ਹਾਈਕਮਾਨ ਨੇ ਕੈਪਟਨ ਸਿਰ ਲੱਦੀ ਸਮਾਂਬੱਧ ‘ਹੋਮ ਵਰਕ` ਦੀ ਪੰਡ

ਚੰਡੀਗੜ੍ਹ: ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਤਿਆਂ ‘ਤੇ ਅਧਾਰਿਤ ਏਜੰਡਾ ਦਿੱਤਾ ਹੈ। ਇਹੀ ਨਹੀਂ ਅਮਰਿੰਦਰ ਨੂੰ ਇਹ ਡੇਢ ਦਰਜਨ ਵਾਅਦੇ ਪੂਰੇ ਕਰਨ ਲਈ ਡੈੱਡਲਾਈਨ ਵੀ ਦਿੱਤੀ ਗਈ ਹੈ। ਮੁੱਖ ਮੰਤਰੀ ਖਿਲਾਫ ਬਾਗੀ ਸੁਰ ਰੱਖਣ ਵਾਲੇ ਵਜ਼ੀਰਾਂ ਅਤੇ ਵਿਧਾਇਕਾਂ ਨੇ ਪਹਿਲਾਂ ਖੜਗੇ ਕਮੇਟੀ ਅਤੇ ਪਿੱਛੋਂ ਰਾਹੁਲ ਗਾਂਧੀ ਕੋਲ ਕੁਝ ਨੁਕਤੇ ਰੱਖੇ ਸਨ, ਜਿਨ੍ਹਾਂ ਦੇ ਆਧਾਰ ‘ਤੇ ਇਹ 18 ਨੁਕਾਤੀ ਏਜੰਡਾ ਤਿਆਰ ਕਰਕੇ ਮੁੱਖ ਮੰਤਰੀ ਹੱਥ ਫੜਾਇਆ ਗਿਆ ਹੈ।

ਸਿਆਸੀ ਮਾਹਿਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਨ ਦੀ ਅੰਦਰੂਨੀ ਪਕੜ ਵਿਚ ਜਾਪਦੇ ਹਨ। ਮੁੱਖ ਮੰਤਰੀ ਨੂੰ ਸੌਂਪੇ 18 ਨੁਕਤਿਆਂ ਵਿਚ ਨਵਜੋਤ ਸਿੱਧੂ ਵੱਲੋਂ ਚੁੱਕੇ ਬਹੁਤੇ ਮਸਲੇ ਵੀ ਸ਼ਾਮਲ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਮੁੱਚੇ ਮਸਲੇ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਮਸ਼ਵਰਾ ਵੀ ਲਿਆ। ਉਸ ਮਗਰੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਇੰਦਰਬੀਰ ਬੁਲਾਰੀਆ ਵੀ ਮਿਲੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਸਮੁੱਚੀ ਤਸਵੀਰ ਨੂੰ ਵਾਚਣ ਮਗਰੋਂ ਆਪਣਾ ਮਨ ਬਣਾ ਲਿਆ ਹੈ। ਪਤਾ ਲੱਗਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 8 ਜੁਲਾਈ ਤੱਕ ਪੰਜਾਬ ਵਿਵਾਦ ਨੂੰ ਖਤਮ ਕਰ ਦੇਣਗੇ, ਜਿਸ ਲਈ ਹਾਈਕਮਾਨ ਨੇ ਫਾਰਮੂਲਾ ਤੈਅ ਕਰ ਰੱਖਿਆ ਹੈ। ਚੇਤੇ ਰਹੇ ਕਿ ਰਾਹੁਲ ਗਾਂਧੀ ਨੇ ਨਾਰਾਜ਼ ਵਿਧਾਇਕਾਂ ਤੇ ਵਜ਼ੀਰਾਂ ਨੂੰ ਮਿਲਣ ਦਾ ਅਮਲ ਸ਼ੁਰੂ ਕੀਤਾ ਸੀ। ਇਨ੍ਹਾਂ ਮੀਟਿੰਗਾਂ ਦੌਰਾਨ ਰਾਹੁਲ ਗਾਂਧੀ ਨੇ ਸਾਰੇ ਆਗੂਆਂ ਨੂੰ ਉਚੇਚੇ ਤੌਰ ‘ਤੇ ਪੁੱਛਿਆ ਕਿ ਅਗਲੀ ਚੋਣ ਵਿਚ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ।
ਕੈਪਟਨ ਅਮਰਿੰਦਰ ਬਾਰੇ ਵੀ ਰਾਇ ਜਾਣੀ ਗਈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਮਗਰੋਂ ਦੱਸਿਆ ਕਿ ਬਰਗਾੜੀ ਅਤੇ ਨਸ਼ਿਆਂ ਦੇ ਮੁੱਦੇ ਸਮੇਤ ਡੇਢ ਦਰਜਨ ਮੁੱਦਿਆਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਹੈ। ਰਾਵਤ ਨੇ ਉਚੇਚੇ ਤੌਰ ‘ਤੇ ਰੇਤ ਮਾਫੀਏ, ਟਰਾਂਸਪੋਰਟ ਮਾਫੀਆ ਤੇ ਬਿਜਲੀ ਸਮਝੌਤਿਆਂ ਦਾ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਜੋ ਬਾਕੀ ਬਚ ਗਏ ਹਨ, ਉਨ੍ਹਾਂ ਖਿਲਾਫ ਕਾਰਵਾਈ ਲਈ ਆਖਿਆ ਗਿਆ ਹੈ। ਰਾਵਤ ਨੇ ਦੱਸਿਆ ਕਿ ਦਲਿਤ ਤੇ ਗਰੀਬ ਲੋਕਾਂ ਨੂੰ ਕਰਜ਼ ਮੁਆਫੀ, ਜ਼ਮੀਨਾਂ ਦੇ ਮਾਲਕਾਨਾ ਹੱਕ, ਵਜ਼ੀਫਾ ਅਤੇ ਸ਼ਹਿਰੀ ਖੇਤਰ ਵਿਚ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦਾ ਵਾਅਦਾ ਪੂਰਾ ਕਰਨ ਲਈ ਕਿਹਾ ਗਿਆ ਹੈ। ਬਰਗਾੜੀ ਮਾਮਲੇ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਬਿਜਲੀ ਸਮਝੌਤਿਆਂ ਦੇ ਮਾਮਲੇ ਬਾਰੇ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਲੋੜ ਪੈਣ ‘ਤੇ ਬੁਲਾਇਆ ਜਾਵੇਗਾ ਅਤੇ ਜੋ ਸਿੱਧੂ ਨੇ ਬਿਆਨਬਾਜ਼ੀ ਕੀਤੀ ਹੈ, ਉਸ ਦੀ ਸਮੀਖਿਆ ਕਰਕੇ ਸਲਾਹ ਜਾਂ ਨਿਰਦੇਸ਼ ਦੇ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਤਫਸੀਲੀ ਰਿਪੋਰਟ ਦਿੱਤੀ ਹੋਈ ਹੈ ਅਤੇ ਹਾਈਕਮਾਨ ਜਲਦੀ ਫੈਸਲਾ ਲਵੇਗੀ। ਪਤਾ ਲੱਗਾ ਹੈ ਕਿ ਹਰੀਸ਼ ਰਾਵਤ ਨੇ ਇਹ ਵੀ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿਚ ਜਿੰਮੇਵਾਰੀ ਦਿੱਤੀ ਜਾਵੇਗੀ ਅਤੇ ਉਸ ਦੀ ਸਮਰੱਥਾ ਦੀ ਵਰਤੋਂ ਕੀਤੀ ਜਾਵੇਗੀ। ਉਧਰ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਕੋਲ ਪੰਜਾਬ ਚੋਣਾਂ ਨੂੰ ਜਿੱਤਣ ਲਈ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਵਿਵਾਦ ਇਕ ਹਫਤੇ ਵਿਚ ਸੁਲਝਾ ਲਿਆ ਆਵੇਗਾ। ਉਨ੍ਹਾਂ ਸੁਨੀਲ ਜਾਖੜ ਨਾਲ ਮੱਤਭੇਦ ਹੋਣ ਤੋਂ ਇਨਕਾਰ ਕੀਤਾ।
_____________________________________
ਨਸ਼ਿਆਂ ਦੀ ਰੋਕਥਾਮ ਲਈ ਕੌਮੀ ਡਰੱਗ ਨੀਤੀ ਬਣੇ: ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਨਾਲ ਨਜਿੱਠਣ ਲਈ ਕੌਮੀ ਡਰੱਗ ਨੀਤੀ ਲਿਆਉਣ ਲਈ ਆਪਣੀ ਮੰਗ ਨੂੰ ਦੁਹਰਾਉਂਦੇ ਹੋਏ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਵਾਸਤੇ ਐਸ.ਟੀ.ਐਫ, ਪੁਲਿਸ ਅਤੇ ਖੁਫੀਆ ਵਿੰਗ ਦਰਮਿਆਨ ਹੋਰ ਤਾਲਮੇਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਵਰਗੇ ਗੁਆਂਢੀ ਸੂਬੇ ਨਸ਼ਿਆਂ ਦੀ ਤਸਕਰੀ ਨਾਲ ਨਿਪਟਣ ਲਈ ਕਾਰਗਰ ਢੰਗ-ਤਰੀਕਾ ਲਾਗੂ ਕਰਨ ਵਾਸਤੇ ਰਜ਼ਾਮੰਦ ਹੋਏ ਸਨ ਪਰ ਇਸ ਪਾਸੇ ਵੱਲ ਮਹੱਤਵਪੂਰਨ ਅਮਲ ਨਹੀਂ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਨਸ਼ੇ ਖਾਸ ਤੌਰ ‘ਤੇ ਅਫ਼ਗਾਨਿਸਤਾਨ ਤੋਂ ਹੈਰੋਇਨ ਦੀ ਤਸਕਰੀ ਪਾਕਿਸਤਾਨ ਰਾਹੀਂ ਜਾਂ ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ ਅਤੇ ਨੇਪਾਲ ਤੋਂ ਹੁੰਦੀ ਹੈ।
____________________________________
ਕੁਰਸੀ ਬਚਾਉਣ ਲਈ ਰਾਹੁਲ ਦੇ ਦਰਬਾਰ ‘ਚ ਮੱਥਾ ਰਗੜ ਰਹੇ ਹਨ ਕੈਪਟਨ: ਚੀਮਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਲਾਵਾਰਸ ਛੱਡ ਕੇ ਆਪਣੀ ਕੁਰਸੀ ਬਚਾਉਣ ਲਈ ਵਾਰ-ਵਾਰ ਰਾਹੁਲ ਗਾਂਧੀ ਦੇ ਦਰਬਾਰ ‘ਚ ਮੱਥਾ ਰਗੜ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਅਤੇ ਸਿੱਖਾਂ ‘ਤੇ ਗੋਲੀ ਚਲਾਉਣ ਵਾਲਿਆਂ ਸਾਜਿਸ਼ਘਾੜਿਆਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਦਿਵਾ ਸਕੇ।