ਨਵੇਂ ਮੰਤਰੀਆਂ ਨੇ ਹਲਫ ਲਿਆ, ਸੱਤ ਨਵੇਂ ਚਿਹਰੇ ਸ਼ਾਮਲ ਤੇ ਪੰਜ ਦੀ ਛਾਂਟੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ‘ਚ ਸ਼ਾਮਲ 15 ਨਵੇਂ ਮੰਤਰੀਆਂ ਨੇ ਹਲਫ ਲੈ ਲਿਆ ਹੈ। ਨਵੀਂ ਕੈਬਨਿਟ ‘ਚ ਸੱਤ ਨਵੇਂ ਚਿਹਰੇ ਸ਼ਾਮਲ ਹੋਏ ਹਨ ਜਦੋਂ ਕਿ ਪੰਜ ਪੁਰਾਣੇ ਵਜ਼ੀਰਾਂ ਦੀ ਛਾਂਟੀ ਹੋ ਗਈ ਹੈ। ਇਥੇ ਰਾਜ ਭਵਨ ‘ਚ ਸਹੁੰ ਚੁੱਕ ਸਮਾਰੋਹ ਹੋਇਆ ਜਿਸ ‘ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਾਰੇ ਵਜ਼ੀਰਾਂ ਨੇ ਮਾਂ ਬੋਲੀ ‘ਚ ਹਲਫ ਲਿਆ।

ਰਾਜ ਭਵਨ ‘ਚ ਤਕਰੀਬਨ ਪੌਣਾ ਘੰਟਾ ਚੱਲੇ ਇਨ੍ਹਾਂ ਸਮਾਰੋਹਾਂ ‘ਚ ਸਭ ਤੋਂ ਪਹਿਲਾਂ ਬ੍ਰਹਮ ਮਹਿੰਦਰਾ ਨੇ ਹਲਫ ਲਿਆ। ਉਸ ਮਗਰੋਂ ਮਨਪ੍ਰੀਤ ਬਾਦਲ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਹੁੰ ਚੁੱਕੀ। ਅਖੀਰ ਵਿਚ ਗੁਰਕੀਰਤ ਕੋਟਲੀ ਨੇ ਹਲਫ ਲਿਆ। ਨਵੀਂ ਕੈਬਨਿਟ ਦੇ ਕਪਤਾਨ ਚੰਨੀ ਦੀ ਟੀਮ ‘ਚ ਨਵੇਂ ਚਿਹਰਿਆਂ ਵਜੋਂ ਪਦਮ ਸ੍ਰੀ ਪਰਗਟ ਸਿੰਘ, ਵਿਧਾਇਕ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ ਤੇ ਰਣਦੀਪ ਸਿੰਘ ਨਾਭਾ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਸਿੰਘ ਕੋਟਲੀ ਅਤੇ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਨੇ ਸਹੁੰ ਚੁੱਕੀ।
ਅਮਰਿੰਦਰ ਵਜ਼ਾਰਤ ‘ਚ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਰਾਣਾ ਸੋਢੀ, ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸਾਮ ਅਰੋੜਾ, ਜਿਨ੍ਹਾਂ ਦੀ ਛਾਂਟੀ ਕਰ ਦਿੱਤੀ ਗਈ ਹੈ, ਵਿਚੋਂ ਧਰਮਸੋਤ ਤੋਂ ਇਲਾਵਾ ਬਾਕੀ ਸਾਰੇ ਸਮਾਰੋਹ ‘ਚੋਂ ਗੈਰਹਾਜ਼ਰ ਰਹੇ। ਪੁਰਾਣੀ ਕੈਬਨਿਟ ‘ਚ ਮੰਤਰੀ ਰਹੇ ਬ੍ਰਹਮ ਮਹਿੰਦਰਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ ਤੇ ਰਜੀਆ ਸੁਲਤਾਨਾ, ਭਾਰਤ ਭੂਸ਼ਨ ਆਸ਼ੂ ਅਤੇ ਵਿਜੈਇੰਦਰ ਸਿੰਗਲਾ ਨੇ ਨਵੀਂ ਕੈਬਨਿਟ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ। ਪੁਰਾਣੀ ਕੈਬਨਿਟ ਦੇ 11 ਮੰਤਰੀ ਹੁਣ ਚੰਨੀ ਦੀ ਟੀਮ ‘ਚ ਵੀ ਸ਼ਾਮਲ ਹਨ।
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਸ਼ਿਮਲਾ ਤੋਂ ਵਰਚੁਅਲ ਮੀਟਿੰਗ ਕਰਕੇ ਕੈਬਨਿਟ ਦੀ ਸੂਚੀ ਵਿਚ ਐਨ ਆਖਰੀ ਮੌਕੇ ਫੇਰਬਦਲ ਕਰਾਇਆ। ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੂੰ ਸੂਚੀ ‘ਚੋਂ ਬਾਹਰ ਕਰਕੇ ਹਲਕਾ ਅਮਲੋਹ ਤੋਂ ਕਾਕਾ ਰਣਦੀਪ ਸਿੰਘ ਨੂੰ ਸੀਨੀਅਰਤਾ ਦੇ ਅਧਾਰ ‘ਤੇ ਕੈਬਨਿਟ ਵਿਚ ਸ਼ਾਮਲ ਕੀਤੇ ਜਾਣ ਉਤੇ ਮੋਹਰ ਲਾਈ ਗਈ। ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਬਾਗੀ ਸੁਰਾਂ ਦੇ ਡਰੋਂ ਨਵੀਂ ਵਜ਼ਾਰਤ ਨੂੰ ਫਾਈਨਲ ਕਰਨ ਤੱਕ ਬੋਚ-ਬੋਚ ਪੈਰ ਰੱਖੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਆਪਣੀ ਟੀਮ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਪਵਨ ਬਾਂਸਲ ਸਮੇਤ ਸਮਾਰੋਹਾਂ ਵਿਚ ਹਾਜਰ ਰਹੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਉਚੇਚੇ ਤੌਰ ‘ਤੇ ਸਮਾਰੋਹਾਂ ਵਿਚ ਪੁੱਜੇ ਹੋਏ ਸਨ। ਕਰੀਬ ਇਕ ਹਫਤੇ ਦੇ ਸਿਆਸੀ ਜੋੜ-ਤੋੜ ਮਗਰੋਂ ਨਵੀਂ ਕੈਬਨਿਟ ਦਾ ਗਠਨ ਹੋ ਸਕਿਆ ਹੈ। ਨਵੇਂ ਮੰਤਰੀ ਰਾਣਾ ਗੁਰਜੀਤ ਦੀ ਸ਼ਮੂਲੀਅਤ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਘੁਸਰ ਮੁਸਰ ਹੁੰਦੀ ਰਹੀ।
ਅਗਲੀਆਂ ਚੋਣਾਂ ਤੋਂ ਐਨ ਪਹਿਲਾਂ ਨਵੇਂ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਕੈਬਨਿਟ ਦਾ ਵਿਸਥਾਰ ਹੋਇਆ ਹੈ ਜਿਸ ‘ਚ ਸਮਾਜਿਕ ਤੇ ਇਲਾਕਾਈ ਤਵਾਜ਼ਨ ਦਾ ਖਿਆਲ ਰੱਖਿਆ ਗਿਆ ਹੈ। ਨਵੀਂ ਕੈਬਨਿਟ ਲਈ 18 ਨੁਕਾਤੀ ਏਜੰਡਾ, ਚੋਣ ਵਾਅਦਿਆਂ ਦੀ ਪੂਰਤੀ ਨੂੰ ਸਿਰਫ 90 ਦਿਨਾਂ ਵਿਚ ਪੂਰਾ ਕਰਨਾ ਇਕ ਵੱਡੀ ਚੁਣੌਤੀ ਹੋਵੇਗੀ। ਸਰਕਾਰ ਨੂੰ ਹੁਣ ਮੁੱਦਿਆਂ ਨੂੰ ਹਕੀਕਤ ਬਣਾਉਣ ਲਈ ਦਲੇਰਾਨਾ ਅਤੇ ਫੁਰਤੀ ਵਾਲੇ ਫੈਸਲੇ ਲੈਣੇ ਪੈਣਗੇ।
ਨਵੀਂ ਕੈਬਨਿਟ ਲਈ ਇਹ ਵੀ ਚੁਣੌਤੀ ਹੋਵੇਗਾ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ‘ਚ ਜੋ ਵਕਤ ਅਜਾਈਂ ਚਲਾ ਗਿਆ ਹੈ, ਉਸ ਦੀ ਭਰਪਾਈ ਵੀ ਕਰਨੀ ਹੋਵੇਗੀ। ਹਾਈਕਮਾਨ ਨੇ ਅਨੁਸੂਚਿਤ ਜਾਤੀ ਵਰਗ ਦੇ ਚੰਨੀ ਨੂੰ ਪੰਜਾਬ ਦੀ ਕਮਾਨ ਸੌਂਪ ਕੇ ਵਿਰੋਧੀਆਂ ਨੂੰ ਸਿਆਸੀ ਫਰੰਟ ‘ਤੇ ਤਾਂ ਠੁੱਸ ਕਰਨ ਦਾ ਯਤਨ ਕੀਤਾ ਹੈ ਪਰ ਪੰਜਾਬ ਦੇ ਲੋਕ ਅਗਲੀਆਂ ਚੋਣਾਂ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਨਵੀਂ ਵਜ਼ਾਰਤ ਦੀ ਕਾਰਗੁਜਾਰੀ ਦੀ ਪੜਚੋਲ ਕਰਨਗੇ।
ਨਵੀਂ ਕੈਬਨਿਟ ‘ਚ ਐਤਕੀਂ ਪੱਛੜੀਆਂ ਜਾਤੀਆਂ ਦੇ ਨੁਮਾਇੰਦੇ ਵਜੋਂ ਸੰਗਤ ਸਿੰਘ ਗਿਲਜੀਆਂ ਨੂੰ ਥਾਂ ਦਿੱਤੀ ਗਈ ਹੈ। ਮਾਲਵਾ ਖਿੱਤੇ ਚੋਂ 9 ਵਜ਼ੀਰ ਬਣੇ ਹਨ ਜਦੋਂ ਕਿ ਮਾਝੇ ਚੋਂ ਛੇ ਅਤੇ ਦੋਆਬੇ ਚੋਂ ਤਿੰਨ ਵਜ਼ੀਰ ਬਣੇ ਹਨ। ਨਵੇਂ ਮੰਤਰੀ ਮੰਡਲ ਵਿਚ ਚਾਰ ਹਿੰਦੂ ਚਿਹਰੇ ਅਤੇ ਮੁੱਖ ਮੰਤਰੀ ਸਮੇਤ ਤਿੰਨ ਅਨੁਸੂਚਿਤ ਜਾਤੀ ਭਾਈਚਾਰੇ ਚੋਂ ਮੰਤਰੀ ਬਣਾਏ ਗਏ ਹਨ।
_____________________
ਸਾਰੇ ਵਾਅਦੇ ਪੂਰੇ ਕਰਾਂਗੇ: ਪਰਗਟ ਸਿੰਘ
ਨਵੇਂ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਕੇਵਲ ਇਹ ਅਹੁਦਾ ਨਹੀਂ ਹੈ ਬਲਕਿ ਇਕ ਨਵੀਂ ਜ਼ਿੰਮੇਵਾਰੀ ਮਿਲੀ ਹੈ। ਆਉਂਦੇ ਤਿੰਨ ਮਹੀਨਿਆਂ ਵਿਚ ਕਾਰਗੁਜਾਰੀ ਦਿਖਾਈ ਜਾਵੇਗੀ ਅਤੇ ਨਵੀਂ ਕੈਬਨਿਟ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ। ਇਸੇ ਦੌਰਾਨ ਰਾਜਾ ਵੜਿੰਗ ਨੇ ਵਿਰੋਧੀ ਧਿਰਾਂ ਵੱਲੋਂ ਲਾਏ ਇਲਜ਼ਾਮਾਂ ਦੇ ਮਾਮਲੇ ‘ਚ ਚੁਣੌਤੀ ਦਿੱਤੀ ਕਿ ਕੋਈ ਵੀ ਵਿਰੋਧੀ ਆਗੂ ਅਜਿਹੇ ਇਲਜ਼ਾਮਾਂ ਬਾਰੇ ਖੁੱਲ੍ਹੀ ਬਹਿਸ ਕਰ ਲਵੇ।
_________________________________
ਨਾਰਾਜ਼ ਆਗੂਆਂ ਨੂੰ ਨਵੀਂ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ
ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਕਿਹਾ ਕਿ ਅੱਜ ਸ਼ਾਨਦਾਰ ਸ਼ੁਰੂਆਤ ਹੋਈ ਹੈ ਅਤੇ ਨਵੀਂ ਕੈਬਨਿਟ ਵਿਚ ਸਮਾਜਿਕ ਸੰਤੁਲਨ ਕਾਇਮ ਰੱਖਿਆ ਗਿਆ ਹੈ। ਹਰ ਵਰਗ ਤੇ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਰਾਵਤ ਨੇ ਛਾਂਟੀ ਕੀਤੇ ਵਜ਼ੀਰਾਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਤੇ ਸਰਕਾਰ ਵੱਲੋਂ ਨਵੀਂ ਜ਼ਿੰਮੇਵਾਰੀ ਸੌਂਪੀ ਜਾਵੇਗੀ ਅਤੇ ਜੋ ਕੈਬਨਿਟ ਵਿਚ ਥਾਂ ਨਹੀਂ ਪਾ ਸਕੇ, ਉਨ੍ਹਾਂ ਦੀਆਂ ਹੋਰਨਾਂ ਖੇਤਰਾਂ ‘ਚ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਮਨਾ ਲਿਆ ਜਾਵੇਗਾ।