ਬਾਬਿਆਂ ਦੀਆਂ ਖੁਰਾਕਾਂ ਤੇ ਪਹਿਲਵਾਨੀ

ਪ੍ਰਿੰ. ਸਰਵਣ ਸਿੰਘ
ਗਿਆਨੀ ਗੁਰਦਿੱਤ ਸਿੰਘ ਹਰਫਨਮੌਲਾ ਲੇਖਕ ਸੀ। ਉਸ ਨੇ ਪੱਤਰਕਾਰੀ ਵੀ ਕੀਤੀ, ਧਾਰਮਿਕ ਗ੍ਰੰਥਾਂ ਦੀ ਖੋਜਬੀਨ ਵੀ ਅਤੇ ਪੇਂਡੂ ਸਭਿਆਚਾਰ ਬਾਰੇ ਦਿਲਚਸਪ ਪੁਸਤਕ ‘ਮੇਰਾ ਪਿੰਡ’ ਵੀ ਲਿਖੀ। ਉਸ ਵਿਚ ਪੰਜਾਬ ਦੇ ਪੇਂਡੂ ਜੀਵਨ ਦਾ ਯਥਾਰਥਕ ਚਿਤਰਨ ਹੈ। ਵਿਅੰਗ, ਲੋਕ-ਸਿਆਣਪਾਂ, ਲੋਕ ਗੀਤ, ਬੋਲੀਆਂ, ਲੋਕ ਕਥਾਵਾਂ, ਰੀਤੀ ਰਿਵਾਜ, ਤਿੱਥ ਤਿਉਹਾਰ, ਤੀਆਂ ਤੇ ਤ੍ਰਿੰਜਣ, ਜਨਮ-ਮਰਨ ਸਮੇਂ ਦੀਆਂ ਰਸਮਾਂ, ਮੁੰਡੇ ਦੀ ਛਟੀ ਤੋਂ ਲੈ ਕੇ ਕੁੜਮਾਈ, ਵਿਆਹ, ਮੁਕਲਾਵੇ ਤੇ ਵਿਦਾਈ ਤਕ ਸਭ ਕਾਸੇ ਦਾ ਵਰਣਨ ਹੈ। ਆਂਢ-ਗੁਆਂਢ, ਸਾਕ ਸਬੰਧੀ, ਰਿਸ਼ਤੇ-ਨਾਤੇ, ਧਾਰਮਿਕ ਮਾਨਤਾਵਾਂ, ਖਾਧ-ਖੁਰਾਕਾਂ, ਭਲਵਾਨੀ; ਗੱਲ ਕੀ, ਕੋਈ ਪੱਖ ਛੋਹਣੋਂ ਨਹੀਂ ਛੱਡਿਆ।

ਇਸ ਪੁਸਤਕ ਦੀਆਂ ਅਨੇਕਾਂ ਐਡੀਸ਼ਨਾਂ ਛਪੀਆਂ ਤੇ ਇਸ ਨੂੰ ਪੇਂਡੂ ਜੀਵਨ ਦਾ ਵਿਸ਼ਵਕੋਸ਼ ਕਿਹਾ ਗਿਆ। ਇਸ ਦੀ ਪ੍ਰਸ਼ੰਸਾ ਭਾਈ ਜੋਧ ਸਿੰਘ, ਡਾ. ਮਹਿੰਦਰ ਸਿੰਘ ਰੰਧਾਵਾ, ਪ੍ਰੋ. ਪ੍ਰੀਤਮ ਸਿੰਘ ਅਤੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਵਾਰਤਕ ਦੇ ਧਨੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਵੀ ਕੀਤੀ: ਮੈਂ ਦੁਨੀਆਂ ਦੇ ਅਜੈਬ ਘਰ ਫੋਲੇ ਸਨ, ਪਰ ਪੰਜਾਬ ਦੀ ਰੂਹ ਦੇ ਦਰਸ਼ਨ ਮੈਨੂੰ ਗਿਆਨੀ ਜੀ ਨੇ ਘਰ ਬੈਠਿਆਂ ਹੀ ਕਰਾ ਦਿੱਤੇ ਹਨ। ਕਹਾਣੀ ਭਾਵੇਂ ਉਨ੍ਹਾਂ ਆਪਣੇ ਪਿੰਡ ਦੀ ਹੀ ਲਿਖੀ ਹੈ, ਪਰ ਚਿੱਤਰ ਮੇਰੇ ਪ੍ਰਿਅ ਪੰਜਾਬ ਦਾ ਖਿੱਚ ਧਰਿਆ ਹੈ। ਮੇਰਾ ਛੋਟਾ ਜਿਹਾ ਸ਼ਹਿਰੀ ਦਿਲ ਗਿਆਨੀ ਜੀ ਲਈ ਸ਼ਰਧਾ ਤੇ ਪ੍ਰਸ਼ੰਸਾ ਨਾਲ ਉਮਡ ਆਇਆ ਹੈ। ਜਿ਼ੰਦਗੀ ਦੀਆਂ ਕਿੰਨੀਆਂ ਕੀਮਤੀ ਅਕਲਾਂ ਪਿੰਡਾਂ ਦੇ ਅਖਾਣਾਂ ਵਿਚ ਗੁੰਦੀਆਂ ਹੋਈਆਂ ਹਨ ਤੇ ਕੀਕਰ ਗਿਆਨੀ ਜੀ ਨੇ ਇਨ੍ਹਾਂ ਨੂੰ ਗੁਲਦਸਤੇ ਵਾਂਗ ਜੋੜ ਦਿੱਤਾ ਹੈ। ਖੇਤੀਬਾੜੀ, ਰੀਤੀ-ਰਿਵਾਜਾਂ, ਅੱਖ-ਮਟੱਕਿਆਂ ਤੇ ਇਸ਼ਕ ਪੇਚਿਆਂ, ਮਜ਼ਾਕਾਂ ਤੇ ਮਸ਼ਕਰੀਆਂ, ਵਣਜ ਵਿਹਾਰਾਂ, ਮੇਲ ਮੁਲਾਕਾਤਾਂ, ਰੁੱਤਾਂ ਬਹਾਰਾਂ, ਹਿਰਖਾਂ ਤੇ ਸੋਗਾਂ, ਸਭ ਪੀਚਵੀਆਂ ਗੰਢਾਂ ਦਾ ਖੋਲ ਇਨ੍ਹਾਂ ਦੇ ਬੈਂਤਾਂ, ਛੰਦਾਂ, ਅਖਾਣਾਂ ਤੇ ਬੁਝਾਰਤਾਂ ਵਿਚੋਂ ਮਿਲ ਸਕਦਾ ਹੈ…।
ਗਿਆਨੀ ਗੁਰਦਿੱਤ ਸਿੰਘ ਦਾ ਜਨਮ ਰਿਆਸਤ ਮਲੇਰਕੋਟਲਾ ਦੇ ਪਿੰਡ ਮਿੱਠੇਵਾਲ ਵਿਚ 24 ਫਰਵਰੀ 1923 ਨੂੰ ਹੋਇਆ ਸੀ ਅਤੇ ਅਕਾਲ ਚਲਾਣਾ 17 ਜਨਵਰੀ 2007 ਨੂੰ ਹੋਇਆ। ਉਹ ਲੋਕ ਸਾਹਿਤ ਤੇ ਗੁਰਬਾਣੀ ਦੇ ਸੰਗਮ ਸਨ ਅਤੇ ਕਈ ਧਾਰਮਿਕ ਤੇ ਸਿਆਸੀ ਪਦਵੀਆਂ ‘ਤੇ ਬਿਰਾਜਮਾਨ ਰਹੇ। ਉਨ੍ਹਾਂ ਦੀ ਪਤਨੀ ਸਰਦਾਰਨੀ ਇੰਦਰਜੀਤ ਕੌਰ ਪੰਜਾਬੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਅਤੇ ਸਰਵਿਸ ਸਿਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦੀ ਚੇਅਰਪਰਸਨ ਰਹੀ। ‘ਮੇਰਾ ਪਿੰਡ’ ਪੁਸਤਕ ਪਹਿਲੀ ਵਾਰ 1961 ਵਿਚ ਪ੍ਰਕਾਸਿ਼ਤ ਹੋਈ। ਉਸ ਦਾ ਇਕ ਕਾਂਡ ਹੈ ‘ਮੇਰੇ ਵੱਡੇ ਵਡੇਰੇ’, ਜਿਸ ਵਿਚ ਗਿਆਨੀ ਜੀ ਨੇ ਆਪਣੇ ਬਾਬਿਆਂ ਦੀ ਪੀੜ੍ਹੀ ਦੀਆਂ ਖੁੱਲ੍ਹੀਆਂ ਖੁਰਾਕਾਂ ਤੇ ਉਨ੍ਹਾਂ ਦੇ ਭਲਵਾਨੀ ਕਰਤਬਾਂ ਦੀਆਂ ਗੱਲਾਂ ਕੀਤੀਆਂ ਕਿ ਕਿਵੇਂ ਕੜਾਹ ਦਾ ਕੜਾਹਾ-ਕੜਾਹਾ ਹੀ ਬੰਨੇ ਲਾ ਦਿੰਦੇ ਸਨ!
‘ਮੇਰੇ ਵੱਡੇ ਵਡੇਰੇ’ ਕਾਂਡ ਵਿਚ ਲਿਖਿਆ: ਮੈਂ ਆਪਣੇ ਦਾਦੇ ਬਾਬੇ ਅੱਖੀਂ ਨਹੀਂ ਦੇਖੇ। ਉਨ੍ਹਾਂ ਦੀਆਂ ਕਹਾਣੀਆਂ ਹੀ ਕੰਨੀਂ ਸੁਣੀਆਂ ਨੇ। ਉਹ ਕਥਾਵਾਂ ਹੁਣ ਵੀ ਮੇਰੇ ਪਿੰਡ ਦੇ ਕਿਸੇ ਪੁਰਾਣੇ ਆਦਮੀ ਤੋਂ ਸੁਣੀਆਂ ਜਾ ਸਕਦੀਆਂ ਹਨ। ਮੈਂ ਜਦੋਂ ਪਿੰਡ ਰਹਿੰਦਾ ਹੁੰਦਾ, ਮੇਰੀਆਂ ਪਾਈਆ ਕੁ ਹੱਡੀਆਂ ਤੇ ਇਕਹਿਰਾ ਕਾਰੰਗੇ ਵਾਲਾ ਪਤਲਾ ਜੁੱਸਾ ਦੇਖ ਕੇ ਪਿੰਡ ਦੇ ਲੋਕ ਕਿਹਾ ਕਰਦੇ, ‘ਵੇਖ ਖਾਂ ਕਾਗਜ਼ੀ ਭਲਵਾਨ! ਕਿਵੇਂ ਕੁੱਲ ਨੂੰ ਲੀਕ ਲਾਉਣ ਵਾਲਾ ਇਹ ਜੋ਼ਰਾਵਰ ਬਾਬਿਆਂ ਦੇ ਘਰ ਨਕਵਾਇਆ ਪੁੱਤ ਜੰਮ ਪਿਆ ਏ, ਜੇ ਅੱਜ ਇਸ ਦੇ ਦਾਦੇ ਆ ਕੇ ਦੇਖਣ ਵਈ, ਸਾਡੀ ਆਲ-ਔਲਾਦ ਵਿਚ ਇਹ ਵੀ ਇਕ ‘ਚੰਨ-ਚਰਾਗ’ ਹੈ ਤਾਂ ਦੁਹੱਥੜੀਂ ਪਏ ਪਿੱਟਣ! ਕਿਥੇ ਉਹ ਦਿਉਆਂ ਜੇਡੇ ਵੱਡੇ ਕੱਦ-ਕਾਠ ਵਾਲੇ ਬੰਦੇ, ਕਿਥੇ ਇਹ ਬਲੂੰਗੜਾ ਜਿਹਾ ਕਾਗਜ਼ੀ ਭਲਵਾਨ!’
ਮੇਰੇ ਵੱਡੇ ਵਡੇਰਿਆਂ ਦੀਆਂ ਕਈ ਮਜ਼ੇਦਾਰ ਕਹਾਣੀਆਂ ਹਨ। ਜਿਨ੍ਹਾਂ ਨੂੰ ਪਿੰਡ ਦੇ ਸਿਆਣੇ ਲੋਕ ਤੇ ਗਾਲੜੀ ਚਟਖਾਰੇ ਲਾ ਲਾ ਕੇ ਸੁਣਾਇਆ ਕਰਦੇ ਸਨ। ਉਦੋਂ ਕੱਛ ਪਾਉਣੀ ਬੜੀ ਵਚਿੱਤਰ ਗੱਲ ਮੰਨੀ ਜਾਂਦੀ ਸੀ। ਮੇਰੇ ਛੋਟੇ ਬਾਬੇ ਦੇ ਕੱਛ ਪਾਈ ਦੇਖ ਕੇ ਲੋਕ ਉਸ ਨੂੰ ਖਿਝਾਉਣ ਲਈ ‘ਸਿੱਖ’ ਜਾਂ ‘ਕੱਛਵਾਲਾ’ ਵੀ ਆਖਦੇ ਸਨ। ਮੇਰੇ ਦਾਦੇ ਚਾਰ ਭਰਾ ਸਨ। ਚਾਰੇ ਜੁੱਸੇ ਵੱਲੋਂ ਏਨੇ ਨਰੋਏ ਤੇ ਕੱਦਾਵਰ, ਰੱਜ ਕੇ ਖਾਣ ਤੇ ਦੱਬ ਕੇ ਵਾਹੁਣ ਵਾਲੇ ਇਹੋ ਜਿਹੇ ਜ਼ੋਰਾਵਰ ਬੰਦੇ ਸਨ ਕਿ ਆਸ-ਪਾਸ ਦੇ ਪਿੰਡਾਂ ਲਈ ਹਊਆ ਬਣੇ ਹੋਏ ਸਨ। ਜਿਧਰੋਂ ਦੀ ਉਹ ਲੰਘ ਜਾਣ ਖੇਤ ਵਿਚੋਂ ਦੀ ਡੰਡੀ ਆਪੇ ਪੈ ਜਾਂਦੀ। ਸਾਡੇ ਵੱਡਿਆਂ ਦੇ ਨੇੜੇ ਦੇ ਪਿੰਡ ‘ਛਾਪੇ’ ਲਹੂ ਦਾ ਰਿਸ਼ਤਾ ਹੋਣ ਕਰਕੇ ਵਰਤ ਵਰਤਾਰਾ ਸੀ। ਉਨ੍ਹਾਂ ਨੇ ਇਕ ਵਿਆਹ ਸਮੇਂ ਮੇਰੇ ਦਾਦਿਆਂ ਨੂੰ ਰੋਟੀ ਉਤੇ ਸੱਦਿਆ। ਉਹ ਉਸ ਦਿਨ ਹਲ ਵਾਹੁੰਦੇ ਸਨ, ਉਥੋਂ ਹੀ ਬਲਦ ਪਿੰਡ ਨੂੰ ਤੋਰ ਕੇ, ਸਿੱਧੇ ਦੁਪਹਿਰੇ ਹੀ ਰੋਟੀ ਵੇਲੇ ਨੂੰ ਪਿੰਡ ‘ਛਾਪੇ’ ਜਾ ਪੁੱਜੇ। ਅੱਗੋਂ ਵਿਆਹ ਵਾਲਿਆਂ ਨੇ ਮੇਲ-ਗੇਲ ਲਈ ਇਕ ਕੜਾਹਾ ਗੁੜ ਦੇ ਪ੍ਰਸ਼ਾਦ ਦਾ ਕੱਢਿਆ ਹੋਇਆ ਸੀ। ਅਗਲਿਆਂ ਨੇ ਕਿਹਾ ਪਹਿਲਾਂ ਸ਼ਰੀਕੇ ਨੂੰ ਖਵਾ ਲਈਏ; ਪਰ ਸਾਡੇ ਬਾਬੇ ਕੜਾਹ ਖਾਣ ਪਹਿਲਾਂ ਹੀ ਬੈਠ ਗਏ। ਚਾਰੇ ਭਾਈ ਜਿਉਂ ਨੀਵੀਂ ਪਾ ਕੇ ਖਾਣ ਲੱਗੇ, ਪ੍ਰਸ਼ਾਦ ਦਾ ਸਾਰਾ ਕੜਾਹਾ ਸਮੇਟ ਛੱਡਿਆ। ਉਨ੍ਹਾਂ ਦੇ ਵਰਤਾਵਿਆਂ ਨੇ ਬਥੇਰਾ ਏਧਰ ਉਧਰ ਦੇਖਿਆ ਵਈ ਕਿਧਰੇ ਇਹ ਕੜਾਹ ਪ੍ਰਸ਼ਾਦ ਕਿਤੇ ਹੋਰ ਤਾਂ ਨਹੀਂ ਸੁੱਟੀ ਜਾ ਰਹੇ। ਪਰ ਉਨ੍ਹਾਂ ਦੇ ਕੱਦ ਕਾਠ ਤੇ ਖੁਰਾਕ ਈ ਏਨੀ ਸੀ ਕਿ ਇਕ ਕੜਾਹਾ ਹੋਰ ਬਣਿਆ ਹੁੰਦਾ ਤਾਂ ਅੱਧ ਪਚੱਧ ਉਸ ਵਿਚੋਂ ਕਿਹੜਾ ਨਾ ‘ਚਰ’ ਜਾਂਦੇ!
ਸਾਡੇ ਉਨ੍ਹਾਂ ਸਬੰਧੀਆਂ ਨੇ ਇਨ੍ਹਾਂ ਮਹਾਨ ਪੁਰਖਾਂ ਦੀ ਇਹ ਕਹਾਣੀ ‘ਕਰਣੀ ਕਮਾਈ’ ਦਾ ਧਿਆਨ ਧਰ ਕੇ ਫੈਸਲਾ ਕਰ ਲਿਆ ਕਿ ਅੱਗੇ ਨੂੰ ਏਨ੍ਹਾਂ ਦੇ ਨਾ ਕਦੇ ਵਿਆਹ-ਸ਼ਾਦੀ `ਤੇ ਜਾਣਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਮੁੜ ਸੱਦਣਾ ਹੈ। ਜਦੋਂ ਮੇਰੇ ਜਿਹੇ ਛਟਾਂਕੀਆਂ ਖਾਣ ਵਾਲੇ ਓਸ ਕੁਲ ਵਿਚ ‘ਚੰਨ-ਚਰਾਗ’ ਪ੍ਰਗਟ ਹੋਏ, ਫਿਰ ਜਾ ਕੇ ਦੋ ਪੀੜ੍ਹੀਆਂ ਦੀ ਟੁੱਟੀ ਗੰਢੀ ਗਈ।
ਖਾਣ-ਪੀਣ ਦੇ ਪੱਖ ਨਾਲੋਂ ਵੱਧ ਪ੍ਰਸਿੱਧੀ, ਉਨ੍ਹਾਂ ਦੇ ਜ਼ੋਰਾਵਰੀ ਦੇ ਸਾਕਿਆਂ ਦੀ ਵੀ ਸੀ। ਲੋਕ ਗੱਲਾਂ ਸੁਣਾਉਂਦੇ ਹਨ: ਪੁਰਾਣੇ ਜ਼ਮਾਨੇ ਵਿਚ ਪਹਿਲਵਾਨ, ਢੋਲ ਵਾਲੇ ਨੂੰ ਨਾਲ ਲੈ ਕੇ ਦਿੱਗਵਿਜੈ ਦਾ ਝੰਡਾ ਫੜ ਕੇ ਚੜ੍ਹਦੇ ਹੁੰਦੇ। ਇਕ ਪਿੰਡ ਫਤਿਹ ਕਰਨਾ, ਦੂਜੇ ਪਿੰਡ ਉਤੇ ਚੜ੍ਹਾਈ ਕਰ ਦੇਣੀ। ਨਾਲ ਮੁੰਡੀਹਰ ‘ਤੇ ਉਨ੍ਹਾਂ ਦੇ ਕਈ ਪੱਠੇ ਮੁਫਤ ਦੀਆਂ ਨਿਹਾਰੀਆਂ ਖਾ ਖਾ ਕੇ ਚਾਂਭਲੇ ਫਿਰਦੇ। ਜਿਸ ਪਿੰਡ ਪੁੱਜਦੇ, ਪਿੰਡ ਦੇ ਲੋਕਾਂ ਲਈ ਪਹਿਲਵਾਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ। ਉਹ ਸਵਾਗਤ ਪਿੱਛੋਂ ਸਭਾ ਵਿਚ ਝੰਡਾ ਗੱਡ ਦਿੰਦੇ, ਵਈ ਜੇ ਕੋਈ ਬੰਦਾ ਏਥੇ ਜ਼ੋਰ ਵਾਲਾ ਰਹਿੰਦਾ ਹੈ ਤਾਂ ਸਾਡੇ ਨਾਲ ਘੁਲ ਲਵੇ।
ਇਸ ਤਰ੍ਹਾਂ ਦਾ ਇਕ ‘ਜੰਗਲ-ਬਰਨਾਲੇ’ ਵੱਲ ਦਾ ਭੂਸਰਿਆ ਹੋਇਆ ਪਹਿਲਵਾਨ ਆਪਣੀ ‘ਬਿਜੇਪਤਾਕਾ’ ਲਹਿਰਾਉਂਦਾ ਸਾਡੇ ਪਿੰਡ ਵੀ ਆ ਗੱਜਿਆ। ਪਿੰਡ ਦਾ ਚੌਧਰੀ ਚੜ੍ਹਤ ਸਿੰਘ ਉਸ ਦੇ ਸੁਆਗਤ ਲਈ ਗਿਆ। ਇਕ ਸਬਾਤ ਵਿਚ ਉਸ ਦਾ ਉਤਾਰਾ ਕਰਵਾਇਆ ਗਿਆ। ਸਾਡਾ ਛੋਟਾ ਜਿਹਾ ਪਿੰਡ ਦੇਖ ਕੇ ਪਹਿਲਵਾਨ ਹੋਰ ਹੰਕਾਰ ਗਿਆ। ਉਹ ਬਿੰਦੇ ਝੱਟੇ ਆਖੇ ‘ਇਥੇ ਦਾ ਤਾਂ ਕਦੇ ਕੋਈ ਪਹਿਲਵਾਨ ਸੁਣਿਆ ਈ ਨਹੀਂ। ਤੁਸੀਂ ਪੱਕੀ ਰਸਤ ਸਾਡੇ ਹਵਾਲੇ ਕਰੋ, ਅਸੀਂ ਅਗਲੇ ਪਿੰਡ ਜਾਈਏ।’ ਪਿੰਡ ਦਾ ਚੌਧਰੀ ਸਿਆਣਾ ਸੀ, ਉਸ ਨੇ ਕਿਹਾ, ‘ਰਸਤ ਨੂੰ ਕਿਹੜਾ ਜੀ ਅਸੀਂ ਕੋਈ ਨਾਂਹ ਨੁਕਰ ਕਰਨੀ ਏ, ਅਸੀਂ ਕਿਸੇ ਚੀਜ਼ ਤੋਂ ਨਾਬਰ ਨਹੀਂ। ਚੰਗੇ ਭਾਗਾਂ ਨੂੰ ਪਿੰਡ ਵਿਚ ਮਸਾਂ ਮਸਾਂ ਭਲਵਾਨ ਦੇ ਚਰਨ ਪਏ ਨੇ-ਇਕ ਰਾਤ ਤਾਂ ਕੱਟੋ, ਹੁਣੇ ਖਾਣ ਪੀਣ ਜੋਗੀ ਰਸਤ ਬਸਤ ਭੇਜ ਦਿੰਦੇ ਹਾਂ, ਦਿਨ ਚੜ੍ਹਦੇ ਨੂੰ ਰਹਿੰਦੀ ਗੱਲ ਨਜਿੱਠ ਲਵਾਂਗੇ।’
ਉਸ ਜ਼ਮਾਨੇ ਵਿਚ ਪਹਿਲਵਾਨਾਂ ਨੂੰ ਪਿੰਡ ਦੇ ਲੋਕ ਘਰ ਘਰ ਵਿਚੋਂ ਘਿਓ ਇਕੱਠਾ ਕਰ ਕੇ ਦਿੰਦੇ ਹੁੰਦੇ, ਗੁੜ ਤੇ ਕੱਪੜਿਆਂ ਦੇ ਥਾਨਾਂ ਦੀਆਂ ਪੰਡਾਂ ਬੰਨ੍ਹ ਦਿੰਦੇ। ਸਰਦੀ ਪੁਜਦੀ ਨਗਦੀ ਵੀ ਪੀਰਾਂ ਫਕੀਰਾਂ ਵਾਂਗ ਚੜ੍ਹਾਈ ਜਾਂਦੀ ਸੀ। ਇਹ ਪਹਿਲਵਾਨ ਪਿਛਲੇ ਪਿੰਡਾਂ ਤੋਂ ਕਾਫੀ ਸਮੱਗਰੀ, ਘਿਉ ਤੇ ਕਈ ਤਰ੍ਹਾਂ ਦੇ ਮੇਵੇ ਬਦਾਮ ਆਦਿ ਤੇ ਹੋਰ ਗੁੜ-ਗੰਡੂ, ਪੂਰੇ ਗੱਡੇ ਦਾ ਲੱਦ ਇਕੱਠਾ ਕਰੀ, ਨਾਲੋ ਨਾਲ ਚੁੱਕੀ ਫਿਰਦਾ ਸੀ। ਉਪਰੋਂ ਫਸਲਾਂ ਨੂੰ ਔੜ ਲੱਗਣ ਕਾਰਨ ਪਾਣੀ ਖੁਣੋਂ ਅੰਨ ਦਾ ਕਾਲ ਪਿਆ ਹੋਇਆ ਸੀ। ਮੀਂਹ ਨਾ ਵਰ੍ਹਨ ਕਰਕੇ ਕਹਿਤ ਪੈਣ ਕਾਰਨ ਏਧਰ ਖਾਣ ਨੂੰ ਦਲੀਆ ਨਾ ਜੁੜੇ, ਪਹਿਲਵਾਨ ਨੇ ਆ ਕੇ ਪੱਕੀ ਰਸਤ ਦੀ ਨਵੀਂ ਚੱਟੀ ਲਗਾ ਦਿੱਤੀ। ਪੱਕੀ ਰਸਤ, ਘੱਟੋ ਘੱਟ ਧੜੀ ਘਿਓ, ਏਨੀ ਹੀ ਬੂਰਾ ਖੰਡ, ਬਦਾਮ ਤੇ ਹੋਰ ਸੀਧਾ-ਬਾਧਾ, ਤਕੜਾ ਬੰਧੇਜ ਹੁੰਦਾ ਸੀ। ਰਸਤ ਤਾਂ ਦੇਣੀ ਏਨੀ ਔਖੀ ਸ਼ਾਇਦ ਕਿਸੇ ਕਾਲ ਵੇਲੇ ਵੀ ਨਾ ਮੰਨੀ ਜਾਂਦੀ, ਪਰ ਪਿੰਡ ਦੀ ਹੱਤਕ ਬਹੁਤ ਬੁਰੀ ਲੱਗੀ। ਪਹਿਲਵਾਨਾਂ ਦੇ ਜਥੇ ਨੂੰ ਰਾਤ ਨੂੰ ਰਸਤ ਦੇ ਕੇ ਚੌਧਰੀ ਚੜ੍ਹਤ ਸਿੰਘ ਬਾਬੇ ‘ਪੁਨੂੰ’ ਕੋਲ ਆਇਆ। ਪਿੰਡ ਦੇ ਚੌਧਰੀ ਨੂੰ ਘਰੇ ਆਇਆ ਦੇਖ ਕੇ ਬੈਠਣ ਲਈ ਪੀੜ੍ਹੀ ਦਿੱਤੀ ਤੇ ਪੁੱਛਿਆ, ‘ਚੌਧਰੀ ਅੱਜ ਕੁਵੇਲੇ ਕਿਵੇਂ ਆਉਣਾ ਹੋਇਆ?’ ਚੌਧਰੀ ਨੇ ਸਾਰੀ ਗੱਲ ਸੁਣਾਈ, ਨਾਲ ਈ ਪਿੰਡ ਦੀ ਇੱਜ਼ਤ ਦਾ ਵਾਸਤਾ ਪਾ ਕੇ ਕਿਹਾ, ‘ਬਾਬਾ! ਇਸ ਵੇਲੇ ਤੂੰ ਹੀ ਪਿੰਡ ਦੀ ਲਾਜ ਰੱਖ ਸਕਦਾ ਹੈਂ। ਬੱਸ ਮੈਨੂੰ ਇਕ ਵਾਰੀ ਹਾਂ ਕਰ ਦੇ।’ ਚੌਧਰੀ ਨੂੰ ਬਾਬੇ ਦੀ ਤਾਕਤ ਦਾ ਪਤਾ ਸੀ ਵਈ ਉਹ ਕਈ ਪਹਿਲਵਾਨਾਂ ਨਾਲੋਂ ਵੱਧ ਤਾਕਤਵਰ ਹੈ। ਇਸ ਲਈ ਉਸ ਨੇ ‘ਹਾਂ’ ਦੀ ਹੀ ਮੰਗ ਕੀਤੀ।
ਸੋਚ ਸੋਚ ਕੇ ਪੁਨੂੰ ਬਾਬੇ ਨੇ ਕਿਹਾ, ਚੌਧਰੀ ਦਾ ਕਹਿਣਾ ਮੋੜਨਾ ਵੀ ਔਖਾ ਹੈ, ਹੰਮਾ ਕਰ ਕੇ ਆਇਆ ਹੈ, ਉਤੋਂ ਲਵੇਰੀਆਂ ਦੇ ਦੁੱਧ ਤਾਂ ਇਕ ਪਾਸੇ, ਰੁੱਖ ਵੀ ਸੁੱਕ ਗਏ ਨੇ, ਖਾਣ ਪੀਣ ਨੂੰ ਚੱਜ ਹਾਲ ਦੀ ਰੋਟੀ ਵੀ ਨਹੀਂ ਜੁੜਦੀ, ‘ਦੇਖੀਂ ਚੌਧਰੀ ਕਿਤੇ ਸੁੱਕ ਹੱਡੀਂ ਮਰਵਾ ਦੇਵੇਂ!’ ਬਾਬੇ ਨੇ ਨੀਮ ਰਜ਼ਾਮੰਦੀ ਪ੍ਰਗਟ ਕਰਦਿਆਂ ਕਿਹਾ।
ਚੌਧਰੀ ਨੇ ਕਿਹਾ, ‘ਬਾਬਾ ਤੂੰ ਫਿਕਰ ਨਾ ਕਰ, ਮੈਂ ਇਕ ਦੋ ਦਿਨ ਤੈਨੂੰ ਤਿਉੜ ਕਰਕੇ ਮੋਠ-ਬਾਜਰੇ ਦੀ ਰੱਜਵੀਂ ਖਿੱਚੜੀ ਭੇਜਦਾ ਰਹੂੰਗਾ, ਤੂੰ ਜ਼ਰਾ ਆਸ ਬਨ੍ਹਾ, ਆਪਾਂ ਤੋਂ ਪਿੰਡ ਦੀ ਹੀਣਤਾ ਨਹੀਂ ਝੱਲੀ ਜਾਂਦੀ।’ ਇਹ ਕਹਿ ਕੇ ਚੌਧਰੀ ਨੇ ਬਾਬੇ ਦੀ ਬੀਰਤਾ ਟੁੰਬ ਜਗਾਈ।
ਦੂਜੇ ਦਿਨ ਚੌਧਰੀ ਨੇ ਪਹਿਲਵਾਨ ਨੂੰ ਆਖ ਦਿੱਤਾ, ‘ਜੀ! ਅਸੀਂ ਪੱਕੀ ਰਸਤ ਦੇਣ ਦੀ ਥਾਂ ਜਿੱਦਣ ਕਹੋ ਦੋ ਹੱਥ ਈ ਕਰ ਕੇ ਦੇਖਾਂਗੇ। ਪਿੰਡ ਦੀ ਇਸ ਤਰ੍ਹਾਂ ਦੀ ਹਲੱਤਣ ਲੋਕ ਕਹਿੰਦੇ ਨੇ-ਜੀ ਸਾਥੋਂ ਝੱਲੀ ਨਹੀਂ ਜਾਂਦੀ।’ ਦਿਨ ਬੰਨ੍ਹਿਆ ਗਿਆ, ਆਸ-ਪਾਸ ਦੇ ਪਿੰਡ ਟੁੱਟ ਕੇ ਤਮਾਸ਼ਾ ਵੇਖਣ ਆ ਗਏ। ਬਹੁਤ ਹੈਰਾਨੀ ਇਹ, ਟਿੱਡੇ ਜਿੱਡਾ ਪਿੰਡ, ਏਥੇ ਨਾਮੀ ਪਹਿਲਵਾਨ ਨਾਲ ਕਿਹੜਾ ਲੋਹਾ ਲੈਣ ਵਾਲਾ ਜੰਮ ਪਿਆ ਹੈ। ਚਲੋ ਦੇਖੀਏ ਤਾਂ ਸਹੀ।
ਢੋਲ ਵੱਜਿਆ, ਛਿੰਝ ਮਘ ਗਈ, ਪਹਿਲਵਾਨ ਦਾ ਨਿਹਾਰੀਆਂ ਖਾ ਖਾ ਗੁਨ੍ਹਿਆ ਸਰੀਰ ਤੇ ਨਿੱਤ ਦਾ ਕਰਤਬੀ ਜੁੱਸਾ ਦੇਖ ਕੇ ਸਾਰੇ ਲੋਕ ਹੈਰਾਨ, ਵਈ ਏਸ ਚੁਸਤ ਜੁਆਨ ਨਾਲ ਕੌਣ ਘੁਲੇਗਾ? ਬਾਬਾ ਪੁਨੂੰ ਅਖਾੜੇ ਦੇ ਇਕ ਪਾਸੇ ਖੇਸ ਦੀ ਬੁੱਕਲ ਮਾਰੀ ਬੈਠਾ ਸੀ। ਪਹਿਲਵਾਨ ਅਖਾੜੇ ਵਿਚ ਗੇੜੇ ਮਾਰ ਮਾਰ ਕੇ ਰੋਹਬ ਪਾਉਂਦਾ ਤੇ ਆਪਣੇ ਸਰੀਰ ਦੇ ਸੋਹਣੇ ਅੰਗ ਚਟਕਾਉਂਦਾ, ਮਟਕਾਉਂਦਾ, ਦਿਖਾਉਂਦਾ ਫਿਰਦਾ ਸੀ। ਜਦੋਂ ਅਖਾੜਾ ਜੰਮ ਗਿਆ, ਚੌਧਰੀ ਚੜ੍ਹਤ ਸਿੰਘ ਬਾਬੇ ਪੁਨੂੰ ਕੋਲ ਆਇਆ। ਮੱਥਾ ਟੇਕ ਕੇ ਕਿਹਾ, ‘ਬਾਬਾ, ਰੱਖ ਲੈ ਪਿੰਡ ਦੀ ਪੱਤ, ਰੱਬ ਤੇਰੇ ਵਿਚ ਸਤ ਪਾਵੇ।’ ਬਾਬੇ ਨੇ ਖੇਸ ਲਾਹ ਕੇ ਅਖਾੜੇ ਵਿਚ ਛਾਲ ਮਾਰ ਦਿੱਤੀ। ਕਿਥੇ ਨਾਗ ਵਾਂਗ ਲਿਸ਼ਕਦੇ ਜਿਸਮ ਵਾਲਾ ਪਹਿਲਵਾਨ ਦਾ ਜੁੱਸਾ, ਕਿਥੇ ਬਾਬਾ ਪੁਨੂੰ ਦਾ ਖੱਦਰ ਦਾ ਸਾਦਾ ਖੁਰਦਰਾ ਪਿੰਡਾ, ਜਿਸ ਦੇ ਪਿੰਡੇ ਨੂੰ ਤੇਲ ਦੀ ਤਿੱਪ ਵੀ ਨਹੀਂ ਛੋਹੀ ਹੋਈ ਸੀ। ਪਹਿਲਾਂ ਤਾਂ ਬਾਬੇ ਪੁਨੂੰ ਨੂੰ ਦੇਖ ਕੇ ਪਹਿਲਵਾਨ ਖਿੜ ਖਿੜਾ ਕੇ ਹੱਸਿਆ। ਫਿਰ ਰਹਿਮ ਦੇ ਘਰ ਆ ਕੇ ਬੋਲਿਆ, ‘ਕਿਉਂ ਵਿਚਾਰੇ ਕਬੀਲਦਾਰ ਬੰਦੇ ਨੂੰ ਮਰਵਾਉਣ ਲੱਗੇ ਓ, ਕਿਸੇ ਪਹਿਲਵਾਨ ਨੂੰ ਕੱਢੋ ਜੇ ਦੋ ਹੱਥ ਕਰਨੇ ਈ ਹਨ।’
ਬਾਬੇ ਪੁਨੂੰ ਨੇ ਧੀਰਜ ਨਾਲ ਕਿਹਾ, ‘ਕੋਈ ਨਾ ਭਾਈ, ਪਹਿਲਵਾਨ ਕਦੇ ਫੇਰ ਕੱਢਾਂਗੇ, ਪਹਿਲਾਂ ਤੂੰ ਮੇਰੇ ਜਿਹੇ ਅੱਖੜ ਬੰਦੇ ਨਾਲ ਈ ਦੋ ਹੱਥ ਕਰ ਕੇ ਦੇਖ ਲੈ।’ ਇਕ ਦੋ ਅਰੰਭਕ ਹੱਥ ਕਰਨ ਪਿੱਛੋਂ, ਬਾਬੇ ਪੁਨੂੰ ਨੇ ਪਹਿਲਵਾਨ ਦੀ ਠੋਡੀ ਹੇਠਾਂ ਕੂਹਣੀ ਦਾ ਹੋੜਾ ਦੇ ਕੇ, ਮਗਰੋਂ ਗਰਦਨ ਵੱਲੋਂ ਵਲੇਵੇਂ ਨਾਲ ਉਤਾਂਹ ਨੂੰ ਉਗੀਸ ਕੇ ਪਹਿਲਵਾਨ ਨੂੰ ਧਰਤੀ ਤੋਂ ਬਾਹਾਂ ਉਪਰ, ਉੱਤੇ ਵੱਲ ਨੂੰ ਅਜਿਹਾ ਚੁੱਕਿਆ ਕਿ ਉਸ ਦੇ ਪੈਰ ਧਰਤੀ ਨਾਲੋਂ ਉੱਚੇ ਹੋ ਗਏ। ਸਾਰਾ ਭਾਰ ਠੋਡੀ ਤੇ ਗਰਦਨ ਉੱਤੇ ਆ ਪਿਆ। ਥੋੜ੍ਹੇ ਚਿਰ ਪਿੱਛੋਂ ਜਦੋਂ ਉਸ ਦੇ ਅੱਖਾਂ ਦੇ ਆਨੇ ਬਾਹਰ ਆਉਣ ਲੱਗੇ, ਸਿਰ ਚਕਰਾਇਆ ਤਾਂ ਲੱਗਾ ਘੋਰੜੂ ਵੱਜਣ। ਪਹਿਲਵਾਨ ਸਾਹਿਬ ਦੇ ਸੰਗੀ-ਸਾਥੀ ਲੱਗੇ ਡੌਰ ਭੌਰ ਹੋ ਕੇ ਦੇਖਣ। ਮਸਾਂ ਮਸਾਂ ਇਸ਼ਾਰਿਆਂ ਨਾਲ ਜਾਨ ਬਖਸ਼ਾਉਣ ਦੇ ਵਾਸਤੇ ਪਾ ਕੇ ਪਹਿਲਵਾਨ ਨੇ ਖਹਿੜਾ ਛੁਡਾਇਆ। ਬਾਬੇ ਪੁਨੂੰ ਨੇ ਲੋਕਾਂ ਨੂੰ ਕਿਹਾ, ‘ਦੇਖੋ ਭਾਈ ਅਸੀਂ ਅਜੇ ਘੁਲੇ ਨਹੀਂ, ਏਸ ਪਹਿਲਵਾਨ ਨੂੰ ਕਹੋ ਜਿੰਨਾ ਚਿਰ ਇਕ ਜਣਾ ਪੁੱਠਾ ਸਿੱਧਾ ਨਹੀਂ ਹੋ ਜਾਂਦਾ, ਉਤਨਾ ਚਿਰ ਕੁਸ਼ਤੀ ਪੂਰੀ ਨਹੀਂ ਹੁੰਦੀ।’ ਲੋਕ ਉਸ ਪਹਿਲਵਾਨ ਨੂੰ ਘੇਰ ਕੇ ਅਖਾੜੇ ਵੱਲ ਖਿੱਚਣ ਤੇ ਉਹ ਉਥੋਂ ਭੱਜਣ ਦੇ ਰਾਹ ਲੱਭੇ। ਆਖਰ ਦਿਨ ਛਿਪਦੇ ਤੋਂ ਪਹਿਲਾਂ ਆਪਣਾ ਲੁੰਗ-ਲਾਣਾ ਉਥੇ ਹੀ ਛੱਡ ਕੇ ਪੱਤਰਾ ਵਾਚ ਗਿਆ। ‘ਬਾਬੇ ਪੁਨੂੰ ਦੀ ਜੈ’ ਦੀ ਧੁਨੀ ਲੋਕਾਂ ਦੇ ਦਿਲਾਂ ਅੰਦਰ ਕਈ ਵਰ੍ਹੇ ਗੂੰਜਦੀ ਰਹੀ।
ਇਕੱਲੇ ਬਾਬਿਆਂ ਦੀਆਂ ਗੱਲਾਂ ਹੀ ਨਹੀਂ, ਉਨ੍ਹਾਂ ਦੀਆਂ ਭੈਣਾਂ ਵੀ ਅਜਿਹੀਆਂ ਸਨ। ਕਹਿੰਦੇ, ਇਕ ਵਾਰ ਅਸਾਡੇ ਘਰ ਦੇ ਸਾਰੇ ਜੀਅ ਜਦੋਂ ਬਾਹਰ ਜੁਆਰ ਦੇ ਸਿੱਟੇ ਡੁੰਗਦੇ ਸੀ, ਉਨ੍ਹਾਂ ਦੀ ਛੋਟੀ ਭੈਣ ਰੋਟੀ ਲੈ ਕੇ ਗਈ, ਆਉਂਦੀ ਹੋਈ ਡੁੰਗੇ ਹੋਏ ਸਾਰੇ ਸਿੱਟਿਆਂ ਦੀ ਪੰਡ ਬੰਨ੍ਹ ਲਿਆਈ। ਜਦੋਂ ਸਿੱਟੇ ਕੁੱਟ ਕੇ ਸਾਰੀ ਜੁਆਰ ਜੋਖੀ ਤਾਂ ਪੰਜ ਮਣ ਕੱਚੀ ਹੋਈ। ਬਾਕੀ ਨਿੱਕ ਸੁੱਕ ਅਣਜੋਖਿਆ ਈ ਪਰ੍ਹੇ ਸੁੱਟ ਦਿੱਤਾ।
ਇਹ ਭੀ ਕਥਾ ਹੈ: ਬਾਬਿਆਂ ਦੀ ਇਕ ਭੈਣ ਚੜਿੱਕ ਵਿਆਹੀ ਹੋਈ ਸੀ। ਪਹਿਲਾਂ ਪਹਿਲ ਸਹੁਰੇ ਗਈ ਤਾਂ ਸ਼ਾਮ ਨੂੰ ਬਾਹਰ ਜਾਣ ਵੇਲੇ ਰਾਹ ਵਿਚ ਇਕ ਪਹਿਲਵਾਨ ਮੁਗਦਰ ਚੁੱਕਦਾ ਵੇਖਿਆ। ਵਾਪਸ ਘਰ ਆਉਣ ਵੇਲੇ ਅਖਾੜਾ ਵਿਛੜ ਚੁੱਕਾ ਸੀ। ਬਾਬਿਆਂ ਦੀ ਭੈਣ ਨੇ ਆਪਣੀ ਸੱਸ ਨੂੰ ਪੁੱਛਿਆ, ‘ਅੰਮਾ! ਮੁੰਡੇ ਜਿਹੇ ਏਥੇ ਖੜ੍ਹੇ ਕੀ ਕਰਦੇ ਸਨ?’
‘ਧੀਏ ਇਹ ਮੁਗਦਰ ਚੁੱਕਦੇ ਸੀ। ਪਿੰਡ ਦਾ ਇਕ ਪਹਿਲਵਾਨ ਬੜਾ ਨਰੋਆ ਹੈ, ਉਸ ਬਿਨਾ ਹੋਰ ਕੋਈ ਨੇੜੇ ਦੇ ਪਿੰਡ ਵਿਚ ਮੁਗਦਰ ਨਹੀਂ ਚੁੱਕ ਸਕਦਾ, ਬਾਕੀ ਲੋਕ ਦੂਰੋਂ ਨੇੜਿਓਂ ਉਸ ਨੂੰ ਦੇਖਣ ਆਏ ਹੋਏ ਸੀ। ਸਾਹਮਣੇ ਮੁਗਦਰ ਪਿਆ ਸੀ। ‘ਅੰਮਾ ਏਸ ਨੂੰ ਮੁਗਦਰ ਆਖਦੇ ਹਨ’, ਆਖ ਕੇ ਜਿਉਂ ਚੁੱਕਿਆ, ਨਾਲ ਲੱਗਦੇ ਇਕ ਖੋਲੇ ਵਿਚ ਵਗਾਹ ਸੁੱਟਿਆ।
ਦਿਨ ਚੜ੍ਹਿਆ ਤਾਂ ਲੋਕ ਲੱਗੇ ਮੁਗਦਰ ਦੀ ਭਾਲ ਕਰਨ। ਆਖਰ ਨਾਲ ਦੇ ਖੋਲੇ ਵਿਚੋਂ ਪਿਆ ਮਿਲ ਗਿਆ, ਜਿਵੇਂ ਕਿਸੇ ਨੇ ਰਾਹ ਵਿਚਲਾ ਅੜਿੱਕਾ ਦੂਰ ਕਰਨ ਲਈ ਇਕ ਰੋੜਾ ਪਰੇ ਵਗਾਹ ਸੁੱਟਿਆ ਹੋਵੇ! ਇਸ ਤਰ੍ਹਾਂ ਹੋਰ ਥਾਂਵੇਂ ਮੁਗਦਰ ਪਿਆ ਦੇਖਿਆ ਤਾਂ ਚਾਰ ਪੰਜ ਜਣੇ ਰੇੜ੍ਹ ਕੇ ਮੁੜ ਉਥੇ ਲੈ ਗਏ। ਪਹਿਲਵਾਨ ਨੂੰ ਪਤਾ ਲੱਗਿਆਂ ਤਾਂ ਉਹ ਭਮੱਤਰ ਗਿਆ ਵਈ ਮੇਰੇ ਬਿਨਾ ਏਸ ਮੁਗਦਰ ਨੂੰ ਹਿਲਾਉਣ ਵਾਲਾ ਏਥੇ ਕੌਣ ਆ ਗਿਆ ਹੈ?
ਦੂਜੇ ਦਿਨ ਫੇਰ ਸ਼ਾਮ ਨੂੰ ਜਦ ਤੀਵੀਆਂ ਬਾਹਰ ਗਈਆਂ ਤਾਂ ਮੁਗਦਰ ਉਥੇ ਹੀ ਪਿਆ ਦੇਖ ਕੇ ‘ਇਹ ਜਾਏ ਖਾਣਾ ਫੇਰ ਰਾਹ `ਚ ਪਿਆ ਹੈ’ ਆਖਦਿਆਂ ਬਾਬਿਆਂ ਦੀ ਭੈਣ ਨੇ ਏਨੇ ਜ਼ੋਰ ਨਾਲ ਵਗਾਹਿਆ ਕਿ ਅਗਲੇ ਖੋਲੇ ਦੀ ਕੰਧ ਢਹਿ ਗਈ। ਲੋਕਾਂ ਨੂੰ ਪਤਾ ਲੱਗ ਗਿਆ, ਪਹਿਲਵਾਨ ਦੀ ਖਾਨਿਉਂ ਗਈ। ਦੂਜੇ ਦਿਨ ਥਾਲੀ ਵਿਚ 101 ਰੁਪਏ, ਸੁੱਚਾ ਤਿੱਲੇ ਵਾਲਾ ਤਿਓਰ ਲੈ ਕੇ ਪਹਿਲਵਾਨ ਆਇਆ ਤੇ ਬਾਬਿਆਂ ਦੀ ਭੈਣ ਨੂੰ ਨਜ਼ਰਾਨਾ ਪੇਸ਼ ਕਰਕੇ ਕਿਹਾ, ‘ਚਾਚੀ ਤੂੰ ਮੇਰੀ ਧਰਮ ਦੀ ਭੈਣ ਹੋਈ, ਧੰਨ ਤੂੰ ਧੰਨ ਤੇਰੇ ਜਣਦੇ, ਮੈਂ ਤਾਂ ਬੱਸ ਦਰਸ਼ਨਾਂ ਲਈ ਆਇਆ ਹਾਂ ਵਈ ਅਜਿਹੀ ਸ਼ਕਤੀ ਵਾਲੀ ਦੇਵੀ ਸ਼ਕਤੀ ਏਥੇ ਕੌਣ ਹੈ? ਮੈਂ ਅੱਜ ਤੋਂ ਪਹਿਲਵਾਨੀ ਛੱਡੀ।’ ਕਹਿੰਦੇ ਜੀ ਜਿਤਨਾ ਚਿਰ ਪਹਿਲਵਾਨ ਜਿਊਂਦਾ ਰਿਹਾ, ਹਰ ਇਕ ਤਿੱਥ ਤਿਉਹਾਰ ਉਤੇ ਬਾਬਿਆਂ ਦੀ ਭੈਣ ਨੂੰ ਤਿਓਰ ਤੇ ਕੱਪੜੇ ਲੀੜੇ ਚੜ੍ਹਾਉਂਦਾ ਰਿਹਾ।
ਬਾਬਿਆਂ ਦੀ ਉਸ ਭੈਣ ਨੇ ਦੋ ਪੁੱਤ ਜਨਮੇ। ਕਹਿੰਦੇ ਦੁੱਧ ਰਿੜਕਣ ਵੇਲੇ ਉਹ ਦੋਹਾਂ ਨੂੰ ਕੋਲੇ ਸੱਦ ਲੈਂਦੀ ਤੇ ਜੋ ਮਖਣੀ ਨਿਕਲਦੀ, ਅੱਧੋ-ਅੱਧ ਵੰਡ ਕੇ ਖਵਾਉਂਦੀ। ਫੇਰ ਦੌੜਾਉਂਦੀ, ਨਸਾਉਂਦੀ ਤੇ ਜ਼ੋਰ ਕਰਾਉਂਦੀ। ਉਨ੍ਹਾਂ ਵਿਚੋਂ ਵੱਡਾ, ਮੰਗਲ ਸਿੰਘ ਨਾਮੀ ਪਹਿਲਵਾਨ ਹੋਇਆ। ਉਹ ਆਪਣੇ ਮਾਮਿਆਂ ਨੂੰ ਮਿਲਣ ਲਈ ਮੇਰੇ ਪਿੰਡ ਆਇਆ। ਲੋਕਾਂ ਨੇ ਇਕ ਮਹੀਨੇ ਲਈ ਘੁਲਣ ਵਾਸਤੇ ਰੱਖ ਲਿਆ। ੳਹ ਸਵਾ ਸਵਾ ਮਣ ਦੀਆਂ ਮੂੰਗਲੀਆਂ ਫੇਰਿਆ ਕਰਦਾ ਸੀ। ਮਹੀਨਾ ਭਰ ਮੂੰਗਲੀਆਂ ਫੇਰਦਾ ਰਿਹਾ, ਸਾਰਾ ਪਿੰਡ ਦੇਖਣ ਜਾਂਦਾ, ਬਾਹਰੋਂ ਵੀ ਲੋਕ ਦੇਖਣ ਆਉਂਦੇ, ਪਰ ਮੇਰੇ ਬਾਬੇ ਹੋਰੀਂ ਨਾ ਗਏ। ਇਕ ਦਿਨ ਚੌਧਰੀ ਨੇ ਕਿਹਾ, “ਬਾਬਾ! ਥੋਡਾ ਭਾਣਜਾ ਆਇਆ ਹੋਇਐ, ਕਿਸੇ ਦਿਨ ਉਹਦਾ ਕਰਤਬ ਦੇਖ ਕੇ ਹੌਸਲਾ ਅਫਜ਼ਾਈ ਤਾਂ ਕਰ ਆਵੋ।”
ਬਾਬੇ ਨੇ ਕਿਹਾ, ‘ਐਵੇਂ ਕਿਧਰੇ ਨਮੋਸ਼ੀ ਨਾ ਦਵਾ ਦੇਵੇ, ਚੰਗਾ ਕਿਸੇ ਦਿਨ ਆ ਜਾਵਾਂਗੇ।’ ਅਗਲੇ ਦਿਨ ਜਦੋਂ ਬਾਬਾ ਗਿਆ ਤਾਂ ਉਸ ਪਹਿਲਵਾਨ ਭਾਣਜੇ ਦੇ ਮੂੰਹ `ਤੇ ਲਾਲੀਆਂ ਆ ਗਈਆਂ। ਉਸ ਨੇ ਕਿਹਾ, ‘20-25 ਸੇਰ ਦੇ ਅੱਜ ਦੋ ਹੋਰ ਸੰਗਲ ਮੂੰਗਲੀਆਂ ਨੂੰ ਬੰਨ੍ਹ ਦੇਵੋ, ਮੇਰਾ ਮਾਮਾ ਵੀ ਦੇਖਣ ਆਇਆ ਹੈ। ਜਦੋਂ ਉਸ ਨੇ ਸੰਗਲ ਬੰਨ੍ਹ ਕੇ ਮੂੰਗਲੀਆਂ ਫੇਰੀਆਂ, ਮਾਮੇ ਨੇ ਆਪਣੇ ਭਾਣਜੇ ਨੂੰ ਭੱਜ ਕੇ ਕੁੱਛੜ ਵਿਚ ਲੈ ਲਿਆ, ‘ਪੁੱਤਰਾ ਤੂੰ ਲਾਜ ਰੱਖੇਂਗਾ ਸਾਡੀ’ ਆਖ ਕੇ ਇਕ ਚਾਂਦੀ ਦਾ ਡਬਲ ਰੁਪਈਆ ਦਿੱਤਾ ਅਤੇ ਧੜੀ ਘਿਉ ਦਾ ਤੌਲਾ ਤੇ ਕਿੰਨਾ ਕੁਝ ਹੋਰ। ਪਿੰਡ ਦੇ ਲੋਕਾਂ ਨੇ ਵੀ ਬੜਾ ਕੁਝ ਦਿੱਤਾ। ਮੇਰੇ ਪਿੰਡ, ਸਾਧਾਂ ਦੇ ਡੇਰੇ ਪਈਆਂ ਉਹ ਮੂੰਗਲੀਆਂ ਮੈਂ ਅੱਖੀਂ ਦੇਖੀਆਂ ਹਨ। ਇਹ ਕਥਾਵਾਂ ਮੈਂ ਸੁਣੀਆਂ ਹਨ, ਅੱਖੀਂ ਤੱਕੀਆਂ ਨਹੀਂ। ਆਪਣੇ ਵੱਡੇ ਵਡੇਰਿਆਂ ਦੀਆਂ ਗੱਲਾਂ ਸੁਣ ਕੇ ਕਈ ਵਾਰ ਖਿਆਲ ਆਉਂਦਾ, ਕਿਧਰੇ ਸਾਡੇ ਬਾਬੇ ਵੀ ਕੋਈ ਦਿਓ ਦਾਨੋ ਤਾਂ ਨਹੀਂ ਸਨ? ਪੁਰਾਣੇ ਪੰਜਾਬੀਆਂ ਦੇ ਲੋਕਾਂ ਦੇ ਬਲ ਦੀ ਹੰਢਾਈ ਹੋਈ ਏਨੀ ਪ੍ਰਮਾਣਿਕ ਤਸਵੀਰ ਕਿਵੇਂ ਛੁਪਾ ਕੇ ਰੱਖੀ ਜਾ ਸਕਦੀ ਸੀ? ਇਹ ਜ਼ਾਹਰ ਕਰਨੀ ਹੀ ਠੀਕ ਸਮਝੀ ਹੈ…।
ਜਿਵੇਂ ਗਿਆਨੀ ਜੀ ਨੇ ਖਾਧ ਖੁਰਾਕ ਤੇ ਕਸਰਤਾਂ ਦੀਆਂ ਗੱਲਾਂ ਦੱਸੀਆਂ, ਉਵੇਂ ਬਲਬੀਰ ਸਿੰਘ ਕੰਵਲ ਨੇ ਆਪਣੀ ਪੁਸਤਕ ‘ਭਾਰਤ ਦੇ ਪਹਿਲਵਾਨ’ ਵਿਚ ਖਲੀਫਿਆਂ ਤੇ ਉਸਤਾਦਾਂ ਕੋਲੋਂ ਪਹਿਲਵਾਨਾਂ ਬਾਰੇ ਸੁਣੀਆਂ ਕਥਾ ਕਹਾਣੀਆਂ, ਕਿੱਸਾਕਾਰਾਂ ਦੇ ਜੋੜੇ ਕਿੱਸਿਆਂ ਅਤੇ ਲੋਕ ਭਾਖਿਆ ਦੇ ਆਧਾਰ `ਤੇ ਹੈਰਾਨਕੁਨ ਗੱਲਾਂ ਲਿਖੀਆਂ। ਲਿਖਿਆ ਕਿ ਕੁਝ ਪਹਿਲਵਾਨ ਵੀਹ-ਵੀਹ ਸੇਰ ਮਾਸ ਦੀ ਯਖਣੀ, ਸਾਬਤਾ ਬੱਕਰਾ, ਧੜੀ ਵੀਹ ਸੇਰ ਦੁੱਧ ਤੇ ਸੇਰਾਂ ਦੇ ਸੇਰ ਘਿਓ ਖਾ ਪੀ ਜਾਂਦੇ ਸਨ। ਭਲਵਾਨਾਂ ਦੀਆਂ ਗੱਲਾਂ ਜਦੋਂ ਮੂੰਹੋਂ-ਮੂੰਹੀਂ ਅੱਗੇ ਤੁਰਦੀਆਂ ਹਨ ਤਾਂ ਸਮਾਂ ਪਾ ਕੇ ਅਤਿਕਥਨੀਆਂ ਹੋ ਜਾਣੀਆਂ ਸੁਭਾਵਿਕ ਹਨ। ਸੁਣਤੋ-ਸੁਣਤੀ ਬਹੁਤ ਸਾਰੀਆਂ ਗੱਲਾਂ ਵਧਾਅ ਚੜ੍ਹਾਅ ਕੇ ਹੋਣ ਲੱਗਦੀਆਂ ਹਨ, ਜੋ ਕਈ ਵਾਰ ਕਿਤਾਬੀ ਲਿਖਤਾਂ ਦਾ ਭਾਗ ਵੀ ਬਣ ਜਾਂਦੀਆਂ ਹਨ।
ਕੰਵਲ ਦੇ ਲਿਖਣ ਮੂਜਬ ਖਲੀਫਾ ਚਰਾਗ-ਉ-ਦੀਨ ਦੇਵ-ਏ-ਹਿੰਦ ਸਾਢੇ ਸੱਤ ਫੁੱਟਾ ਤੇ ਮੁਹੰਮਦ ਰਮਜ਼ਾਨ ‘ਰਮਜ਼ੀ’ ਅੱਠ ਫੁੱਟਾ ਭਲਵਾਨ ਸੀ। ਉਨ੍ਹਾਂ ਨੂੰ ਛਿੰਝਾਂ `ਤੇ ਲਿਜਾਂਦਿਆਂ ਤਕੜੀਆਂ ਘੋੜੀਆਂ ਦੀ ਵੀ ਬੱਸ ਹੋ ਜਾਂਦੀ ਸੀ। ਕਈ ਵਾਰ ਰਾਹ ਵਿਚ ਘੋੜੀਆਂ ਬਦਲਣੀਆਂ ਪੈਂਦੀਆਂ ਸਨ! ਰਮਜ਼ੀ ਦਾ ਭਾਰ ਭਾਵੇਂ ਇਕ ਅਖਬਾਰ ਨੇ 14 ਮਣ ਲਿਖਿਆ ਸੀ, ਪਰ ਜੋਖਣ ਉੱਤੇ ਉਹ 13 ਮਣ 13 ਸੇਰ 3 ਛਟਾਂਕਾਂ ਨਿਕਲਿਆ ਸੀ। ਉਹਦੀ ਛਾਤੀ ਦਾ ਘੇਰਾ 62 ਇੰਚ ਸੀ। ਉਹ ਰੋਜ਼ ਦੋ ਸੇਰ ਘਿਉ, ਦੋ ਸੇਰ ਮੱਖਣ, ਦੋ ਸੇਰ ਬਦਾਮ ਤੇ ਸੁੱਚੇ ਮੋਤੀਆਂ ਦੀ ਇਕ ਪੁੜੀ ਖਾਂਦਾ ਸੀ। ਉਤੋਂ ਤੀਹ ਸੇਰ ਮਾਸ ਦੀ ਯਖਣੀ ਪੀਂਦਾ ਸੀ। ਉਹਦਾ ਸਰਪ੍ਰਸਤ ਬੜੋਦੇ ਦਾ ਮਹਾਰਾਜਾ ਖਾਂਡੇ ਰਾਓ ਗਾਇਕਵਾੜ ਖੁਦ ਤਕੜਾ ਪਹਿਲਵਾਨ ਸੀ। ਜ਼ੋਰ ਕਰਦਿਆਂ ਇਕ ਵਾਰ ਉਹਦੀ ਰਮਜ਼ੀ ਪਹਿਲਵਾਨ ਨਾਲ ਸੱਚੀਓਂ ਕੁਸ਼ਤੀ ਹੋ ਗਈ। ਸਵਾ ਘੰਟਾ ਕੁਸ਼ਤੀ ਬਰਾਬਰ ਰਹਿਣ ਬਾਅਦ ਮਹਾਰਾਜਾ ਸਾਹਿਬ ਨੇ ਆਪਣੀ ਪੁਸ਼ਾਕ ਨਾਲ ਪਾਏ ਗਹਿਣੇ ਰਮਜ਼ੀ ਨੂੰ ਇਨਾਮ ਵਜੋਂ ਦੇ ਦਿੱਤੇ ਅਤੇ ਪਹਿਲਵਾਨ ਨੂੰ ਗੌਹਰ-ਉਲ-ਮੁਲਕ ਦਾ ਖਿਤਾਬ ਬਖਸਿ਼ਆ। ਉਸ ਨੂੰ ਦਹਿਰ-ਉੱਲ-ਮੁਲੱਕਬ ਵੀ ਕਿਹਾ ਜਾਂਦਾ ਸੀ। ਉਹ 1808 ਵਿਚ ਜੰਮਿਆ ਸੀ ਤੇ 1878 ਵਿਚ ਫੌਤ ਹੋਇਆ।
ਬਾਬਾ ਫਤਿਹ ਸਿੰਘ ਏਨਾ ਤਕੜਾ ਭਲਵਾਨ ਸੀ ਕਿ ਉਸ ਨੇ ਖੂਹ ‘ਚ ਡਿੱਗੀ ਡਾਚੀ ਲੱਜ ਪਾ ਕੇ ‘ਕੱਲੇ ਨੇ ਹੀ ਬਾਹਰ ਖਿੱਚ ਲਈ ਸੀ। ਸਦੀਕਾ ਅੰਬਰਸਰੀਆ ਵੀ ਕਹਿੰਦਾ ਕਹਾਉਂਦਾ ਪਹਿਲਵਾਨ ਸੀ। ਮਹਾਰਾਜਾ ਸ਼ੇਰ ਸਿੰਘ ਨੂੰ ਕੁਸ਼ਤੀਆਂ ਦਾ ਬੜਾ ਸ਼ੌਕ ਸੀ ਤੇ ਉਹ ਖੁਦ ਮੂੰਗਲੀਆਂ ਫੇਰਦਾ ਹੁੰਦਾ ਸੀ। ਜਿੱਦਣ ਸੰਧਾਵਾਲੀਆਂ ਨੇ ਨਵੀਂ ਬੰਦੂਕ ਤੋਹਫੇ ਵਜੋਂ ਭੇਟ ਕਰਦਿਆਂ ਸ਼ੇਰ ਸਿੰਘ ਦੇ ਗੋਲੀ ਮਾਰੀ, ਉੱਦਣ ਮਹਾਰਾਜਾ ਸ਼ਾਹ ਬਿਲਾਵਲ ਦੇ ਮਕਬਰੇ ਸਦੀਕੇ ਦਾ ਭੁਚਾਲ ਨਾਲ ਘੋਲ ਵੇਖ ਕੇ ਫੌਜ ਤੋਂ ਸਲਾਮੀ ਲੈ ਰਿਹਾ ਸੀ। ਸਦੀਕੇ ਬਾਰੇ ਕਿਹਾ ਜਾਂਦੈ ਕਿ ਉਹ ਮੌਰਾਂ ਉਤੇ ਝੋਟੇ ਨੂੰ ਚੁੱਕ ਕੇ ਇੱਕ ਮੀਲ ਤੁਰ ਸਕਦਾ ਸੀ। ਲਾਹੌਰ ਦੇ ਬੂਟੇ ਪਹਿਲਵਾਨ ਬਾਰੇ ਕਹਿੰਦੇ ਹਨ ਕਿ ਉਹਦੇ ਵਿਚ ਹਾਥੀ ਜਿੰਨਾ ਜ਼ੋਰ ਸੀ। ਉਸ ਨੂੰ ਕਿੱਕਰ ਸਿੰਘ ਨੇ ਉਸਤਾਦ ਧਾਰਿਆ ਸੀ। ਕਿੱਕਰ ਸਿੰਘ ਦਾ ਕੱਦ ਸੱਤ ਫੁੱਟ ਤੇ ਭਾਰ ਸਾਢੇ ਸੱਤ ਮਣ ਸੀ। ਉਹ ਗਲ ‘ਚ ਦੋ ਮਣ ਦਾ ਪੁੜ ਪਾ ਕੇ ਆਪਣੇ ਪਿੰਡ ਘਣੀਏਕੇ ਤੋਂ ਕਰਬਾਠ ਪਿੰਡ ਤਕ ਦੌੜਿਆ ਕਰਦਾ ਸੀ। ਪੁੜ ਨਾਲ ਉਹਦੀ ਧੌਣ ਉਤੇ ਕੰਨ੍ਹਾ ਪੈ ਗਿਆ ਸੀ…।
ਖੈਰ! ਇਹ ਬੀਤੇ ਦੀਆਂ ਗੱਲਾਂ ਹਨ ਅਤੇ ਸਾਡੇ ਖੇਡ ਸਭਿਆਚਾਰ ਦਾ ਅੰਗ ਰਹੀਆਂ ਹਨ।