ਮਿੱਟੀ ਵਾਲਾ ਰਿਸ਼ਤਾ

ਅਜੀਤ ਸਤਨਾਮ ਕੌਰ
ਲੌਕਡਾਊਨ ਕਾਰਨ ਮੈਨੂੰ ਭਾਰਤ ਲੰਬਾ ਸਮਾਂ ਰਹਿਣਾ ਪੈ ਗਿਆ। ਮੈਨੂੰ ਇਸ ਮਹਾਂਮਾਰੀ ਦੇ ਸਮੇਂ ਵਿਚ ਰਿਸ਼ਤਿਆਂ ਨੂੰ ਬਹੁਤ ਨਜ਼ਦੀਕ ਤੋਂ ਵੇਖਣ ਦਾ ਮੌਕਾ ਮਿਲਿਆ!
ਗਲੀ ਦੇ ਚੌਥੇ ਘਰ ਦੇ ਬੂਹੇ ਮੂਹਰੇ ਬੁੱਢੀ ਰੱਜੋ ਅੰਮਾ ਆਪਣੀ ਸੋਟੀ ਨਾਲ ਹੌਲੀ-ਹੌਲੀ ਜ਼ਮੀਨ ਦੀ ਮਿੱਟੀ ਨੂੰ ਖੁਰਚ ਰਹੀ ਸੀ… ਬਹੁਤ ਖਾਮੋਸ਼…ਦੁਖੀ…ਇੱਕਲੀ!

ਕਰੋਨਾ ਟੀਮ ਨੇ ਆ ਕੇ ਘਰ ਵਿਚ ਭੜਥੂ ਪਾ ਦਿੱਤਾ, ‘ਮਰਨ ਵਾਲੇ ਦਾ ਨਾਮ ਨੰਦੂ ਹੈ?…ਕਿੱਥੇ ਹੈ ਲਾਸ਼?…ਵੇਰਵੇ ਦੇ ਕਾਗਜ਼ ਦੇਵੋ?…ਪਰਿਵਾਰ ਦੇ ਸਾਰੇ ਲੋਕ ਮ੍ਰਿਤਕ ਨਾਲ ਨਹੀਂ ਜਾਣੇ, ਜਿਸ ਨੇ ‘ਲਾਂਬੂ’ ਲਾਣਾ, ਓਹ ਹੀ ਬਾਹਰ ਆਵੇ। ਦੋ ਹੋਰ ਜਣੇ ਨਾਲ ਜਾ ਸਕਦੇ ਨੇ, ਬੱਸ…!’ ਕਰੋਨਾ ਟੀਮ ਵਾਲੇ ਆਪਣਾ ਕੰਮ ਪੂਰਾ ਕਰਦੇ ਹੋਏ ਅਵਾ-ਤਵਾ ਜ਼ਰੂਰੀ ਗੱਲਾਂ ਦੀ ਸੂਚਨਾ ਦੇ ਰਹੇ ਸਨ।
ਰੱਜੋ ਅੰਮਾ ਰੋ-ਰੋ ਬੇਹਾਲ ਹੋਈ, ਜ਼ਮੀਨ ਉੱਤੇ ਪਈ, ਵਿਹੜੇ ਵਿਚ ਬਣੇ ਕਮਰਿਆਂ ਦੇ ਬੂਹਿਆਂ ਵੱਲ ਬੜੀ ਆਸ ਨਾਲ ਤੱਕ ਰਹੀ ਸੀ।
ਰੱਜੋ ਅੰਮਾ ਦੇ ਦੋ ਪੁੱਤ-ਨੰਦੂ ਅਤੇ ਬੰਟੀ ਸਨ। ਇੱਕ ਧੀ, ਜੋ ਵਿਆਹ ਕੇ ਆਪਣੇ ਘਰ ਚਲੀ ਗਈ ਸੀ। ਦੋਵੇਂ ਪੁੱਤ ਵੀ ਵਿਆਹੇ ਗਏ ਸਨ। ਦੋਹਾਂ ਦਾ ਭਰਿਆ-ਪੂਰਿਆ ਪਰਿਵਾਰ ਸੀ। ਇਸ ਵਿਹੜੇ ਵਿਚ ਆਪਣੀ-ਆਪਣੀ ਹੱਦ ਬਣਾ ਕੇ, ਅੰਮਾ ਦੇ ਦੋਵੇਂ ਪੁੱਤਾਂ ਦੇ ਪਰਿਵਾਰ ਆਪਣੀਆਂ-ਆਪਣੀਆਂ ਰੋਟੀਆਂ ਸੇਕ ਰਹੇ ਸਨ। ਰੱਜੋ ਦਾ ਪਤੀ ਸੂਰਜ ਮੱਲ ਵਿਹਲੜ ਸੁਭਾਅ ਦਾ ਸੀ ਅਤੇ ਆਪਣੀ ਜਿ਼ੰਮੇਵਾਰੀ ਨਹੀਂ ਸੀ ਸਮਝਦਾ। ਇਸ ਲਈ ਰੱਜੋ ਅੰਮਾ ਤਿੰਨੋ ਨਿਆਣਿਆਂ ਨੂੰ ਪਾਲਣ ਲਈ ਕੋਠੀਆਂ ਵਿਚ ਕੰਮ ਕਰ, ਜਵਾਨੀ ਵਿਚ ਆਪਣੀਆਂ ਹੱਡੀਆਂ ਨੂੰ ਰਗੜਦੀ ਰਹੀ। ਬੱਚੇ ਜਦੋਂ ਆਪਣੀ ਕਮਾਈਆਂ ਵਾਲੇ ਹੋ ਗਏ ਤਾਂ ਰੱਜੋ ਦੀਆਂ ਕਮਜ਼ੋਰ ਪੈ ਰਹੀਆਂ ਹੱਡੀਆਂ ਨੇ ਸੁੱਖ ਦਾ ਸਾਹ ਲਿਆ। ਸਾਲ 2020 ਵਿਚ ‘ਕਰੋਨਾ’ ਨੇ ਰੱਜੋ ਦੇ ਪਤੀ ਨੂੰ ਆਪਣੀ ਚਪੇਟ ਵਿਚ ਲੈ ਲਿਆ…!
‘ਘਰ ਵਿਚ ਛੋਟੇ ਬੱਚੇ ਹਨ, ਅੰਮਾ…! ਇਸ ਨੂੰ ਕਹਿ ਕੇ ਸਰਕਾਰੀ ਹਸਪਤਾਲ ਜਾ ਕੇ ਟੈਸਟ ਕਰਵਾ ਲੈ…ਹਰ ਵੇਲੇ ਖੳਂੂ-ਖਊਂ ਕਰਦਾ ਰਹਿੰਦਾ ਹੈ!’ ਰੱਜੋ ਦੇ ਵੱਡੇ ਪੁੱਤਰ ਨੰਦੂ ਨੇ ਰੋਸ ਕੀਤਾ। ਕੱਲ੍ਹ ਹੀ ਹਜੇ ਛੋਟਾ ਬੇਟਾ ਬੰਟੀ ਪਿਉ ਨਾਲ ਉਲਝ ਕੇ ਹਟਿਆ ਸੀ। ਰੱਜੋ ਦਾ ਪਤੀ ਸੂਰਜ ਮੱਲ ਬਿਮਾਰ ਹੋ ਗਿਆ ਸੀ।
‘…ਮੈਂ ਕੋਠੀ ਵਾਲਿਆਂ ਨੂੰ ਪੁੱਛ ਕੇ ਆਈ ਹਾਂ, ਤੂੰ ਜਾਹ ਸਰਕਾਰੀ ਹਸਪਤਾਲ! ਉਥੇ ਕੀਰਤ ਸਿੰਘ ਕੰਮ ਕਰਦਾ ਹੈ, ਕੋਠੀ ਵਾਲੇ ਦਾ ਨਾਮ ਲੈ ਦੇਵੀਂ, ਆਪੇ ਤੇਰਾ ਦਾਖਲਾ ਹੋ`ਜੂ!’ ਘਰ ਵਿਚ ਮੱਚਦੇ ਕਲੇਸ਼ ਨੂੰ ਠੱਲ੍ਹ ਪਾਉਣ ਲਈ, ਰੱਜੋ ਨੇ ਆਪ ਹੀ ਭੱਜ-ਨੱਠ ਕਰ ਕੇ ਬਿਮਾਰ ਪਤੀ ਸੂਰਜ ਮੱਲ ਨੂੰ ਹਸਪਤਾਲ ਭਰਤੀ ਕਰਵਾਉਣ ਲਈ ਲੋਕਾਂ ਦਾ ਮਿੰਨਤ-ਤਰਲਾ ਕਰ ਲਿਆ। ‘ਕਰੋਨਾ’ ਹੋਣ ਦੇ ਸ਼ੱਕ ਕਾਰਨ ਘਰੋਂ ਦੋਵਂੇ ਪੁੱਤਰ, ਆਪਣੇ ਪਿਉ ਸੂਰਜ ਮੱਲ ਨਾਲ ਹਸਪਤਾਲ ਲਈ ਨਾ ਟੁਰੇ। ‘ਪਤਨੀ ਧਰਮ’ ਨਿਭਾਉਣ ਲਈ ਰੱਜੋ ਨੇ ਪਤੀ ਨਾਲ ਜਾਣਾ ਹੀ ਆਪਣਾ ‘ਫਰਜ਼’ ਸਮਝਿਆ…।
‘…ਹਾਏ ਵੇ! ਤੇਰੇ ਬਾਪੂ ਨੂੰ ‘ਕਰੋਨਾ’ ਹੋ ਗਿਆ…ਉਨ੍ਹਾਂ ਤੇਰੇ ਬਾਪੂ ਨੂੰ ਹਸਪਤਾਲ ਵਿਚ ਭਰਤੀ ਕਰ ਲਿਆ ਹੈ!’ ਘਰ ਦੇ ਬੂਹੇ ਤੋਂ ਹੀ ਹਾਕ ਜਿਹੀ ਮਾਰ ਕੇ ਰੱਜੋ ਅੰਮਾ ਨੇ ਪਰਿਵਾਰ ਨੂੰ ਸੂਚਨਾ ਦਿੱਤੀ।
‘…ਤੇਰਾ ਦਿਮਾਗ ਖਰਾਬ ਹੋ ਗਿਆ ਹੈ? ਜਦ ਪਤਾ ਸੀ ਕਿ ‘ਬੁੱਢਾ’ ਖੰਘ ਰਿਹਾ ਹੈ, ਤਾਂ ਨਾਲ ਜਾਣਾ ਕਿੰਨਾ ਕੁ ਜ਼ਰੂਰੀ ਸੀ? ਇਹ ਘਾਤਕ ਮਹਾਂਮਾਰੀ ਹੈ, ਇਸ ਵਿਚ ਰਿਸ਼ਤਿਆਂ ਦਾ ਨਹੀਂ, ਆਪਣੀ ਜਾਨ ਦਾ ਫਿਕਰ ਕਰ ਅੰਮਾ…!’ ਵੱਡੇ ਪੁੱਤ ਨੰਦੂ ਨੇ ਦਹਾੜ ਮਾਰੀ। ਜਦੋਂ ਮਾਂ ਕੋਲੋਂ ਪਤਾ ਚੱਲਿਆ ਕਿ ਬਾਪੂ ਹਸਪਤਾਲ ਦੀ ਰਿਪੋਰਟ ਵਿਚ ‘ਕਰੋਨਾ’ ਪਾਜ਼ੇਟਿਵ ਆਇਆ ਹੈ।
‘…!’ ਰੱਜੋ ਅੰਮਾ ਦਾ ਸਰੀਰ ਕੰਬ ਗਿਆ ਅਤੇ ਅੱਖਾਂ ਛਲ-ਛਲ ਬਰਸ ਪਈਆਂ। ਰੱਜੋ ਧਰਵਾਸ ਮਿਲਣ ਦੀ ਆਸ ਕਰ ਰਹੀ ਸੀ, ਪਰ ਪਤੀ ਦਾ ਸਾਥ ਦੇਣ ਕਾਰਨ ਪੁੱਤਾਂ ਨੇ ਜਿਵੇਂ ਉਸ ਨੂੰ ਅਪਰਾਧੀ ਘੋਸਿ਼ਤ ਕਰ ਦਿੱਤਾ ਹੋਵੇ।
‘ਘਰ ਵਿਚ ਸਾਡੇ ਬੱਚੇ ਨੇ…ਅੰਮਾ ਤੂੰ ਹੁਣ ਦਸ ਦਿਨ ਆਪਣੇ ਕਮਰੇ ਵਿਚ ਹੀ ਰਹੀਂ, ਉਥੇ ਹੀ ਤੇਰੀ ਰੋਟੀ ਪਹੰੁਚ ਜਾਏਗੀ!’ ਛੋਟੇ ਪੁੱਤ ਬੰਟੀ ਨੇ ਵੱਡੇ ਭਰਾ ਦਾ ਸਾਥ ਦਿੱਤਾ। ਆਪਣੇ ਚੁੰਨੀ ਦੇ ਪੱਲੇ ਨੂੰ ਅੱਖਾਂ ‘ਤੇ ਰੱਖ ਰੱਜੋ ਚੁੱਪ ਚਾਪ ਭਾਰੀ ਕਦਮਾਂ ਨਾਲ ਆਪਣੇ ਕਮਰੇ ‘ਚ ਚਲੀ ਗਈ, ਬਿਮਾਰ ਪਤੀ ਦਾ ਸਾਥ ਦੇਣ ਦੀ ਸਜ਼ਾ ਭੁਗਤਣ ਲਈ!
ਹਰ ਦਿਨ ਆਪਣੇ ਪਤੀ ਸੂਰਜ ਮੱਲ ਦੀ ਚੰਗੀ ਸਿਹਤ ਦੀ ਅਰਦਾਸ ਕਰਦੀ ਅਤੇ ਘਰ ਮੁੜ ਆਉਣ ਦੀਆਂ ਔਂਸੀਆਂ ਪਾ ਰਹੀ ਸੀ, ਪਰ ਦੋਵੇਂ ਪੁੱਤਰ ਨਿਸ਼ਚਿੰਤ ਜਿਹੇ ਹੋ ਗਏ ਸੀ ਕਿ ਜੋ ਹੋਣਾ ਉਹ ਤਾਂ ਹਸਪਤਾਲ ਦੀ ਹੀ ਡਿਊਟੀ ਸੀ। ਚਾਰ ਕੁ ਦਿਨ ਬਾਅਦ ਹੀ ਹਸਪਤਾਲ ਤੋਂ ਸੂਚਨਾ ਆ ਗਈ ਕਿ ਸੂਰਜ ਮੱਲ ਕਰੋਨਾ ਦੀ ਬਿਮਾਰੀ ਕਾਰਨ ਮਰ ਗਿਆ ਹੈ। ਲਾਸ਼ ਘਰ ਨਹੀਂ ਆਉਣੀ ਸੀ ਅਤੇ ਘਰੋਂ ਹਸਪਤਾਲ ਕੋਈ ਗਿਆ ਨਹੀਂ ਸੀ, ਨਾ ਹੀ ਰੱਜੋ ਨੂੰ ਜਾਣ ਦਿੱਤਾ ਸੀ, ‘ਕੀ ਕਰਨਾ ਜਾ ਕੇ? ਉੱਥੇ ਕਿਹੜਾ ਮ੍ਰਿਤਕ ਦਾ ਮੂੰਹ ਵੇਖਣ ਦਿੰਦੇ ਨੇ, ਉਲਟਾ ਤੂੰ ਹੋਰ ਕੋਈ ਬਿਮਾਰੀ ਚਮੇੜ ਲਿਆਏਂਗੀ!’
ਰੱਜੋ ਦਿਨ ਵਿਚ ਕਈ ਵਾਰ ਆਪਣੇ ਪਤੀ ਨੂੰ ਯਾਦ ਕਰ ਰੋ ਲੈਂਦੀ। ਰੱਜੋ ਨੂੰ ਇਸ ਗੱਲ ਦਾ ਸੰਤੋਖ ਅਤੇ ਸੰਤੁਸ਼ਟੀ ਸੀ ਕਿ ਬਿਮਾਰ ਪਤੀ ਦੀ ਬਾਂਹ ਫੜ ਆਪ ਹਸਪਤਾਲ ਇਲਾਜ ਲਈ ਲੈ ਗਈ ਸੀ। ਜਦੋਂ ਨਰਸ ਸੂਰਜ ਮੱਲ ਨੂੰ ਵ੍ਹੀਲ-ਚੇਅਰ ‘ਤੇ ਬਿਠਾ ਕੇ ਲਿਜਾਣ ਲੱਗੀ ਸੀ ਤਾਂ ਬਿਮਾਰੀ ਨਾਲ ਨਿਰਬਲ ਪਤੀ ਨੇ ਰੱਜੋ ਦਾ ਹੱਥ ਫੜ ਲਿਆ। ਸੂਰਜ ਮੱਲ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਉਸ ਦੇ ਮਨ ਦੇ ਦਰਦ ਨੂੰ ਪ੍ਰਗਟ ਕਰ ਰਹੀਆਂ ਸਨ, ‘ਰੱਜੋ, ਜਵਾਨ ਪੁੱਤ ਘਰ ਹੋਣ ਦੇ ਬਾਵਜ਼ੂਦ ਤੇਰੇ ਬੁੱਢੇ ਸਰੀਰ ਨੇ ਹੀ ਮੇਰਾ ਸਾਥ ਦਿੱਤਾ। ਤੇਰੇ ‘ਪਤਨੀ-ਧਰਮ’ ਨੂੰ ਮੇਰਾ ਪ੍ਰਣਾਮ ਹੈ! ਠੀਕ ਹੋ ਕੇ ਜਦ ਵਾਪਸ ਘਰ ਮੁੜਿਆ, ਤਾਂ ਤੇਰੀ ਖੂਬ ਸੇਵਾ ਕਰੂੰਗਾ!’ ਸੂਰਜ ਮੱਲ ਦਾ ਹਿਰਦਾ ਪਾਰੇ ਵਾਂਗ ਪਿਘਲ ਰਿਹਾ ਸੀ। ਪਤੀ ਦਾ ਦਰਦ ਰੱਜੋ ਦੀਆਂ ਅੱਖਾਂ ‘ਚੋਂ ਚੋਅ ਰਿਹਾ ਸੀ। ਨਰਸ ਨੇ ਰੱਜੋ ਨੂੰ ਹਾਲ-ਰੂਮ ਤੋਂ ਅੱਗੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਨਰਸ ਸੂਰਜ ਮੱਲ ਨੂੰ ਹੌਲੀ ਹੌਲੀ ਹਸਪਤਾਲ ਦੇ ‘ਵਾਰਡ’ ਵਿਚ ਲੈ ਜਾ ਰਹੀ ਸੀ। ਦੇਖਦਿਆਂ ਦੇਖਦਿਆਂ ਰੱਜੋ ਦਾ ਪਤੀ ਉਸ ਦੀਆਂ ਅੱਖਾਂ ‘ਤੋਂ ਓਹਲੇ ਹੋ ਗਿਆ ਅਤੇ ਚਾਰ ਦਿਨ ਬਾਅਦ ਇਸ ਦੁਨੀਆਂ ਤੋਂ ਹੀ ਸਦਾ ਲਈ ਅਲੋਪ ਹੋ ਗਿਆ।
ਖਬਰਾਂ ਨੇ ਘੜਮੱਸ ਪੱਟੀ ਹੋਈ ਸੀ ਕਿ ਇਹ ਬਿਮਾਰੀ ਕੁਝ ਮਹੀਨੇ ਹੋਰ ਰਹੇਗੀ, ਫਿਰ ਸਭ ਠੀਕ ਹੋ ਜਾਏਗਾ, ਪਰ ਸਾਲ 2021 ਚੜ੍ਹ ਆਇਆ ਅਤੇ ‘ਕਰੋਨਾ’ ਦੀ ਦੂਸਰੀ ਲਹਿਰ ਨੇ ਹੋਰ ਵੀ ਭਿਆਨਕ ਰੂਪ ਧਾਰ ਲਿਆ। ਇਸ ਵਾਰ ਜਵਾਨ ਮੌਤਾਂ ‘ਕਾਲ’ ਦਾ ਰੂਪ ਧਾਰ ਨੱਚ ਰਹੀਆਂ ਸਨ। ਰੱਜੋ ਅੰਮਾ ਉੱਤੇ ਕੁਦਰਤ ਦਾ ਕਹਿਰ ਹਜੇ ਬਾਕੀ ਸੀ।
‘ਅੰਮਾ…ਆਓ ਦੇਖੋ! ਇਨ੍ਹਾਂ ਦਾ ਬੁਖਾਰ ਤਾਂ ਸਿਰ ਨੂੰ ਚੜ੍ਹ ਗਿਆ ਲੱਗਦਾ?’ ਘਬਰਾਈ ਵੱਡੇ ਪੁੱਤ ਨੰਦੂ ਦੀ ਘਰਵਾਲੀ ਚੰਪਾ ਨੇ ਆਪਣੀ ਸੱਸ ਰੱਜੋ ਨੂੰ ਹਾਕ ਮਾਰੀ।
ਰੱਜੋ ਨੇ ਦੌੜ ਕੇ ਆਣ ਆਪਣੇ ਪੁੱਤ ਨੰਦੂ ਨੂੰ ਵੇਖਿਆ, ਜੋ ਬੁਖਾਰ ਨਾਲ ਬੇਸੁੱਧ ਹੋਇਆ ਪਿਆ ਸੀ। ਉਸ ਦੀ ਖੰਘ ਤਾਂ ਘਟ ਗਈ ਸੀ, ਪਰ ਬੁਖਾਰ ਨੇ ਢਾਹਿਆ ਹੋਇਆ ਸੀ। ‘ਕਰੋਨਾ’ ਦੇ ਚੱਲਦਿਆਂ ਨੰਦੂ ਨੂੰ ਵੱਖਰੇ ਕਮਰੇ ਵਿਚ ਪਾਇਆ ਹੋਇਆ ਸੀ। ਸਾਰਾ ਪਰਿਵਾਰ ਬਿਮਾਰ ਨੰਦੂ ਨੂੰ ਹਸਪਤਾਲ ਦਾਖਲ ਨਹੀਂ ਸੀ ਕਰਵਾਉਣਾ ਚਾਹੁੰਦਾ।
‘…ਬਾਪੂ ਹਸਪਤਾਲ ਗਿਆ ਚਾਰ ਦਿਨਾਂ ਵਿਚ ਮਾਰ ਕੇ ਫੂਕ ਵੀ ਦਿੱਤਾ…ਨੰਦੂ ਦੀ ਘਰੇ ਹੀ ਖੰਘ ਅਤੇ ਬੁਖਾਰ ਦੀ ਦਵਾਈ ਲੈ ਆਓ…ਖੌਰੇ ਕੀ-ਕੀ ਕਰੀ ਜਾਂਦੇ ਨੇ ਹਸਪਤਾਲ ਵਾਲੇ? ਸੁਣਿਆਂ ਅੰਗ ਕੱਢ ਕੇ ਵੇਚ ਰਹੇ ਨੇ? ਨਕਲੀ ਟੀਕੇ ਲਾਈ ਜਾ ਰਹੇ ਨੇ? ਬੁੱਢਿਆਂ ਨੂੰ ਬਿਨਾ ਇਲਾਜ ਮਾਰੀ ਜਾ ਰਹੇ ਨੇ…?’ ‘ਕਰੋਨਾ’ ਦੀ ਦਹਿਸ਼ਤ ਨੇ ਮਨੁੱਖਤਾ ਦੀ ਸੋਚਣ ਸ਼ਕਤੀ ਨੂੰ ਹੀ ਬੌਣੀ ਅਤੇ ਸ਼ੱਕੀ ਕੀਤਾ ਹੋਇਆ ਸੀ। ਜਿੰਨੇ ਲੋਕ, ਉਤਨੀਆਂ ਖਬਰਾਂ। ਭਾਂਤ-ਭਾਂਤ ਦੇ ਕਿਆਫੇ।
ਨੰਦੂ ਦਾ ਬਿਮਾਰ ਹੋਣਾ ਰੱਜੋ ਲਈ ਕਿਸੇ ਹੋਣੀ ਤੋਂ ਘੱਟ ਨਹੀਂ ਸੀ। ਅੰਮਾ ਦਾ ਛੋਟਾ ਪੁੱਤ ਬੰਟੀ ਆਪਣੇ ਬਿਮਾਰ ਵੱਡੇ ਭਰਾ ਨੰਦੂ ਦੇ ਨੇੜੇ ਨਹੀਂ ਸੀ ਲੱਗਦਾ। ਰੱਜੋ ਅੰਮਾ ਦੇ ਵੇਖਦੇ-ਵੇਖਦੇ ਹੀ ਨੰਦੂ ਦੀ ਬੇਹੋਸ਼ੀ ਗਹਿਰੀ ਹੋ ਗਈ ਅਤੇ ਅਚਾਨਕ ਇੱਕ ਹਉਕੇ ਜਿਹੇ ਨਾਲ ਸਾਹ ਥੰਮ੍ਹ ਗਏ।
‘ਨ…ਨਹੀਂ…ਮੇਰੇ ਪੁੱਤ! ਇੰਜ ਨਾ ਜਾਈਂ, ਵੇ ਮੇਰੇ ਸ਼ੇਰਾ!!’ ਚੀਕਾਂ ਮਾਰਦੀ ਰੱਜੋ ਜ਼ਮੀਨ ਉੱਤੇ ਡਿੱਗ, ਪਿੱਟਣ ਲੱਗ ਪਈ। ਮ੍ਰਿਤਕ ਨੰਦੂ ਦੀ ਪਤਨੀ ਚੰਪਾ ਨੇ ਜਦੋਂ ਆਪਣੀ ਸੱਸ ਦਾ ਵਿਰਲਾਪ ਸੁਣਿਆ ਤਾਂ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ‘ਸੈਨੇਟਾਈਜ਼’ ਕਰ ਕਮਰੇ ਵਿਚ ਸਪਰੇਅ ਕਰ, ਬੂਹਾ ਮਾਰ ਲਿਆ।
‘ਕਰੋਨਾ ਟੀਮ’ ਨੂੰ ਮੌਤ ਦੀ ਸੂਚਨਾ ਦਿੱਤੀ ਗਈ। ਆ ਕੇ ਟੀਮ ਨੇ ਫੇਰ ਪੁੱਛਿਆ, ‘ਕੌਣ ਜਾਏਗਾ ਨਾਲ ਮੁਰਦਘਾਟ?’
ਰੱਜੋ ਅੰਮਾ ਨੇ ਵੇਖਿਆ ਖਿੜਕੀਆਂ ਵਿਚੋਂ ਕੁਝ ਅੱਖਾਂ ਝਾਕ ਰਹੀਆਂ ਸਨ, ਪਰ ਬੂਹਿਆਂ ‘ਤੇ ਕੋਈ ਹਲ-ਚਲ ਨਹੀਂ ਸੀ, ਬੂਹੇ ਅੰਦਰੋਂ ਬੰਦ ਸਨ। ਵਿਹੜੇ ਵਿਚ ਸੰਨਾਟਾ ਛਾ ਗਿਆ।
ਰੱਜੋ ਅੰਮਾ ਨੇ ਆਪਣੀ ਸੋਟੀ ਚੁੱਕੀ ਅਤੇ ਆਪਣੇ ਘਰਵਾਲੇ ਦੀਆਂ ‘ਚੱਪਲਾਂ’ ਆਪਣੇ ਪੈਰਾਂ ਵਿਚ ਪਾ, ਗੱਡਾ ਬਣੇ ਕਦਮਾਂ ਨੂੰ ਜ਼ੋਰ ਲਾ ਕੇ ਘਸੀਟਦੀ ਹੋਈ, ਘਰ ਦੇ ਬੂਹਿਓਂ ਬਾਹਰ ਤੁਰ ਪਈ। ਸਦੀਵੀ ਖਾਮੋਸ਼ ਪਏ ਮ੍ਰਿਤਕ ਪੁੱਤ ਨੰਦੂ ਦੇ ਕਹੇ ਬੋਲਾਂ ਨੇ ਰੱਜੋ ਦੇ ਦਿਮਾਗ ‘ਚ ਕਟਾਰ ਮਾਰੀ, ‘ਇਸ ਮਹਾਂਮਾਰੀ ਵਿਚ ਰਿਸ਼ਤੇ ਨਿਭਾਉਣ ਦਾ ਨਹੀਂ… ਆਪਣੇ-ਆਪ ਨੂੰ ਬਚਾਉਣ ਦਾ ਸਮਾਂ ਹੈ!!’…ਰੱਜੋ ਨੇ ਪਰਤ ਕੇ ਨਹੀਂ ਵੇਖਿਆ ਕਿ ਨੰਦੂ ਦੀ ਪਤਨੀ, ਬੱਚਿਆਂ ਜਾਂ ਭਰਾ ਵਿਚੋਂ ਕਿਸੇ ਰਿਸ਼ਤੇ ਨੇ ਨੰਦੂ ਦੀ ਆਖਰੀ ਯਾਤਰਾ ਵਿਚ ਸ਼ਾਮਲ ਹੋਣ ਦਾ ਹੁੰਗਾਰਾ ਭਰਿਆ ਜਾਂ ਨਹੀਂ। ਲੜਖੜਾਉਂਦੇ ਕਦਮ ਪੁੱਟਦੀ ਰੱਜੋ ਅੰਮਾ ਗਲੀ ਪਾਰ ਕਰ ‘ਕਰੋਨਾ’ ਵਾਲਿਆਂ ਦੀ ਗੱਡੀ ਕੋਲ ਜਾ ਖੜ੍ਹੀ ਹੋਈ। ਰੱਜੋ ਅੰਮਾ ਦਾ ਅੰਦਰ ਨਿਸ਼ਬਦ ਚੀਖਾਂ ਮਾਰ ਚਿਤਕਾਰ ਕਰ ਰਿਹਾ ਸੀ।
ਮੈਂ ਮੂੰਹ ‘ਤੇ ‘ਮਾਸਕ’ ਲਾ, ਰੱਜੋ ਅੰਮਾ ਕੋਲ ਜਾ ਪੁੱਜੀ। ਰੱਜੋ ਨੇ ਆਪਣੀ ਸੋਟੀ ਨਾਲ ਮਿੱਟੀ ਖੁਰਚਣੀ ਰੋਕ ਕੇ ਕਿਹਾ, ‘ਆ ਧੀਏ! ਦੋਸ਼ ਤੇ ਰੋਸ ਕਿਸੇ ‘ਤੇ ਨਹੀਂ ਹੈ। ਜਿਸ ‘ਮਿੱਟੀ’ ਨੂੰ ਮੈਂ ਆਪਣੀ ‘ਮਿੱਟੀ’ ਨਾਲ ਬਣਾਇਆ ਸੀ, ਉਸ ‘ਮਿੱਟੀ’ ਦੀ ਜਿ਼ੰਮੇਵਾਰ ਵੀ ਮੈਂ ਹੀ ਸੀ….!!’
ਰੱਜੋ ਅੰਮਾ ਸ਼ਾਇਦ ਮੋਏ ਪੁੱਤ ਦੀਆਂ ਕਹਾਣੀਆਂ ਨਹੀਂ ਸੀ ਪਾਉਣਾ ਚਾਹੰੁਦੀ, ਇਸ ਲਈ ਇੱਕ ਮਾਂ ਆਪਣੀਆਂ ਆਂਦਰਾਂ ਪ੍ਰਤੀ ਆਪਣਾ ਫਰਜ਼ ਸਿਰਫ ਇੱਕ ਵਾਕ ਵਿਚ ਬਿਆਨ ਕਰ, ਸ਼ਾਂਤ ਹੋ ਗਈ। ਮੈਂ ਨਿਰੁੱਤਰ ਹੋ ਸੋਚ ਰਹੀ ਸਾਂ, ‘ਇਤਨੀ ਮਹਾਨ ਅਤੇ ਸਹਿਨਸ਼ੀਲ ਸਿਰਫ ‘ਤੇ ਸਿਰਫ ਇੱਕ ਮਾਂ ਹੀ ਹੋ ਸਕਦੀ ਹੈ!… ਦੁਨੀਆਂ ਵਿਚ ਹਰ ਰਿਸ਼ਤਾ ਆਪਣੀ ਹੋਂਦ ਬਦਲ ਸਕਦਾ ਹੈ, ਪਰ ‘ਮਿੱਟੀ’ ਦੇ ਰਿਸ਼ਤੇ ਦੀ ਪੈਰਵੀ ਮਾਂ ਦੇ ਹੱਥ ਹੋਣ ਕਾਰਨ ‘ਕੁੱਖ’ ਤੋਂ ਉਪਜ ਕੇ ਮਿੱਟੀ, ਮਰ-ਮੁੱਕ ਜਾਣ ਤੋਂ ਬਾਅਦ, ਧਰਤੀ ਮਾਂ ਦੇ ਆਗੋਸ਼ ਵਿਚ ਸਮਾਅ ਫੇਰ ਮਿੱਟੀ ਵਿਚ ਜਾ ਰਲਦੀ ਹੈ। ਇੱਕ ਮਾਂ ਆਪਣੀ ਮਿੱਟੀ ਨੂੰ, ਦੂਜੀ ਮਾਂ ਨੂੰ ਸੌਂਪ ਨਿਸ਼ਚਿੰਤ ਹੋ ਜਾਂਦੀ ਹੈ।