ਕੈਪਟਨ ਦੇ ਸਿਆਸੀ ਅਕਸ ਨੂੰ ਢਾਹ ਲਾ ਗਈ ਮੁੱਖ ਮੰਤਰੀ ਵਜੋਂ ਦੂਜੀ ਪਾਰੀ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਦੂਜੀ ਪਾਰੀ ਉਨ੍ਹਾਂ ਦੇ ਸਿਆਸੀ ਅਕਸ ਨੂੰ ਢਾਹ ਲਾ ਗਈ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਆਪਣਾ ਪੰਜ ਵਰ੍ਹਿਆਂ ਦਾ ਕਾਰਜਕਾਲ ਪੂਰਾ ਕਰਨਾ ਨਸੀਬ ਨਾ ਹੋਇਆ। ਦੂਸਰੀ ਪਾਰੀ ਵਿਚ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਵੱਡੀ ਢਾਹ ਲੱਗੀ ਅਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਾਣੇ ਅਕਸ ਨੂੰ ਕਾਇਮ ਰੱਖਣ ਵਿਚ ਫੇਲ੍ਹ ਰਹੇ। ਜਦੋਂ ਵਰ੍ਹਾ 2017 ਦੀਆਂ ਚੋਣਾਂ ਸਨ ਤਾਂ ਉਦੋਂ ਅਮਰਿੰਦਰ ਸਿੰਘ ਮਜ਼ਬੂਤ ਆਗੂ ਵਜੋਂ ਉਭਰੇ ਸਨ ਪਰ ਛੇਤੀ ਹੀ ਉਹ ਲੋਕ ਮਨਾਂ ‘ਚੋਂ ਆਪਣੀ ਪੈਂਠ ਗੁਆ ਬੈਠੇ। ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਣੀ ਅਤੇ ਉਸ ‘ਤੇ ਪਹਿਰਾ ਨਾ ਦੇਣਾ ਵੀ ਸਿਆਸੀ ਚਰਚਾ ਵਿਚ ਰਿਹਾ।

ਪਹਿਲੀ ਪਾਰੀ ਦੌਰਾਨ ਅਮਰਿੰਦਰ ਸਿੰਘ ਦਲੇਰਾਨਾ ਫੈਸਲੇ ਲੈਣ ਵਜੋਂ ਜਾਣੇ ਜਾਂਦੇ ਸਨ। ਸਭ ਤੋਂ ਮਹਿੰਗਾ ਉਨ੍ਹਾਂ ਨੂੰ ਐਤਕੀਂ ਬਾਦਲਾਂ ਪ੍ਰਤੀ ਦੋਸਤਾਨਾ ਰਵੱਈਆ ਪਿਆ ਹੈ। ਚੋਣਾਂ ਵਿਚ ਥੋੜ੍ਹਾ ਸਮਾਂ ਰਹਿਣ ਦੇ ਬਾਵਜੂਦ ਅਮਰਿੰਦਰ ਸਿੰਘ ਨੇ ਸਿਆਸੀ ਰੁਖ ਵਿਚ ਕੋਈ ਬਦਲਾਅ ਨਾ ਲਿਆਂਦਾ। ਜਦੋਂ ਕਾਂਗਰਸੀ ਵਿਧਾਇਕਾਂ ਤੇ ਵਜ਼ੀਰਾਂ ਨੂੰ ਜਾਪਿਆ ਕਿ ਉਨ੍ਹਾਂ ਨੂੰ ਅਗਲੀਆਂ ਚੋਣਾਂ ‘ਚ ਲੋਕ ਕਚਹਿਰੀ ‘ਚ ਮੂੰਹ ਦਿਖਾਉਣਾ ਮੁਸ਼ਕਲ ਹੋ ਜਾਵੇਗਾ ਤਾਂ ਉਨ੍ਹਾਂ ਕੈਪਟਨ ਖਿਲਾਫ ਝੰਡਾ ਚੁੱਕ ਲਿਆ।
ਸਿਆਸੀ ਮਾਹਿਰ ਆਖਦੇ ਹਨ ਕਿ ਅਮਰਿੰਦਰ ਸਿੰਘ ਨੇ ਦੂਸਰੀ ਪਾਰੀ ਦੌਰਾਨ ਜਿੱਥੇ ਆਮ ਲੋਕਾਂ ਤੋਂ ਦੂਰੀ ਬਣਾਈ ਰੱਖੀ, ਉਥੇ ਪਾਰਟੀ ਦੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਵੀ ਮਿਲਣ ਲਈ ਸਮਾਂ ਨਹੀਂ ਦਿੰਦੇ ਸਨ। ਸਿਸਵਾਂ ਫਾਰਮ ਹਾਊਸ ਵਿਚੋਂ ਨਾ ਨਿਕਲਣਾ ਵੀ ਉਨ੍ਹਾਂ ਨੂੰ ਸਿਆਸੀ ਤੌਰ ‘ਤੇ ਲੋਕਾਂ ਤੋਂ ਦੂਰ ਲੈ ਗਿਆ। ਇਸੇ ਤਰ੍ਹਾਂ ਅਮਰਿੰਦਰ ਸਿੰਘ ਦੀ ਨੌਕਰਸ਼ਾਹੀ ‘ਤੇ ਲੋੜੋਂ ਵੱਧ ਨਿਰਭਰਤਾ ਅਤੇ ਅਫ਼ਸਰਸ਼ਾਹੀ ਨੂੰ ਤਰਜੀਹ ਦੇਣ ਨਾਲ ਵੀ ਕੈਪਟਨ ਦੀ ਭੱਲ ਨੂੰ ਢਾਹ ਲੱਗੀ ਹੈ।
ਅਮਰਿੰਦਰ ਸਿੰਘ ਵੱਲੋਂ ਆਪਣੇ ਚੀਫ ਪ੍ਰਮੁੱਖ ਸਕੱਤਰ ਨੂੰ ਪੂਰੀ ਕਮਾਨ ਦਿੱਤੇ ਜਾਣ ਤੋਂ ਚੁਣੇ ਹੋਏ ਨੁਮਾਇੰਦੇ ਹੇਠੀ ਮਹਿਸੂਸ ਕਰਦੇ ਸਨ। ਹਾਈਕਮਾਨ ਦਾ ਮਨ ਉਦੋਂ ਖੱਟਾ ਪੈਣਾ ਸ਼ੁਰੂ ਹੋ ਗਿਆ ਸੀ, ਜਦੋਂ 18 ਨੁਕਾਤੀ ਏਜੰਡੇ ‘ਤੇ ਵੀ ਅਮਰਿੰਦਰ ਸਿੰਘ ਨੇ ਕੋਈ ਠੋਸ ਕਾਰਵਾਈ ਨਾ ਕੀਤੀ। ਹਾਈਕਮਾਨ ਨੂੰ ਇਹ ਗੱਲ ਪੱਕੀ ਹੋਣ ਲੱਗੀ ਸੀ ਕਿ ਅਮਰਿੰਦਰ ਸਿੰਘ ਸਿਆਸੀ ਵਿਰੋਧੀ ਬਾਦਲਾਂ ਨਾਲ ਵੀ ਅੰਦਰੋਂ ਖਿਓ-ਖਿਚੜੀ ਹਨ। ਬਹਿਬਲ ਕਲਾਂ ਤੇ ਬਰਗਾੜੀ ਦੇ ਮਾਮਲੇ ‘ਤੇ ਕੋਈ ਕਾਰਵਾਈ ਨਾ ਕਰਨਾ, ਬਿਜਲੀ ਸਮਝੌਤਿਆਂ ‘ਤੇ ਚੁੱਪ ਵੱਟਣਾ, ਹਰ ਤਰ੍ਹਾਂ ਦੇ ਮਾਫੀਏ ਨੂੰ ਖੁੱਲ੍ਹੀ ਛੁੱਟੀ ਦੇਣਾ ਅਤੇ ਵੱਡੇ ਨਸਾ ਤਸਕਰਾਂ ਤੋਂ ਮੂੰਹ ਫੇਰਨਾ, ਇਹ ਉਹ ਸਭ ਮਾਮਲੇ ਹਨ ਜਿਨ੍ਹਾਂ ਕਰਕੇ ਆਮ ਲੋਕ ਵੀ ਅਮਰਿੰਦਰ ਨੂੰ ਕਮਾਨ ਦੇ ਕੇ ਪਛਤਾਉਣ ਲੱਗੇ ਸਨ। ਭਾਵੇਂ ਅਮਰਿੰਦਰ ਸਿੰਘ ਨੇ ਕਿਸਾਨ ਪੱਖੀ ਕਈ ਫੈਸਲੇ ਲਏ ਹਨ ਪਰ ਉਨ੍ਹਾਂ ਦੀ ਪੰਜਾਬ ਵਿਚੋਂ ਗੈਰਹਾਜ਼ਰੀ ਸਭ ਨੂੰ ਰੜਕਦੀ ਰਹੀ ਹੈ। ਅਮਰਿੰਦਰ ਸਿੰਘ ਪੰਜਾਬ ਨੂੰ ਆਰਥਿਕ ਪੱਖੋਂ ਤੋਂ ਪੈਰਾਂ ਸਿਰ ਨਹੀਂ ਕਰ ਸਕੇ ਹਨ। ਸੂਤਰ ਆਖਦੇ ਹਨ ਕਿ ਅਮਰਿੰਦਰ ਸਿੰਘ ਦੀ ਕੇਂਦਰ ਦੀ ਭਾਜਪਾ ਸਰਕਾਰ ਨਾਲ ਅੰਦਰੋਂ ਸੁਰ ਮਿਲਦੀ ਹੋਣ ਦਾ ਸ਼ੱਕ ਵੀ ਲੋਕਾਂ ਵਿਚ ਵਧ ਗਿਆ ਸੀ। ਅਮਰਿੰਦਰ ਸਿੰਘ ਭਾਜਪਾ ਖਿਲਾਫ ਦੱਬਵੀਂ ਸੁਰ ਵਿਚ ਬੋਲਦੇ ਰਹੇ ਹਨ। ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਠੰਢੀ ਰਹੀ ਅਤੇ ਉਨ੍ਹਾਂ ਐਤਕੀਂ ਦੀ ਪਾਰੀ ਦੌਰਾਨ ਕਿਸੇ ਵੀ ਸਿਆਸੀ ਆਗੂ ਨੂੰ ਹੱਥ ਨਹੀਂ ਪਾਇਆ।
_______________________________________
ਕੈਪਟਨ ਨੂੰ ਹਟਾਉਣ ‘ਤੇ ਕੁਝ ਸੀਨੀਅਰ ਆਗੂ ਨਾਰਾਜ਼
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਜਿਨ੍ਹਾਂ ਵਿਚ ਕੁਝ ਜੀ-23 ਦੇ ਆਗੂ ਵੀ ਸ਼ਾਮਲ ਹਨ, ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਤਰੀਕੇ ਤੋਂ ਨਾਰਾਜ਼ ਹਨ। ਜੀ-23 ਦੇ ਸੂਤਰਾਂ ਨੇ ਕਿਹਾ ਕਿ ਕਾਂਗਰਸ ਨੇ ਤਿੰਨ ਹੈਂਗਮੈਨ (ਜੱਲਾਦ) ਭੇਜੇ-ਇਕ ਸਾਬਕਾ ਮੁੱਖ ਮੰਤਰੀ ਜੋ ਦੋ ਸੀਟਾਂ ਤੋਂ ਹਾਰ ਗਿਆ, ਇਕ ਦਿੱਲੀ ਦਾ ਆਗੂ ਜੋ ਲਗਾਤਾਰ ਚੋਣਾਂ ‘ਚ ਜ਼ੀਰੋ ਸਕੋਰ ਕਰ ਰਿਹਾ ਹੈ ਤੇ ਇਕ ਵਿਅਕਤੀ ਜੋ ਮੁੱਖ ਮੰਤਰੀ ਦੇ ਕੱਦ ਨਾਲ ਮੇਲ ਨਹੀਂ ਖਾਂਦਾ। ਨਾਰਾਜ਼ ਆਗੂਆਂ ‘ਚੋਂ ਜ਼ਿਆਦਾਤਰ ਨੇ ਕੈਪਟਨ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ, ਪਰ ਨਾਲ ਹੀ ਜਨਤਕ ਤੌਰ ‘ਤੇ ਬੋਲਣ ਨੂੰ ਖੁਦ ਨੂੰ ਰੋਕ ਲਿਆ। ਸੂਤਰਾਂ ਨੇ ਕਿਹਾ ਕਾਂਗਰਸ ਨੇ ਕੈਪਟਨ ਦੇ ਵਿਰੋਧ ਦੀ ਉਮੀਦ ਨਹੀਂ ਕੀਤੀ ਸੀ ਤੇ ਸੋਚਿਆ ਸੀ ਕਿ ਸੀ.ਐਲ.ਪੀ. ‘ਚ ਸ਼ਾਮਲ ਹੋਣਗੇ, ਪਰ ਉਨ੍ਹਾਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਤੇ ਬੈਠਕ ‘ਚ ਸ਼ਾਮਲ ਨਹੀਂ ਹੋਏ।
_______________________________________
ਹਾਈ ਕਮਾਨ ਨੇ ਸਿਆਸੀ ਪੱਤਾ ਖੇਡਿਆ: ਢੀਂਡਸਾ
ਚੰਡੀਗੜ੍ਹ: ਸ਼੍ਰੋੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਆਪਣਾ ਸਿਆਸੀ ਪੱਤਾ ਖੇਡਿਆ ਹੈ, ਜਿਸ ਨਾਲ ਕਾਂਗਰਸ ਨੇ ਆਪਣੀ ਸਾਰੀਆਂ ਨਾਕਾਮੀਆਂ ਦਾ ਠੀਕਰਾ ਕੈਪਟਨ ਸਿਰ ਭੰਨ ਦਿੱਤਾ ਹੈ ਅਤੇ ਚੋਣਾਂ ਲਈ ਸਿਆਸੀ ਜਮੀਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿਚ ਚੱਲ ਰਿਹਾ ਕਲੇਸ਼ ਅਤੇ ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਹੁਦੇ ਤੋਂ ਅਸਤੀਫਾ ਪੰਜਾਬ ਵਾਸੀਆਂ ਦੀ ਅੱਖਾਂ ਵਿਚ ਘੱਟਾ ਪਾਉਣ ਤੋਂ ਸਿਵਾਏ ਹੋਰ ਕੁਝ ਨਹੀਂ ਹੈ।