦੀ ਭਿਆਨਕ ਤ੍ਰਾਸਦੀ ਵਰਗੇ ਨਿਕਲ ਸਕਦੇ ਹਨ ਅਤੇ ਵਰਤਮਾਨ ਪ੍ਰਸੰਗ ਵਿਚ ਕਿਸਾਨਾਂ ਪ੍ਰਤੀ ਮੋਦੀ-ਸ਼ੈਲੀ ਵਰਗੇ ਨਿਕਲ ਸਕਦੇ ਹਨ। ਮੋਦੀ-ਸ਼ੈਲੀ ਇਹ ਹੈ ਕਿ ਤਿੰਨੇ ਕਾਲੇ ਕਾਨੂੰਨ ਕਿਸਾਨੀ ਦੇ ਹਿਤ ਵਿਚ ਹਨ, ਪਰ ਕਿਸਾਨੀ ਦੀ ਸਮਝ ਵਿਚ ਨਹੀਂ ਆ ਰਹੇ। ਬਿਲਕੁਲ ਓਸੇ ਤਰ੍ਹਾਂ ਜਿਵੇਂ ਸਾਡੇ ਨਾਮਨਿਹਾਦ ਖਾਲਿਸਤਾਨੀ ਦਾਨਸ਼ਵਰ ਇਹ ਦੱਸੇ ਬਿਨਾਂ ਕਿ ਖਾਲਿਸਤਾਨ ਕਿਥੇ, ਕਿਵੇਂ ਅਤੇ ਕਿਉਂ ਬਣਨਾ ਹੈ, ਕਹਿ ਰਹੇ ਹਨ ਕਿ ਖਾਲਿਸਤਾਨ, ਸਿੱਖਾਂ ਦੇ ਹੱਕ ਵਿਚ ਹੈ, ਪਰ ਸਿੱਖਾਂ ਨੂੰ ਸਮਝ ਨਹੀਂ ਆ ਰਿਹਾ? ਇਸ ਨਾਲ ਜਿਸ ਤਰ੍ਹਾਂ ਦਾ ਉਲਾਰ ਸਾਹਮਣੇ ਆ ਰਿਹਾ ਹੈ, ਉਸ ਨੂੰ ਗੁਰਮਤਿ ਵਿਚ ਟਿਕਾਉਣਾ ਬਿਲਕੁਲ ਹੀ ਸੰਭਵ ਨਹੀਂ ਹੈ। ਪਰਹਾਰ ਨੇ ਮਿਹਨਤ ਕਰਕੇ ਜਿਸ ਤਰ੍ਹਾਂ ਅਜਿਹੇ ਦਾਨਸ਼ਵਰਾਂ ਦੀਆਂ ਲਿਖਤਾਂ ਅਤੇ ਬਿਜਲਈ ਮੀਡੀਆ ਵਿਚ ਯੂ-ਟਿਊਬ ਦੇ ਹਵਾਲੇ ਸੰਵਾਦ ਲਈ ਵੰਗਾਰਿਆ ਹੈ, ਉਸ ਦੀ ਉਡੀਕ ਕੀਤੇ ਬਿਨਾਂ ਸਿੱਖ ਧਰਮ ਦੇ ਵਿਦਿਆਰਥੀ ਵਾਂਗ ਏਸੇ ਮੁੱਦੇ ਬਾਰੇ ਆਪਣੀ ਸਮਝ ਮੁਤਾਬਿਕ ਗੁਰਮਤਿ ਪ੍ਰਸੰਗ ਸਾਂਝਾ ਕਰਨਾ ਚਾਹੁੰਦਾ ਹਾਂ।
ਗੁਰੂ-ਸੋਚ ਅਰਥਾਤ ਗੁਰਮਤਿ ਇਸ ਵੇਲੇ ਆਪਣੇ ਖਿੱਤਾ ਮੂਲਕ ਇਤਿਹਾਸਕ ਪਰਿਪੇਖ ਵਿਚੋਂ ਨਿਕਲ ਕੇ, ਬਹੁ-ਸਭਿਆਚਾਰਕ ਪ੍ਰਸੰਗ ਵਿਚ ਆਲਮੀ ਸਰੋਕਾਰਾਂ ਵਿਚ ਪਰਵੇਸ਼ ਕਰ ਗਈ ਹੈ। ਇਸ ਨਾਲ ਪੰਜਾਬ ਹੀ ਕਈ ਪੰਜਾਬਾਂ ਦੇ ਰੂਪ ਵਿਚ ਸਾਹਮਣੇ ਆ ਗਿਆ ਹੈ। ਭਾਰਤ ਵਿਚ ਹੀ ਪਾਕਿਸਤਾਨੀ ਪੰਜਾਬ ਦੇ ਨਾਲ ਨਾਲ ਭਾਰਤ ਦੇ ਤਰਾਈ ਖੇਤਰ ਅਤੇ ਦਿੱਲੀ ਸਮੇਤ ਹੋਰ ਸੂਬਿਆਂ ਵਿਚ ਵੱਸੇ ਪੰਜਾਬ ਨੂੰ ਪੰਜਾਬੀ ਸੂਬਾ ਕੇਂਦਰਿਤ ਪੰਜਾਬ ਵਾਂਗ ਨਹੀਂ ਵੇਖਿਆ ਜਾ ਸਕਦਾ। ਸਿੱਖ ਆਪੋ-ਆਪਣੀ ਥਾਈਂ ਮਾਣਮੱਤੇ ਪਾਤਸ਼ਾਹ ਬਣੇ ਬੈਠੇ ਹਨ। ਇਹ ਸਥਿਤੀ ਪੰਜਾਬ ਵਿਚਲੇ ਪਰਵਾਸੀ ਮਜ਼ਦੂਰਾਂ ਨਾਲੋਂ ਭਾਵੇਂ ਬਿਲਕੁਲ ਵੱਖਰੀ ਹੈ, ਪਰ ਅਜੋਕੇ ਮੋੜ ‘ਤੇ ਕੁਝ ਤੱਤ-ਪੜੱਤੀਆਂ ਧਿਰਾਂ ਦਾ ਕੋਈ ਵੀ ਬੇਲੋੜਾ ਦਖਲ ਇਸ ਨੂੰ ਉਨ੍ਹਾਂ ਨਾਲੋਂ ਵੀ ਮਾੜੀ ਬਣਾ ਸਕਦਾ ਹੈ। ਇਸ ਬਾਰੇ 3 ਅਕਤੂਬਰ 2021 ਨੂੰ ਜੋ ਕੁਝ ਯੂ.ਪੀ ਦੇ ਲਖੀਮਪੁਰ ਇਲਾਕੇ ਵਿਚ ਵਾਪਰਿਆ ਹੈ, ਉਸ ਨੂੰ ਲੈ ਕੇ ਜਿਹੋ ਜਿਹੇ ਸਵਾਲ ਕੁਝ ਅਜਿਹੇ ਸੱਜਣਾਂ ਵੱਲੋਂ ਉਠਾਏ ਜਾ ਰਹੇ ਹਨ, ਉਹ ਪਹਿਲਾਂ ਹੀ ਪੀੜਤ ਪਰਿਵਾਰਾਂ ਦੇ ਹੱਕ ਵਿਚ ਬਿਲਕੁਲ ਨਹੀਂ ਭੁਗਤ ਸਕਦੇ, ਕਿਉਂਕਿ ਲਖੀਮਪੁਰ ਵਾਲੇ ਕਿਸਾਨਾਂ ਦੀ ਖੁਸ਼ਹਾਲੀ ਭਾਰਤੀ ਪ੍ਰਸੰਗ ਵਿਚ ਹੀ ਹੈ। ਕਿਸਾਨੀ ਲਹੂ ਵਿਚ ਸਿੱਖ ਰੰਗ ਦੇ ਹਵਾਲੇ ਨਾਲ ਇਹ ਜ਼ਰੂਰ ਸਾਹਮਣੇ ਆ ਗਿਆ ਹੈ ਕਿ ਲੋੜ ਪੈਣ ‘ਤੇ ਜੂਝ ਮਰਨ ਦਾ ਸਿੱਖ-ਜਜ਼ਬਾ ਬਿਲਕੁਲ ਮਰਿਆ ਨਹੀਂ ਹੈ। ਏਨਾ ਹੋ ਜਾਣ ਦੇ ਬਾਵਜੂਦ ਲਖੀਮਪੁਰ ਦੀ ਕਿਸਾਨੀ ਬਜ਼ੁਰਗੀ ਖਾਲਿਸਤਾਨੀ ਦਖਲ ਨੂੰ ਚਿਮਟੇ ਨਾਲ ਚੁੱਕਣ ਵਾਸਤੇ ਵੀ ਤਿਆਰ ਨਹੀਂ ਹੈ। ਜੇ ਇਸ ਵਾਸਤਵਿਕ ਵਿਵਸਥਾ ਨੂੰ ਸੌੜੀ ਸਿਆਸਤ ਵਿਚ ਜਕੜ ਕੇ ਵੇਖਾਂਗੇ ਤਾਂ ਇਹ ਧਾਰਮਿਕ ਪਛਾਣ ਤੇ ਆਧਾਰਤ ਵੰਡੀਆਂ ਦੀ ਸਿਆਸਤ ਵਾਂਗ ਨਜ਼ਰ ਆਏਗਾ। ਇਸ ਦੀ ਕੀਮਤ ਪਹਿਲਾਂ 1947 ਦੀ ਵੰਡ ਅਤੇ 84 ਵੇਲੇ ਦਿੱਤੀ ਜਾ ਚੁਕੀ ਹੈ ਅਤੇ ਇਸ ਪਾਸੇ ਕਿਸੇ ਵੀ ਸਿਆਸੀ ਰੰਗ ਵਿਚ ਵਧਦੇ ਕਦਮ ਮਾਨਸਿਕ ਆਤੰਕਣ ਪੈਦਾ ਕਰਦੇ ਹਨ। ਬਹੁਤ ਡਰ ਲਗਦਾ ਹੈ। ਇਹ ਵਾਸਤਾ ਮੈਂ ਇਸ ਲਈ ਪਾ ਰਿਹਾ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਦੇ ਮੋਦੀ/ਅਮਿਤ ਸ਼ਾਹ ਅਤੇ ਪਾਰਟੀ ਦੀ ਯੂ ਪੀ ਇਕਾਈ ਵਿਚ ਚੋਣਾਂ ਤੋਂ ਪਹਿਲਾਂ ਜਿਹੜੀ ਆਪਸੀ ਖਾਨਾਜੰਗੀ ਚਲ ਰਹੀ ਹੈ, ਉਹ ਬਲੀ ਦਾ ਬਕਰਾ ਭਾਲਦੇ ਹਨ। ਅਸੀਂ ਖੁਦ ਆਪਣੇ ਵਲੋਂ ਤਰਾਈ ਦੇ ਸਿੱਖਾਂ ਨੂੰ ਬਲੀ ਦਾ ਬਕਰਾ ਬਣਾਉਣ ਲਈ ਉਨ੍ਹਾਂ ਨੂੰ ਕੋਈ ਬਹਾਨਾ ਨਾ ਦਈਏ। ਪਛਾਣ ਦੀ ਸਿਆਸਤ ਇਸ ਵੇਲੇ ਸਿਧਾਂਤਕੀ ਤੋਂ ਖਿਸਕ ਕੇ ਉਲਾਰ ਸਿਆਸਤ ਵਿਚ ਪਰਵੇਸ਼ ਕਰ ਗਈ ਹੈ। ਇਸ ਵੇਲੇ ਉਲਾਰ-ਖੱਬੂ ਅਤੇ ਉਲਾਰ ਸੱਜੂ ਵਰਗੇ ਸਿਆਸੀ ਪੈਂਤੜਿਆਂ ਦੀ ਅਕਾਦਮਿਕ ਪਹੁੰਚ (ਜੇ ਕਿਧਰੇ ਹੈ), ਸਿਆਸੀ ਮਜੌਰੀਕਰਣ ਦੀ ਅੰਨ੍ਹੀ ਦੌੜ ਹੁੰਦੀ ਜਾ ਰਹੀ ਹੈ। ਇਸ ਸਿਆਸੀ ਫੱਟਾਬਾਜ਼ੀ ਨੇ ਜਗੀਰਦਾਰੀ ਪਹੁੰਚ ਨੂੰ ਚੇਤਿਆਂ ਵਿਚ ਜਗਾ ਦਿਤਾ ਹੈ ਅਤੇ ਵਿਅਕਤੀਆਂ ਨੂੰ ਕੌਮੀਅਤ ਦੇ ਕਾਲਪਨਿਕ ਆਗੂ ਹੋ ਜਾਣ ਦੇ ਭਰਮ ਦਾ ਸ਼ਿਕਾਰ ਬਣਾ ਦਿੱਤਾ ਹੈ। ਕੌਣ ਕਿਸ ਨੂੰ ਦੱਸੇ ਕਿ ਇਸ ਪ੍ਰਸੰਗ ਵਿਚ ਸਿੱਖਾਂ ਲਈ ਸਿਆਸੀ ਕੁਤਕੇ ਵਾਂਗ ਵਰਤੀ ਜਾ ਰਹੀ ਹੈ। ਖਾਲਿਸਤਾਨੀ ਡੱਬਾਬੰਦੀ ਦੀ ਸਿਆਸਤ ਕਿਸੇ ਦੇ ਵੀ ਹੱਕ ਵਿਚ ਭੁਗਤਦੀ ਨਜ਼ਰ ਨਹੀਂ ਆਉਂਦੀ। ਮੈਨੂੰ ਲੱਗਦਾ ਹੈ ਕਿ ਇਸ ਵੇਲੇ ਖਾਲਿਸਤਾਨੀ ਸਿਆਸਤ ਨਾਲ ਰੋਜ਼ੀ-ਰੋਟੀ ਵਾਂਗ ਜੁੜੇ ਹੋਇਆਂ ਦੀ ਗਿਣਤੀ ਆਟੇ ‘ਚ ਲੂਣ ਤੋਂ ਵੱਧ ਨਹੀਂ ਹੈ। ਇਸ ਨੂੰ ਵਧਾ-ਚੜ੍ਹਾ ਕੇ ਇਸ ਦੇ ਹਮਾਇਤੀ ਨਹੀਂ, ਵਿਰੋਧੀ ਪੇਸ਼ ਕਰ ਰਹੇ ਹਨ। ਇਸ ਨਿਗੂਣੀ ਗਿਣਤੀ ਵਿਚੋਂ ਬਹੁਤਿਆਂ ਨੂੰ ਕਿਸੇ ਦੂਜੇ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ ਅਤੇ ਉਹ ਸੋਸ਼ਲ ਮੀਡੀਆ ਦੇ ਆਸਰੇ ਪਨੂੰਨੁਮਾ ਨਿਸ਼ਾਨੇ ਫੁੰਡੀ ਜਾ ਰਹੇ ਹਨ। ਕੁਝ ਅਜਿਹੇ ਵੀ ਹਨ, ਜਿਨ੍ਹਾਂ ਕੋਲ ਗਿਣਤੀ ਦੇ ਅੰਧ ਭਗਤ ਹਨ ਅਤੇ ਉਹ ਅਜਮੇਰਨੁਮਾ ਇਤਿਹਾਸਕ ਹਸਤਾਖਰ ਹੋ ਜਾਣ ਦੇ ਭਰਮਜਾਲ ਵਿਚ ਫਸੇ ਹੋਏ ਹਨ। ਉਹ ਤਾਂ ਕਦੇ “ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ/167॥” ਵਰਗੀ ਹਲੀਮ ਬਚਨਬਧਤਾ ਤੋਂ ਵੀ ਮਹਿਰੂਮ ਜਾਪਦੇ ਹਨ। ਸਤਿਗੁਰੂ ਜੀ ਜੇ ਸੁਮਤਿ ਨਾ ਬਖਸ਼ਣ ਜਾਂ ਆਪਣੇ ਕਰਤੱਬੀਂ ਸਿੱਖ ਗੁਰਮਤਿ ਦੇ ਸਨਮੁਖ ਨ ਰਹੇ ਤਾਂ ਹਾਲਾਤ ਇਹੋ ਜਿਹੇ ਪੈਦਾ ਹੋ ਸਕਦੇ ਹਨ:
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਕੁਆਉ॥ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਉ॥1288
ਇਹ ਨਹੀਂ ਭੁਲਣਾ ਚਾਹੀਦਾ ਕਿ ਇਹੋ ਜਿਹੀ ਅਵਸਥਾ ਪੈਦਾ ਹੁੰਦੀ ਵੀ ਰਹੀ ਹੈ ਅਤੇ ਹੁੰਦੀ ਵੀ ਰਹਿਣੀ ਹੈ, ਕਿਉਂਕਿ ਬਾਣੀ ਸਾਰਿਆਂ ਸਮਿਆਂ ਦੇ ਸੱਚ ਨਾਲ ਉਣੀ ਹੋਈ ਹੈ। ਇਸ ਹਾਲਤ ਵਿਚ ਜਿਹੜੀ ਕੋਸ਼ਿਸ਼ ਪਰਹਾਰ ਨੇ ਕੀਤੀ ਹੈ, ਉਹ ਮੈਨੂੰ ਸਬੰਧਤਾਂ ਵਿਚਕਾਰ ਪੈਰ ਰੋਕ ਕੇ ਸੰਵਾਦ ਰਚਾਉਣ ਦੀ ਅਕਾਦਮਿਕ ਰੀਝ ਲੱਗਦੀ ਹੈ। ਅੰਨ੍ਹੇ ਬੋਲਿਆਂ ਦੇ ਘੜਮੱਸ ਵਿਚ ਫਸਿਆ ਪਰਹਾਰ, ਮੈਨੂੰ ਕਸੂਤਾ ਫਸਿਆ ਹੋਇਆ ਲਗਦਾ ਹੈ, ਕਿਉਂਕਿ ਜਿਨ੍ਹਾਂ ਨਾਲ ਸੰਵਾਦ ਰਚਾਉਣ ਦੀ ਰੀਝ ਨਾਲ ਉਸ ਨੇ ਮਿਹਨਤ ਕਰਕੇ ਖਾਲਿਸਤਾਨੀ ਦਾਨਸ਼ਵਰਾਂ ਦੀਆਂ ਲਿਖਤਾਂ ਦੇ ਹਵਾਲੇ ਨਾਲ ਇਹ ਲੇਖ ਲਿਖਿਆ ਹੈ, ਉਸ ਦਾ ਹੁੰਗਾਰਾ ਤਾਂ ਕਿਸੇ ਨੇ ਕੀ ਭਰਨਾ ਹੈ, ਬਿਨਾ ਪੜ੍ਹੇ ਅਣਗੌਲਿਆ ਵੀ ਕੀਤਾ ਜਾ ਸਕਦਾ ਹੈ। ਅਜਿਹਾ ਇਸ ਲਈ ਹੋਣਾ ਹੈ ਕਿਉਂਕਿ ਜੋ ਉਨ੍ਹਾਂ ਦੇ ਹੱਕ ਵਿਚ ਨਹੀਂ ਭੁਗਤਦਾ, ਉਹ ਉਨ੍ਹਾਂ ਵਾਸਤੇ ਨਾ ਹੋਇਆਂ ਵਰਗਾ ਹੈ। ਰਾਏ ਦੇ ਵਿਰੋਧ ਨੂੰ ਦੁਸ਼ਮਨੀ ਵਾਂਗ ਲੈਣ ਦੀ ਵਧੀਕੀ ਖਾਲਿਸਤਾਨੀ ਮਾਨਸਿਕਤਾ ਦੀ ਚੂਲ ਹੋ ਗਈ ਹੈ। ਇਸ ਮਸੀਹੀ ਸੁਰ ਵਿਚ ਜੋ ਉਨ੍ਹਾਂ ਦੀ ਸੁਰ ਵਿਚ ਸੁਰ ਨਹੀਂ ਮਿਲਾਉਂਦਾ, ਉਹ ਉਨ੍ਹਾਂ ਨੂੰ ਗੱਦਾਰੀ ਵਰਗਾ ਦਖਲ ਸਮਝ ਕੇ ਲਗਾਤਾਰ ਰੱਦ ਕਰਦੇ ਆ ਰਹੇ ਹਨ। ਕੌਣ ਉਨ੍ਹਾਂ ਨੂੰ ਸਮਝਾਏ ਕਿ ਬਹੁ-ਸਭਿਆਚਾਰਕ ਪ੍ਰਸੰਗ ਵਿਚ ਜੇ ਕਿਸੇ ਨੂੰ ਡੋਬਾਂਗੇ ਤਾਂ ਆਪ ਵੀ ਡੁੱਬਣ ਵਾਸਤੇ ਤਿਆਰ ਰਹਿਣਾ ਪਵੇਗਾ। ਇਸ ਵੇਲੇ ਸਰਬਤ ਦੇ ਭਲੇ ਵਾਲਿਆਂ ਦੇ ਸਿਦਕ ਅਤੇ ਸੰਤੋਖ ਦਾ ਇਮਤਿਹਾਨ ਹੈ। ਇਸ ਤੋਂ ਭੱਜ ਕੇ ਨਹੀਂ ਬਚਿਆ ਜਾ ਸਕਦਾ।
ਹਰਚਰਨ ਪਰਹਾਰ ਦੇ ਇਸ ਲੇਖ ਦੀ ਚਰਚਾ ਕਰਦਿਆਂ ਮੈਨੂੰ ਅਜਮੇਰ ਸਿੰਘ ਦੇ ਪੁਰਾਣੇ ਸਾਥੀ ਗੁਰਬਚਨ ਦੇ ‘ਅਜਮੇਰ ਸਿੰਘ ਦਾ ਵਿਚਾਰਧਾਰਕ ਭੰਬਲਭੂਸਾ’ ਨਾਂ ਦੇ ਕਿਤਾਬਚੇ ਦੀ ਯਾਦ ਆ ਗਈ ਹੈ, ਜੋ ਮੈਨੂੰ ਕੁਝ ਦਿਨ ਪਹਿਲਾਂ ਹੀ ਈਮੇਲ ਰਾਹੀਂ ਮਿਲਿਆ ਸੀ। ਗੁਰਬਚਨ ਨੇ ਸਿੱਖ ਨੁਕਤੇ ਤੋਂ ਇਸ ਸਿੱਖ ਚਿੰਤਕ ਦੀ ਕਰੜੀ ਜਵਾਬ-ਤਲਬੀ ਕਰਦਿਆਂ ਲਿਖਿਆ ਹੈ ਕਿ ਇਸ ਨੇ ਸਿੱਖਾਂ ਨੂੰ ਹਿੰਦੂਆਂ ਨਾਲੋਂ ਸਦਾ ਸਦਾ ਲਈ ਨਿਖੇੜਨ ਦੇ ਏਜੰਡੇ ਤਹਿਤ ਸਿੱਖ ਨੌਜਵਾਨਾਂ ਦੇ ਮਨਾਂ ਅੰਦਰ ਸਮੁਚੇ ਹਿੰਦੂ ਸਮਾਜ ਪ੍ਰਤੀ ਅੰਨੀ ਨਫਰਤ ਫੈਲਾਉਣ ਦਾ ਕਾਰਜ ਮਿਥਿਆ ਹੋਇਆ ਹੈ ਅਤੇ ਉਸ ਦਾ ਇਹ ਤਰਕ ਜਿਧਰ ਉਸ ਨੂੰ ਲਈ ਜਾਂਦਾ ਹੈ, ਉਧਰ ਹੀ ਸੰਨਤੋੜ ਭੱਜਾ ਜਾਂਦਾ ਹੈ, ਬਿਨਾ ਦਿਮਾਗ ਉਪਰ ਜੋਰ ਪਾਇਆਂ ਕਿ ਸਿੱਖ ਫਲਸਫਾ ਇਸ ਬਾਰੇ ਕਹਿੰਦਾ ਕੀ ਹੈ ਜਾਂ ਗੁਰਬਾਣੀ ਦੀ ਲੋਅ ਵਿਚ ਖਾਲਸੇ ਦੀ ਜਿੰਮੇਵਾਰੀ ਕੀ ਬਣਦੀ ਹੈ। ਇਸੇ ਕਿਤਾਬ ਵਿਚ ਗੁਰਬਚਨ, ਅਜਮੇਰ ਸਿੰਘ ਨੂੰ ਬਾਰ ਬਾਰ ਦੱਸਦਾ ਹੈ ਕਿ ਸਿੱਖ ਫਲਸਫਾ ਸਿੱਖ ਪੰਥ ਨੂੰ ਸਿਰਫ ਸਿੱਖਾਂ ਤਕ ਸੀਮਤ ਹੋਣ ਦੀ ਆਗਿਆ ਨਹੀਂ ਦਿੰਦਾ, ਬਲਕਿ ਸਰਬਤ ਦੇ ਭਲੇ ਲਈ ਸਮੁਚੇ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਦੀ ਮੰਗ ਕਰਦਾ ਹੈ।
ਅਜਮੇਰ ਸਿੰਘ ਯੂ-ਟਿਊਬ ‘ਤੇ ਪਏ ਆਪਣੇ ਢੇਰਾਂ ਪ੍ਰਵਚਨਾਂ ਵਿਚ ਗੁਰਬਾਣੀ ਦੇ ਹਵਾਲੇ ਨਾਲ ਸਿੱਖਾਂ ਨੂੰ ਅੰਤਰ-ਹਓਮੈ ਦੀ ਜ਼ਹਿਰ ਮਾਰਨ ਅਤੇ ਦੂਸਰੇ ਦੇ ਵਖਰੇਪਣ ਨੂੰ ਸਤਿਕਾਰਨ ਦੀਆਂ ਨਸੀਹਤਾਂ ਦਿੰਦਾ ਹੈ, ਜਦੋਂਕਿ ਖੁਦ ਉਹ ਹਓਮੈ ਦੀ ਜ਼ਹਿਰ ਨਾਲ ਭਰਿਆ ਪਿਆ ਹੈ; ਜ਼ਹਿਰ ਨਾਲ ਹੀ ਲਿਖਦਾ ਹੈ ਅਤੇ ਲਗਾਤਾਰ ‘ਦੂਸਰਿਆਂ ਪ੍ਰਤੀ’ ਜ਼ਹਿਰ ਹੀ ਉਚਰੀ ਜਾਂਦਾ ਹੈ। ਅਜਮੇਰ ਸਿੰਘ ਨੌਜਵਾਨਾਂ ਨੂੰ ਸਿੱਖ ਸਪਿਰਿਟ ਦੇ ਡੂੰਘੇ ਮਰਹਮ ਨੂੰ ਸਮਝਣ ਲਈ ਪੋ੍ਰ ਪੂਰਨ ਸਿੰਘ ਦੀਆਂ ਰਚਨਾਵਾਂ ਪੜ੍ਹਨ ਦੀ ਸਿਫਾਰਸ਼ ਤਾਂ ਕਰਦਾ ਹੈ, ਪਰ ਖੁਦ ਉਸ ਨੂੰ ਉਨ੍ਹਾਂ ਲਿਖਤਾਂ ਚੋਂ ਵੀ ਕਦੀ ਕਿਧਰੇ ਕੋਈ ਅਜਿਹੀ ਸੁਰ ਨਜ਼ਰੀਂ ਆਈ ਹੈ? ਕੀ ਉਸ ਨੂੰ ਤਾਂ ਇਨਾ ਵੀ ਪਤਾ ਨਹੀਂ ਲਗਦਾ ਕਿ ਸ. ਗੁਰਤੇਜ ਸਿੰਘ ਵਰਗੇ ਸਾ਼ਇਸਤਾ ਸੱਜਣ ਨੂੰ ਸੰਧੂ ਦੇ ਕਤਲ ਬਾਰੇ ਉਸ ਦੇ ਪ੍ਰਵਚਨ ਨੂੰ ਸੁਣ ਕੇ ਸਰੇਬਾਜ਼ਾਰ ਚੀਖ ਜੇ ਮਾਰਨੀ ਪਈ ਤਾਂ ਉਸ ਦਾ ਦਿਲ ਕਿੰਨਾ ਦੁਖਿਆ ਹੋਵੇਗਾ। ਇਸ ਗੁਸੈਲ ਚਿੰਤਕ ਨੂੰ ਗੁਰਬਚਨ ਦੀ ਕਿਤਾਬ ਵਿਚ ਦਰਜ ਪੂਰਨ ਸਿੰਘ ਦੀਆਂ ਇਹ ਸਤਰਾਂ ਧਿਆਨ ਨਾਲ ਪੜ੍ਹਨੀਆਂ ਚਾਹੀਦੀਆਂ ਹਨ:
‘ਗੁਰੂ ਨਾਨਕ ਦੇਵ ਜੀ ਨੇ ਆਪਣੇ ਦੁਆਰਾ ਸਥਾਪਤ ਸਿੱਖ ਸੰਗਤ ਨੂੰ ਪੰਥ ਜਾਂ ਮਾਰਗ ਦੀ ਹੀ ਸੰਗਿਆ ਦਿਤੀ ਹੈ। ਇਸ ਨੂੰ ਕਿਸੇ ਫਿਰਕੇ ਨਾਲ ਨਹੀਂ ਜੋੜਿਆ। ਪੂਰਨਤਾ ਤਕ ਪਹੁੰਚਣ ਵਾਸਤੇ (ਇਕੱਲੇ ਸਿੱਖਾਂ ਲਈ ਨਹੀਂ), ਪੂਰੀ ਮਨੁਖੱਤਾ ਲਈ ਇਹ ਗਾਡੀ ਰਾਹ ਹੈ।’
-ਬਲਕਾਰ ਸਿੰਘ