ਕਿਸਾਨਾਂ ਵੱਲੋਂ ਭਾਜਪਾ ਤੇ ਸਹਿਯੋਗੀਆਂ ਦੀ ਘੇਰਾਬੰਦੀ ਦਾ ਅਹਿਦ

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨ ਸਿਰਫ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਵਿਰੁੱਧ ਸਮਾਜਿਕ ਬਾਈਕਾਟ ਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਜਨਰਲ ਬਾਡੀ ਮੀਟਿੰਗ ‘ਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਸਾਰੀਆਂ ਪਾਰਟੀਆਂ ਖਿਲਾਫ ਨਹੀਂ ਹੋਣਗੇ।

ਇਕ ਹੋਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੋਰਚਾ ਪਹਿਲਾਂ ਹੀ ਸਪੱਸ਼ਟ ਕਰ ਚੁੱਕਿਆ ਹੈ ਕਿ ਲਾਲ ਕਿਲੇ ‘ਤੇ ਵਾਪਰੀਆਂ ਘਟਨਾਵਾਂ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੀ ਲਹਿਰ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਅਦਾਲਤ ਵੱਲੋਂ ਪੂਰਕ ਚਾਰਜਸ਼ੀਟ ‘ਤੇ ਲਏ ਗਏ ਨੋਟਿਸ ਤੋਂ ਇਸ ਦਾ ਖੁਲਾਸਾ ਹੁੰਦਾ ਹੈ। ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਮੋਰਚੇ ਨੂੰ ਵਿਸ਼ਵਾਸ ਹੈ ਕਿ ਕਿਸਾਨਾਂ ਦੇ ਸ਼ਾਂਤਮਈ, ਲੋਕਤੰਤਰੀ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਨੂੰ ਅਦਾਲਤ ਦੁਆਰਾ ਮਾਨਤਾ ਦਿੱਤੀ ਜਾਵੇਗੀ ਤੇ ਅਸਹਿਮਤੀ ਨੂੰ ਗੁਨਾਹ ਦਾ ਰੂਪ ਦੇਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇਗਾ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰਿਆਣਾ ਵਿਚ ਭਾਜਪਾ ਅਤੇ ਜੇ.ਜੇ.ਪੀ. ਆਗੂ ਸਥਾਨਕ ਕਿਸਾਨਾਂ ਦੇ ਵਿਰੋਧ ਅਤੇ ਸਮਾਜਿਕ ਬਾਈਕਾਟ ਦਾ ਲਗਾਤਾਰ ਸਾਹਮਣਾ ਕਰ ਰਹੇ ਹਨ। ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਤਿੰਨ ਕਾਲੇ ਕਾਨੂੰਨਾਂ ਦਾ ਲਗਾਤਾਰ ਬਚਾਅ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੇ ਅੰਨਦਾਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਮੁੱਕਰ ਰਹੀ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਬਦਲ ਪੇਸ਼ ਕਰਨ ਲਈ ਆਖ ਰਹੀ ਹੈ ਜੋ ਚੰਗੇ ਲੋਕਤੰਤਰ ਦੀ ਨਿਸ਼ਾਨੀ ਨਹੀਂ ਹੈ।
___________________________________
ਕੇਂਦਰ ਕਿਸਾਨਾਂ ਨਾਲ ਗੱਲਬਾਤ ਕਰੇ: ਦਮਦਮੀ ਟਕਸਾਲ
ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਅੜੀਅਲ ਵਤੀਰਾ ਛੱਡ ਕੇ ਕਿਸਾਨ ਮਸਲਿਆਂ ਦੇ ਸਥਾਈ ਹੱਲ ਲਈ ਕਿਸਾਨ ਆਗੂਆਂ ਦੀ ਤੁਰਤ ਮੀਟਿੰਗ ਸੱਦੇ। ਦਮਦਮੀ ਟਕਸਾਲ ਦੇ ਮੁਖੀ ਨੇ ਬਾਬਾ ਜਸਪਾਲ ਸਿੰਘ ਅਤੇ ਸਿੱਖ ਆਗੂ ਇਕਬਾਲ ਸਿੰਘ ਤੁੰਗ ਨਾਲ ਗੱਲਬਾਤ ਕਰਦਿਆਂ ਕਿਸਾਨੀ ਸੰਘਰਸ਼ ਦੀ ਫਤਿਹਯਾਬੀ ਲਈ ਗੁਰੂ ਗ੍ਰੰਥ ਸਾਹਿਬ ਦੀ ਸਹਿਜ ਪਾਠਾਂ ਦੀ ਲੜੀ ਆਰੰਭ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਪ੍ਰਤੀ ਕਿਸਾਨਾਂ ਦੀ ਮੰਗ ‘ਤੇ ਕੇਂਦਰ ਸਰਕਾਰ ਵੱਲੋਂ ਸਾਰਥਕ ਹੁੰਗਾਰਾ ਨਹੀਂ ਭਰਿਆ ਜਾ ਰਿਹਾ।
____________________________________
ਭਾਜਪਾ ਦੇ ਘਿਰਾਓ ਤੋਂ ਹੋਰ ਪਾਰਟੀਆਂ ਬਾਗੋ-ਬਾਗ
ਪਟਿਆਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਰਨਾਂ ਸਿਆਸੀ ਪਾਰਟੀਆਂ ਨੂੰ ਛੱਡ ਸਿਰਫ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦਾ ਹੀ ਘਿਰਾਓ ਕਰਨ ਦੇ ਕੀਤੇ ਐੈਲਾਨ ਨਾਲ ਇਨ੍ਹਾਂ ਸਿਆਸੀ ਧਿਰਾਂ ਦੇ ਆਗੂਆਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਤਹਿਤ ਕਈ ਸਿਆਸੀ ਆਗੂਆਂ ਨੇ ਖੁੱਲ੍ਹ ਕੇ ਮੀਟਿੰਗਾਂ ਕੀਤੀਆਂ। ਕਾਂਗਰਸ, ਅਕਾਲੀ ਦਲ, ਬਸਪਾ ਅਤੇ ‘ਆਪ` ਦੇ ਕਾਰਕੁਨਾਂ ਨੇ ਜਿਥੇ ਕਿਸਾਨ ਮੋਰਚੇ ਦੇ ਇਸ ਫੈਸਲੇ ਸਬੰਧੀ ਛਪੀ ਖਬਰ ਸੋਸ਼ਲ ਮੀਡੀਆ `ਤੇ ਘੁਮਾਈ, ਉਥੇ ਹੀ ਕੁਝ ਥਾਈਂ ਇਸ ਖਬਰ ਦੀਆਂ ਫੋਟੋ ਕਾਪੀਆਂ ਕਰਵਾ ਕੇ ਵੀ ਵੰਡੀਆਂ ਗਈਆਂ।